ਭਾਰਤ ਇਸ ਸਮੇਂ ਜਦੋਂ ਆਜ਼ਾਦੀ ਦਾ ਅੰਮ੍ਰਿਤ ਮਹਾਂਉਤਸਵ ਮਨਾ ਰਿਹਾ ਹੈ ਤਾਂ ਉਸ ਸਮੇਂ ਜਦੋਂ 15 ਅਗਸਤ 2022 ਆ ਰਿਹਾ ਹੈ ਅਤੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਆਪਣੇ ਅੱਠ ਸਾਲ ਦੀਆਂ ਤਰੱਕੀ ਭਰੀਆਂ ਦਾਸਤਾਨਾਂ ਪਿਛੱਲੇ 68 ਸਾਲਾਂ ਦੌਰਾਨ ਦੀਆਂ ਕਮੀਆਂ ਨੂੰ ਮੁੱਖ ਰੱਖ ਕੇ ਦੱਸਣਗੇ ਤਾਂ ਉਸ ਸਮੇਂ ਕਦੀ ਵੀ ਇਹ ਵਿਸ਼ਲੇਸ਼ਨ ਨਹੀਂ ਹੋਵੇਗਾ ਕਿ ਦੇਸ਼ ਵਿਚ ਭਿਸ਼੍ਰਟਾਚਾਰ ਨੇ ਕਿੰਨੀ ਤੱਰਕੀ ਕੀਤੀ ਹੈ ਅਤੇ ਕਾਲੇ ਧੰਨ ਨੇ ਚਿੱਟਾ ਹੋਣ ਦੀ ਬਜਾਏ ਇਹਨਾਂ ਅੱਠਾਂ ਸਾਲਾਂ ਵਿੱਚ ਕਿੰਨਾ ਕੁ ਗੰਭੀਰ ਕਾਲਾ ਰੰਗ ਚੜ੍ਹਾਇਆ ਹੈ। ਜਦਕਿ ਜੇਕਰ ਅਫਸਰਸ਼ਾਹੀ ਤੇ ਮੰਤਰੀਆਂ ਦੇ ਸੁਮੇਲ ਨਾਲ ਕੀਤੀ ਗਈ ਭ੍ਰਿਸ਼ਟਾਚਾਰ ਦੀ ਕਮਾਈ ਗਿਣਨ ਲੱਗੀਏ ਤਾਂ ਉਹ ਕਦੇ ਵੀ ਗਿਣੀ ਨਹੀਂ ਜਾ ਸਕਦੀ ਅਤੇ ਜੇਕਰ ਇਕੱਲੇ ਮੰਤਰੀਆਂ ਦੀ ਕਮਾਈ ਨੂੰ ਗਿਨਣ ਲੱਗੀਏ ਤਾਂ ਫਿਰ ਬੈਂਕ ਵਾਲਿਆਂ ਮੁਲਾਜ਼ਮਾਂ ਨੂੰ ਮਸ਼ੀਨਾਂ ਦੇ ਨਾਲ ਉਹ ਕਰੰਸੀ ਗਿਨਣੀ ਪੈਂਦੀ ਹੈ ਜੋ ਕਿ ਭ੍ਰਿਸ਼ਟਾਚਾਰ ਦੀ ਕਮਾਈ ਨਾਲ ਇਕੱਠੀ ਕੀਤੀ ਹੋਈ ਹੁੰਦੀ ਹੈ। ਹੁਣ ਜਦੋਂ ਆਜ਼ਾਦੀ ਦੇ ਅੰਮ੍ਰਿਤ ਮਹਾਂਉਤਸਵ ਦੇ ਕਰੀਬ ਵਾਲੇ ਸਾਲ ਵਿਚ ਪਹੁੰਚਦਿਆਂ ਨੇਤਾ ਅਤੇ ਅਭਿਨੇਤਾ ਦੀ ਜਿੰਦਗੀ ਦੇ ਸੁਮੇਲ ਨੇ ਵੱਡੇ ਪੱਧਰ ਦੀਆਂ ਤਰੱਕੀਆਂ ਨੂੰ ਹਾਸਲ ਕੀਤਾ ਹੈ ਤਾਂ ਉਸ ਸਮੇਂ ਅਭਿਨੇਤਰੀ ਤੇ ਨੇਤਾ ਦੀ ਦੋਸਤੀ ਨੇ ਜੋ ਕੌਤਕ ਦਿਖਾਇਆ ਉਸ ਦਾ ਤਾਂ ਨਜ਼ਾਰਾ ਹੀ ਬਹੁਤ ਅਹਿਮ ਹੈ। ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਦੇ ਬੇਹੱਦ ਕਰੀਬੀ ਸਨਅਤ ਤੇ ਵਪਾਰ ਮੰਤਰੀ ਪਾਰਥ ਚੈਟਰਜੀ ਕੋਲੋਂ ਵੱਡੀ ਮਾਤਰਾ ਵਿਚ ਨਗਦੀ ਅਤੇ ਕਿਲੋਆਂ ਦੇ ਹਿਸਾਬ ਨਾਲ ਸੋਨਾ ਫੜੇ ਜਾਣ ਕਰਕੇ ਇਕ ਵਾਰ ਫਿਰ ਮਮਤਾ ਨਿਸ਼ਾਨੇ ‘ਤੇ ਆ ਗਈ ਹੈ। ਉਨ੍ਹਾਂ ਦੇ ਸ਼ਾਸਨ ਕਾਲ ਦੌਰਾਨ ਪਹਿਲਾਂ ਵੀ ਕਈ ਵਾਰ ਅਜਿਹਾ ਵਾਪਰਿਆ ਹੈ। ਸਾਲ 2013 ਵਿਚ ਮਮਤਾ ਦੇ ਮੁੱਖ ਮੰਤਰੀ ਰਹਿੰਦਿਆਂ ਹੀ ਸ਼ਾਰਦਾ ਚਿੱਟ ਫੰਡ ਘੁਟਾਲਾ ਹੋਇਆ ਸੀ, ਜਿਸ ਦੀ ਬੇਹੱਦ ਚਰਚਾ ਹੋਈ ਸੀ। ਉਨ੍ਹਾਂ ਦੇ ਮੁੱਖ ਮੰਤਰੀ ਹੁੰਦਿਆਂ ਹੀ ਨਾਰਦਾ ਘੁਟਾਲਾ ਵੀ ਸਾਹਮਣੇ ਆਇਆ ਸੀ। ਇਸ ਵਿਚ ਵੀ ਉਨ੍ਹਾਂ ਦੇ ਕਈ ਸਾਥੀ ਲਪੇਟੇ ਵਿਚ ਆ ਗਏ ਸਨ। ਮਮਤਾ ਦਾ ਵਾਰਸ ਮੰਨਿਆ ਜਾਂਦਾ ਉਨ੍ਹਾਂ ਦਾ ਭਤੀਜਾ ਅਭਿਸ਼ੇਕ ਬੈਨਰਜੀ ਵੀ ਅਕਸਰ ਵਿਵਾਦਾਂ ਵਿਚ ਘਿਿਰਆ ਰਿਹਾ ਹੈ।
ਮਮਤਾ ਆਪਣੇ ਸਾਦੇਪਨ ਅਤੇ ਬੇਬਾਕੀ ਕਰਕੇ ਜਾਣੀ ਜਾਂਦੀ ਹੈ। ਉਨ੍ਹਾਂ ਨੇ ਇਕੋ ਸਮੇਂ ਦਹਾਕਿਆਂਬੱਧੀ ਰਾਜ ਕਰਦੀ ਰਹੀ ਮਾਰਕਸੀ ਪਾਰਟੀ, ਕਾਂਗਰਸ ਅਤੇ ਭਾਜਪਾ ਵਰਗੀਆਂ ਵੱਡੀਆਂ ਪਾਰਟੀਆਂ ਨਾਲ ਅਕਸਰ ਸਿਆਸੀ ਟੱਕਰ ਲਈ ਹੈ। ਪਰ ਆਪਣੇ ਆਲੇ-ਦੁਆਲੇ ਦੇ ਜਿਨ੍ਹਾਂ ਲੋਕਾਂ ਵਿਚ ਉਹ ਘਿਰੀ ਰਹਿੰਦੀ ਹੈ ਤੇ ਜਿਨ੍ਹਾਂ ‘ਤੇ ਭ੍ਰਿਸ਼ਟਾਚਾਰ ਦੇ ਇਲਜ਼ਾਮ ਲਗਦੇ ਰਹੇ ਹਨ, ਉਨ੍ਹਾਂ ਕਾਰਨ ਹਮੇਸ਼ਾ ਉਨ੍ਹਾਂ ‘ਤੇ ਵੀ ਪ੍ਰਸ਼ਨ ਉੱਠਦੇ ਰਹੇ ਹਨ। ਇਹ ਗੱਲ ਵੀ ਕਿਸੇ ਤੋਂ ਭੁੱਲੀ ਨਹੀਂ ਜਦੋਂ ਉਹ ਭ੍ਰਿਸ਼ਟਾਚਾਰ ਦੇ ਇਲਜ਼ਾਮ ਵਿਚ ਫਸੇ ਆਪਣੇ ਇਕ ਸੀਨੀਅਰ ਪੁਲਿਸ ਅਫ਼ਸਰ ਨੂੰ ਬਚਾਉਣ ਲਈ ਮੁੱਖ ਮੰਤਰੀ ਹੁੰਦਿਆਂ ਧਰਨੇ ‘ਤੇ ਬੈਠ ਗਈ ਸੀ। ਉਸ ‘ਤੇ ਇਹ ਇਲਜ਼ਾਮ ਵੀ ਲਗਦੇ ਰਹੇ ਹਨ ਕਿ ਉਹ ਲਗਾਤਾਰ ਆਪਣੇ ਦਾਗ਼ੀ ਸਿਆਸਤਦਾਨਾਂ ਦਾ ਬਚਾਅ ਕਰਦੀ ਰਹੀ ਹੈ। ਪਾਰਥ ਚੈਟਰਜੀ ‘ਤੇ ਪਿਛਲੇ ਲੰਮੇ ਸਮੇਂ ਤੋਂ ਸਿੱਖਿਆ ਘੁਟਾਲੇ ਸੰਬੰਧੀ ਇਲਜ਼ਾਮ ਲਗਦੇ ਰਹੇ ਹਨ। ਉਹ ਵੀ ਉਸ ਸਮੇਂ ਜਦੋਂ ਉਹ ਮਮਤਾ ਬੈਨਰਜੀ ਦੀ ਪਿਛਲੀ ਸਰਕਾਰ ਵਿਚ ਸਿੱਖਿਆ ਮੰਤਰੀ ਹੁੰਦਾ ਸੀ। ਉਦੋਂ ਹੀ ਉਹ ਅਧਿਆਪਕਾਂ ਦੀ ਭਰਤੀ ਦੌਰਾਨ ਕੀਤੀਆਂ ਗਈਆਂ ਹੇਰਾ-ਫੇਰੀਆਂ ਅਤੇ ਚੁਣੇ ਹੋਏ ਉਮੀਦਵਾਰਾਂ ਨੂੰ ਛੱਡ ਕੇ ਦੂਸਰੇ ਉਮੀਦਵਾਰਾਂ ਨੂੰ ਨੌਕਰੀਆਂ ਦੇਣ ਦੇ ਵਿਵਾਦ ਵਿਚ ਘਿਰ ਗਿਆ ਸੀ। ਇਥੇ ਹੀ ਨਹੀਂ ਸਿੱਖਿਆ ਸੰਸਥਾਵਾਂ ਵਿਚ ਅਧਿਆਪਕਾਂ ਤੋਂ ਇਲਾਵਾ ਗ਼ੈਰ-ਅਧਿਆਪਕ ਵਰਗ ਦੇ ਕਰਮਚਾਰੀਆਂ ਦੀ ਚੋਣ ਵਿਚ ਵੀ ਵੱਡੇ ਘੁਟਾਲੇ ਹੋਣ ਦੀਆਂ ਖ਼ਬਰਾਂ ਆਈਆਂ ਸਨ। ਹੈਰਾਨ ਕਰਨ ਵਾਲੇ ਇਸ ਘੁਟਾਲੇ ਦੀ ਤਪਸ਼ ਕਲਕੱਤਾ ਹਾਈ ਕੋਰਟ ਤੱਕ ਪਹੁੰਚ ਗਈ ਸੀ। ਅਦਾਲਤ ਦੀ ਸ਼ੁਰੂਆਤੀ ਜਾਂਚ ਵਿਚ ਨੌਕਰੀਆਂ ਵਿਚ ਕੀਤੀ ਗਈ ਹੇਰਾਫੇਰੀ ਠੀਕ ਸਿੱਧ ਹੋਈ ਸੀ, ਜਿਸ ਕਰਕੇ ਉੱਚ ਅਦਾਲਤ ਨੇ ਇਸ ਮਾਮਲੇ ਦੀ ਪੂਰੀ ਜਾਂਚ ਸੀ.ਬੀ.ਆਈ. ਨੂੰ ਸੌਂਪ ਦਿੱਤੀ ਸੀ ਅਤੇ ਫਿਰ ਇਸ ਤੋਂ ਬਾਅਦ ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਵੀ ਇਸ ਜਾਂਚ ਵਿਚ ਸ਼ਾਮਿਲ ਹੋ ਗਿਆ ਸੀ। ਹੈਰਾਨੀ ਇਸ ਗੱਲ ਦੀ ਹੈ ਕਿ ਅਜਿਹੇ ਗੰਭੀਰ ਅਦਾਲਤੀ ਦੋਸ਼ਾਂ ਵਿਚ ਘਿਰੇ ਪਾਰਥ ਚੈਟਰਜੀ ਨੂੰ ਆਪਣੀ ਵਰਤਮਾਨ ਸਰਕਾਰ ਵਿਚ ਵੀ ਮਮਤਾ ਨੇ ਸਨਅਤ ਤੇ ਵਪਾਰ ਮੰਤਰਾਲੇ ਦੇ ਨਾਲ-ਨਾਲ ਹੋਰ ਕਈ ਮੰਤਰਾਲਿਆਂ ਦਾ ਕੰਮ ਵੀ ਸੌਂਪ ਰੱਖਿਆ ਸੀ। ਸਿੱਖਿਆ ਘੁਟਾਲੇ ਦੀਆਂ ਕਾਰਵਾਈਆਂ ਨੂੰ ਚਲਦਿਆਂ ਤਾਂ 6 ਸਾਲ ਹੋ ਗਏ ਹਨ ਪਰ ਅਜਿਹੇ ਵਿਅਕਤੀ ਨੂੰ ਮਮਤਾ ਨੇ ਦੂਸਰੀ ਵਾਰ ਆਪਣੀ ਵਜ਼ਾਰਤ ਵਿਚ ਫਿਰ ਵੱਡੇ ਮੰਤਰਾਲੇ ਕਿਉਂ ਸੌਂਪ ਦਿੱਤੇ? ਇਥੇ ਹੀ ਬੱਸ ਨਹੀਂ ਪਾਰਥ ਚੈਟਰਜੀ ਤ੍ਰਿਣਮੂਲ ਕਾਂਗਰਸ ਦਾ ਜਨਰਲ ਸਕੱਤਰ ਵੀ ਬਣਿਆ ਰਿਹਾ ਹੈ। ਚਾਹੇ ਹੁਣ ਲਗਾਤਾਰ ਪਰਦਾਫਾਸ਼ ਹੋਣ ਕਰਕੇ ਉਸ ਨੂੰ ਪਾਰਟੀ ਵਲੋਂ ਇਨ੍ਹਾਂ ਅਹੁਦਿਆਂ ਤੋਂ ਫਾਰਗ ਕਰਨ ਦਾ ਐਲਾਨ ਕੀਤਾ ਗਿਆ ਹੈ। ਦੀਵੇ ਥੱਲੇ ਹਨੇਰਾ ਜ਼ਰੂਰ ਹੁੰਦਾ ਹੈ ਪਰ ਏਨਾ ਸੰਘਣਾ ਨਹੀਂ ਕਿ ਕੁਝ ਦਿਖਾਈ ਹੀ ਨਾ ਦੇਵੇ। ਮੁੱਖ ਮੰਤਰੀ ਦਾ ਨੇੜਲਾ ਸਾਥੀ ਅਜਿਹੀਆਂ ਬੇਨਿਯਮੀਆਂ ਵਿਚ ਫਸਿਆ ਰਿਹਾ ਹੋਵੇ, ਉਸ ‘ਤੇ ਗੰਭੀਰ ਹੇਰਾਫੇਰੀਆਂ ਦੇ ਮੁਕੱਦਮੇ ਚੱਲ ਰਹੇ ਹੋਣ ਅਤੇ ਉਸ ਨੂੰ ਫਿਰ ਵਜ਼ਾਰਤ ਵਿਚ ਥਾਂ ਦਿੱਤੀ ਜਾਏ ਅਤੇ ਵੱਡੇ ਪਾਰਟੀ ਅਹੁਦਿਆਂ ਨਾਲ ਵੀ ਨਿਵਾਜਿਆ ਜਾਵੇ, ਇਸ ਕਾਰਨ ਸਵਾਲ ਖੜ੍ਹੇ ਹੋਣੇ ਲਾਜ਼ਮੀ ਹਨ।
ਪਾਰਥ ਦੀ ਕਰੀਬੀ ਸਾਥਣ ਅਰਪਿਤਾ ਮੁਖਰਜੀ ਦੇ ਘਰੋਂ ਪਹਿਲਾਂ 21 ਕਰੋੜ ਦੇ ਲਗਭਗ ਨਗਦ ਰੁਪਿਆਂ ਦੀ ਬਰਾਮਦਗੀ ਹੋਈ ਅਤੇ ਉਸ ਨੂੰ ਹਿਰਾਸਤ ਵਿਚ ਲੈਣ ਤੋਂ ਬਾਅਦ ਕੀਤੀ ਗਈ ਪੁੱਛਗਿੱਛ ਦੇ ਆਧਾਰ ‘ਤੇ 5 ਦਿਨਾਂ ਬਾਅਦ 28 ਕਰੋੜ ਦੇ ਕਰੀਬ ਹੋਰ ਨਗਦੀ ਮਿਲਣ ਤੋਂ ਇਲਾਵਾ 6 ਕਿਲੋ ਦੇ ਲਗਭਗ ਸੋਨਾ ਅਤੇ ਹੋਰ ਬੇਨਾਮੀ ਜਾਇਦਾਦਾਂ ਦੇ ਕਾਗਜ਼ ਮਿਲਣ ਨਾਲ ਮੁੱਖ ਮੰਤਰੀ ਦੇ ਅਕਸ ਨੂੰ ਵੱਡੀ ਢਾਹ ਲੱਗੀ ਹੈ, ਕਿਉਂਕਿ ਮਮਤਾ ਨੂੰ ਸ਼ੁਰੂ ਤੋਂ ਹੀ ਇਸ ਗੱਲ ਦਾ ਗਿਆਨ ਸੀ ਕਿ ਅਰਪਿਤਾ ਮੁਖਰਜੀ ਪਾਰਥ ਚੈਟਰਜੀ ਦੀ ਨੇੜਲੀ ਸਾਥਣ ਰਹੀ ਹੈ। ਜਿਸ ਤਰ੍ਹਾਂ ਪਰਦੇ ਦਰ ਪਰਦੇ ਖੁੱਲ੍ਹਦੇ ਜਾ ਰਹੇ ਹਨ, ਅਜਿਹਾ ਬਹੁਤ ਕੁਝ ਹੋਰ ਵੀ ਸਾਹਮਣੇ ਆਉਣ ਦੀ ਸੰਭਾਵਨਾ ਬਣ ਗਈ ਹੈ। ਇਹ ਵੀ ਸਵਾਲ ਉੱਠਦਾ ਹੈ ਕਿ ਏਨੀ ਵੱਡੀ ਰਕਮ 6 