ਭਵਾਨੀਗੜ੍ਹ (ਮਨਦੀਪ ਕੌਰ ਮਾਝੀ) ਸੰਗਰੂਰ ਪੁਲੀਸ ਅਤੇ ਆਬਕਾਰੀ ਵਿਭਾਗ ਵੱਲੋਂ ਸਾਂਝੇ ਅਪਰੇਸ਼ਨ ਦੌਰਾਨ ਪਾਤੜਾਂ ਰੋਡ ’ਤੇ ਇੰਡੀਅਨ ਆਇਲ, ਭਾਰਤ ਪੈਟਰੋਲੀਅਮ ਅਤੇ ਹਿੰਦੋਸਤਾਨ ਪੈਟਰੋਲੀਅਮ ਦੇ ਡੰਪਾਂ ਨੇੜੇ ਬਣੇ ਵੱਖ-ਵੱਖ ਗੁਦਾਮਾਂ ’ਚੋਂ 3450 ਲਿਟਰ ਈਥਾਨੋਲ ਬਰਾਮਦ ਕੀਤਾ ਗਿਆ ਹੈ। ਉਕਤ ਟੀਮਾਂ ਨੇ ਤਿੰਨ ਜਣਿਆਂ ਨੂੰ ਗ੍ਰਿਫ਼ਤਾਰ ਵੀ ਕੀਤਾ ਹੈ। ਇਸ ਸਬੰਧੀ ਥਾਣਾ ਸਦਰ ਵਿੱਚ ਪੰਜ ਜਣਿਆਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ।
ਕਪਤਾਨ ਪੁਲੀਸ (ਡੀ) ਪਲਵਿੰਦਰ ਸਿੰਘ ਚੀਮਾ ਨੇ ਸਹਾਇਕ ਕਮਿਸ਼ਨਰ ਆਬਕਾਰੀ ਰੋਹਿਤ ਗਰਗ ਦੀ ਮੌਜੂਦਗੀ ’ਚ ਪ੍ਰੈੱਸ ਕਾਨਫਰੰਸ ਦੌਰਾਨ ਦੱਸਿਆ ਕਿ ਇੰਚਾਰਜ ਸੀਆਈ ਸਟਾਫ ਸੰਦੀਪ ਸਿੰਘ ਵੱਲੋਂ ਮੁਖਬਰੀ ਦੇ ਆਧਾਰ ’ਤੇ ਪੁਲੀਸ ਤੇ ਆਬਕਾਰੀ ਵਿਭਾਗ ਦੀਆਂ ਟੀਮਾਂ ਨੇ ਛਾਪੇ ਮਾਰੇ। ਸਹਾਇਕ ਥਾਣੇਦਾਰ ਪ੍ਰੇਮ ਸਿੰਘ ਅਤੇ ਐਕਸਾਈਜ਼ ਇੰਸਪੈਕਟਰ ਭੁਪਿੰਦਰ ਸਿੰਘ ਸਰਕਲ ਅਫ਼ਸਰ ਲੌਂਗੋਵਾਲ ਦੀ ਅਗਵਾਈ ਵਾਲੀ ਟੀਮ ਵੱਲੋਂ ਇੰਡੀਅਨ ਆਇਲ ਡੰਪ ਮਹਿਲਾਂ ਰੋਡ ਸੰਗਰੂਰ ਦੇ ਸਾਹਮਣੇ ਜਾਂਦੇ ਕੱਚੇ ਰਸਤੇ ’ਤੇ ਪਲਾਟ ਦੀ ਚਾਰਦੀਵਾਰੀ ’ਚੋਂ ਬਿਕਰਮ ਸਿੰਘ ਉਰਫ਼ ਵਿੱਕੀ ਵਾਸੀ ਕੰਮੋਮਾਜਰਾ ਕਲਾਂ ਨੂੰ ਕਾਬੂ ਕਰਕੇ ਉਸ ਦੇ ਕਬਜ਼ੇ ’ਚੋ 100 ਲਿਟਰ ਈਥਾਨੋਲ/ਸਪਿਰਟ ਬਰਾਮਦ ਕੀਤਾ। ਦੂਜੀ ਪਾਰਟੀ ’ਚ ਸਹਾਇਕ ਥਾਣੇਦਾਰ ਯਾਦਵਿੰਦਰ ਸਿੰਘ ਅਤੇ ਐਕਸਾਈਜ਼ ਇੰਸਪੈਕਟਰ ਅਸ਼ੋਕ ਕੁਮਾਰ ਸਰਕਲ ਸੰਗਰੂਰ ਵੱਲੋਂ ਤੇਲ ਡੰਪ ਦੇ ਸਾਹਮਣੇ ਰੋਡ ਤੋਂ ਥੋੜ੍ਹਾ ਪਿੱਛੇ ਇੱਕ ਪਲਾਟ ਦੀ ਚਾਰਦੀਵਾਰੀ ’ਚੋਂ ਹਰਪ੍ਰੀਤ ਸਿੰਘ ਉਰਫ਼ ਜੱਗੀ ਵਾਸੀ ਚੰਗਾਲੀਵਾਲਾ ਅਤੇ ਇਕਬਾਲ ਸਿੰਘ ਵਾਸੀ ਸੇਖੂਵਾਸ ਥਾਣਾ ਲਹਿਰਾ ਨੂੰ ਕਾਬੂ ਕਰਕੇ ਇਨ੍ਹਾਂ ਦੇ ਕਬਜ਼ੇ ’ਚੋ 1200 ਲਿਟਰ ਈਥਾਨੋਲ ਤੇ ਹੋਰ ਸਾਮਾਨ ਬਰਾਮਦ ਕੀਤਾ। ਤੀਜੀ ਪਾਰਟੀ ’ਚ ਸਹਾਇਕ ਥਾਣੇਦਾਰ ਬਲਕਾਰ ਸਿੰਘ ਅਤੇ ਐਕਸਾਈਜ਼ ਇੰਸਪੈਕਟਰ ਗੋਵਰਧਨ ਗੋਪਾਲ ਸਰਕਲ ਅਫ਼ਸਰ ਲਹਿਰਾ ਨੇ ਪਿੰਡ ਖੇੜੀ ਦੇ ਇੱਕ ਚਾਰਦੀਵਾਰੀ ਪਾਲੇ ਪਲਾਟ ’ਚੋਂ 2150 ਲਿਟਰ ਈਥਾਨੋਲ ਬਰਾਮਦ ਕੀਤਾ। ਉਨ੍ਹਾਂ ਦੱਸਿਆ ਕਿ ਮੁਲਜ਼ਮ ਮੁੁਹੰਮਦ ਸ਼ਾਨਬਾਜ਼ ਅਤੇ ਮੁਹੰਮਦ ਕਮਰੂਲ ਨੂੰ ਇਸ ਮਾਮਲੇ ’ਚ ਨਾਮਜ਼ਦ ਕੀਤਾ ਗਿਆ ਹੈ। ਐੱਸਪੀ ਚੀਮਾ ਨੇ ਦੱਸਿਆ ਕਿ ਈਥਾਨੋਲ ਇੱਕ ਖਤਰਨਾਕ ਪਦਾਰਥ ਹੈ, ਜੋ ਕਿ ਪੈਟਰੋਲ ਵਿਚ ਪੈਂਦਾ ਹੈ। ਈਥਾਨੋਲ ਇਨ੍ਹਾਂ ਕੋਲ ਕਿਵੇਂ ਆਇਆ ਤੇ ਕਿਸ ਵਰਤੋਂ ਲਈ ਅੱਗੇ ਵੇਚਦੇ ਸਨ, ਬਾਰੇ ਜਾਂਚ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਗ੍ਰਿਫ਼ਤਾਰ ਬਿਕਰਮ ਸਿੰਘ ਉਰਫ਼ ਵਿੱਕੀ ਖ਼ਿਲਾਫ਼ ਪਹਿਲਾਂ ਵੀ ਕੇਸ ਦਰਜ ਹੈ।
Leave a Reply