ਅਮਰੀਕੀ ਕੰਪਨੀਆਂ ਦਾ ਅੰਮ੍ਰਿਤਸਰ ਵਿਚ ਨਿਵੇਸ਼ ਕਰਨ ਦਾ ਰਾਹ ਹੋਇਆ ਪੱਧਰਾ ।

ਅੰਮ੍ਰਿਤਸਰ  ( Bhatia     ) ਅਮਰੀਕੀ ਕੰਪਨੀਆਂ ਦਾ ਅੰਮ੍ਰਿਤਸਰ ਵਿਚ ਨਿਵੇਸ਼ ਕਰਨ ਦਾ ਰਾਹ ਪੱਧਰਾ ਹੋ ਰਿਹਾ ਹੈ। ਅੱਜ ਅਮਰੀਕਾ ‘ਚ ਭਾਰਤ ਦੇ ਰਾਜਦੂਤ ਰਹੇ ਸ. ਤਰਨਜੀਤ ਸਿੰਘ ਸੰਧੂ ਜੋ ਕਿ ਅੰਮ੍ਰਿਤਸਰ ਲੋਕ ਸਭਾ ਹਲਕੇ ਲਈ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਵੀ ਹਨ ਦੇ ਸੱਦੇ ’ਤੇ ਪਹਿਲੀ ਵਾਰ ਗੁਰੂ ਨਗਰੀ ਪਹੁੰਚੇ ਅਮਰੀਕਾ-ਭਾਰਤ ਰਣਨੀਤਕ ਭਾਈਵਾਲੀ ਫੋਰਮ ਦੇ ਪ੍ਰਧਾਨ ਅਤੇ ਮੁੱਖ ਕਾਰਜਕਾਰੀ ਅਧਿਕਾਰੀ ਡਾ. ਮੁਕੇਸ਼ ਆਘੀ ਨੇ ਸਾਬਕਾ ਰਾਜਦੂਤ ਸੰਧੂ ਨੂੰ ਅੰਤਰਰਾਸ਼ਟਰੀ ਬਰਾਂਡ ਕਰਾਰ ਦਿੰਦਿਆਂ ਕਿਹਾ ਕਿ ਉਨ੍ਹਾਂ ਦੀ ਵਜ੍ਹਾ ਨਾਲ ਅਮਰੀਕੀ ਕੰਪਨੀਆਂ ਇਥੇ ਆਉਣਗੀਆਂ।
ਡਾ. ਮੁਕੇਸ਼ ਆਘੀ ਇਥੇ ਸਥਾਨਕ ਹੋਟਲ ਵਿਖੇ ਭਾਰਤ-ਅਮਰੀਕਾ ਰਣਨੀਤਕ ਭਾਈਵਾਲੀ ਫੋਰਮ ਅਤੇ ਫਿੱਕੀ ਦੇ ਸਹਿਯੋਗ ਨਾਲ ਕਰਾਏ ਗਏ ਸਿੱਖਿਆ ਅਤੇ ਹੁਨਰ ਸੰਮੇਲਨ 2024 ਨੂੰ ਸੰਬੋਧਨ ਕਰਨ ਆਏ ਸਨ।  ਇਸ ਸੰਮੇਲਨ ਵਿਚ ਕਾਲਜਾਂ ਦੇ ਵਿਦਿਆਰਥੀ, ਨੌਜਵਾਨ, ਅਧਿਆਪਕ ਅਤੇ ਪ੍ਰਿੰਸੀਪਲਾਂ ਨੇ ਭਾਰੀ ਗਿਣਤੀ ਵਿਚ ਸ਼ਮੂਲੀਅਤ ਕੀਤੀ।  ਡਾ. ਮੁਕੇਸ਼ ਆਘੀ ਨੇ ਕਿਹਾ ਕਿ ਸਰਦਾਰ ਸੰਧੂ ਨੇ ਸਾਨੂੰ ਅੰਮ੍ਰਿਤਸਰ ਆਉਣ ਦਾ ਸੱਦਾ ਦਿੱਤਾ, ਜਿਸ ਵੱਲੋਂ ਭਾਰਤ ਅਮਰੀਕਾ ਸੰਬੰਧਾਂ ’ਚ ਵਧੇਰੇ ਸੁਧਾਰ ਲਿਆਉਣ ਕਾਰਨ ਦੋਹਾਂ ਦੇਸ਼ਾਂ ਵਿਚ ਭਾਈਵਾਲੀ ਤੇਜ਼ੀ ਨਾਲ ਅੱਗੇ ਵੱਧ ਰਹੀ ਹੈ, ਹੁਣ ਅਮਰੀਕਾ ਅਤੇ ਅੰਮ੍ਰਿਤਸਰ ਦਰਮਿਆਨ ਸੰਬੰਧ ਵੀ ਮਜ਼ਬੂਤ ਹੋਣਗੇ। ਅਸੀਂ ਇਥੇ ਨੌਜਵਾਨਾਂ ਦੇ ਜਜ਼ਬਾਤਾਂ ਤੋਂ ਜਾਣੂ ਹੋਏ ਹਾਂ, ਉਹ ਬਹੁਤ ਕੁਝ ਕਰਨਾ ਚਾਹੁੰਦੇ ਹਨ ਅਤੇ ਜ਼ਿੰਦਗੀ ਵਿਚ ਅੱਗੇ ਵਧਣਾ ਚਾਹੁੰਦੇ ਹਨ। ਇੱਥੋਂ ਦੇ ਨੌਜਵਾਨਾਂ ਨੂੰ ਸਮਰੱਥ ਬਣਾਉਣ ਲਈ ਹੁਨਰਮੰਦ ਸਿੱਖਿਆ ਪ੍ਰਦਾਨ ਕਰਨ ਦੀ ਲੋੜ ਹੈ। ਉਨ੍ਹਾਂ ਦੱਸਿਆ  ਕਿ  ਅਮਰੀਕੀ ਕੰਪਨੀਆਂ ਦੇ ਨਿਵੇਸ਼  ਨਾਲ ਭਾਰਤ ’ਚ ਲੱਖਾਂ ਨੌਕਰੀਆਂ ਦਾ ਸਬੱਬ ਬਣਿਆ ਹੈ।
ਇਸ ਮੌਕੇ ਭਾਰਤ ਦੀ ਕਰੀਬ ਸੌ ਸਾਲ ਪੁਰਾਣੀ ਉੱਘੇ ਨੈਸ਼ਨਲ ਚੈਂਬਰ ਆਫ਼ ਕਾਮਰਸ, ਫਿੱਕੀ ਦੇ ਸੈਕਟਰੀ ਜਨਰਲ ਸ਼ੈਲੇਸ਼ ਪਾਠਕ  ਨੇ 30 ਸ਼ਾਲ ਤੋਂ ਘੱਟ ਨੌਜਵਾਨਾਂ ਨੂੰ ਖ਼ੁਸ਼ਕਿਸਮਤ ਕਰਾਰ ਦਿੰਦਿਆਂ ਕਿਹਾ ਕਿ ਭਾਰਤ ’ਚ ਇਨ੍ਹੀਂ ਤਰੱਕੀ ਕਦੀ ਨਹੀਂ ਦੇਖੀ ਗਈ। ਉਨ੍ਹਾਂ ਦਾਅਵਾ ਕੀਤਾ ਕਿ ਪਿਛਲੇ 30 ਸ਼ਾਲਾਂ ਦੇ ਮੁਕਾਬਲੇ ਕੇਵਲ 10 ਸ਼ਾਲਾਂ ਵਿਚ ਬਹੁਤ ਕੁਝ ਹੋਇਆ ਹੈ। ਉਨ੍ਹਾਂ ਕਿਹਾ ਕਿ  ਨੌਜਵਾਨਾਂ ਨੂੰ ਅੱਗੇ ਵਧਣ ਲਈ ਉਨ੍ਹਾਂ ਕੋਲ ਹੁਨਰ ਦਾ ਹੋਣਾ ਜ਼ਰੂਰੀ ਹੈ ਅਤੇ ਤਰਨਜੀਤ ਸਿੰਘ ਸੰਧੂ ਦੀ ਤਾਰੀਫ਼ ਕਰਦਿਆਂ ਕਿਹਾ ਕਿ ਬਿਹਤਰੀਨ ਸਕਿੱਲ ਕਿਵੇਂ ਦਿਵਾਇਆ ਜਾ ਸਕਦਾ ਹੈ, ਇਹ ਸੰਧੂ ਤੋਂ ਬਿਹਤਰ ਕੌਣ ਜਾਣ ਸਕਦਾ ਹੈ। ਉਨ੍ਹਾਂ ਕਿਹਾ ਕਿ ਫਿੱਕੀ ਦਾ ਤਜਰਬਾ ਹੈ ਕਿ ਕੰਪਨੀਆਂ ਨੂੰ ਚੰਗੇ ਹੁਨਰਮੰਦ  ਲੋਕ ਨਹੀਂ ਮਿਲਦੇ। ਤੁਹਾਨੂੰ ਕੰਪਨੀਆਂ ਵਿਚ ਇੰਟਰਨਸ਼ਿਪ ਕਰਨ ਦੀ ਜ਼ਰੂਰਤ ਹੈ,ਅਸੀਂ ਮਦਦ ਕਰਾਂਗੇ।
