ਹੁਸ਼ਿਆਰਪੁਰ ( ਤਰਸੇਮ ਦੀਵਾਨਾ )
ਹੁਸ਼ਿਆਰਪੁਰ-ਜਲੰਧਰ ਮੁੱਖ ਮਾਰਗ ‘ਤੇ ਸਿੰਗੜੀਵਾਲਾ ਚੌਕ ਸਥਿਤ ਕੇਐੱਫਸੀ ਦੀ ਪਾਰਕਿੰਗ ‘ਚ ਕਾਰ ‘ਚ ਆਏ ਦੋ ਵਿਅਕਤੀਆਂ ਨੇ ਕੰਪਨੀ ਦੇ ਮੁਲਾਜ਼ਮ ਤੋਂ ਪੈਸਿਆਂ ਨਾਲ ਭਰਿਆ ਬੈਗ ਖੋਹਣ ਦੀ ਕੋਸ਼ਿਸ਼ ਕੀਤੀ ਪਰ ਉਸ ਨੇ ਲੁਟੇਰਿਆਂ ਦਾ ਡੱਟ ਕੇ ਮੁਕਾਬਲਾ ਕਰਦਿਆਂ ਕੈਸ਼ ਲੁੱਟਣ ਦੀ ਕੋਸ਼ਿਸ਼ ਅਸਫਲ ਬਣਾ ਦਿੱਤੀ | ਇਸ ਸੰਬੰਧੀ ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਗੁਰਦੇਵ ਲਾਲ ਨਾਮ ਦਾ ਨੌਜਵਾਨ ਕੇਐਫਸੀ ਵਿੱਚੋਂ ਰੋਜ਼ਾਨਾ ਵਾਂਗ ਕੈਸ਼ ਇਕੱਠਾ ਕਰਕੇ ਬੈੰਕ ਜਮ੍ਹਾਂ ਕਰਵਾਉਣ ਲਈ ਜਦੋਂ ਹੀ ਬਾਹਰ ਨਿਕਲਿਆ ਤਾਂ ਦੋ ਨੌਜਵਾਨਾਂ ਨੇ ਉਸ ਨੂੰ ਘੇਰ ਲਿਆ ਅਤੇ ਕੈਸ਼ ਖੋਹਣ ਦੀ ਕੋਸ਼ਿਸ਼ ਕਰਨ ਲੱਗੇ ਇਸ ਮੁੱਠਭੇੜ ਦੌਰਾਨ ਇੱਕਲਾ ਮੁਲਾਜ਼ਮ ਅੱਧੇ ਕੁ ਮਿੰਟ ਤੱਕ ਦੋਵਾਂ ਲੁਟੇਰਿਆਂ ਨਾਲ ਲੜਦਾ ਰਿਹਾ ਤੇ ਮੁੱਠ ਭੇੜ ਵਿੱਚ ਮੁਲਾਜ਼ਮ ਜ਼ਮੀਨ ‘ਤੇ ਡਿੱਗਣ ਦੇ ਬਾਵਜੂਦ ਵੀ ਉਸ ਨੇ ਬੈਗ ਨਾ ਛੱਡਿਆ।
ਜਿਸ ‘ਤੇ ਲੁਟੇਰੇ ਉਸ ਨੂੰ ਕਰੀਬ 20-25 ਫੁੱਟ ਤੱਕ ਘੜੀਸ ਕੇ ਲੈ ਗਏ ਪਰ ਲੋਕਾਂ ਨੂੰ ਆਉਂਦਿਆਂ ਦੇਖ ਕੇ ਕਾਰ ‘ਚ ਸਵਾਰ ਹੋ ਕੇ ਫਰਾਰ ਹੋ ਗਏ। ਮੁਲਾਜ਼ਮ ਨੇ ਆਪਣੀ ਦਲੇਰੀ ਨਾਲ ਲੁਟੇਰਿਆਂ ਤੋਂ ਕਰੀਬ ਢਾਈ ਲੱਖ ਰੁਪਏ ਦੀ ਨਗਦੀ ਵਾਲਾ ਬੈਗ ਬਚਾ ਲਿਆ। ਇਸ ਦੌਰਾਨ ਬਹੁਤ ਸਾਰੇ ਲੋਕ ਮੂਕ ਦਰਸ਼ਕ ਬਣੇ ਰਹੇ। ਘਟਨਾ ਸੋਮਵਾਰ ਸਵੇਰੇ ਕਰੀਬ 9.15 ਵਜੇ ਵਾਪਰੀ ਜੋ ਕੇਐਫਸੀ ਵਿੱਚ ਲੱਗੇ ਸੀਸੀਟੀਵੀ ਕੈਮਰੇ ਵਿੱਚ ਰਿਕਾਰਡ ਹੋ ਗਈ। ਇਸ ਦੌਰਾਨ ਸੂਚਨਾ ਮਿਲਦੇ ਹੀ ਥਾਣਾ ਮਾਡਲ ਟਾਊਨ ਦੀ ਪੁਲਸ ਵੀ ਮੌਕੇ ‘ਤੇ ਪਹੁੰਚ ਗਈ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ। ਮੌਕੇ ‘ਤੇ ਮੌਜੂਦ ਹਰ ਕੋਈ ਲੁੱਟ ਦੀ ਵਾਰਦਾਤ ਨੂੰ ਨਾਕਾਮ ਕਰਨ ਵਾਲੇ ਦਲੇਰ ਮੁਲਾਜ਼ਮ ਗੁਰਦੇਵ ਲਾਲ ਦੀ ਸ਼ਲਾਘਾ ਕਰ ਰਿਹਾ ਸੀ। ਜਦੋਂ ਕਿ ਵਾਰਦਾਤ ਨੂੰ ਅੰਜਾਮ ਦੇ ਕੇ ਭੱਜਣ ਵਾਲੇ ਲੁਟੇਰਿਆਂ ਦਾ ਪਿੱਛਾ ਕਰਨ ਅਤੇ ਕਾਬੂ ਕਰਨ ਦੀ ਕਿਸੇ ਨੇ ਹਿੰਮਤ ਨਹੀਂ ਕੀਤੀ ।
ਗੁਰਦੇਵ ਲਾਲ ਦੀ ਦਲੇਰੀ ਦੀ ਕਹਾਣੀ:-
ਅਸੀਮ ਹੌਂਸਲੇ ਅਤੇ ਦਲੇਰੀ ਦਾ ਸਬੂਤ ਦੇਣ ਵਾਲੇ ਮੁਲਾਜ਼ਮ ਗੁਰਦੇਵ ਲਾਲ ਪੁੱਤਰ ਜਗਨਨਾਥ ਵਾਸੀ ਪਿੰਡ ਚਡਿਆਲ ਨੇ ਦੱਸਿਆ ਕਿ ਉਹ ਕੈਸ਼ ਮੈਨੇਜਮੈਂਟ ਕੰਪਨੀ ਰੈਡੀਐਂਟ ਵਿੱਚ 7-8 ਸਾਲਾਂ ਤੋਂ ਕੈਸ਼ ਕੁਲੈਕਟਰ ਵਜੋਂ ਕੰਮ ਕਰ ਰਿਹਾ ਹੈ। ਹਰ ਰੋਜ਼ ਦੀ ਤਰ੍ਹਾਂ ਸੋਮਵਾਰ ਸਵੇਰੇ ਵੀ ਉਹ ਕੇਐਫਸੀ ਬਿਲਡਿੰਗ ਸਥਿਤ ਸਾਰੀਆਂ ਫਰੈਂਚਾਇਜ਼ੀ ਤੋਂ ਪੈਸੇ ਇਕੱਠੇ ਕਰਕੇ ਸੁਤਹਰੀ ਰੋਡ ਸਥਿਤ ਬੈਂਕ ਵਿੱਚ ਜਮ੍ਹਾਂ ਕਰਵਾਉਣ ਲਈ ਨਿਕਲਿਆ।
ਅਜੇ ਉਹ ਪਾਰਕਿੰਗ ਵਿੱਚ ਪਹੁੰਚਿਆ ਹੀ ਸੀ ਕਿ ਅਚਾਨਕ ਦੋ ਨਕਾਬਪੋਸ਼ ਨੌਜਵਾਨ ਆਏ ਜਿਨ੍ਹਾਂ ਦੇ ਹੱਥ ਵਿਚ ਲੋਹੇ ਦੀ ਰਾਡ ਸੀ। ਉਨ੍ਹਾਂ ਨੇ ਉਸ ‘ਤੇ ਹਮਲਾ ਕੀਤਾ ਅਤੇ ਡਰਾਉਂਦਿਆਂ ਧਮਕਾਉਦਿਆਂ ਬੈਗ ਉਨ੍ਹਾਂ ਨੂੰ ਸੌਂਪਣ ਲਈ ਕਿਹਾ। ਜਦੋਂ ਉਸ ਨੇ ਬੈਗ ਦੇਣ ਤੋਂ ਇਨਕਾਰ ਕੀਤਾ ਤਾਂ ਦੋਵਾਂ ਨੇ ਉਸ ਨੂੰ ਮਾਰਨਾ ਕੁੱਟਣਾ ਸ਼ੁਰੂ ਕਰ ਦਿੱਤਾ ਅਤੇ ਉਸਨੂੰ ਘੜੀਸਦੇ ਹੋਏ ਬੈਗ ਖੋਹਣ ਦੀ ਕੋਸ਼ਿਸ਼ ਕਰਨ ਲੱਗੇ। ਉਸ ਨੇ ਉਨ੍ਹਾਂ ਦਾ ਬਹਾਦਰੀ ਨਾਲ ਮੁਕਾਬਲਾ ਕੀਤਾ ਅਤੇ ਬੈਗ ਨਹੀਂ ਛੱਡਿਆ ਜਦਕਿ ਲੁੱਟ ਦੀ ਵਾਰਦਾਤ ਨੂੰ ਲੋਕ ਦੂਰੋਂ ਹੀ ਦੇਖ ਰਹੇ ਸਨ। ਪਰ ਫਿਰ ਵੀ ਕੁਝ ਹੌਂਸਲੇ ਵਾਲੇ ਨੌਜਵਾਨਾਂ ਨੂੰ ਮੇਰੀ ਮਦਦ ਲਈ ਆਉਂਦਿਆਂ ਵੇਖ ਦੋਵੇਂ ਨਕਾਬਪੋਸ਼ ਲੁਟੇਰੇ ਕਾਰ ਵਿੱਚ ਮੌਕੇ ਤੋਂ ਫਰਾਰ ਹੋ ਗਏ। ਬੈਗ ਵਿੱਚ 2 ਲੱਖ 50 ਹਜ਼ਾਰ ਰੁਪਏ ਦੀ ਨਕਦਲੁੱਟ ਹੋਣ ਤੋਂ ਬਚ ਗਈ |
ਸੀਸੀਟੀਵੀ ਫੁਟੇਜ ਲੈ ਲਈ ਹੈ, ਜਾਂਚ ਜਾਰੀ : ਡੀ.ਐਸ.ਪੀ
ਇਸ ਸਬੰਧੀ ਡੀਐਸਪੀ ਅਮਰਨਾਥ ਨੇ ਦੱਸਿਆ ਕਿ ਇਸ ਵਾਰਦਾਤ ਦੀ ਸੂਚਨਾ ਮਿਲਦਿਆਂ ਹੀ ਉਹ ਮੌਕੇ ’ਤੇ ਪੁੱਜੇ। ਸ਼ੁਰੂਆਤੀ ਜਾਂਚ ਤੋਂ ਇਹ ਗੱਲ ਸਾਹਮਣੇ ਆਈ ਹੈ ਕਿ ਲੁਟੇਰੇ ਪਹਿਲਾਂ ਹੀ ਰੇਕੀ ਕਰ ਰਹੇ ਸਨ। ਵਾਰਦਾਤ ਦੀ ਸੀਸੀਟੀਵੀ ਫੁਟੇਜ ਮਿਲੀ ਹੈ ਜਿਸ ਦੀ ਪੁਲੀਸ ਬਾਰੀਕੀ ਨਾਲ ਜਾਂਚ ਕਰ ਰਹੀ ਹੈ। ਪੁਲਿਸ ਜਲਦ ਹੀ ਦੋਵੇਂ ਫਰਾਰ ਦੋਸ਼ੀਆਂ ਨੂੰ ਫੜ ਲਵੇਗੀ। ਇਸੇ ਦੌਰਾਨ ਨੌਜਵਾਨ ਗੁਰਦੇਵ ਲਾਲ ਦੀ ਸ਼ਿਕਾਇਤ ’ਤੇ ਥਾਣਾ ਮਾਡਲ ਟਾਊਨ ਦੀ ਪੁਲੀਸ ਨੇ ਦੋ ਫਰਾਰ ਨਕਾਬਪੋਸ਼ ਲੁਟੇਰਿਆਂ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਹੈ।
ਕੈਪਸ਼ਨ
1.ਕੇ ਐਫ ਸੀ ਦੀ ਪਾਰਕਿੰਗ ਚ ਲੁਟੇਰੇ ਲੁੱਟ ਖੋਹ ਕਰਦੇ ਹੋਏ
2.ਸੀ ਸੀ ਟੀ ਵੀ ਚ ਕੈਦ ਲੁਟੇਰਿਆਂ ਵੱਲੋਂ ਵਾਰਦਾਤ ਵਿੱਚ ਵਰਤੀ ਕਾਰ
Leave a Reply