ਭਾਜਪਾ ਦੀ ਹਾਰ ਦੀ ਨਿਸ਼ਾਨੀ ਹੈ ਮੋਦੀ ਦੀ ਹੋਛੀ ਤੇ ਭੜਕਾਊ ਬਿਆਨਬਾਜ਼ੀ : ਪਾਸਲਾ

ਜਲੰਧਰ/ਚੰਡੀਗੜ੍ਹ, ( Justice news): ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ.ਐਮ.ਪੀ.ਆਈ.) ਦੀ ਰਾਜ ਕਮੇਟੀ ਦੇ ਸਕੱਤਰੇਤ ਦੀ ਮੀਟਿੰਗ ਸਾਥੀ ਰਤਨ ਸਿੰਘ ਰੰਧਾਵਾ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਨੂੰ ਸੰਬੋਧਨ ਕਰਨ ਲਈ ਉਚੇਚੇ ਪੁੱਜੇ ਪਾਰਟੀ ਦੇ ਜਨਰਲ ਸਕੱਤਰ ਕਾਮਰੇਡ ਮੰਗਤ ਰਾਮ ਪਾਸਲਾ ਨੇ  ਕਿਹਾ ਹੈ ਕਿ ਵਰਤਮਾਨ ਚੋਣਾਂ ਦੇਸ਼ ਅਤੇ ਦੇਸ਼ ਵਾਸੀਆਂ ਦੇ ਭਵਿੱਖ ਲਈ ਬਹੁਤ ਅਹਿਮ ਸਾਬਤ ਹੋਣ ਜਾ ਰਹੀਆਂ ਹਨ। ਇਨ੍ਹਾਂ ਚੋਣਾਂ ਦੀ ਜਿੱਤ-ਹਾਰ ਨੇ ਇਹ ਫੈਸਲਾ ਕਰਨਾ ਹੈ, ਕਿ ਕੀ ਲੱਖਾਂ ਕੁਰਬਾਨੀਆਂ ਅਤੇ ਅਦੁੱਤੀ ਸ਼ਹਾਦਤਾਂ ਸਦਕਾ ਸੁਤੰਤਰ ਹੋਏ ਸਾਡੇ ਉਦਾਰ ਦੇਸ਼ ਦਾ ਜਮਹੂਰੀ, ਧਰਮ ਨਿਰਪੱਖ ਤੇ ਫੈਡਰਲ ਢਾਂਚਾ ਬਰਕਰਾਰ ਰਹੇਗਾ ਜਾਂ ਫਿਰ ਇਹ ਮਹਾਨ ਦੇਸ਼ ਮੰਨੂ ਸਿਮਰਤੀ ਦੇ ਚੌਖਟੇ ਵਾਲੇ ਧਰਮ ਅਧਾਰਤ ਕੱਟੜ ਹਿੰਦੂਤਵੀ ਰਾਸ਼ਟਰ ’ਚ ਤਬਦੀਲ ਹੋ ਜਾਵੇਗਾ।
ਸਾਥੀ ਪਾਸਲਾ ਨੇ ਕਿਹਾ ਕਿ ਹਾਲੀਆ ਚੋਣਾਂ ਇਹ ਫੈਸਲਾ ਵੀ ਕਰਨਗੀਆਂ ਕਿ ਕੀ ਇਸ ਦੇਸ਼ ਦੇ ਦਲਿਤ, ਘੱਟ ਗਿਣਤੀ ਭਾਈਚਾਰੇ, ਇਸਤਰੀਆਂ, ਆਦਿਵਾਸੀ ਤੇ ਹੋਰ ਹਾਸ਼ੀਆਗਤ ਆਬਾਦੀ ਸਮੂਹ ਸੰਘ ਦੇ ਫਿਰਕੂ-ਖਰੂਦੀ ਤੱਤਾਂ ਵਲੋਂ ਆਪਣੀ ਮਾਤ ਭੂਮੀ ਤੋਂ  ਖਦੇੜ ਦਿੱਤੇ ਜਾਣਗੇ ਜਾਂ ਫਿਰ ਸਿਰ ਉੱਚਾ ਕਰਕੇ ਅਮਨ-ਅਮਾਨ ਨਾਲ ਰਹਿੰਦਿਆਂ ਸਮੂਹ ਦੇਸ਼ ਵਾਸੀਆਂ ਨਾਲ ਮਿਲ ਕੇ ਰਾਸ਼ਟਰ ਦੀ ਹਕੀਕੀ ਤਰੱਕੀ ਵਿਚ ਆਪਣਾ ਬਣਦਾ ਯੋਗਦਾਨ ਦੇਣਗੇ? ਉਨ੍ਹਾਂ ਕਿਹਾ ਕਿ ਇਹ ਚੋਣਾਂ ਕਰੋੜਾਂ ਹਿੰਦੂਆਂ ਸਮੇਤ ਸਮੁੱਚੀ ਗਰੀਬ ਵਸੋਂ ਦੀ ਕੀਮਤ ’ਤੇ ਕਾਰਪੋਰੇਟਾਂ ਦੀਆਂ ਤਿਜੌਰੀਆਂ ਭਰਨ ਵਾਲੀ ਮੋਦੀ ਸਰਕਾਰ ਤੋਂ ਮੁਕਤੀ ਹਾਸਲ ਕਰਨ ਦਾ ਸੁਨਹਿਰੀ ਮੌਕਾ ਹਨ।
ਸਕੱਤਰੇਤ ਨੇ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਵਲੋਂ ਹਰ ਜਾਇਜ਼-ਨਾਜਾਇਜ਼ ਹਰਬਾ ਵਰਤ ਕੇ ਲੋਕ ਸਭਾ ਚੋਣਾਂ ਜਿੱਤਣ ਦੀ ਲਾਲਸਾ ਅਧੀਨ, ਰਾਜਸੀ ਮਿਆਰਾਂ ਤੋਂ ਗਿਰੀ, ਭੜਕਾਹਟਾਂ ਪੈਦਾ ਕਰਕੇ ਫਿਰਕੂ ਵੰਡ ਤਿੱਖੀ ਕਰਨ ਰਾਹੀਂ ਭਾਈਚਾਰਕ ਸਾਂਝ ਤੇ ਦੇਸ਼ ਦੀ ਏਕਤਾ ਨੂੰ ਖੰਡਤ ਕਰਨ ਵਾਲੀ, ਸਿਰੇ ਦੀ ਇਰਤਾਜਯੋਗ ਭਾਸ਼ਾ ਵਰਤੇ ਜਾਣ ਦਾ ਗੰਭੀਰ ਨੋਟਿਸ ਲਿਆ ਹੈ। ਸਕੱਤਰੇਤ ਮਹਿਸੂਸ ਕਰਦਾ ਹੈ ਕਿ ਦੇਸ਼ ਦਾ ਚੋਣ ਕਮਿਸ਼ਨ ਚੋਣ ਜਾਬਤੇ ਅਤੇ ਭਾਰਤੀ ਸੰਵਿਧਾਨ ਦੀਆਂ ਸ਼ਰੇਆਮ ਧੱਜੀਆਂ ਉਡਾਉਣ ਵਾਲੀ ਸ਼੍ਰੀ ਮੋਦੀ ਦੀ ਇਸ ਬਿਆਨਬਾਜ਼ੀ ਨੂੰ ਰੋਕਣ ਪੱਖੋਂ ਕਾਰਵਾਈ ਕਰਨ ਤੋਂ ਟਾਲਾ ਵੱਟ ਕੇ ਦੇਸ਼ ਵਾਸੀਆਂ ਦੇ ਚੋਣ ਕਮਿਸ਼ਨ ਦੇ ਸਰਕਾਰ ਨਾਲ ਰਲੇ ਹੋਣ ਦੇ  ਸ਼ੰਕਿਆਂ ਤੇ ਸੰਸਿਆਂ ਦੀ ਪੁਸ਼ਟੀ ਹੀ ਕਰ ਰਿਹਾ ਹੈ।
ਸਕੱਤਰੇਤ ਦੀ ਰਾਇ ਹੈ ਕਿ ਸੰਘ-ਭਾਜਪਾ ਆਗੂਆਂ ਦੀਆਂ ਬੁਖਲਾਹਟ ਭਰੀਆਂ ਕਰਵਾਈਆਂ ਅਤੇ ਪ੍ਰਧਾਨ ਮੰਤਰੀ ਦੇ ਅਹੁਦੇ ਦੀ ਸ਼ਾਨ ਘਟਾਉਣ ਵਾਲੀ ਸ਼੍ਰੀ ਮੋਦੀ ਦੀ ਹੋਛੀ ਬਿਆਨਬਾਜੀ ਲੋਕ ਸਭਾ ਚੋਣਾਂ ’ਚ ਭਾਜਪਾ ਦੀ ਹਾਰ ਦੇ ਸਪਸ਼ਟ ਸੰਕੇਤ ਹਨ। ਕੇਂਦਰੀ ਸਰਕਾਰ ਅਤੇ ਸੰਘ-ਭਾਜਪਾ ਦਾ ਉਕਤ ਰਵੱਈਆ ਇਹ ਵੀ ਦੱਸਦਾ ਹੈ ਕਿ ਮੋਦੀ ਸਰਕਾਰ ਵਲੋਂ ਦੇਸੀ-ਵਿਦੇਸ਼ੀ ਕਾਰਪੋਰੇਟ ਲੋਟੂਆਂ ਦੀ ਅੰਨ੍ਹੇਵਾਹ ਸੇਵਾ ਕਰਦਿਆਂ ਮਚਾਈ ਚੌਤਰਫਾ ਤਬਾਹੀ ਅਤੇ ਲੋਕਾਂ ਨੂੰ ਕੰਗਾਲ ਕਰਨ ਵਾਲੇ ਤਮਾਮ ਕਦਮਾਂ ਦੇ ਮੁਕਾਬਲੇ ਵਿਰੋਧੀ ਧਿਰਾਂ ਵਲੋਂ ਪ੍ਰਚਾਰੇ ਜਾ ਰਹੇ ਬਰਬਰਤਾ ਦੇ ਸੰਕਲਪ, ਲੋਕਾਂ ਨੂੰ ਸਹੂਲਤਾਂ ਦੇਣ ਅਤੇ ਧਰਮ ਨਿਰਪੱਖਤਾ ਦਾ ਪਰਚਮ ਬੁਲੰਦ ਕਰਦਿਆਂ ਲੋਕਰਾਜੀ ਤੇ ਫੈਡਰਲ ਸਰੋਕਾਰਾਂ ਦੀ ਰਾਖੀ ਤੇ ਮਜ਼ਬੂਤੀ ਦੇ ਵਾਅਦਿਆਂ ਤੋਂ ਕੱਟੜ ਤੇ  ਤਾਨਾਸ਼ਾਹੀ ਰਾਜ ਪ੍ਰਬੰਧ ਦੇ ਹਾਮੀ ਸੰਘ-ਭਾਜਪਾ ਨੂੰ ਕਿੰਨੀ ਚਿੜ ਹੈ।
ਸਕੱਤਰੇਤ ਮੁਤਾਬਕ ਹਰ ਵੇਲੇ ਨੈਤਿਕਤਾ ਦੀ ਦੁਹਾਈ ਦੇਣ ਅਤੇ ਰਾਜਨੀਤੀ ’ਚ ਪਰਿਵਾਰਵਾਦ ਦੀ ਨਿਖੇਧੀ ਕਰਨ ਦਾ ਕੋਈ ਮੌਕਾ ਨਾ ਗੁਆਉਣ ਵਾਲੇ ਸੰਘ-ਭਾਜਪਾ ਆਗੂਆਂ ਵਲੋਂ ਕਰਨਾਟਕ ਦੇ ਪ੍ਰਜਵਲ ਪ੍ਰਸੰਨਾ ਵਰਗੇ ਅਨੇਕਾਂ ਬਲਾਤਕਾਰ ਅਤੇ ਦੁਰਾਚਾਰ ਦੇ ਦੋਸ਼ਾਂ ’ਚ ਘਿਰੇ ਬਦ ਇਖ਼ਲਾਕ ਆਗੂਆਂ ਅਤੇ ਸਾਲਾਂਬੱਧੀ ਸਾਡੀਆਂ ਭਲਵਾਨ ਧੀਆਂ ਨਾਲ ਬਦਇਖ਼ਲਾਕੀ ਭਰੀਆਂ ਕਾਰਵਾਈਆਂ ਕਰਦੇ ਰਹੇ ਬਿ੍ਰਜ਼ ਭੂਸ਼ਣ ਸ਼ਰਨ ਸਿੰਘ ਦੇ ਪੁੱਤਰ ਨੂੰ ਉਸਦੀ ਸੀਟ ਤੋਂ ਭਾਜਪਾ ਦੀ ਟਿਕਟ ਦੇ ਕੇ ਨਿਵਾਜ਼ਣ ਵਾਲੇ ਦੋਗਲੇ ਕਿਰਦਾਰ ਤੋਂ ਦੇਸ਼ ਦੇ ਲੋਕੀਂ ਡਾਢੇ ਹੈਰਾਨ-ਪਰੇਸ਼ਾਨ ਹਨ।
ਸਕੱਤਰੇਤ ਨੇ ਇਸ ਗੱਲੋਂ ਤਸੱਲੀ ਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਹੈ ਕਿ ਹਰ ਮੁਹਾਜ਼ ਤੇ ਅਸਲੋਂ ਨਖਿੱਧ ਸਾਬਤ ਹੋਈ ਮੋਦੀ-ਸਾਹ ਸਰਕਾਰ ਆਪਣੇ ਰੱਦੀ ਕਿਰਦਾਰ ਅਤੇ ਫੁੱਟ ਪਾਊ ਬੋਲ-ਬਾਣੀ ਰਾਹੀਂ ਦਿਨੋਂ-ਦਿਨ ਲੋਕਾਂ ਚੋਂ ਨਿੱਖੜ ਰਹੀ ਹੈ, ਜਦਕਿ ਇਸ ਦੇ ਸਮਾਨਾਂਤਰ ਖੜ੍ਹੇ ‘ਇੰਡੀਆ’ ਗਠਜੋੜ ਦੀ ਭਰੋਸੇਯੋਗਤਾ ਲਗਾਤਾਰ ਵਧਦੀ ਜਾ ਰਹੀ ਹੈ।
ਮੀਟਿੰਗ ਦੇ ਫੈਸਲੇ ਜਾਰੀ ਕਰਦਿਆਂ ਰਾਜ ਕਮੇਟੀ ਦੇ ਸਕੱਤਰ ਸਾਥੀ ਪਰਗਟ ਸਿੰਘ ਜਾਮਾਰਾਏ ਨੇ ਦੱਸਿਆ ਹੈ ਕਿ ਸਕੱਤਰੇਤ ਵਲੋਂ ਆਜ਼ਾਦਾਨਾ ਚੋਣ ਮੁਹਿੰਮ ਚਲਾ ਕੇ ਚੰਡੀਗੜ੍ਹ ਸਮੇਤ ਪੰਜਾਬ ਦੀਆਂ ਗੁਰਦਾਸਪੁਰ, ਸ਼੍ਰੀ ਅੰਮ੍ਰਿਤਸਰ ਸਾਹਿਬ, ਖਡੂਰ ਸਾਹਿਬ, ਜਲੰਧਰ, ਹੁਸ਼ਿਆਰਪੁਰ, ਲੁਧਿਆਣਾ, ਪਟਿਆਲਾ, ਫਤਹਿਗੜ੍ਹ ਸਾਹਿਬ ਅਤੇ ਫਰੀਦਕੋਟ ਸੀਟਾਂ ਤੋਂ ‘ਇੰਡੀਆ’ ਗਠਜੋੜ ਦੀ ਪ੍ਰਮੁੱਖ ਭਾਈਵਾਲ ਕਾਂਗਰਸ ਪਾਰਟੀ ਦੇ ਉਮੀਦਵਾਰਾਂ ਦੀ ਡਟਵੀਂ ਹਮਾਇਤ ਕਰਨ ਦਾ ਫੈਸਲਾ ਕੀਤਾ ਹੈ। ਉਨ੍ਹਾਂ ਕਿਹਾ ਕਿ ਬਾਕੀ ਰਹਿੰਦੀਆਂ ਸੀਟਾਂ ਬਾਰੇ ਵੀ ਜਲਦ ਹੀ ਐਲਾਨ ਕੀਤਾ ਜਾਵੇਗਾ।

Leave a Reply

Your email address will not be published.


*