ਸਾਬਕਾ ਰਾਜਦੂਤ ਸ. ਤਰਨਜੀਤ ਸਿੰਘ ਸੰਧੂ ਨੇ ਵਿਦਿਆਰਥੀਆਂ ਦੀ ਉਮੀਦ ਜਗਾਉਂਦਿਆਂ ਕਿਹਾ ਕਿ ਤੁਹਾਨੂੰ ਆਪਣੇ ਆਪ ’ਤੇ ਭਰੋਸਾ ਕਰਨਾ ਹੋਵੇਗਾ। ਆਪਾਂ ਸਾਥ ਮਿਲ ਕੇ ਕੰਮ ਕਰਾਂਗੇ। ਤੁਹਾਡੇ ਸੁਪਨੇ ਜ਼ਰੂਰ ਪੂਰੇ ਹੋਣਗੇ ਤੇ ਕਾਮਯਾਬੀ ਤੁਹਾਡੇ ਕਦਮ ਚੁੰਮੇਗੀ।
ਉਨ੍ਹਾਂ ਨਵੀਂ ਪੀੜੀ ਨੂੰ ਬਦਲਵੇਂ ਪ੍ਰਬੰਧਾਂ ਬਾਰੇ ਜਾਣੂ ਕਰਾਉਂਦਿਆਂ ਕਿਹਾ ਕਿ ਡਿੱਗਰੀਆਂ ਨਾਲ ਹੀ ਨਹੀਂ ਪਰ ਸਕਿੱਲ ਤੋਂ ਬਿਨਾਂ ਅੱਗੇ ਨਹੀਂ ਵਧਿਆ ਜਾ ਸਕਦਾ। ਉਨ੍ਹਾਂ ਕਿਹਾ ਕਿ ਅੰਮ੍ਰਿਤਸਰ ਵਿਚ ਪਹਿਲਾਂ ਸਭ ਕੁਝ ਸੀ,  ਹੁਣ ਵੀ ਸਾਡੇ ਕੋਲ ਬਹੁਤ ਅਵਸਰ ਹਨ, ਸ਼ਹਿਰ ਦੀ ਸ਼ਾਨ ਮੁੜ ਹਾਸਲ ਕਰਨਾ ਹੋਵੇਗਾ। ਇੰਦੌਰ ਕਿਥੋਂ ਦਾ ਕਿਥੇ ਪਹੁੰਚ ਗਿਆ ਅੰਮ੍ਰਿਤਸਰ ਨੂੰ ਨੂੰ ਬਦਲਣ ਦਾ ਵੇਲਾ ਆ ਗਿਆ ਹੈ।
ਉਨ੍ਹਾਂ ਕਿਹਾ ਕਿ ਯੂ.ਐੱਸ.ਆਈ.ਐੱਸ.ਪੀ.ਐੱਫ਼ ਦੁਨੀਆ ਦੀਆਂ ਟੋਪ 500 ਕੰਪਨੀਆਂ ਵਿਚੋਂ 400 ਕੰਪਨੀਆਂ ਨਾਲ ਸੰਬੰਧ ਰੱਖਦਾ ਹੈ। ਜਿਨ੍ਹਾਂ ਵਿਚੋਂ ਬਹੁਤ ਸਾਰੀਆਂ ਕੰਪਨੀਆਂ ਭਾਰਤ ’ਚ ਨਿਵੇਸ਼  ਕਰ ਰਹੀਆਂ ਹਨ, ਹੁਣ ਇਹ ਨਿਵੇਸ਼ ਅੰਮ੍ਰਿਤਸਰ ਵੀ ਆਵੇਗਾ। ਉਨ੍ਹਾਂ ਕਿਹਾ ਕਿ ਨੌਜਵਾਨਾਂ ਨੂੰ ਚੰਗੀ ਆਮਦਨੀ ਦੇ ਮੌਕੇ ਮਿਲਣ ਤਾਂ ਉਹ ਬਾਹਰ ਕਿਉਂ ਜਾਣਗੇ? ਪੰਜਾਬ ਦੀ ਜਵਾਨੀ ਹੁਣ ਵਿਦੇਸ਼ਾਂ ਵਿਚ ਰੁਲਨ ਨਹੀਂ ਦਿਆਂਗੇ। ਨਾ ਹੀ  ਮੈਕਸੀਕੋ ਬਾਡਰ ’ਤੇ ਕਿਸੇ ਨੌਜਵਾਨ ਨੂੰ ਹਾਦਸੇ ਦਾ ਸ਼ਿਕਾਰ ਹੋਣ ਦਿਆਂਗੇ।  