ਹੜ੍ਹਾਂ ਦੀ ਉਡੀਕ ਵਿੱਚ !

ਹੜ੍ਹਾਂ ਦੀ ਉਡੀਕ ਵਿੱਚ, ਹੜ੍ਹ ਰੋਕੂ ਵਿਭਾਗ ਵਾਲੇ ਪੱਬਾਂ ਭਾਰ ਹੋ ਕੇ ਬੈਠੇ ਹਨ। ਉਹਨਾਂ ਨੇ ਪੰਜਾਬ ਦੇ ਵਿੱਚ ਨਿਕਲਦੇ ਕੱਸੀਆਂ, ਨਾਲਿਆਂ ਤੇ ਡਰੇਨਾਂ ਦੀ ਸਫ਼ਾਈ ਦਰਿਆਵਾਂ ਦੇ ਕਿਨਾਰਿਆਂ ਉਪਰ ਮਿੱਟੀ ਪੁਆ ਦਿੱਤੀ ਐ। ਉਹਨਾਂ ਨੇ ਹੜ੍ਹਾਂ ਤੋਂ ਪਹਿਲਾਂ ਜ਼ਿਲ੍ਹਾ ਡੀਸੀ ਦੀ ਅਗਵਾਈ ਵਿੱਚ ਐਲਾਨ ਕਰਨਾ ਬਾਕੀ ਐ। ਉਹ ਇਹੋ ਜਿਹੇ ਐਲਾਨ ਕਈ ਦਹਾਕਿਆਂ ਤੋਂ ਕਰਦੇ ਆ ਰਹੇ ਹਨ। ਉਹ ਡਰੇਨਾਂ ਦੀ ਸਫ਼ਾਈ ਤੇ ਦਰਿਆਵਾਂ ਦੇ ਕਮਜ਼ੋਰ ਬੰਨ੍ਹ ਮਜ਼ਬੂਤ ਕਰਨ ਲਈ ਕਾਗ਼ਜ਼ ਦੀ ਸਫਾਈ ਕਰਕੇ ਰੱਖ ਦੇ ਹਨ। ਉਹਨਾਂ ਨੇ ਕਿਸ਼ਤੀਆਂ ਵੀ ਖਰੀਦ ਲਈਆਂ ਹਨ। ਹੜ੍ਹ ਪ੍ਰਭਾਵਿਤ ਇਲਾਕਿਆਂ ਦੀ ਕਿਵੇਂ ਮੱਦਦ ਕਰਨੀ ਇਸ ਦੀ ਟ੍ਰੇਨਿੰਗ ਲਈ ਐ।
ਹੁਣ ਗਰਮੀ ਦੇ ਕਹਿਰ ਦੇ ਵਿੱਚ ਉਹ ਇਹਨਾਂ ਦਰਿਆਵਾਂ, ਨਹਿਰਾਂ, ਕੱਸੀਆਂ, ਨਾਲਿਆਂ ਦੀ ਸਫ਼ਾਈ ਮੁਕੰਮਲ ਕਰਨ ਮੁੜਕੋ ਮੁੜਕੀ ਹੋ ਰਹੇ ਹਨ। ਉਹ ਦਰਿਆਵਾਂ ਦੇ ਕਮਜ਼ੋਰ ਕਿਨਾਰੇ ਉਪਰ ਮਿੱਟੀ ਪੁਆ ਰਹੇ ਹਨ। ਸੀਵਰੇਜ ਸਿਸਟਮ ਨੂੰ ਸਾਫ਼ ਕਰਨ ਲੱਗੇ ਹਨ। ਉਹ ਹੁਣ ਬਰਸਾਤ ਦੀ ਉਡੀਕ ਵਿੱਚ ਹਨ ਕਿ ਉਹਨਾਂ ਦੇ ਕੀਤੇ ਗਏ ਕੰਮ ਦਾ ਉਹਨਾਂ ਨੂੰ ਐਵਾਰਡ ਵਾਪਸ ਮਿਲ ਸਕੇ। ਉਹਨਾਂ ਨੂੰ ਇਹ ਕੋਈ ਫ਼ਿਕਰ ਨਹੀਂ ਇਸ ਵਾਰ ਪਲਾਟ ਕੋਈ ਬਣੇ ਜਾਂ ਨਾ ਬਣੇ। ਗੱਡੀ ਦਾ ਨਵਾਂ ਮਾਡਲ ਬਦਲਿਆ ਜਾਵੇ ਜਾਂ ਨਾ, ਘਰਵਾਲੀ ਦਾ ਨਵਾਂ ਡੈਮਿੰਡ ਸੈਟ ਭਾਵੇਂ ਨਾ ਬਣੇ। ਉਹ ਬਹੁਤ ਇਮਾਨਦਾਰੀ ਨਾਲ ਸਫਾਈ ਕਰਦੇ, ਮਿੱਟੀ ਪਵਾ ਰਹੇ ਹਨ।
ਤੁਸੀਂ ਲੋਕ ਅੰਨ੍ਹੇ ਓ ਜਿਹਨਾਂ ਨੂੰ ਇਹਨਾਂ ਦੀ ਕੀਤੀ ਮਿਹਨਤ ਨਹੀਂ ਦਿਖਾਈ ਦਿੰਦੀ। ਪਿਛਲੇ ਸਮਿਆਂ ਵਿੱਚ ਜਦੋਂ ਹੜ੍ਹ ਆਇਆ ਤਾਂ ਸਾਡੇ ਕੀਤੇ ਕਰਾਏਂ ਉਤੇ ਪਾਣੀ ਫਿਰ ਗਿਆ ਸੀ। ਇਸ ਵਾਰ ਅਸੀਂ ਪਾਣੀ ਨੂੰ ਕਿਨਾਰਿਆਂ ਦੇ ਲਵੇ ਨਹੀਂ ਲੱਗਣ ਦੇਣਾ। ਤੁਸੀਂ ਦੇਖਿਆ ਐ ਜਿਵੇਂ ਭਗਵੰਤ ਮਾਨ ਦੇ ਆਲੇ ਦੁਆਲੇ ਨੌਜਵਾਨਾਂ ਦੀ ਦੀਵਾਰ ਖੜ੍ਹੀ ਹੁੰਦੀ ਹੈ ਇਸ ਤਰ੍ਹਾਂ ਅਸੀਂ ਦਰਿਆਵਾਂ ਦੇ ਕਿਨਾਰਿਆਂ ਉਤੇ ਕੰਕਰੀਟ ਦੀਆਂ ਦੀਵਾਰਾਂ ਬਣਾਉਣ ਲੱਗੇ ਹੋਏ ਹਾਂ। ਇਹ ਨਾ ਸਮਝੋ ਅਸੀਂ ਕਾਗਜ਼ਾਂ ਦੇ ਢਿੱਡ ਭਰਦੇ ਆਂ ਅਸੀਂ ਸਭ ਕਮਜ਼ੋਰ ਥਾਵਾਂ ਨੂੰ ਮਜ਼ਬੂਤ ਕਰਨ ਲੱਗੇ ਹੋਏ ਹਾਂ। ਤੁਸੀਂ ਕਦੇ ਪੰਜਾਬ ਦੇ ਵਿੱਚ ਲੰਘਦੇ ਇਹਨਾਂ ਕੱਸੀਆਂ ਨਾਲਿਆਂ ਤੇ ਨਹਿਰਾਂ ਨੂੰ ਦੇਖ ਸਕਦੇ ਓ। ਸਾਡਾ ਪਾਰਦਰਸ਼ੀ ਕੰਮ ਐ। ਇਸ ਵਧੀਆ ਕੰਮਾਂ ਕਰਕੇ ਸਾਡੇ ਮਹਿਕਮੇ ਦੇ ਛੋਟੇ ਤੋਂ ਵੱਡੇ ਸਭ ਅਫਸਰ ਤੇ ਮੁਲਾਜ਼ਮ ਅਰਦਾਸਾਂ ਕਰਦੇ ਹਨ। ਇਸ ਵਾਰ ਵਧੀਆ ਸੀਜ਼ਨ ਲੱਗ ਜਾਵੇ। ਸਭ ਘਾਟੇ ਪੂਰੇ ਹੋ ਜਾਣ। ਜੇਕਰ ਤੁਹਾਨੂੰ ਕੋਈ ਸਾਡੇ ਕੰਮ ਵਿਚ ਗ਼ਲਤੀ ਲੱਗਦੀ ਤੁਸੀਂ ਸਾਡੇ ਕੋਲ ਆਓ, ਅਸੀਂ ਯੋਗੀ ਹਰਭਜਨ ਸਿੰਘ ਵਾਂਗ ਸ਼ਰਤੀਆ ਇਲਾਜ ਤੇ ਤਸੱਲੀਬਖ਼ਸ਼ ਜਵਾਬ ਦੇ ਸਕਦੇ ਆ। ਸਾਨੂੰ ਵਿਜੀਲੈਂਸ ਵਿਭਾਗ ਵਾਲੇ ਨਹੀਂ ਕੰਮ ਕਰਨ ਦੇਂਦੇ। ਇਹਨਾਂ ਨੂੰ ਅਸੀਂ ਹੀ ਦਿਖਦੀ ਦਿੰਦੇ ਆ, ਇਹਨਾਂ ਨੂੰ ਵੱਡੇ ਮਗਰਮੱਛ ਨਹੀਂ ਨਜ਼ਰ ਆਉਂਦੇ। ਵੱਡੇ ਵੱਡੇ ਮਗਰਮੱਛ ਕੌਣ ਨੇ ? ਜਿਹੜੇ ਸਮਾਜ ਦੀ ਸੇਵਾ ਕਰਦੇ ਹਨ? ਸੱਚੀਂ ਗੱਲ ਇਹ ਹੈ ਕਿ ਜੇਕਰ ਇਹਨਾਂ ਦਾ ਨਾ ਡਰ ਹੋਵੇ ਅਸੀਂ ਕਾਗਜ਼ਾਂ ਦੇ ਵਿੱਚ ਹੜ੍ਹ ਲਿਆ ਸਕਦੇ। ਕਾਗਜ਼ਾਂ ਦੇ ਵਿੱਚ ਅਸੀਂ ਬਹੁਤ ਮਾਹਿਰ ਆਂ। ਤੁਸੀਂ ਅਰਦਾਸ ਕਰੋ ਕਿ ਇਸ ਕਹਿਰ ਦੀ ਗਰਮੀ ਤੋਂ ਬਚਾਅ ਲਈ ਬਰਸਾਤ ਜਲਦੀ ਤੋਂ ਜਲਦੀ ਆਵੇ। ਲੋਕਾਂ ਨੂੰ ਇਸ ਭਿਆਨਕ ਅੱਗ ਤੋਂ ਬਚਾਏ। ਸਾਡੇ ਅੰਧਵਿਸ਼ਵਾਸ ਵਿਭਾਗ ਨੇ ਪਿੰਡ ਪਿੰਡ ਜਾ ਕੇ ਗੁੱਡੀ ਫ਼ੂਕਣ ਪ੍ਰੇਰਨਾ ਸ਼ੁਰੂ ਕੀਤਾ ਐ। ਕੁੱਝ ਪਿੰਡਾਂ ਦੇ ਲੋਕਾਂ ਨੇ ਗੁੱਡੀਆਂ ਫੂਕਣ ਦੀ ਲਹਿਰ ਨੂੰ ਵਧੀਆ ਹੁੰਗਾਰਾ ਮਿਲਿਆ ਹੈ। ਲੋਕਾਂ ਨੂੰ ਗੁੱਡੀਆਂ ਫੂਕਣ ਦਾ ਬਹੁਤ ਤਜਰਬਾ ਐ। ਪਹਿਲਾਂ ਉਹ ਸਟੋਫ ਦੀ ਮੱਦਦ ਲੈਂਦੇ ਸਨ, ਅੱਜ ਬਹੁਤ ਤਰੀਕੇ ਆ ਗਏ ਹਨ।  ਆਪਣਾ ਮਕਸਦ ਤਾਂ ਜ਼ੋਰਦਾਰ ਮੀਂਹ ਪਵਾਉਣ ਦਾ ਐ। ਜੇਕਰ ਤੁਹਾਡੇ ਕੋਲ ਤਜਰਬਾ ਹੈ ਤਾਂ ਦੱਸੋ ਕਿ ਬਰਸਾਤ ਕਿਵੇਂ ਹੋ ਸਕਦੀ ਐ ਤਾਂ ਲੋਕਾਂ ਨੂੰ ਰਾਹਤ ਮਿਲ ਸਕੇ। ਅੱਜ ਹੀ ਦੁਆ ਕੀਤੀ ਸੀ, ਸੁਣੀ ਗਈ ਐ, ਜਿਵੇਂ ਐਂਤਕੀ ਧੁੱਪ ਪੈ ਰਹੀ ਐ ਜੇਕਰ ਬਰਸਾਤ ਹੋ ਜਾਵੇ ਧਰਤੀ ਦੀਆਂ ਤੇ ਸਾਡੀਆਂ ਸਭ ਭੁੱਖਾਂ ਦੂਰ ਹੋ ਜਾਣਗੀਆਂ। ਸਾਡੇ ਢਿੱਡ ਖ਼ਾਲੀ ਲਿਫਾਫੇ ਬਣ ਗਏ ਹਨ। ਕਦੇ ਕਦੇ ਡਰ ਵੀ ਲੱਗਦਾ ਸਰਕਾਰ ਪੁਰਾਣੀਆਂ ਫਾਈਲਾਂ ਨਾ ਫੋਲਣ ਲੱਗ ਪਏ, ਉਹ ਵੀ ਤਲਵਾਰ ਸਿਰ ਉੱਤੇ ਲਟਕ ਰਹੀ ਐ। ਪਰ ਬੱਕਰੇ ਮਾਂ ਕਦੋਂ ਤੱਕ ਖੈਰ ਮਨਾਏਗੀ? ਬਰਸਾਤ ਤਾਂ ਹੋਵੇਗੀ ਦੇਰ ਸਵੇਰ।

ਬੁੱਧ ਸਿੰਘ ਨੀਲੋਂ
9464370823

Leave a Reply

Your email address will not be published.


*