ਵਿਰਸਾ ਸਿੰਘ ਵਲਟੋਹਾ ਨੇ ਵਿਰਾਸਤੀ ਮਾਰਗ ਤੇ ਭਾਈ ਅੰਮ੍ਰਿਤਪਾਲ ਸਿੰਘ ਦੇ ਪਰਿਵਾਰ ਨਾਲ ਕੀਤੀ ਮੁਲਾਕਾਤ 

ਅੰਮ੍ਰਿਤਸਰ (ਰਣਜੀਤ ਸਿੰਘ ਮਸੌਣ) ਪੰਜਾਬ ਦੇ ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਸ਼੍ਰੋਮਣੀ ਅਕਾਲੀ ਦਲ ਬਾਦਲ ਵੱਲੋਂ ਆਪਣਾ ਉਮੀਦਵਾਰ ਐਲਾਨਣ ਤੋਂ ਬਾਅਦ ਸਿਆਸੀ ਹਲਕਿਆਂ ਵਿੱਚ ਹਲਚਲ ਤੇਜ਼ ਹੋ ਗਈ ਹੈ। ਬੀਤੇ ਦਿਨ ਵਿਰਸਾ ਸਿੰਘ ਵਲਟੋਹਾ ਨੇ ਇੱਕ ਨਿੱਜੀ ਚੈਨਲ ਤੇ ਗੱਲ ਕਰਦਿਆਂ ਭਾਈ ਅੰਮ੍ਰਿਤਪਾਲ ਸਿੰਘ ਤੇ ਤਿੱਖੇ ਹਮਲੇ ਕੀਤੇ ਸਨ ਪਰ ਅੱਜ ਵਿਰਸਾ ਸਿੰਘ ਵਲਟੋਹਾ ਵੱਲੋਂ ਭਾਈ ਅੰਮ੍ਰਿਤਪਾਲ ਸਿੰਘ ਦੇ ਪਰਿਵਾਰ ਨੂੰ ਮਿਲਣ ਲਈ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਵਿਰਾਸਤੀ ਮਾਰਗ ਵਿੱਚ ਲੱਗੇ ਧਰਨੇ ਵਿੱਚ ਪਹੁੰਚ ਕੇ ਚੋਣਾਂ ਵਿੱਚ ਹਮਾਇਤ ਦੇਣ ਦੀ ਮੰਗ ਕੀਤੀ ਹੈ। ਭਾਈ ਅੰਮ੍ਰਿਤਪਾਲ ਸਿੰਘ ਵੱਲੋਂ ਵੀ ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਅਜ਼ਾਦ ਉਮੀਦਵਾਰ ਵੱਜੋਂ ਚੋਣ ਲੜੇ ਜਾਣ ਦੀ ਚਰਚਾ ਹੈ।
ਵਿਰਸਾ ਸਿੰਘ ਵਲਟੋਹਾ ਨੇ ਫ਼ੇਸਬੁੱਕ ਪੋਸਟ ਸ਼ੇਅਰ ਕਰਦਿਆਂ ਲਿਖਿਆਂ ਹੈ ਕਿ ਅੱਜ ਤੜਕੇ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਦੇ ਪਰਿਵਾਰ ਉਨ੍ਹਾਂ ਦੇ ਮਾਤਾ ਜੀ ਬੀਬੀ ਬਲਵਿੰਦਰ ਕੌਰ, ਪਿਤਾ ਜੀ ਸ. ਤਰਸੇਮ ਸਿੰਘ ਤੇ ਉਨ੍ਹਾਂ ਦੇ ਚਾਚਾ ਜੀ ਨਾਲ ਵਿਰਾਸਤੀ ਮਾਰਗ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਚੱਲ ਰਹੇ ਧਰਨੇ ਵਾਲੇ ਸਥਾਨ ‘ਤੇ ਮੁਲਾਕਾਤ ਕੀਤੀ। ਵਿਰਸਾ ਸਿੰਘ ਵਲਟੋਹਾ ਨੇ ਪਰਿਵਾਰ ਨਾਲ, ਲੋਕ ਸਭਾ ਖਡੂਰ ਸਾਹਿਬ ਤੋਂ ਚੋਣਾਂ ਸਬੰਧੀ ਵਿਚਾਰ ਵਟਾਂਦਰੇ ਕੀਤੇ। ਉਹਨਾਂ ਲਿਖਿਆ ਕਿ ਮੁਲਾਕਾਤ ਬੜੇ ਹੀ ਵਧੀਆਂ ਮਾਹੌਲ ਵਿੱਚ ਹੋਈ ਹੈ। ਵਲਟੋਹਾ ਨੇ ਭਾਈ ਅੰਮ੍ਰਿਤਪਾਲ ਸਿੰਘ ਦੇ ਪਰਿਵਾਰ ਨੂੰ ਮੌਜ਼ੂਦਾ ਚੋਣਾਂ ਵਿੱਚ ਸਹਿਯੋਗ ਦੇਣ ਸਬੰਧੀ ਬੇਨਤੀ ਕੀਤੀ ਹੈ।
ਜ਼ਿਕਰਯੋਗ ਹੈ ਕਿ ਖਡੂਰ ਸਾਹਿਬ ਹਲਕਾ ਪੰਜਾਬ ਦੀ ਪੰਥਕ ਸੀਟ ਵੱਜੋਂ ਗਿਣਿਆ ਜਾਂਦਾ ਹਲਕਾ ਰਿਹਾ ਹੈ ਤੇ ਇਸ ਵਜ੍ਹਾਂ ਕਰਕੇ ਹੀ ਅਸਾਮ ਦੀ ਡਿਬਰੂਗੜ੍ਹ ਜ਼ੇਲ੍ਹ ਵਿੱਚ NSA ਤਹਿਤ ਬੰਦ ਵਾਰਿਸ ਪੰਜਾਬ ਦੀ ਜੱਥੇਬੰਦੀ ਦੇ ਮੁੱਖੀ ਭਾਈ ਅੰਮ੍ਰਿਤਪਾਲ ਸਿੰਘ ਨੇ ਚੋਣ ਲੜਣ ਦਾ ਫ਼ੈਸਲਾ ਕੀਤਾ ਹੈ। ਇਹ ਐਲਾਨ ਅਮ੍ਰਿਤਪਾਲ ਸਿੰਘ ਦੀ ਮਾਤਾ ਬਲਵਿੰਦਰ ਕੌਰ ਵੱਲੋਂ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਅੰਮ੍ਰਿਤਪਾਲ ਨੂੰ ਪਿਛਲੇ ਸਾਲ ਅਪ੍ਰੈਲ ਵਿੱਚ ਪਿੰਡ ਰੋਡੇ ਜ਼ਿਲਾਂ ਮੋਗਾ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ ਅਤੇ ਉਨ੍ਹਾਂ ਦੇ ਖ਼ਿਲਾਫ਼ ਕੌਮੀਂ ਸੁਰੱਖਿਆਂ ਐਕਟ (ਐੱਨਐੱਸਏ) ਲਗਾਇਆ ਗਿਆ ਸੀ।
 ਸ਼੍ਰੋਮਣੀ ਅਕਾਲੀ ਦਲ ਬਾਦਲ ਵੱਲੋਂ ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਵਿਰਸਾ ਸਿੰਘ ਵਲਟੋਹਾ ਨੂੰ ਆਪਣਾ ਉਮੀਦਵਾਰ ਬਣਾਇਆ ਗਿਆ ਹੈ ਜਿਸ ਕਰਕੇ ਹੁਣ ਪਰਿਵਾਰ ਦੀ ਹਿਮਾਇਤ ਲੈਣ ਲਈ ਵਲਟੋਹਾ ਨੇ ਅੰਮ੍ਰਿਤਪਾਲ ਸਿੰਘ ਦੇ ਪਰਿਵਾਰ ਨਾਲ ਮੁਲਾਕਾਤ ਕੀਤੀ ਹੈ।

Leave a Reply

Your email address will not be published.


*