ਉਨ੍ਹਾਂ ਕਿਹਾ ਕਿ ਡਾ. ਮੁਕੇਸ਼ ਆਘੀ ਅਤੇ ਸ਼ੈਲੇਸ਼ ਪਾਠਕ ਦੇ ਇਥੇ ਆਉਣ ਦਾ ਪੂਰਾ ਫ਼ਾਇਦਾ ਉਠਾਇਆ ਜਾਵੇਗਾ।  ਉਹਨਾਂ ਕਿਹਾ ਕਿ  ਮੈਂ ਨੂੰ ਉਮੀਦ ਹੈ ਕਿ ਮੇਰੇ ਪੁਰਾਣੇ ਸੰਬੰਧ ਅਮਰੀਕੀ ਕੰਪਨੀਆਂ ਨੂੰ ਇਥੇ ਲਿਆਉਣ ’ਚ ਕੰਮ ਆਵੇਗਾ।  ਉਨ੍ਹਾਂ ਕਿਹਾ ਕਿ  ਹਰਿਆਣਾ ਅਤੇ ਹੋਰਨਾਂ ਰਾਜਾਂ ਦੀਆਂ  ਕੁੜੀਆਂ ਖੇਡਾਂ ਵਿਚ ਅੱਗੇ ਨਿਕਲ ਰਹੀਆਂ ਹਨ ਤਾਂ  ਆਪਾਂ ਪਿੱਛੇ ਕਿਉਂ ਹਾਂ? ਦੋ ਸ਼ਾਲ ਬਾਅਦ ਅੰਮ੍ਰਿਤਸਰ ਵਿਚ ਆਈ ਪੀ ਐੱਲ ਮੈਚ ਹੋਣਗੇ। ਅੰਮ੍ਰਿਤਸਰ ਵਿਚ ਸਪੋਰਟਸ ਨੂੰ ਮੁੜ ਖੜ੍ਹਾ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਤਜਰਬਾ ਵੰਡਣ ਲਈ ਮੈਂ ਤੁਹਾਡੇ ਵਿਚ ਹਰ ਵਕਤ ਹਾਜ਼ਰ ਹਾਂ। ਉਨ੍ਹਾਂ ਕਿਹਾ ਕਿ ਪ੍ਰਾਈਵੇਟ ਸੈਕਟਰ ਨੂੰ ਅੰਮ੍ਰਿਤਸਰ ਲਿਆਉਣਾ ਹੋਵੇਗਾ।
ਉਨ੍ਹਾਂ ਕਿਹਾ ਕਿ  ਅੰਮ੍ਰਿਤਸਰ ਵਿਚ  ਟੂਰਿਜ਼ਮ ਲਈ ਵਧੇਰੇ ਅਵਸਰ ਹਨ। ਨੌਜਵਾਨ ਸਟਾਰਟਅੱਪ ਸ਼ੁਰੂ ਕਰ ਸਕਦੇ ਹਨ। ਅੰਮ੍ਰਿਤਸਰ ਲਈ ਏਅਰ ਕੁਨੈਕਟੀਵਿਟੀ  ’ਚ ਵਾਧਾ ਕਰਨ ਦੀ ਲੋੜ ਹੈ। ਏਅਰ ਕੈਨੇਡਾ ਅੰਮ੍ਰਿਤਸਰ ਉੱਤਰਨ ਲਈ‌ ਤਿਆਰ ਹੈ। ਇਥੇ ਅਮਰੀਕਨ ਕੌਂਸਲੇਟ ਜਲਦ ਖੁਲ੍ਹਵਾਇਆ ਜਾਵੇਗਾ। ਇੱਥੋਂ ਹੀ ਵੀਜ਼ਾ ਮਿਲਿਆ ਕਰੇਗਾ। ਅੰਤਰਰਾਸ਼ਟਰੀ ਵਪਾਰ ਲਈ ਇਥੇ ਅਵਸਰਾਂ ਦੀ ਕਮੀ ਨਹੀਂ ਕਾਰਗੋ  ਰਾਹੀਂ ਅੰਮ੍ਰਿਤਸਰ ਤੋਂ ਫਲ਼, ਸਬਜ਼ੀਆਂ ਅੰਮ੍ਰਿਤਸਰ ਦੇ ਗਹਿਣੇ, ਜੁੱਤੀਆਂ, ਫੁਲਕਾਰੀ ਆਦਿ ਵਿਦੇਸ਼ਾਂ ