ਵਿਗਿਆਨ ਦੀਆਂ ਬਹਮੁਲੀ ਖੋਜਾਂ ਕਾਢਾਂ ਦੀ ਦੁਰਵਰਤੋਂ ਪ੍ਰਤੀ ਸੁਚੇਤ ਹੋਣ ਦੀ ਲੋੜ–ਤਰਕਸ਼ੀਲ

ਸੰਗਰੂਰ
ਅਜ ਕਲ ਟੈਲੀਵੀਜ਼ਨ ਹਰੇਕ ਦੀ ਲੋੜ ਬਣ ਚੁੱਕਾ ਹੈ,ਜਿਸ ਤੋਂ ਬਿਨਾਂ ਜਿੰਦਗੀ ਅਧੂਰੀ  ਜਾਪਦੀ ਹੈ।ਕਿਸੇ ਵੀ ਪਲ ਦੁਨੀਆਂ ਵਿੱਚ  ਵਾਪਰੀ ਹਰ ਘਟਨਾ ਨਾਲੋਂ ਨਾਲ ਦਿਖਾਈ ਜਾਂਦੀ ਹੈ ,ਬਹੁਤੇ ਚੈਨਲ ਜਿਥੇ ਵਪਾਰ ਦਾ ਧੰਦਾ ਬਣਾ ਕੇ ਚਲਾਏ ਜਾ ਰਹੇ ਉਥੇ ਉਹ ਲੋਕਾਂ ਦੀ ਮਾਨਸਿਕ ਤੇ ਆਰਥਿਕ ਲੁੱਟ ਵੱਡੇ ਪੱਧਰ ਤੇ ਕਰ ਰਹੇ ਹਨ, ਅਸ਼ਲੀਲ,ਡਰਾਊ,ਭਰਮਾਊ ਤੇ ਗੈਰ ਵਿਗਿਆਨਕ ਪ੍ਰੋਗਰਾਮ ਲੋਕਾਂ ਦੀ ਸੋਚ ਨੂੰ ਦੂਸ਼ਿਤ ਕਰ ਰਹੇ ਹਨ।ਸਵੇਰੇ ਸਵੇਰ ਅਖੌਤੀ ਤਾਂਤਰਿਕ,ਜੋਤਸ਼ੀ ਵਿਗਿਆਨ ਦੀਆਂ ਕਾਢਾਂ,ਖੋਜਾਂ ਦੀ ਦੁਰਵਰਤੋਂ ਕਰਦੇ ਹੋਏ ਕੰਮਪਿਊਟਰ ਰਾਹੀਂ  ਲੋਕਾਂ ਨੂੰ ਰਾਸ਼ੀਫਲ ਦੇ ਚੱਕਰ ‘ਚ ਪਾਉਂਦੇ ਹਨ ਕਮਾਈ ਲਈ ਹਨੂੰਮਾਨ ਤੇ ਸ਼ਿਵ ਕਵਚ, ਮੁੰਦਰੀਆਂ, ਨਗ,ਰੂਦਰ ਵੇਚਦੇ ਹਨ ਤੇ ਟੇਵੇ ਬਣਾ ਕੇ ਕਮਾਈ ਕਰਦੇ ਹਨ।ਬੱਚਿਆਂ ਨੂੰ ਕਾਰਟੂਨਾਂ ਤੇ ਮਸ਼ਹੂਰੀਆਂ ਪਿਛੇ ਲਾ ਕੇ ਉਨਾਂ ਦੀ ਸੋਚਣ ਸ਼ਕਤੀ ਨੂੰ ਖੁੰਢਿਆ ਕੀਤਾ ਜਾ ਰਿਹਾ ਹੈ।ਰੋਜ਼ਾਨਾ ਵਿਖਾਏ ਜਾ ਰਹੇ ਟੀਵੀ ਸੀਰੀਅਲ ਅਤੇ ਉਨਾਂ ਦੇ ਪਾਤਰ ਸਾਡੀ ਸਿਹਤ ਤੇ ਡੂੰਘਾ ਪ੍ਰਭਾਵ ਛੱਡਦੇ ਹਨ,ਅਸੀਂ ਪਾਤਰਾਂ ਨਾਲ ਮਾਨਸਿਕ ਤੇ ਭਾਵਨਾਤਮਿਕ ਤੌਰ ਤੇ ਇਸ ਤਰਾਂ ਜੁੜ ਜਾਂਦੇ ਹਾਂ ਕਿ ਉਨਾਂ ਦੀ ਖ਼ੁਸ਼ੀ ਵਿੱਚ ਖ਼ੁਸ਼ ਹੋ ਜਾਂਦੇ ਹਾਂ ਤੇ ਦੁੱਖ ਦੇ ਸਮੇ ਖੁਦ ਨੂੰ ਵੀ ਦੁੱਖ ਦੇ ਦਰਿਆ ਵਿੱਚ ਡੁਬੋ ਲੈਂਦੇ ਹਾਂ।ਅਸਿੱਧੇ ਤੌਰ ਤੇ ਖੁਦ ਨੂੰ ਉਨਾਂ ਦੀ ਜਗ੍ਹਾ ਰੱਖ ਕੇ ਦੇਖਦੇ ਹਾਂ ਅਤੇ ਆਪ ਮਾਨਸਿਕ ਤੌਰ ਤੇ
 ਨੁਕਸਾਨ ਪਹੁੰਚਾਉਂਦੇ ਹਾਂ।ਇਹ ਜਾਣਦੇ ਹੋਏ ਵੀ ਕਿ ਉਹ ਸਿਰਫ ਐਕਟਿੰਗ ਕਰ ਰਹੇ ਹਨ।ਚੰਗੀਆਂ ਮਾੜੀਆਂ ਪ੍ਰਸਥਿਤੀਆਂ, ਸੁੱਖ,ਦੁੱਖ ਸਿਹਤ ਤੇ ਪ੍ਰਭਾਵ ਪਾਉਂਦੀਆਂ ਹਨ। ਜੇ ਖੁਦ ਨੂੰ ਦੁਖੀ ਮਹਿਸੂਸ ਕਰੀਏ ਤਾਂ ਸਾਡੀ ਊਰਜਾ ਘੱਟ ਹੋ ਜਾਂਦੀ ਹੈ ਤੇ ਜਿਸ ਨਾਲ ਸਿਰ ਦਰਦ ਤੇ ਤਣਾਅ ਹੋ ਜਾਂਦਾ ਹੈ।ਸ਼ਨਸਨੀਖੇਜ ਤਰੀਕੇ ਨਾਲ ਪੇਸ਼ ਕੀਤਾ ਜਾਂਦਾ ਸੰਗੀਤ ਦਿਲ ਦੀ ਧੜਕਨ ਵਧਾ  ਦਿੰਦਾ ਹੈ  ਜਿਸ ਨਾਲ ਦਿਲ ਦੀਆਂ ਬਿਮਾਰੀਆਂ ਲੱਗਦੀਆਂ ਹਨ। ਬਹੁਤੇ ਸੀਰੀਅਲ ਸਾਜਿਸ਼ਾਂ ਕਰਨ ਦੀ ਚਾਲਾਂ  ਨਾਲ ਭਰੇ ਹੁੰਦੇ ਹਨ। ਕਾਰਪੋਰੇਟ ਘਰਾਣੇ ਇਨ੍ਹਾਂ ਤੇ ਕਾਬਜ਼ ਹੋ ਕੇ ਵਿਗਿਆਨ ਦੀਆਂ ਬਹੁਮੁੱਲੀ ਮਨੁੱਖੀ ਭਲੇ ਦੀਆਂ ਖੋਜਾਂ ਕਾਢਾਂ ਦੀ ਦੁਰਵਰਤੋਂ ਕਰ ਰਹੇ ਹਨ ਸੋ ਸਾਨੂੰ ਇਨ੍ਹਾਂ ਦੀਆਂ ਲੋਕ ਮਾਰੂ  ਸੋਚ ਤੋਂ ਸੁਚੇਤ ਹੋਣਾ ਚਾਹੀਦਾ ਹੈ। ਦੇਸ਼ ਦੇ ਭਵਿੱਖ ਬੱਚਿਆਂ ਨੂੰ ਇਸ ਪ੍ਰਤੀ ਜਾਗਰੂਕ ਕਰਨਾ ਸਮੇਂ ਦੀ ਲੋੜ ਹੈ। ਸਾਨੂੰ ਪ੍ਰਿੰਟ  ਤੇ ਇਲੈਕਟ੍ਰਾਨਿਕ ਮੀਡੀਆ ਉਤੇ ਚਲਦੇ ਪ੍ਰੋਗਰਾਮਾਂ ਸਬੰਧੀ ਮੰਗ ਕਰਨੀ ਚਾਹੀਦੀ ਹੈ ਕਿ ਅਖੌਤੀ ਦੈਵੀ ਸ਼ਕਤੀਆਂ ਰਾਹੀਂ ਅਤੇ ਧਾਰਮਿਕ ਆਸਥਾ ਦੀ ਆੜ ਹੇਠ ਅੰਧ ਵਿਸ਼ਵਾਸ ਫੈਲਾਉਣ ਵਾਲੇ ਪਾਖੰਡੀ ਬਾਬਿਆਂ, ਤਾਂਤਰਿਕਾਂ,ਜੋਤਸ਼ੀਆਂ ਅਤੇ ਪੁੱਛਾਂ ਦੇਣ ਵਾਲੇ ਢੋਂਗੀਆਂ ਦੀ ਗੁੰਮਰਾਹਕੁਨ ਅਤੇ ਤਰਕਹੀਣ ਇਸ਼ਤਿਹਾਰਬਾਜ਼ੀ  ਨਾ ਹੋਵੇ।
    ਅੰਧ ਵਿਸ਼ਵਾਸ ,ਫ਼ਿਰਕੂ ਨਫਰਤ ਅਤੇ ਅਸ਼ਲੀਲਤਾ ਫੈਲਾਉਣ ਵਾਲੇ ਪ੍ਰੋਗਰਾਮ ਬਿਲਕੁਲ ਪ੍ਰਸਾਰਤ ਨਹੀਂ ਹੋਣੇ ਚਾਹੀਦੇ।
   ਹਰ ਕਿਸਮ ਦਾ ਇਲੈਕਟ੍ਰਾਨਿਕ ਮੀਡੀਆ ਵਿਗਿਆਨਕ ਵਿਚਾਰਾਂ ਵਾਲੇ  ਸਾਰਥਿਕ,ਉਸਾਰੂ ਪ੍ਰੋਗਰਾਮ /ਸੀਰੀਅਲ ਪ੍ਰਸਾਰਤ ਕਰਨ ਨੂੰ ਤਰਜੀਹ ਦੇਵੇ ।
 ਜੇ ਪ੍ਰਿੰਟ   ਤੇ ਇਲੈਕਟ੍ਰਾਨਿਕ ਮੀਡੀਆ ਵਿਗਿਆਨਕ ਚੇਤਨਾ ਵਿਕਸਤ ਭਰਪੂਰ, ਜਾਗਰੂਕਤਾ ਦਾ ਦੀਪ ਜਗਾਉਣ ਵਾਲੇ ਪ੍ਰੋਗਰਾਮਾਂ ਨੂੰ  ਢੁਕਵੀਂ ਥਾਂ ਦੇਣਾ ਸ਼ੁਰੂ ਕਰ ਦੇਵੇ ਤਾਂ ਲੋਕ ਆਪਣੀ ਆਰਥਿਕ, ਮਾਨਸਿਕ ਤੇ ਸਰੀਰਕ ਲੁੱਟ ਤੋਂ ਬਚ ਸਕਦੇ ਹਨ। ਆਓ ਸਾਰੇ ਰਲਕੇ ਇਸ ਮੰਗ ਨੂੰ ਲੋਕ ਲਹਿਰ ਬਣਾਉਣ ਦਾ ਯਤਨ ਕਰੀਏ।

Leave a Reply

Your email address will not be published.


*