ਅੰਮ੍ਰਿਤਸਰ (ਰਣਜੀਤ ਸਿੰਘ ਮਸੌਣ) ਮਾਂ ਦਿਵਸ ਨੂੰ ਲੈ ਕੇ ਵਿਸ਼ਵ ਵਿਆਪੀ ਸਮਾਗਮਾਂ ਦੀ ਲੜੀ ਦੇ ਤਹਿਤ ਸੰਧੂ ਗਰੁੱਪਸ ਆਫ ਸਕੂਲਜ ਦੇ ਪ੍ਰਬੰਧ ਅਧੀਨ ਬੀਐਨਐਸ ਇੰਟਰਨੈਸ਼ਨਲ ਸਕੂਲ ਭਿੱਟੇਵੱਡ ਵਿੱਖੇ ਸਕੂਲ ਪ੍ਰਬੰਧਕੀ ਕਮੇਟੀ ਦੇ ਚੇਅਰਮੈਨ ਕਰਮਿੰਦਰ ਸਿੰਘ ਸੰਧੂ ਕੈਨੇਡਾ ਦੇ ਦਿਸ਼ਾ-ਨਿਰਦੇਸ਼ਾਂ, ਐਮ.ਡੀ. ਕਮ ਪ੍ਰਿੰਸੀਪਲ ਗੁਰਚਰਨ ਸਿੰਘ ਸੰਧੂ ਦੀ ਅਗਵਾਈ ਅਤੇ ਸੁਪਰਵਾਈਜਰ ਕਮ ਮੈਨੇਜ਼ਰ ਮੈਂਡਮ ਜੋਤੀ ਠਾਕੁਰ ਦੇ ਮਿਸਾਲੀ ਪ੍ਰਬੰਧਾਂ ਹੇਠ ਪ੍ਰਭਾਵਸ਼ਾਲੀ ਸਮਾਰੋਹ ਦਾ ਆਯੋਜਨ ਕੀਤਾ ਗਿਆ। ਇਸ ਦੌਰਾਨ ਸਕੂਲ ਦੇ ਵਿਦਿਆਰਥੀਆਂ ਵੱਲੋਂ ਮਾਂ ਦਿਵਸ ਨੂੰ ਲੈ ਕੇ ਕਈ ਪ੍ਰਕਾਰ ਦੀਆਂ ਹੈਰਾਨੀਜਨਕ ਤੇ ਭਾਵੁਕ ਹੋਣ ਵਾਲੀਆਂ ਪੇਸ਼ਕਾਰੀਆਂ ਦਿੱਤੀਆਂ ਗਈਆਂ। ਇੰਨ੍ਹਾ ਪੇਸ਼ਕਾਰੀਆਂ ਦੇ ਦੌਰਾਨ ਵਿਦਿਆਰਥੀਆਂ ਵੱਲੋਂ ਮਾਂ ਦੇ ਰਿਸ਼ਤੇ ਇਸ ਦੇ ਮਹੱਤਵ ਤੇ ਸਮਾਜਿਕ ਅਤੇ ਪਰਿਵਾਰਿਕ ਰਿਸ਼ਤਿਆਂ ਦੇ ਵਿੱਚ ਮਾਂ ਦੀ ਭੂਮਿਕਾ ਦਾ ਖ਼ੂਬਸੂਰਤ ਤਰੀਕੇ ਨਾਲ ਜਿਕਰ ਕੀਤਾ ਗਿਆ। ਇਸ ਮੌਕੇ ਆਪਣੇ ਸੰਬੋਧਨ ਵਿੱਚ ਐਮ.ਡੀ. ਕਮ ਪ੍ਰਿੰਸੀਪਲ ਗੁਰਚਰਨ ਸਿੰਘ ਸੰਧੂ ਨੇ ਕਿਹਾ ਕਿ ਕਿਸੇ ਵੀ ਬੱਚੇ ਦੀ ਪਹਿਲੀ ਗੁਰੂ ਤੇ ਅਧਿਆਪਿਕਾ ਉਸ ਦੀ ਮਾਂ ਹੁੰਦੀ ਹੈ ਤੇ ਫ਼ਿਰ ਉਸ ਤੋਂ ਬਾਅਦ ਅਧਿਆਪਕ ਜਾਂ ਹੋਰ ਕਿਸੇ ਵਰਗ ਦਾ ਨਾਮ ਆਉਂਦਾ ਹੈ। ਉਨ੍ਹਾਂ ਕਿਹਾ ਕਿ ਮਾਂ ਇੱਕ ਇੰਨ੍ਹਾ ਵਧੀਆ, ਮਿੱਠਾ, ਅਹਿਸਾਸ ਤੇ ਭਾਵਨਾਵਾ ਭਰਿਆ ਰਿਸ਼ਤਾ ਹੈ ਜਿਸ ਦਾ ਅਰਥ ਹਮੇਸ਼ਾ ਉਸਾਰੂ ਰਿਹਾ ਹੈ, ਉਸਾਰੂ ਹੈ ਤੇ ਉਸਾਰੂ ਰਹੇਗਾ। ਉਨ੍ਹਾਂ ਕਿਹਾ ਕਿ ਹਰੇਕ ਮਾਂ ਦੀ ਸੋਚ ਆਪਣੇ ਬੱਚਿਆਂ ਦੇ ਸੁਨਿਹਰੀ ਭਵਿੱਖ ਨੂੰ ਲੈ ਕੇ ਸੁਹਿਰਦ ਤੇ ਸੰਜੀਦਗੀ ਭਰਪੂਰ ਹੁੰਦੀ ਹੈ। ਮਾਂ ਤੇ ਬੱਚਿਆਂ ਦੇ ਰਿਸ਼ਤੇ ਵਿਚਕਾਰ ਪਤਨਮੁੱਖੀ ਸੋਚ ਲਈ ਕੋਈ ਜਗ੍ਹਾ ਨਹੀਂ ਹੈ। ਉਨ੍ਹਾਂ ਕਿਹਾ ਕਿ ਬੇਸ਼ੱਕ ਹਰੇਕ ਕਾਮਯਾਬ ਵਿਅਕਤੀ ਦੇ ਪਿੱਛੇ ਉਸਦੀ ਸਫ਼ਲਤਾ ਨੂੰ ਲੈ ਕੇ ਅਕਸਰ ਉਸ ਦੇ ਪਿੱਛੇ ਕਿਸੇ ਨਾ ਕਿਸੇ ਔਰਤ ਦੇ ਹੋਣ ਦੀ ਗੱਲ ਕਹੀ ਜਾਂਦੀ ਹੈ ਪਰ ਸੱਚਾਈ ਇਹ ਹੈ ਕਿ ਇਸ ਸਫ਼ਲਤਾ ਦੀ ਅਸਲੀ ਹੱਕਦਾਰ ਮਾਂ ਹੁੰਦੀ ਹੈ। ਉਨ੍ਹਾਂ ਕਿਹਾ ਕਿ ਕਹਾਣੀਕਾਰਾਂ, ਗੀਤਕਾਰਾਂ, ਪੱਤਰਕਾਰਾਂ, ਸਾਹਿਤਕਾਰਾਂ ਤੇ ਲੇਖਕਾਂ ਵੱਲੋਂ ਵੀ ਆਪੋ ਆਪਣੇ ਤੌਰ ਤਰੀਕਿਆਂ ਦੇ ਨਾਲ ਮਾਂ ਦੇ ਮਹੱਤਵ ਬਾਰੇ ਵੱਡਿਆਈ ਕੀਤੀ ਹੈ। ਇਸ ਦੌਰਾਨ ਵੱਖ ਵੱਖ ਵਿਦਿਆਰਥੀ ਤੇ ਅਧਿਆਪਕ ਬੁਲਾਰਿਆਂ ਨੇ ਵੀ ਮਾਂ ਦਿਵਸ ਤੇ ਰੌਸ਼ਨੀ ਪਾਈ ਤੇ ਇਸ ਨੂੰ ਮਨਾਏ ਜਾਣ ਦੀ ਕਾਰਨਾ ਅਤੇ ਮਹੱਤਵ ਤੇ ਖੁੰਡ ਚਰਚਾ ਕੀਤੀ। ਅੰਤ ਵਿੱਚ ਮਾਂ ਵਿਸ਼ੇ ਨੂੰ ਲੈ ਕੇ ਵੱਖ-ਵੱਖ ਹਿੰਦੀ ਤੇ ਪੰਜਾਬੀ ਗਾਣਿਆਂ ਦੀ ਤਰਜ ਤੇ ਵਿਦਿਆਰਥੀਆਂ ਦੇ ਦਿਲ ਟੁੰਬਵੇਂ ਪ੍ਰਦਰਸ਼ਨ ਨੇ ਸੱਭ ਨੂੰ ਝੂੰਮਣ ਲਈ ਮਜ਼ਬੂਰ ਕੀਤਾ। ਅੰਤ ਵਿੱਚ ਸਕੂਲ ਪੀਆਰਓੁ ਕਮ ਐਡਮਿਨ ਅਫਸਰ ਜੀਐਸ ਸੰਧੂ ਨੇ ਸੱਭ ਦਾ ਧੰਨਵਾਦ ਕੀਤਾ।
Leave a Reply