ਹੀਟ ਵੇਵ ਦੇ ਚੱਲਦਿਆਂ ਪੋਲਿੰਗ ਬੂਥਾਂ ਤੇ ਵੋਟਰਾਂ ਲਈ ਕੀਤੇ ਜਾਣ ਵਿਸ਼ੇਸ਼ ਪ੍ਰਬੰਧ- ਸਪੈਸ਼ਲ ਜਨਰਲ ਅਬਜ਼ਰਵਰ

ਅੰਮ੍ਰਿਤਸਰ  (ਰਣਜੀਤ ਸਿੰਘ ਮਸੌਣ/ ਰਾਘਵ ਅਰੋੜਾ) ਲੋਕ ਸਭਾ ਚੋਣਾਂ 2024 ਨੂੰ ਲੈ ਕੇ ਮੁੱਖ ਚੋਣ ਕਮਿਸ਼ਨ ਵੱਲੋਂ ਨਿਯੁਕਤ ਕੀਤੇ ਗਏ ਸਪੈਸ਼ਲ ਜਨਰਲ ਅਬਜ਼ਰਵਰ ਸ੍ਰੀ ਰਾਮ ਮੋਹਨ ਮਿਸ਼ਰਾ ਆਈ.ਏ.ਐਸ. (ਰਿਟਾਇਰ) ਨੇ ਜਨਰਲ ਅਬਜ਼ਰਵਰ ਏ ਰਾਧਾ ਬਿਨੋਦ ਸ਼ਰਮਾ, ਖ਼ਰਚਾ ਅਬਜ਼ਰਵਰ ਸ੍ਰੀ ਬਾਰੇ ਗਨੇਸ਼ ਸੁਧਾਕਰ, ਪੁਲਿਸ ਅਬਜ਼ਰਵਰ ਸ਼ਵੇਤਾ ਸ੍ਰੀਮਲੀ ਆਈ.ਪੀ.ਐਸ., ਜ਼ਿਲ੍ਹਾ ਚੋਣ ਅਧਿਕਾਰੀ ਘਨਸ਼ਾਮ ਥੋਰੀ, ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ, ਐਸ.ਐਸ.ਪੀ ਦਿਹਾਤੀ ਸਤਿੰਦਰ ਸਿੰਘ, ਜਿਲ੍ਹਾ ਚੋਣ ਤਹਿਸੀਲਦਾਰ ਅਮਰਜੀਤ ਸਿੰਘ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਨਾਲ ਮੀਟਿੰਗ ਕੀਤੀ।
ਚੋਣਾਂ ਦੀਆਂ ਤਿਆਰੀਆਂ ਸਬੰਧੀ ਜਾਇਜਾ ਲੈਂਦੇ ਹੋਏ ਸ੍ਰੀ ਮਿਸ਼ਰਾ ਨੇ ਕਿਹਾ ਕਿ ਹੀਟ ਵੇਵ ਦੇ ਚੱਲਦਿਆਂ ਸਾਰੇ ਪੋਲਿੰਗ ਬੂਥਾਂ ਤੇ ਪੀਣ ਵਾਲਾ ਪਾਣੀ, ਪੱਖੇ, ਸ਼ਮਿਆਨੇ ਆਦਿ ਦੇ ਪੁਖ਼ਤਾ ਪ੍ਰਬੰਧ ਹੋਣੇ ਚਾਹੀਦੇ ਹਨ ਅਤੇ ਖਾਸ ਤੌਰ ਤੇ ਦਿਵਿਆਂਗ ਵੋਟਰਾਂ ਲਈ ਵੀਲ੍ਹ ਚੇਅਰ ਉਪਲੱਬਧ ਹੋਣੀ ਚਾਹੀਦੀ ਹੈ। ਉਹਨਾਂ ਕਿਹਾ ਕਿ ਪੋਲਿੰਗ ਬੂਥਾਂ ਦੇ ਬਾਹਰ ਕਿਸੇ ਵੀ ਰਾਜਨੀਤਿਕ ਪਾਰਟੀ ਦਾ ਚਿੰਨ੍ਹ, ਪੋਸਟਰ, ਬੈਨਰ ਆਦਿ ਨਹੀਂ ਲੱਗਾ ਹੋਣਾ ਚਾਹੀਦਾ ਅਤੇ ਹਰੇਕ ਪੋਲਿੰਗ ਸਟੇਸ਼ਨ ਦੇ ਬਾਹਰ ਮਰਦ ਵੋਟਰ, ਔਰਤ ਵੋਟਰਾਂ ਅਤੇ ਟਰਾਂਸਜੈਂਡਰ ਵੋਟਰਾਂ ਦੀ ਗਿਣਤੀ ਲਿਖੀ ਹੋਣੀ ਚਾਹੀਦੀ ਹੈ।
ਉਨਾਂ ਕਿਹਾ ਕਿ ਵੋਟਾਂ ਵਾਲੇ ਦਿਨ ਪੋਲਿੰਗ ਬੂਥਾਂ ਦੇ ਬਾਹਰ ਸਖ਼ਤ ਸੁਰੱਖਿਆਂ ਪ੍ਰਬੰਧ ਹੋਣੇ ਚਾਹੀਦੇ ਹਨ ਅਤੇ ਕਿਸੇ ਨੂੰ ਵੀ ਪੋਲਿੰਗ ਬੂਥਾਂ ਦੇ ਬਾਹਰ ਸ਼ਾਤੀ ਭੰਗ ਕਰਨ ਦੀ ਆਗਿਆ ਨਹੀਂ ਹੋਵੇਗੀ। ਉਨਾਂ ਪੁਲਿਸ ਅਧਿਕਾਰੀਆਂ ਨੂੰ ਕਿਹਾ ਕਿ ਸੁਰੱਖਿਆਂ ਪ੍ਰਬੰਧਾਂ ਨੂੰ ਵਿਸ਼ੇਸ਼ ਤਰਜੀਹ ਦਿੱਤੀ ਜਾਵੇ ਤਾਂ ਜੋ ਕੋਈ ਅਣਸੁਖਾਵੀਂ ਘਟਨਾ ਨਾ ਹੋ ਸਕੇ।

Leave a Reply

Your email address will not be published.


*