ਮੋਗਾ,( ਮਨਪ੍ਰੀਤ ਸਿੰਘ )
ਚੰਗੀ ਸਿਹਤ ਇੱਕ ਵਰਦਾਨ ਹੈ। ਚੰਗੀ ਸਿਹਤ ਨਾਲ ਹੀ ਕਈ ਤਰ੍ਹਾਂ ਦੀਆਂ ਸੁੱਖ ਸਹੂਲਤਾਂ ਪ੍ਰਾਪਤ ਕੀਤੀਆਂ ਜਾ ਸਕਦੀਆਂ ਹਨ। ਜੋ ਵਿਅਕਤੀ ਚੰਗੀ ਸਿਹਤ ਅਤੇ ਸਿਹਤਮੰਦ ਸਰੀਰ ਦੀ ਮਹੱਤਤਾ ਤੋਂ ਇਨਕਾਰ ਕਰਦਾ ਹੈ ਅਤੇ ਪ੍ਰਮਾਤਮਾ ਦੇ ਇਸ ਵਰਦਾਨ ਦਾ ਨਿਰਾਦਰ ਕਰਦਾ ਹੈ, ਉਹ ਸਿਰਫ਼ ਆਪਣਾ ਹੀ ਨਹੀਂ, ਸਮਾਜ ਅਤੇ ਦੇਸ਼ ਦਾ ਵੀ ਨੁਕਸਾਨ ਕਰਦਾ ਹੈ।ਸਿਹਤਮੰਦ ਸਰੀਰ ਵਿਚ ਹੀ ਸਿਹਤਮੰਦ ਮਨ ਟਿਕ ਸਕਦਾ ਹੈ। ਜਿਸ ਮਨੁੱਖ ਦਾ ਸਰੀਰ ਤੰਦਰੁਸਤ ਨਹੀਂ ਹੈ, ਉਸ ਦਾ ਮਨ ਕਿਵੇਂ ਤੰਦਰੁਸਤ ਰਹਿ ਸਕਦਾ ਹੈ। ਵਿਅਕਤੀ ਨੂੰ ਆਪਣੇ ਸਰੀਰ ਨੂੰ ਸਿਹਤਮੰਦ ਅਤੇ ਕਾਰਜਸ਼ੀਲ ਰੱਖਣ ਲਈ ਕਸਰਤ ਜ਼ਰੂਰੀ ਹੈ। ਕਸਰਤ ਅਤੇ ਸਿਹਤ ਦਾ ਰਿਸ਼ਤਾ ਸਕੇ ਭਰਾਵਾਂ ਵਾਂਗ ਹੈ।ਯੋਗਾ ਮਨੁੱਖ ਦੀ ਸਰੀਰਿਕ ਅਤੇ ਮਾਨਸਿਕ ਤੰਦਰੁਸਤੀ ਬਣਾਈ ਦਾ ਕਾਰਗਰ ਮੰਤਰ ਹੈ।
ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਡਿਪਟੀ ਕਮਿਸ਼ਨਰ ਮੋਗਾ ਸ੍ਰ. ਕੁਲਵੰਤ ਸਿੰਘ ਨੇ ਅੰਤਰਾਸ਼ਟਰੀ ਯੋਗਾ ਦਿਵਸ ਮੌਕੇ ਆਯੂਸ਼ ਹਸਪਤਾਲ ਮੋਗਾ ਵਿੱਚ ਰੱਖੇ ਗਏ ਜ਼ਿਲ੍ਹਾ ਪੱਧਰੀ ਸਮਾਗਮ ਵਿੱਚ ਸ਼ਿਰਕਤ ਕਰਨ ਮੌਕੇ ਕੀਤਾ। ਇਹ ਸਮਾਗਮ ‘ਹਰ ਘਰ ਆਂਗਨ ਯੋਗ’ ਥੀਮ ਹੇਠ ਆਯੋਜਿਤ ਕਰਵਾਇਆ ਗਿਆ। ਸਮਾਗਮ ਵਿੱਚ ਡਿਪਟੀ ਕਮਸ਼ਿਨਰ ਤੋਂ ਇਲਾਵਾ ਹੋਰ ਵੀ ਉੱਚ ਅਧਿਕਾਰੀਆਂ, ਵਿਦਿਆਰਥੀਆਂ ਅਤੇ ਆਮ ਲੋਕਾਂ ਨੇ ਭਾਗ ਲੈ ਕੇ ਯੋਗ ਕਿਰਿਆਵਾਂ ਕੀਤੀਆਂ।ਇਹ ਪ੍ਰੋਗਰਾਮ ਜ਼ਿਲ੍ਹਾ ਪ੍ਰਸ਼ਾਸ਼ਨ, ਆਯੂਸ਼ ਹਸਪਤਾਲ ਅਤੇ ਸੀ.ਐਮ ਦੀ ਯੋਗਸ਼ਾਲਾ ਦੀ ਟੀਮ ਵੱਲੋਂ ਸਾਂਝੇ ਤੌਰ ਤੇ ਪ੍ਰਭਾਵਸ਼ਾਲੀ ਢੰਗ ਨਾਲ ਨੇਪਰੇ ਚਾੜਿਆ ਗਿਆ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਅੱਜ ਕੱਲ ਯੋਗਾ ਦਾ ਅਭਿਆਸ ਦੁਨੀਆ ਭਰ ਵਿਚ ਸਿਹਤਮੰਦ ਜੀਵਨ ਸ਼ੈਲੀ ਦਾ ਹਿੱਸਾ ਬਣ ਚੁੱਕਿਆ ਹੈ। ਅੱਜ ਦੀ ਜੀਵਨ ਸ਼ੈਲੀ ਵਿੱਚ ਜਦੋਂ ਸਿਹਤ ਸਮੱਸਿਆ ਜਿਵੇਂ ਕਿ ਮੋਟਾਪਾ, ਸ਼ੂਗਰ, ਹਾਈ ਬਲੱਡ ਪ੍ਰੈਸ਼ਰ ਅਤੇ ਚਿੰਤਾ ਸੰਬੰਧੀ ਵਿਕਾਰ ਬਹੁਤ ਹੀ ਪ੍ਰਚਲਿਤ ਹਨ ਅਜਿਹੇ ਵੇਲੇ ਯੋਗਾ ਸੰਪੂਰਣ ਸਿਹਤ ਅਭਿਆਸ ਹੈ। ਯੋਗਾ, ਸਰੀਰਕ ਤੰਦਰੁਸਤੀ, ਮਾਨਵ ਪ੍ਰਣਾਲੀ ਦੇ ਕੰਮਕਾਜ ਅਤੇ ਕਾਰਡੀਓ-ਨਾੜੀ ਲਈ ਲਾਭਦਾਇਕ ਹਨ। ਇਹ ਸ਼ੂਗਰ, ਸਾਹ ਦੀ ਬਿਮਾਰੀ, ਹਾਈਪਰਟੈਨਸ਼ਨ ਅਤੇ ਜੀਵਨ ਸ਼ੈਲੀ ਨਾਲ ਸੰਬੰਧਿਤ ਕਈ ਵਿਕਾਰਾਂ ਦੇ ਪ੍ਰਬੰਧਨ ਵਿੱਚ ਬਹੁਤ ਹੀ ਲਾਭਦਾਇਕ ਹੁੰਦਾ ਹੈ। ਇਹ ਡਿਪਰੈਸ਼ਨ, ਥਕਾਵਟ, ਚਿੰਤਾ ਅਤੇ ਤਣਾਉ ਨੂੰ ਘੱਟ ਕਰਨ ਵਿਚ ਵੀ ਮਦਦ ਕਰਦਾ ਹੈ।
ਉਨ੍ਹਾਂ ਦੱਸਿਆ ਕਿ ਇੱਕ ਸਿਹਤਮੰਦ ਮਨ ਬਿਮਾਰ ਸਰੀਰ ਵਿੱਚ ਨਹੀਂ ਰਹਿ ਸਕਦਾ। ਜੇਕਰ ਮਨ ਤੰਦਰੁਸਤ ਨਹੀਂ ਤਾਂ ਵਿਚਾਰ ਵੀ ਤੰਦਰੁਸਤ ਨਹੀਂ ਹੋ ਸਕਦੇ ਅਤੇ ਜਦੋਂ ਵਿਚਾਰ ਹੀ ਤੰਦਰੁਸਤ ਨਹੀਂ ਤਾਂ ਕਰਮ ਦਾ ਅਭਿਆਸ ਕਿਵੇਂ ਹੋਵੇਗਾ, ਮਨੁੱਖ ਆਪਣੇ ਕਰਤੱਵ ਕਿਵੇਂ ਨਿਭਾਏਗਾ। ਸਰੀਰ ਨੂੰ ਤੰਦਰੁਸਤ ਅਤੇ ਮਜ਼ਬੂਤ ਬਣਾਉਣ ਲਈ ਯੋਗਾ ਜ਼ਰੂਰੀ ਹੈ। ਇਸ ਲਈ ਸਾਨੂੰ ਆਪਣੇ ਵਿਚਾਰ ਮਜ਼ਬੂਤ ਕਰਨੇ ਪੈਣਗੇ ਅਤੇ ਵਿਚਾਰਾਂ ਦੀ ਮਜ਼ਬੂਤੀ ਲਈ ਯੋਗਾ ਜਰੂਰੀ ਹੈ। ਜੋ ਵਿਅਕਤੀ ਯੋਗਾ ਨਹੀਂ ਕਰਦਾ ਉਹ ਆਲਸੀ ਅਤੇ ਕਮਜ਼ੋਰ ਹੋ ਜਾਂਦਾ ਹੈ। ਆਲਸ ਨੂੰ ਮਨੁੱਖ ਦਾ ਸਭ ਤੋਂ ਵੱਡਾ ਦੁਸ਼ਮਣ ਕਿਹਾ ਜਾਂਦਾ ਹੈ।ਸਮਾਗਮ ਤੋਂ ਬਾਅਦ ਵਿੱਚ ਭਾਗੀਦਾਰਾਂ ਨੂੰ ਰਿਫ਼ਰੈਸ਼ਮੈਂਟ ਦੀ ਵੰਡ ਵੀ ਕੀਤੀ ਗਈ।
ਜ਼ਿਲ੍ਹਾ ਆਯੂਰਵੈਦਿਕ ਅਫ਼ਸਰ ਮੋਗਾ ਡਾ. ਬਹਾਦਰ ਸਿੰਘ ਨੇ ਪ੍ਰੋਗਰਾਮ ਨੂੰ ਸਫ਼ਲਤਾਪੂਰਵਕ ਨੇਪਰੇ ਚਾੜਨ ਲਈ ਟੀਮ ਦਾ ਅਤੇ ਵੱਡੀ ਗਿਣਤੀ ਵਿੱਚ ਆਏ ਲੋਕਾਂ ਦਾ ਧੰਨਵਾਦ ਕੀਤਾ।
Leave a Reply