ਜਮਹੂਰੀ ਅਧਿਕਾਰ ਸਭਾ ਪੰਜਾਬ ਦੀ ਜ਼ਿਲ੍ਹਾ ਇਕਾਈ ਸੰਗਰੂਰ ਨੇ ਬੀਤੇ ਦਿਨੀਂ ਸੰਗਰੂਰ ਜ਼ਿਲ੍ਹੇ ਦੇ ਘਾਬਦਾਂ ਪਿੰਡ ਨੇੜੇ ਦੋ ਨੌਜਵਾਨਾਂ ਦੀ ਹੋਈ ਕੁੱਟਮਾਰ ਸੰਬੰਧੀ ਆਪਣੀ ਤੱਥ ਖੋਜ ਰਿਪੋਰਟ ਜਾਰੀ ਕਰ ਦਿੱਤੀ ਹੈ। ਤੱਥ ਖੋਜ ਕਮੇਟੀ ਵਿੱਚ
ਸਰਵ ਸ੍ਰੀ ਕੁਲਦੀਪ ਸਿੰਘ, ਸਵਰਨਜੀਤ ਸਿੰਘ, ਮਹਿੰਦਰ ਸਿੰਘ ਭੱਠਲ ਅਤੇ ਮਨਧੀਰ ਸਿੰਘ ਸ਼ਾਮਲ ਸਨ। ਕਮੇਟੀ ਨੇ ਕੁੱਟਮਾਰ ਦੇ ਪੀੜਤਾਂ, ਕੁਟਮਾਰ ਕਰਨ ਵਾਲੇ ਕਿਸਾਨ ਆਗੂ, ਨੌਜਵਾਨਾਂ ਵਲੋਂ ਗੰਭੀਰ ਰੂਪ ਵਿੱਚ ਜ਼ਖ਼ਮੀ ਕੀਤੇ ਕਿਸਾਨ ਆਗੂ ਦੇ ਪੁੱਤਰ, ਘਟਨਾ ਸਮੇਂ ਮੌਜੂਦ ਕਿਸਾਨ ਆਗੂ ਦਾ ਰਿਸ਼ਤੇਦਾਰ, ਨੌਜਵਾਨਾਂ ਦੇ ਪਿੰਡਾਂ ਦੇ ਮੋਹਤਬਰ ਵਿਆਕਤੀਆਂ, ਘਟਨਾ ਸਮੇਂ ਮੌਜੂਦ ਲੋਕਾਂ, ਪੀੜਤ ਨੌਜਵਾਨਾਂ ਦੀ ਪੈਰਵੀ ਕਰ ਰਹੀਆਂ ਦਲਿਤ ਜਥੇਬੰਦੀਆਂ, ਡਾਕਟਰਾਂ ਅਤੇ ਡਾਕਟਰੀ ਰਿਪੋਰਟਾਂ, ਪੁਲਿਸ ਅਧਿਕਾਰੀਆਂ ਅਤੇ ਕਰਮਚਾਰੀਆਂ ,
ਘਟਨਾ ਸਮੇਂ ਦੀਆਂ ਵੀਡੀਓਜ਼ ਤੇ ਸੀ ਸੀ ਟੀ ਵੀ ਫੁਟੇਜ,ਪੁਲਿਸ ਵਲੋਂ ਦਰਜ਼ ਕੇਸਾਂ ਅਤੇ ਇਸ ਨਾਲ ਸੰਬੰਧਿਤ ਹੋਰ ਵਿਆਕਤੀਆਂ ਨੂੰ ਮਿਲ ਕੇ ਅਤੇ ਰਿਕਾਰਡ ਨੂੰ ਘੋਖਣ ਉਪਰੰਤ ਰਿਪੋਰਟ ਤਿਆਰ ਕੀਤੀ ਗਈ। ਰਿਪੋਰਟ ਨੂੰ ਜਾਰੀ ਕਰਦਿਆਂ ਸਭਾ ਦੇ ਜ਼ਿਲ੍ਹਾ ਪ੍ਰਧਾਨ ਜਗਜੀਤ ਸਿੰਘ ਭੁਟਾਲ , ਜ਼ਿਲ੍ਹਾ ਸਕੱਤਰ ਕੁਲਦੀਪ ਸਿੰਘ ਅਤੇ ਪ੍ਰੈਸ ਸਕੱਤਰ ਜੁਝਾਰ ਸਿੰਘ ਨੇ ਕਿਹਾ ਕਿ ਮਨਜੀਤ ਸਿੰਘ ਘਰਾਚੋਂ ਵਲੋਂ ਆਪਣੇ ਪੁੱਤਰ ਨੂੰ ਗੰਭੀਰ ਰੂਪ ਵਿੱਚ ਜ਼ਖ਼ਮੀ ਕਰਨ ਉਪਰੰਤ ਨੌਜਵਾਨਾਂ ਦੀ ਕੀਤੀ ਕੁੱਟਮਾਰ ਬਦਲਾਲਊ ਭਾਵਨਾ ਨਾਲ ਕੀਤੀ ਜ਼ਾਲਮਾਨਾ ਅਤੇ ਕਰੂਰਤਾ ਭਰੀ ਕਾਰਵਾਈ ਹੈ। ਇਸ ਸਭਿਅਕ ਸਮਾਜ ਵਿਚ ਕਿਸੇ ਵੀ ਕਸੂਰਵਾਰ ਦੀ ਕੁਟਮਾਰ ਕਰਕੇ ਆਪ ਸਜ਼ਾ ਦੇਣ ਦਾ ਕੋਈ ਅਧਿਕਾਰ ਨਹੀਂ ਹੈ।
ਉਹਨਾਂ ਕਿਹਾ ਕਿ ਕਲੌਦੀ ਨੇੜੇ ਚੋਅ ਦੇ ਪੁਲ ਨੇੜੇ ਖੜ੍ਹੇ ਨੌਜਵਾਨਾਂ ਦੀ ਟੋਲੀ, ਜਿਸ ਵਿਚ ਇਹ ਨੌਜਵਾਨ ਵੀ ਸ਼ਾਮਲ ਸਨ, ਵਲੋਂ ਉਸ ਦੇ ਲੜਕੇ ਰਾਜਵੀਰ ਸਿੰਘ ਦੀ ਕੁਟਮਾਰ ਕਰਨ ਅਤੇ ਸੂਆ ਮਾਰ ਕੇ ਗੰਭੀਰ ਰੂਪ ਵਿੱਚ ਜ਼ਖ਼ਮੀ ਕਰਨ ਪਿਛੇ ਲੁੱਟ ਖੋਹ ਦੀ ਕੋਈ ਮਨਸ਼ਾ ਨਹੀਂ ਸੀ ਸਗੋਂ ਇਹ ਰਾਜਵੀਰ ਸਿੰਘ ਦੀ ਆਪਣੇ ਖੇਤਾਂ ਪਾਸ ਇਕੱਠੇ ਹੋਏ ਹਥਿਆਰਬੰਦ ਵਿਅਕਤੀਆਂ ਸੰਬੰਧੀ ਜਾਨਣ ਦੀ ਉਤਸੁਕਤਾ ਕਾਰਨ ਹੋਈ ਤਕਰਾਰ ਕਾਰਨ ਵਾਪਰੀ ਹੈ। ਤੱਥ ਖੋਜ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਦੋਵੇਂ ਧਿਰਾਂ ਦੀ ਆਪਸ ਵਿੱਚ ਪਹਿਲਾਂ ਕੋਈ ਜਾਣ ਪਛਾਣ ਨਹੀਂ ਸੀ। ਇਸ ਲਈ ਮਨਜੀਤ ਸਿੰਘ ਘਰਾਚੋਂ ਵਲੋਂ ਇਹ ਕੁਟਮਾਰ ਕਿਸੇ ਜਾਤਪਾਤੀ ਦਾਬੇ ਵਿੱਚ ਕਰਨ ਦੀ ਥਾਂ ਇਸੇ ਹੀ ਸੜਕ ਉਪਰ ਪਿਛਲੇ ਦਿਨੀਂ ਹੋਈਆਂ ਛੁਰੇ ਬਾਜ਼ੀ ਦੀਆਂ ਘਟਨਾਵਾਂ ਵਿਚ ਹੋਈ ਇਕ ਵਿਅਕਤੀ ਦੀ ਮੌਤ ਤੇ ਦੂਸਰੇ ਦੇ ਗੰਭੀਰ ਜ਼ਖ਼ਮੀ ਹੋਣ ਦੇ ਡਰ ਕਾਰਨ ਆਏ ਗੁਸੇ ਤੇ ਸਬਕ ਸਿਖਾਉਣ ਦੇ ਮਨਸ਼ੇ ਨਾਲ ਕੀਤੀ ਗਈ ਹੈ ਕਿਉਂਕਿ ਉਹ ਕੁਟਮਾਰ ਕਰਨ ਸਮੇਂ ਉਹਨਾਂ ਨੌਜਵਾਨਾਂ ਨੂੰ ਅਤੇ ਉਨ੍ਹਾਂ ਦੀ ਜਾਤੀ ਨੂੰ ਜਾਣਦਾ ਹੀ ਨਹੀਂ ਸੀ।
