ਡਿਪਟੀ ਕਮਿਸ਼ਨਰ ਵੱਲੋਂ ਗਿੱਲ ਰੋਡ ਦਾਣਾ ਮੰਡੀ ‘ਚ ਅਚਨਚੇਤ ਨਿਰੀਖਣ

ਲੁਧਿਆਣਾ  ( Rahul Ghai) – ਕਿਸਾਨਾਂ ਨੂੰ ਮੰਡੀਆਂ ਵਿੱਚ ਮਿਆਰੀ ਸਹੂਲਤਾਂ ਮੁਹੱਈਆ ਕਰਵਾਉਣ ਨੂੰ ਯਕੀਨੀ ਬਣਾਉਣ ਲਈ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਵੱਲੋਂ ਸਥਾਨਕ ਗਿੱਲ ਰੋਡ ਦਾਣਾ ਮੰਡੀ ਦਾ ਅਚਨਚੇਤ ਨਿਰੀਖਣ ਕੀਤਾ। ਉਨ੍ਹਾਂ ਸਬੰਧਤ ਅਧਿਕਾਰੀਆਂ ਨੂੰ ਕਾਰਨ ਦੱਸੋ ਨੋਟਿਸ ਵੀ ਜਾਰੀ ਕੀਤਾ ਅਤੇ ਸਾਫ਼-ਸਫ਼ਾਈ ਸਹੀ ਢੰਗ ਨਾਲ ਨਾ ਹੋਣ ਲਈ ਸਪੱਸ਼ਟੀਕਰਨ ਮੰਗਿਆ।
ਡਿਪਟੀ ਕਮਿਸ਼ਨਰ ਸਾਹਨੀ ਵੱਲੋਂ ਅੱਜ (ਮੰਗਲਵਾਰ) ਸ਼ਾਮ ਗਿੱਲ ਰੋਡ ਅਨਾਜ ਮੰਡੀ ਦੀ ਅਚਨਚੇਤ ਚੈਕਿੰਗ ਕੀਤੀ ਅਤੇ ਖਰੀਦ ਕਾਰਜਾਂ ਦਾ ਜਾਇਜ਼ਾ ਲਿਆ।
ਡਿਪਟੀ ਕਮਿਸ਼ਨਰ ਨੇ ਅਧਿਕਾਰੀਆਂ ਨੂੰ ਸਪੱਸ਼ਟ ਕੀਤਾ ਕਿ ਮੰਡੀ ਵਿੱਚ ਅਨਾਜ ਦੀ ਆਮਦ ਤੋਂ ਪਹਿਲਾਂ ਪ੍ਰਬੰਧ ਮੁਕੰਮਲ ਕਰ ਲਏ ਜਾਣ। ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਵੀ ਵਿਸ਼ੇਸ਼ ਟੀਮਾਂ ਬਣਾ ਕੇ ਅਜਿਹੇ ਅਚਨਚੇਤ ਨਿਰੀਖਣ ਕੀਤੇ ਜਾਣਗੇ।
ਡਿਪਟੀ ਕਮਿਸ਼ਨਰਸਾਹਨੀ ਨੇ ਇਹ ਵੀ ਕਿਹਾ ਕਿ ਅਧਿਕਾਰੀ ਪੀਣ ਵਾਲੇ ਸਾਫ਼ ਪਾਣੀ, ਸਾਫ਼-ਸਫ਼ਾਈ, ਪੱਖੇ ਅਤੇ ਸ਼ੈੱਡਾਂ ਦੇ ਪੁਖਤਾ ਪ੍ਰਬੰਧ ਕਰਨ ਤਾਂ ਜੋ ਕਿਸਾਨਾਂ ਅਤੇ ਮੰਡੀ ਵਿੱਚ ਕੰਮ ਕਰਦੇ ਮਜ਼ਦੂਰਾਂ ਨੂੰ ਕਿਸੇ ਕਿਸਮ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ। ਉਨ੍ਹਾਂ ਕਿਹਾ ਕਿ ਸਾਰੇ ਖਰੀਦ ਕੇਂਦਰਾਂ ਵਿੱਚ ਲਿਫਟਿੰਗ ਅਤੇ ਅਦਾਇਗੀ ਦੇ ਪੁਖਤਾ ਪ੍ਰਬੰਧ ਕਰਨ ਤੋਂ ਇਲਾਵਾ ਬਾਰਦਾਨੇ ਦੀ ਵੀ ਲੋੜੀਂਦੀ ਉਪਲਬਧਤਾ ਹੈ, ਜਿੱਥੇ ਕਿਸਾਨਾਂ ਨੂੰ ਉਨ੍ਹਾਂ ਦੀ ਫ਼ਸਲ ਦੀ ਅਦਾਇਗੀ ਨਿਰਧਾਰਤ ਸਮਾਂ ਸੀਮਾ ਵਿੱਚ ਕੀਤੀ ਜਾਵੇਗੀ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਮੰਡੀਆਂ ਵਿੱਚ ਸਿਰਫ਼ ਸੁੱਕੀ ਜਿਣਸ ਹੀ ਲੈ ਕੇ ਆਉਣ ਤਾਂ ਜੋ ਸੁਚਾਰੂ ਅਤੇ ਨਿਰਵਿਘਨ ਖਰੀਦ ਕੀਤੀ ਜਾ ਸਕੇ।
ਇਸ ਮੌਕੇ ਐਸ.ਡੀ.ਐਮ. ਦੀਪਕ ਭਾਟੀਆ, ਸਹਾਇਕ ਕਮਿਸ਼ਨਰ (ਯੂ.ਟੀ.) ਕ੍ਰਿਤਿਕਾ ਗੋਇਲ ਤੇ ਹੋਰ ਹਾਜ਼ਰ ਸਨ।

Leave a Reply

Your email address will not be published.


*