ਮੋਗਾ, ( Manpreet singh)
ਵੋਟ ਫੀਸਦੀ ਨੂੰ 70 ਤੋਂ ਪਾਰ ਕਰਨ ਲਈ ਵਿੱਚ ਵਾਧਾ ਕਰਨ ਲਈ ਜ਼ਿਲ੍ਹਾ ਪ੍ਰਸ਼ਾਸ਼ਨ ਮੋਗਾ ਵੱਲੋਂ ਸਵੀਪ ਗਤੀਵਿਧੀਆਂ ਨੂੰ ਪਿਛਲੇ ਲੰਬੇ ਸਮੇਂ ਤੋਂ ਜ਼ਮੀਨੀ ਪੱਧਰ ਉੱਤੇ ਚਲਾਇਆ ਜਾ ਰਿਹਾ ਹੈ ਤਾਂ ਕਿ ਮਜ਼ਬੂਤ ਲੋਕਤੰਤਰ ਦਾ ਨਿਰਮਾਣ ਹੋ ਸਕੇ ਅਤੇ ਹਰ ਯੋਗ ਨਾਗਰਿਕ ਆਪਣੀ ਵੋਟ ਦਾ ਇਸਤੇਮਾਲ ਕਰ ਸਕੇ।
ਜਾਣਕਾਰੀ ਦਿੰਦਿਆਂ ਸਹਾਇਕ ਰਿਟਰਨਿੰਗ ਅਫ਼ਸਰ-ਕਮ-ਐਸ.ਡੀ.ਐਮ. ਮੋਗਾ ਸ੍ਰ. ਸਾਰੰਗਪ੍ਰੀਤ ਸਿੰਘ ਔਜਲਾ ਨੇ ਦੱਸਿਆ ਕਿ ਸਵੀਪ ਗਤੀਵਿਧੀਆਂ ਦੇ ਸਿੱਟੇ ਸਾਰਥਿਕ ਸਿੱਧ ਹੋ ਰਹੇ ਹਨ। ਦਸੰਬਰ 2023 ਤੋਂ 4 ਮਈ 2024 ਤੱਕ ਮੋਗਾ ਹਲਕੇ ਵਿੱਚ 5621 ਨਵੀਆਂ ਵੋਟਾਂ ਬਣਾਈਆਂ ਗਈਆਂ ਹਨ। ਜੇਕਰ ਸਵੀਪ ਗਤੀਵਿਧੀਆਂ ਨਾਲ ਵੋਟਾਂ ਦੀ ਗਿਣਤੀ ਵਿੱਚ ਵਾਧਾ ਹੋਇਆ ਹੈ ਤਾਂ ਯਕੀਨਨ ਹੀ ਵੋਟ ਦਾ ਇਸਤੇਮਾਲ ਕਰਨ ਵਾਲਿਆਂ ਦੀ ਗਿਣਤੀ ਵਿੱਚ ਵੀ ਵਾਧਾ ਹੋਵੇਗਾ।
ਸ੍ਰ. ਸਾਰੰਗਪ੍ਰੀਤ ਸਿੰਘ ਔਜਲਾ ਨੇ ਦੱਸਿਆ ਕਿ ਸਵੀਪ ਟੀਮ ਦੀ ਹਲਕਾ 73 ਮੋਗਾ ਵੱਲੋਂ ਵੋਟਰਾਂ ਨੂੰ ਸਮੂਹ ਬੀ.ਐਲ.ਓਜ ਦੁਆਰਾ ਘਰ-ਘਰ ਜਾ ਕੇ ਵੋਟਰ ਸਲਿੱਪਾਂ ਦਿੱਤੀਆਂ ਜਾ ਰਹੀਆਂ ਹਨ ਤਾਂ ਜੋ ਵੋਟਾ ਵਾਲੇ ਦਿਨ ਉਨ੍ਹਾਂ ਨੂੰ ਬੂਥ ਲੱਭਣ ਵਿੱਚ ਮੁਸ਼ਕਿਲ ਨਾ ਆਵੇ ਅਤੇ ਨਾਲ ਹੀ ਇਹ ਬੇਨਤੀ ਕੀਤੀ ਜਾ ਰਹੀ ਹੈ ਕਿ ਉਹ 1 ਜੂਨ ਨੂੰ ਵੋਟ ਪਾਉਣ ਜਰੂਰ ਪਹੁੰਚਣ। ਹਲਕਾ ਮੋਗਾ ਦੇ ਕੁੱਲ 213 ਬੂਥ ਹਨ, ਜਿਨਾਂ ਵਿੱਚ ਕੁੱਲ 2 ਲੱਖ 927 ਵੋਟਰ ਹਨ ਜਿਸ ਵਿੱਚ 1 ਲੱਖ 10 ਹਜ਼ਾਰ 181 ਪੁਰਸ਼, 99530 ਮਹਿਲਾ ਵੋਟਰ ਅਤੇ 16 ਤੀਜੇ ਲਿੰਗ ਵਾਲੇ ਵੋਟਰ ਹਨ। ਇਸ ਤੋਂ ਇਲਾਵਾ ਹਲਕਾ ਮੋਗਾ ਦੇ ਵਿੱਚ 4517 ਪਹਿਲੀ ਵਾਰ ਵੋਟ ਕਰਨ ਵਾਲੇ ਵੋਟਰ, 2852 ਦਿਵਿਆਂਗ ਅਤੇ 1468 ਸੀਨੀਅਰ ਸਿਟੀਜ਼ਨ ਵੋਟਰ ਵੀ ਸ਼ਾਮਿਲ ਹਨ।
ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਮੋਗਾ ਸ੍ਰ. ਕੁਲਵੰਤ ਸਿੰਘ ਦੇ ਹੁਕਮਾਂ ਤਹਿਤ ਪਹਿਲੀ ਵਾਰ ਵੋਟ ਪਾਉਣ ਆਏ ਵੋਟਰਾਂ ਨੂੰ ਖਾਸ ਤੋਹਫ਼ਾ ਦਿੱਤਾ ਜਾਣਾ ਹੈ। ਇਸ ਤੋਂ ਇਲਵਾ ਗਰਮ ਲੋਆਂ ਨੂੰ ਧਿਆਨ ਵਿਚ ਰੱਖਦੇ ਹੋਏ ਬੂਥਾਂ ਉਪਰ ਪੀਣ ਵਾਲੇ ਠੰਡੇ ਪਾਣੀ, ਸ਼ਾਮਿਆਨੇ, ਰੈਂਪ, ਮੈਡੀਕਲ ਸਹੂਲਤ ਦਾ ਪ੍ਰਬੰਧ ਕੀਤਾ ਜਾਣਾ ਹੈ।
Leave a Reply