ਮਲੇਰਕੋਟਲਾ (ਮੁਹੰਮਦ ਸ਼ਹਿਬਾਜ਼) ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਪੰਜਾਬ ਸਟੂਡੈਂਟਸ ਯੂਨੀਅਨ ਦੇ ਸੂਬਾ ਆਗੂ ਸੁਖਦੀਪ ਹਥਨ ਜ਼ਿਲ੍ਹਾ ਪ੍ਰਧਾਨ ਕਮਲਦੀਪ ਕੌਰ ਅਤੇ ਜਿਲਾ ਸਕੱਤਰ ਰਾਮਵੀਰ ਸਿੰਘ ਮੰਗਾ ਨੇ ਦੱਸਿਆ ਕਿ ਪਿਛਲੇ ਦਿਨਾਂ ਦੇ ਦੌਰਾਨ ਸਰਕਾਰੀ ਰਿਪੁਦਮਨ ਕਾਲਜ ਨਾਭਾ ਵਿਖੇ ਬੀਏ ਭਾਗ ਪਹਿਲਾ ਦੀ ਵਿਦਿਆਰਥਣ ਨਾਲ ਸਮੂਹਿਕ ਬਲਾਤਕਾਰ ਦੀ ਘਟਨਾ ਵਾਪਰੀ ਜਿਹੜੀ ਕਿ ਕਾਲਜ ਪ੍ਰਸ਼ਾਸਨ ਦੇ ਸੁਰੱਖਿਆ ਪ੍ਰਬੰਧਾਂ ਦੇ ਉੱਪਰ ਸਵਾਲ ਖੜਾ ਕਰਦੀ ਹੈ ਅਤੇ ਇਸਦੇ ਨਾਲ ਹੀ ਸਾਡੇ ਵਿਦਿਅਕ ਪ੍ਰਬੰਧ ਉੱਪਰ ਵੀ ਸਵਾਲ ਚੁੱਕਦੀ ਹੈ। ਉਹਨਾਂ ਕਿਹਾ ਕਿ ਪੰਜਾਬ ਦੀਆਂ ਵਿਦਿਅਕ ਸੰਸਥਾਵਾਂ ਦੇ ਵਿੱਚ ਅਕਾਦਮਿਕ ਮਾਹੌਲ ਨਹੀਂ ਹੈ ਜਿਸ ਕਾਰਨ ਸੂਬੇ ਦੇ ਨੌਜਵਾਨਾਂ ਅਤੇ ਵਿਦਿਆਰਥੀਆਂ ਵਿੱਚ ਅਜਿਹੇ ਮਾੜੇ ਰੁਝਾਨ ਪਾਏ ਜਾਂਦੇ ਹਨ। ਜਿਸ ਦੇ ਨਤੀਜੇ ਵਜੋਂ ਅਜਿਹੀਆਂ ਮੰਦਭਾਗੀਆਂ ਘਟਨਾਵਾਂ ਵਾਪਰਦੀਆਂ ਹਨ। ਆਗੂਆਂ ਨੇ ਕਿਹਾ ਕਿ ਪੰਜਾਬ ਵਿੱਚ ਔਰਤ ਵਿਰੋਧੀ ਘਟਨਾਵਾਂ ਲਗਾਤਾਰ ਸਾਹਮਣੇ ਆ ਰਹੀਆਂ ਹਨ ਜਿਸ ਦਾ ਕਾਰਨ ਮੁੱਖ ਰੂਪ ਸਮਾਜ ਵਿੱਚ ਪਸਰੀ ਮਰਦ ਪ੍ਰਧਾਨ ਸੋਚ ਅਤੇ ਲਿੰਗਕ ਉਤੇਜਨਾ ਵਿੱਚ ਵਾਧਾ ਕਰਨ ਵਾਲਾ ਉਪਭੋਗੀ ਸੱਭਿਆਚਾਰ ਜਿੰਮੇਵਾਰ ਹੈ ।