ਅੰਮ੍ਰਿਤਸਰ (ਰਣਜੀਤ ਸਿੰਘ ਮਸੌਣ) ਅੰਮ੍ਰਿਤਸਰ ‘ਚ ਇੱਕ ਨੌਜ਼ਵਾਨ ਨੇ ਆਪਣੀ ਮਾਂ, ਭਰਜਾਈ ਅਤੇ ਢਾਈ ਸਾਲ ਦੇ ਭਤੀਜੇ ਦਾ ਕਤਲ ਕਰ ਦਿੱਤਾ। ਇਸ ਤੋਂ ਬਾਅਦ ਖ਼ੂਨ ਨਾਲ ਲੱਥਪੱਥ ਲਾਸ਼ਾਂ ਨੂੰ ਘਰ ‘ਚ ਛੱਡ ਕੇ ਉਹ ਸਿੱਧਾ ਥਾਣੇ ਗਿਆ ਅਤੇ ਆਤਮ ਸਮਰਪਣ ਕਰ ਦਿੱਤਾ। ਮੌਕੇ ‘ਤੇ ਪਹੁੰਚੀ ਪੁਲਿਸ ਨੇ ਲਾਸ਼ਾਂ ਨੂੰ ਕਬਜ਼ੇ ‘ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਮ੍ਰਿਤਕਾਂ ਦੀ ਪਛਾਣ ਮਨਬੀਰ ਕੌਰ (ਮਾਂ), ਅਵਨੀਤ ਕੌਰ (ਭਾਬੀ) ਅਤੇ ਸਮਰਥ (ਭਤੀਜਾ) ਵਾਸੀ ਕੰਦੋਵਾਲੀ ਤਹਿਸੀਲ ਅਜਨਾਲਾ ਜ਼ਿਲਾਂ ਅੰਮ੍ਰਿਤਸਰ ਅਤੇ ਮੁਲਜ਼ਮ ਦੀ ਪਛਾਣ 35 ਸਾਲਾ ਅੰਮ੍ਰਿਤਪਾਲ ਸਿੰਘ ਵੱਜੋਂ ਹੋਈ ਹੈ। ਉਹ ਏਅਰਪੋਰਟ ‘ਤੇ ਕੰਮ ਕਰਦਾ ਸੀ ਤੇ ਉਸ ਨੂੰ ਨੌਕਰੀ ਤੋਂ ਕੱਢ ਦਿੱਤਾ ਗਿਆ ਸੀ।
ਡੀਐਸਪੀ ਤਜਿੰਦਰਪਾਲ ਸਿੰਘ ਨੇ ਦੱਸਿਆ ਕਿ ਮੁਲਜ਼ਮ ਦੀ ਪਤਨੀ ਅਤੇ ਦੋ ਬੱਚੇ ਹਨ, ਪਤਨੀ ਆਪਣੇ ਬੱਚਿਆਂ ਸਮੇਤ ਪੇਕੇ ਰਹਿ ਰਹੀ ਹੈ। ਉਹ ਕੁੱਝ ਸਮੇਂ ਤੋਂ ਡਿਪਰੈਸ਼ਨ ਵਿੱਚ ਸੀ। ਸ਼ੁਰੂਆਤੀ ਜਾਂਚ ‘ਚ ਸ਼ੱਕ ਜਤਾਇਆ ਜਾ ਰਿਹਾ ਹੈ ਕਿ ਉਸ ਨੇ ਮਾਨਸਿਕ ਤਣਾਅ ਕਾਰਨ ਆਪਣੀ ਮਾਂ, ਭਰਜਾਈ ਅਤੇ ਬੱਚੇ ਦਾ ਕਤਲ ਕੀਤਾ ਹੈ। ਵਾਰਦਾਤ ‘ਚ ਵਰਤਿਆ ਗਿਆ ਤੇਜ਼ਧਾਰ ਹਥਿਆਰ (ਦਾਤਰ) ਬਰਾਮਦ ਕੀਤਾ ਗਿਆ ਹੈ।
ਪੁਲਿਸ ਮੁਤਾਬਕ, ਰਾਤ ਸਮੇਂ ਮੁਲਜ਼ਮ ਨੇ ਮਾਂ, ਭਰਜਾਈ ਅਤੇ ਭਤੀਜੇ ਨੂੰ ਦਾਤਰ ਨਾਲ ਵੱਢਿਆ। ਮਾਂ ਬਾਹਰ ਵਰਾਂਡੇ ਵਿੱਚ ਸੁੱਤੀ ਹੋਈ ਸੀ, ਜਦੋਂ ਕਿ ਅਵਨੀਤ ਕੌਰ ਅਤੇ ਸਮਰਥ ਕਮਰੇ ਵਿੱਚ ਸੌਂ ਰਹੇ ਸਨ। ਜਿਸ ਤਰ੍ਹਾਂ ਕਤਲ ਨੂੰ ਅੰਜਾਮ ਦਿੱਤਾ ਗਿਆ, ਉਸ ਤੋਂ ਸਾਫ਼ ਹੈ ਕਿ ਉਸ ਨੇ ਸੌਂ ਰਹੀ ਮਾਂ ‘ਤੇ ਹਮਲਾ ਕੀਤਾ ਸੀ। ਅਵਾਜ਼ ਸੁਣ ਕੇ ਭਾਬੀ ਅਵਨੀਤ ਬਾਹਰ ਆਉਣ ਲੱਗੀ ਅਤੇ ਉਸ ਨੇ ਉਸ ‘ਤੇ ਵੀ ਹਮਲਾ ਕਰ ਦਿੱਤਾ। ਜਿਸ ਤਰ੍ਹਾਂ ਅਵਨੀਤ ਨੂੰ ਵੱਢਿਆ ਗਿਆ, ਉਸ ਤੋਂ ਸਾਫ਼ ਹੈ ਕਿ ਉਸ ਨੇ ਮੁਲਜ਼ਮ ਦਾ ਵਿਰੋਧ ਕੀਤਾ ਸੀ। ਉਸ ਨੇ ਬੱਚੇ ਦਾ ਕਤਲ ਉਸ ਸਮੇਂ ਕੀਤਾ ਜਦੋਂ ਉਹ ਸੌਂ ਰਿਹਾ ਸੀ। ਪੁਲਿਸ ਨੇ ਥਾਣਾ ਝੰਡੇਰ ਵਿੱਚ ਕਤਲ ਦਾ ਮੁਕੱਦਮਾ ਦਰਜ ਕਰ ਲਿਆ ਹੈ ਤੇ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਦੋਸ਼ੀ ਦਾ ਪੁਲਿਸ ਰਿਮਾਂਡ ਹਾਸ਼ਲ ਕਰਕੇ ਬਾਰੀਕੀ ਨਾਲ ਪੁੱਛਗਿੱਛ ਕੀਤੀ ਜਾਵੇਗੀ।
Leave a Reply