ਦੇਸ਼ ਵਿਦੇਸ਼ ਦੀਆਂ ਸੰਗਤਾਂ ਵੱਲੋਂ ਆਪਣੀ ਵਿੱਤ ਅਨੁਸਾਰ ਭੇਜਿਆ ਜਾਂਦਾ ਹੈ ਦਾਨ: ਬੀਬੀ ਸੰਦੀਪ ਕੌਰ 

ਅੰਮ੍ਰਿਤਸਰ (ਰਣਜੀਤ ਸਿੰਘ ਮਸੌਣ) ਪੰਜਾਬ ਦੀ ਸੱਭ ਤੋਂ ਮਿਸਾਲੀ ਸਮਾਜ ਸੇਵੀ ਸੰਸਥਾ ਭਾਈ ਧਰਮ ਸਿੰਘ ਖਾਲਸਾ ਚੈਰੀਟੇਬਲ ਟਰੱਸਟ ਰਜਿ. ਸੁਲਤਾਨਵਿੰਡ ਨੂੰ ਵੱਖ-ਵੱਖ ਦਾਨਵੀਰਾਂ, ਕਰਮਯੋਗੀਆਂ ਤੇ ਗੁਰੂ ਘਰ ਦੇ ਪਿਆਰਿਆਂ ਦੇ ਵੱਲੋਂ ਦਿੱਤੇ ਜਾ ਰਹੇ ਕਈ ਪ੍ਰਕਾਰ ਦੇ ਦਾਨਾਂ ਦੀ ਲੜੀ ਤਹਿਤ ਪਿੰਡ ਬੋੜਾ ਤਹਿਸੀਲ ਗੜਸ਼ੰਕਰ ਜ਼ਿਲ੍ਹਾ ਹੁਸ਼ਿਆਰਪੁਰ ਦੀ ਸੰਗਤ ਦੇ ਵੱਲੋਂ ਭਾਰੀ ਮਾਤਰਾ ਵਿੱਚ ਕਣਕ ਅਤੇ ਆਲੂ ਦਾਨ ਦੇ ਰੂਪ ਵਿੱਚ ਗੁਰੂ ਘਰ ਦੇ ਅਨਿਨ ਸੇਵਕਾਂ ਦੇ ਰਾਹੀਂ ਭੇਜੇ ਗਏ ਹਨ। ਇਸ ਗੱਲ ਦੀ ਜਾਣਕਾਰੀ ਟਰੱਸਟ ਦੀ ਮੁੱਖ ਸੇਵਾਦਾਰ ਬੀਬੀ ਸੰਦੀਪ ਕੌਰ ਦੇ ਵੱਲੋਂ ਅੱਜ ਇੱਥੇ ਦਿੱਤੀ ਗਈ। ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਟਰੱਸਟ ਪਰਿਵਾਰ ਦੇ ਨਾਲ ਪਿਆਰ ਕਰਨ ਵਾਲਿਆਂ ਦੇ ਵੱਲੋਂ ਅਜਿਹਾ ਦਾਨ ਭੇਜਿਆ ਜਾ ਚੁੱਕਾ ਹੈ। ਜਦੋਂ ਕਿ ਇਹ ਸਿਲਸਿਲਾ ਹੁਣ ਵੀ ਜਾਰੀ ਹੈ ਤੇ ਆਉਣ ਵਾਲੇ ਦਿਨਾਂ ਤੱਕ ਜਾਰੀ ਰਹਿਣ ਦੀ ਸੰਭਾਵਨਾ ਹੈ। ਉਨ੍ਹਾਂ ਦੱਸਿਆ ਕਿ ਇਸ ਸਮੇਂ ਟਰੱਸਟ ਦੇ ਵਿੱਚ 200 ਦੇ ਕਰੀਬ ਲੋੜਵੰਦ ਤੇ ਜ਼ਰੂਰਤਮੰਦ ਧੀਆਂ-ਭੈਣਾ ਤੇ ਬਜ਼ੁਰਗ ਮਹਿਲਾਵਾਂ ਰੂਪੀ ਲੰਮਾ ਚੌੜਾ ਪਰਿਵਾਰ ਹੈ। ਜਿੰਨ੍ਹਾਂ ਦੀ ਜੀਵਨਸ਼ੈਲੀ ਨੂੰ ਸਰਲ ਤੇ ਸੁਖਾਲਾ ਬਣਾਉਣ ਦੇ ਲਈ ਵੱਖ-ਵੱਖ ਪ੍ਰਕਾਰ ਦੀਆਂ ਲੋੜਾਂ ਦੇ ਮੱਦੇਨਜ਼ਰ ਦਾਨ ਦੀ ਜ਼ਰੂਰਤ ਪੈਂਦੀ ਹੈ, ਜੋ ਕਿ ਦੇਸ਼ ਵਿਦੇਸ਼ ਦੀਆਂ ਸੰਗਤਾਂ ਦੇ ਵੱਲੋਂ ਆਪਣੀ ਵਿੱਤ ਅਨੁਸਾਰ ਭੇਜਿਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਸਕੂਲ ਤੇ ਉੱਚ ਵਿੱਦਿਆ ਦਾ ਨਵਾਂ ਸ਼ੈਸ਼ਨ ਸ਼ੁਰੂ ਹੋ ਚੁੱਕਾ ਹੈ। ਟਰੱਸਟ ਦੀਆਂ ਬਹੁਤ ਸਾਰੀਆਂ ਧੀਆਂ ਸਕੂਲ ਤੇ ਉੱਚ ਵਿੱਦਿਆ ਨਾਲ ਸਬੰਧਤ ਹਨ, ਜਿੰਨ੍ਹਾਂ ਦੀਆਂ ਫ਼ੀਸਾਂ ਤੇ ਹੋਰ ਵਿੱਦਿਅਕ ਖ਼ਰਚੇ ਲੱਖਾਂ ਰੁਪਏ ਦੇ ਰੂਪ ਵਿੱਚ ਹਨ। ਬੀਬੀ ਸੰਦੀਪ ਕੌਰ ਨੇ ਦੱਸਿਆਂ ਕਿ ਟਰੱਸਟ ਦੀਆਂ ਬਹੁਤ ਸਾਰੀਆਂ ਵਿਦਿਆਰਥੀਆਂ ਨੇ ਆਪੋਂ-ਆਪਣੀ ਜਮਾਤਾਂ ਤੇ ਖੇਤਰਾਂ ਵਿੱਚ ਵੱਡੀਆਂ ਮੱਲ੍ਹਾਂ ਮਾਰੀਆਂ ਹਨ ਤੇ ਉਹ ਕੁੱਝ ਵੱਖਰਾ ਤੇ ਵਿਰਲਾ ਕਰਨ ਦੀ ਚਾਹਤ ਤੇ ਉਤਸ਼ਾਹ ਰੱਖਦੀਆਂ ਹਨ। ਉਨ੍ਹਾਂ ਦੱਸਿਆ ਕਿ ਕਣਕ ਅਤੇ ਹੋਰ ਸਮੱਗਰੀ ਦਾਨ ਦੇ ਰੂਪ ਵਿੱਚ ਦੇਣ ਆਏ ਗੁਰੂ ਘਰ ਦੇ ਪਿਆਰਿਆਂ ਵੱਲੋਂ ਆਪਣੀ ਸਮੱਰਥਾ ਅਨੁਸਾਰ ਦਸਾਂ ਨੂੰਹਾਂ ਦੀ ਕਿਰਤ ਕਮਾਈ ਦੇ ਵਿੱਚੋਂ ਕੱਢੀ ਦਸਵੰਦ ਰੂਪੀ ਰਾਸ਼ੀ ਵੀ ਭੇਜੀ ਜਾਂਦੀ ਹੈ। ਇਸ ਦੌਰਾਨ ਉਨ੍ਹਾਂ ਨੇ ਪਿੰਡ ਬੋੜਾ ਤਹਿਸੀਲ ਗੜਸ਼ੰਕਰ ਜ਼ਿਲ੍ਹਾ ਹੁਸ਼ਿਆਰਪੁਰ ਤੋਂ ਕਣਕ ਤੇ ਆਲੂ ਦਾਨ ਦੇਣ ਆਏ ਗੁਰੂ ਘਰ ਦੇ ਪਿਆਰਿਆਂ ਨੂੰ ਸਿਰੋਪਾਓੁ ਦੇ ਕੇ ਉਚੇਚੇ ਤੌਰ ਤੇ ਸਨਮਾਨਿਤ ਵੀ ਕੀਤਾ।

Leave a Reply

Your email address will not be published.


*