ਰਿਪੋਰਟ ਵਿਚ ਕਿਹਾ ਗਿਆ ਹੈ ਕਿ ਪੀੜਤ ਨੌਜਵਾਨਾਂ ਦੇ ਬਿਆਨਾਂ ਅਨੁਸਾਰ ਪੁਲਿਸ ਵੱਲੋਂ ਮਨਜੀਤ ਸਿੰਘ ਘਰਾਚੋਂ ਉਪਰ ਐਸ ਸੀ ਐਸ ਟੀ ਐਕਟ ਲਗਾਉਣਾ ਠੀਕ ਕਾਰਵਾਈ ਹੈ ਪਰ ਜਦੋਂ ਉਸ ਨੂੰ ਕੁਟਮਾਰ ਸਮੇਂ ਉਹਨਾਂ ਦੀ ਜ਼ਾਤ ਦਾ ਪਤਾ ਹੀ ਨਹੀਂ ਸੀ ਤਾਂ ਇਸ ਐਕਟ ਦੀਆਂ ਧਾਰਾਵਾਂ ਲੱਗਣੀਆਂ ਚਾਹੀਦੀਆਂ ਹਨ ਜਾਂ ਨਹੀਂ, ਇਹ ਨਿਰਪੱਖ ਕਾਨੂੰਨੀ ਜਾਂਚ ਦਾ ਮਾਮਲਾ ਹੈ। ਰਿਪੋਰਟ ਵਿਚ ਕਿਹਾ ਗਿਆ ਹੈ ਕਿ ਨੌਜਵਾਨਾਂ ਦੀ ਕੁਟਮਾਰ ਕਰਨ ਸਮੇਂ ਕੁਝ ਵਿਅਕਤੀਆਂ ਵਲੋਂ ਮਨਜੀਤ ਸਿੰਘ ਘਰਾਚੋਂ ਨੂੰ ਉਕਸਾਇਆ ਗਿਆ ਹੈ ਜੋ ਕਾਨੂੰਨ ਦੇ ਦਾਇਰੇ ਵਿਚ ਆਉਂਦੇ ਹਨ। ਉਹਨਾਂ ਕਿਹਾ ਕਿ ਜਗਤਾਰ ਸਿੰਘ ਲੱਡੀ ਦੇ ਕੁਟਮਾਰ ਹੋਣ ਤੋਂ ਬਾਅਦ ਵਿੱਚ ਆਉਣ ਦੇ ਤੱਥਾਂ ਦਾ ਪਤਾ ਹੋਣ ਦੇ ਬਾਵਜੂਦ ਉਸ ਨੂੰ ਪੁਲਿਸ ਵਲੋਂ ਰੰਜਿਸ਼ ਅਤੇ ਬਦਲਾਲਊ ਭਾਵਨਾ ਨਾਲ ਕੇਸ ਵਿੱਚ ਉਲਝਾਇਆ ਗਿਆ ਹੈ।
ਰਿਪੋਰਟ ਵਿਚ ਕਿਹਾ ਗਿਆ ਹੈ ਕਿ ਨਸ਼ਿਆਂ, ਲੁੱਟ ਖੋਹ, ਗੈਂਗਵਾਰ, ਗੁੰਡਾਗਰਦੀ ਜਿਹੀਆਂ ਘਟਨਾਵਾਂ ਦੇ ਦੋਸ਼ੀਆਂ ਪ੍ਰਤੀ ਸਿਆਸੀ ਅਤੇ ਪੁਲਿਸ ਪ੍ਰਬੰਧ ਦੀ ਸਰਪ੍ਰਸਤੀ, ਉਹਨਾਂ ਨੂੰ ਸਜ਼ਾ ਦਿਵਾਉਣ ਵਿੱਚ ਢਿੱਲੀ ਕਾਰਗੁਜ਼ਾਰੀ ਨੇ ਲੋਕਾਂ ਵਿਚ ਨਿਆਂ ਲੈਣ ਦੇ ਮਾਮਲੇ ਵਿਚ ਬੇਵਿਸ਼ਵਾਸੀ ਪੈਦਾ ਕਰ ਦਿੱਤੀ ਹੈ ਜਿਸ ਕਾਰਨ ਲੋਕਾਂ ਵਿਚ ਦੋਸ਼ੀਆਂ ਨੂੰ ਆਪ ਸਜ਼ਾਵਾਂ ਦੇਣ ਦੀ ਗੈਰ ਜਮਹੂਰੀ ਅਤੇ ਗੈਰ ਕਾਨੂੰਨੀ ਪ੍ਰਵਿਰਤੀ ਪੈਦਾ ਹੋ ਗਈ ਹੈ ਜਿਸ ਕਾਰਨ ਹਜੂਮੀ ਹਿੰਸਾ ਦੀਆਂ ਘਟਨਾਵਾਂ ਵਾਪਰ ਰਹੀਆਂ ਹਨ। ਕਮੇਟੀ ਨੇ ਇਹ ਵੀ ਨੋਟ ਕੀਤਾ ਹੈ ਕਿ ਕਿਸਾਨ ਜਥੇਬੰਦੀ ਅਤੇ ਦਲਿਤ ਜਥੇਬੰਦੀਆਂ ਨੇ ਇੱਕ ਪਾਸੜ ਪਹੁੰਚ ਅਪਣਾਉਦਿਆਂ ਆਪਣੇ ਆਪਣੇ ਪੱਖ ਨੂੰ ਸਹੀ ਠਹਿਰਾਉਣ ਲਈ ਕਾਲਪਨਿਕ ਤੇ ਤੱਥ ਹੀਨ ਬਿਰਤਾਂਤ ਸਿਰਜ ਕੇ ਸਮਾਜ ਵਿਚ ਭੁਲੇਖੇ ਖੜ੍ਹੇ ਕੀਤੇ ਹਨ। ਉਹਨਾਂ ਮਨਜੀਤ ਸਿੰਘ ਘਰਾਚੋਂ ਦੇ ਲੜਕੇ ਰਾਜਵੀਰ ਸਿੰਘ ਦੀ ਕੁਟਮਾਰ ਕਰਨ ਅਤੇ ਸੂਆ ਮਾਰ ਕੇ ਗੰਭੀਰ ਰੂਪ ਵਿੱਚ ਜ਼ਖ਼ਮੀ ਕਰਨ ਅਤੇ ਨੌਜਵਾਨਾਂ ਦੀ ਕੁਟਮਾਰ ਕਰਨ ਲਈ ਜੁਮੇਵਾਰ ਵਿਆਕਤੀਆਂ ਖਿਲਾਫ ਸਖਤ ਕਾਨੂੰਨੀ ਕਾਰਵਾਈ ਕਰਨ, ਲੁੱਟ ਖੋਹ ਦੀ ਲਗਾਈ ਧਾਰਾ ਨੂੰ ਵਾਪਸ ਲੈਣ, ਜਗਤਾਰ ਸਿੰਘ ਲੱਡੀ ਖਿਲਾਫ ਕੇਸ ਨੂੰ ਰੱਦ ਕਰਨ ਅਤੇ ਮਨਜੀਤ ਸਿੰਘ ਘਰਾਚੋਂ ਉਪਰ ਲਗਾਏ ਐਸ ਸੀ ਐਸ ਟੀ ਐਕਟ ਦੀਆਂ ਧਾਰਾਵਾਂ ਦੀ ਨਿਰਪੱਖ ਕਾਨੂੰਨੀ ਜਾਂਚ ਕਰਨ ਦੀ ਮੰਗ ਕੀਤੀ ਹੈ।
ਉਹਨਾਂ ਸਮੂਹ ਨੌਜਵਾਨਾਂ ਲਈ ਮੁਫ਼ਤ ਅਤੇ ਮਿਆਰੀ ਸਿੱਖਿਆ ਅਤੇ ਵਧੀਆ ਗੁਜ਼ਾਰੇ ਯੋਗ ਉਜ਼ਰਤਾਂ ਸਾਹਿਤ ਰੁਜ਼ਗਾਰ ਦੇ ਮੌਕੇ ਪ੍ਰਦਾਨ ਕਰਨ , ਲੁਟਾਂ ਖੋਹਾਂ, ਨਸ਼ਿਆਂ, ਆਪਾ ਚਮਕਾਊ ਝੂਠੀ ਸ਼ਾਨ ਲਈ ਗੁੰਡਾ ਗਰਦੀ ਤੇ ਗੈਂਗ ਵਾਰ ਵਿੱਚ ਗਏ ਨੌਜਵਾਨਾਂ ਨੂੰ ਵਧੀਆ ਜ਼ਿੰਦਗੀ ਜਿਊਣ ਦੇ ਮੌਕੇ ਪ੍ਰਦਾਨ ਕਰਕੇ ਉਨ੍ਹਾਂ ਨੂੰ ਸਮਾਜ ਦੀ ਮੁੱਖ ਧਾਰਾ ਵਿੱਚ ਲਿਆਉਣ ਲਈ ਯੋਜਨਾ ਉਲੀਕਣ ਦੀ ਮੰਗ ਵੀ ਕੀਤੀ।
ਜਾਰੀ ਕਰਤਾ: ਕੁਲਦੀਪ ਸਿੰਘ ਜ਼ਿਲ੍ਹਾ ਸਕੱਤਰ, ਜੁਝਾਰ ਸਿੰਘ ਲੌਂਗੋਵਾਲ, ਪ੍ਰੈਸ ਸਕੱਤਰ।
Leave a Reply