ਸਾਲ ਪਹਿਲਾਂ ਹੋਏ ਘੁਟਾਲੇ ਦੀ ਹੀ ਨਹੀਂ ਹੋ ਸਕਦੀ, ਸਗੋਂ ਇਸ ਦਾ ਸੰਬੰਧ ਚੈਟਰਜੀ ਦੇ ਹੁਣ ਦੂਸਰੀ ਵਾਰ ਮੰਤਰੀ ਬਣਨ ਨਾਲ ਵੀ ਜੁੜਿਆ ਹੋ ਸਕਦਾ ਹੈ। ਇਹ ਯਕੀਨ ਕਦਾਚਿਤ ਨਹੀਂ ਕੀਤਾ ਜਾ ਸਕਦਾ ਕਿ ਨੱਕ ਹੇਠ ਹੋ ਰਹੇ ਅਜਿਹੇ ਵੱਡੇ ਘੁਟਾਲਿਆਂ ਦਾ ਮੁੱਖ ਮੰਤਰੀ ਨੂੰ ਗਿਆਨ ਨਾ ਹੋਵੇ। ਬਿਨਾਂ ਸ਼ੱਕ ਅਜਿਹਾ ਕੁਝ ਅੱਜ ਦੀ ਸਿਆਸਤ ਦੇ ਘਿਨਾਉਣੇਪਨ ਨੂੰ ਹੀ ਉਜਾਗਰ ਕਰਦਾ ਹੈ।
ਦੇਸ਼ ਦੇ ਵੱਡੇ-ਵੱਡੇ ਨੇਤਾ, ਲਾਲੂ ਪ੍ਰਸ਼ਾਦ ਯਾਦਵ, ਓਮ ਪ੍ਰਕਾਸ਼ ਚੌਟਾਲਾ ਤੋਂ ਸ਼ਰੂ ਹੋ ਕਿ ਇਹ ਸਫਰ ਦਿੱਲੀ ਦੇ ਸਿਹਤ ਮੰਤਰੀ ਸਤਿੰਦਰ ਜੈਨ, ਪੰਜਾਬ ਦੇ ਸਿਹਤ ਮੰਤਰੀ ਵਿਜੇ ਸਿੰਗਲਾ ਅਤੇ ਹੁਣ ਪੱਛਮੀ ਬੰਗਾਲ ਦੇ ਮੰਤਰੀ ਪਾਰਥ ਚੈਟਰਜੀ ਤੱਕ ਬਹੁਤ ਹੀ ਤਰੱਕੀ ਭਰਿਆ ਪਹੁੰਚ ਗਿਆ ਹੈ । ਅਗਰ ਸਭ ਕੱੁਝ ਸਾਬਿਤ ਹੋ ਵੀ ਜਾਂਦਾ ਹੈ ਤਾਂ ਇਸ ਮੰਤਰੀ ਨੂੰ ਫਾਂਸੀ ਤਾਂ ਹੋ ਨਹੀਂ ਸਕਦੀ ਵੱਧ ਤੋਂ ਵੱਧ ਦਸ-ਵੀਹ ਸਾਲ ਦੀ ਜੇਲ੍ਹ ਹੋਵੇਗੀ ਉਹ ਵੀ ਉਮਰ ਦੇ ਉਸ ਪੜਾਅ ਤੇ ਜਦੋਂ ਉਹ ਆਪਣੀ ਜਿੰਦਗੀ ਦੇ ਸਾਰੇ ਸੁੱਖ ਭੋਗ ਚੁੱਕਾ ਹੈ ਇਹ ਤਾਂ ਉਹ ਰੁਪਿਆ ਹੈ ਜੋ ਫੜਿਆ ਗਿਆ ਜੋ ਹਾਲੇ ਨਹੀਂ ਫੜਿਆ ਗਿਆ ਉਸ ਦਾ ਪਤਾ ਲੱਗੇ ਕਿ ਨਾ ਲੱਗੇ ਇਸ ਬਾਰੇ ਕੱੁਝ ਨਹੀਂ ਕਿਹਾ ਜਾ ਸਕਦਾ।
-ਬਲਵੀਰ ਸਿੰਘ ਸਿੱਧੂ
Leave a Reply