ਸਰਕਾਰ ਦੁਆਰਾ ਸੰਸਥਾਂਵਾ ਅੰਦਰ ਅਕਾਦਮਿਕ ਮਾਹੌਲ ਬਣਾਉਣ ਦੀ ਬਜਾਏ ਕਾਲਜਾਂ ਵਿਚ ਗੈਰ ਅਕਾਦਮਿਕ ਮਾਹੌਲ ਨੂੰ ਹੋਰ ਪੱਕਿਆ ਕੀਤਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਕਾਲਜ ਵਿੱਚ ਦਿਨ ਦਿਹਾੜੇ ਵਾਪਰੀ ਇਸ ਘਟਨਾ ਨੇ ਕਾਲਜ਼ ਪ੍ਰਸ਼ਾਸਨ ਦੀ ਕਾਰਗੁਜਾਰੀ ਉੱਪਰ ਵੀ ਸਵਾਲੀਆ ਚਿੰਨ ਲਾ ਦਿੱਤਾ ਹੈ। ਆਗੂਆਂ ਨੇ ਮੰਗ ਕੀਤੀ ਕਿ ਦੋਸ਼ੀਆਂ ਨੂੰ ਦਿੱਤੀ ਜਾਣ ਵਾਲੀ ਸਜ਼ਾ ਇੱਕ ਮਿਸਾਲੀ ਸਜ਼ਾ ਹੋਵੇ। ਜਿਸਦੀ ਮਿਸਾਲ ਦਿੱਤੀ ਜਾ ਸਕੇ ਤਾਂ ਜੋ ਆਉਣ ਵਾਲੇ ਸਮੇਂ ਵਿੱਚ ਅਜਿਹੀਆਂ ਘਟਨਾਵਾਂ ਦੀ ਰੋਕਥਾਮ ਕੀਤੀ ਜਾ ਸਕੇ। ਵਿਦਿਅਕ ਅਦਾਰਿਆਂ ਵਿੱਚ ਅਜਿਹੇ ਅਰਾਜਕਤਾ ਵਾਲੇ ਮਾਹੌਲ ਲਈ ਜਿੰਮੇਵਾਰ ਸਿੱਖਿਆ ਮੰਤਰੀ ਅਸਤੀਫਾ ਦੇਵੇ। ਇਸ ਘਟਨਾ ਲਈ ਕਾਲਜ ਪ੍ਰਸ਼ਾਸਨਿਕ ਅਧਿਕਾਰੀਆਂ ਵਿੱਚ ਜਿੰਮੇਵਾਰ ਅਧਿਕਾਰੀਆਂ ਉੱਤੇ ਕਾਰਵਾਈ ਕੀਤੀ ਜਾਵੇ। ਇਹਨਾਂ ਵਿੱਦਿਅਕ ਅਦਾਰਿਆਂ ਵਿੱਚ ‘ਜਿਨਸੀ ਛੇੜਛਾੜ ਰੋਕੂ ਐਕਟ 2013 ‘ਦੇ ਤਹਿਤ ‘ਇੰਟਰਨਲ ਕੰਪਲੇਂਟ ਕਮੇਟੀਆਂ’ ਨੂੰ ਬਣਾ ਕੇ ਸਹੀ ਢੰਗ ਨਾਲ ਚਲਾਇਆ ਜਾਵੇ। ਇਸ ਰੋਸ ਪ੍ਰਦਰਸ਼ਨ ਵਿੱਚ ਰੀਨਾ,ਸੁਮਨਪ੍ਰੀਤ ਕੌਰ, ਸ਼ਿਵਕਰਨਵੀਰ ਸਿੰਘ, ਗਗਨਦੀਪ ਸਿੰਘ , ਨਾਜ਼ੀਆ, ਗੁਰਵੀਰ ਸਿੰਘ ਆਦਿ ਵਿਦਿਆਰਥੀ ਹਾਜ਼ਿਰ ਸਨ।
Leave a Reply