ਪੀਣ ਵਾਲੇ ਸਾਫ ਪਾਣੀ ਦੀ ਬਰਬਾਦੀ ਨੂੰ ਰੋਕਣ ਲਈ ਲਿਕੇਜਾਂ ਨੂੰ ਪਹਿਲ ਦੇ ਆਧਾਰ ’ਤੇ ਕੀਤਾ ਜਾਵੇ ਠੀਕ

ਕਾਠਗੜ੍ਹ, (ਜਤਿੰਦਰ ਪਾਲ ਸਿੰਘ ਕਲੇਰ ) ਜਦੋਂ ਵੀ ਕਿਸੇ ਪਿੰਡ ਵਿਚ ਪੀਣ ਵਾਲੇ ਪਾਣੀ ਦੀ ਲਿਕੇਜ ਹੁੰਦੀ ਹੈ ਤਾਂ ਉਸ ਨੂੰ ਲੰਬਾ ਸਮਾਂ ਠੀਕ ਨਾ ਕੀਤੇ ਜਾਣ ਕਾਰਨ ਭਾਰੀ ਮਾਤਰਾ ਵਿਚ ਪਾਣੀ ਦੀ ਬਰਬਾਦੀ ਤਾਂ ਹੁੰਦੀ ਹੀ ਹੈ ਨਾਲ ਹੀ ਲੋਕਾਂ ਨੂੰ ਪ੍ਰਦੂਸ਼ਿਤ ਪਾਣੀ ਸਪਲਾਈ ਹੁੰਦਾ ਹੈ ਤੇ ਸਪਲਾਈ ਵੀ ਪੂਰੀ ਨਹੀਂ ਮਿਲਦੀ ਲੇਕਿਨ ਇਨ੍ਹਾਂ ਲਿਕੇਜਾਂ ਨੂੰ ਠੀਕ ਕਰਨ ਵੱਲ ਨਾ ਤਾਂ ਸਬੰਧਤ ਵਿਭਾਗ ਗੰਭੀਰ ਹੁੰਦਾ ਹੈ ਤੇ ਨਾ ਹੀ ਪੰਚਾਇਤਾਂ ਆਪਣੀ ਜ਼ਿੰਮੇਵਾਰੀ ਸਮਝਦੀਆਂ ਹਨ।
    ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਟੌਂਸਾ ਦੀ ਇਕ ਗਲੀ ਵਿਚ ਬੀਤੇ ਕਈ ਮਹੀਨਿਆਂ ਤੋਂ ਸਾਫ ਪਾਣੀ ਦੀ ਵੱਡੀ ਲਿਕੇਜ ਹੋ ਰਹੀ ਹੈ ਜਿੱਥੇ ਰੋਜ਼ਾਨਾ ਹੀ ਵੱਡੀ ਮਾਤਰਾ ਵਿਚ ਪਾਣੀ ਬਰਬਾਦ ਹੋ ਰਿਹਾ ਹੈ। ਇਸ ਲਿਕੇਜ ਨਾਲ ਪਿੰਡ ਦੇ ਗੰਦੇ ਪਾਣੀ ਦੀਆਂ ਨਾਲੀਆਂ ਵੀ ਪਾਣੀ ਨਾਲ ਭਰੀਆਂ ਜਾਂਦੀਆਂ ਹਨ । ਪਿੰਡ ਦੇ ਜਲਘਰ ਦੇ ਅਪਰੇਟਰ ਵਲੋਂ ਇਸ ਲਿਕੇਜ ਨੂੰ ਠੀਕ ਕਰਨ ਵੱਲ ਧਿਆਨ ਨਹੀਂ ਦਿੱਤਾ ਜਾ ਰਿਹਾ। ਲੋਕਾਂ ਨੇ ਦੱਸਿਆ ਕਿ ਲਿਕੇਜ ਵਾਲੀ ਥਾਂ ’ਤੇ ਇੱਕ ਵੱਡਾ ਟੋਆ ਬਣ ਚੁੱਕਿਆ ਹੈ ਜਿਸ ਵਿਚ ਬੱਚਿਆਂ ਅਤੇ ਬਜ਼ੁਰਗਾਂ ਦੇ ਸੱਟਾਂ ਲੱਗਣ ਦਾ ਡਰ ਬਣਿਆ ਹੋਇਆ ਹੈ ਤੇ ਨਾਲ ਹੀ ਇਸ ਲਿਕੇਜ ਕਰਕੇ ਗਲੀ ਵੀ ਟੁੱਟ ਰਹੀ ਹੈ।
    ਇਸੇ ਤਰ੍ਹਾਂ ਹੋਰ ਵੀ ਕਈ ਪਿੰਡ ਹਨ ਜਿੱਥੇ ਪੀਣ ਵਾਲੇ ਸਾਫ ਪਾਣੀ ਦੀ ਲਿਕੇਜ ਹੋ ਰਹੀ ਹੈ ਜਿਨ੍ਹਾਂ ਨੂੰ ਠੀਕ ਨਾ ਕੀਤੇ ਜਾਣ ਕਾਰਨ ਪਾਣੀ ਦੀ ਬਰਬਾਦੀ ਦੇ ਨਾਲ-ਨਾਲ ਪੀਣ ਵਾਲੇ ਪਾਣੀ ਦੀ ਕਿੱਲਤ ਵੀ ਲੋਕਾਂ ਨੂੰ ਝੱਲਣੀ ਪੈ ਰਹੀ ਹੈ।
  ਲੋਕਾਂ ਨੇ ਜਲ ਵਿਭਾਗ ਤੋਂ ਮੰਗ ਕੀਤੀ ਹੈ ਕਿ ਜਿਹੜੇ ਵੀ ਪਿੰਡ ਵਿਚ ਪਾਣੀ ਦੀ ਲਿਕੇਜ ਹੋ ਰਹੀ ਹੈ ਉਸ ਨੂੰ ਛੇਤੀ ਤੋਂ ਛੇਤੀ ਠੀਕ ਕਰਵਾਇਆ ਜਾਵੇ ਅਤੇ ਨਾਲ ਹੀ ਜਿਹੜੇ ਜਲ ਘਰ ਪੰਚਾਇਤਾਂ ਦੇ ਅਧੀਨ ਚੱਲ ਰਹੇ ਹਨ ਉਹਨਾਂ ਪੰਚਾਇਤਾਂ ਨੂੰ ਵੀ ਪਾਣੀ ਦੀ ਬਰਬਾਦੀ ਨੂੰ ਰੋਕਣ ਅਤੇ ਲਿਕੇਜਾਂ ਨੂੰ ਠੀਕ ਕਰਨ ਵਾਸਤੇ ਜ਼ਿੰਮੇਵਾਰ ਠਹਿਰਾਇਆ ਜਾਵੇ ਤਾਂ ਜੋ ਪਾਣੀ ਦੀ ਬਰਬਾਦੀ ਰੁਕ ਸਕੇ ਤੇ ਲੋਕ ਪਰੇਸ਼ਾਨ ਨਾ ਹੋਣ।
ਫੋਟੋ ਕੈਪਸ਼ਨ-ਪਿੰਡ ਟੌਂਸਾ ਵਿਖੇ ਪੀਣ ਵਾਲੇ ਪਾਣੀ ਦੀ ਹੋ ਰਹੀ ਲਿਕੇਜ ਦਾ ਦ੍ਰਿਸ਼।

Leave a Reply

Your email address will not be published.


*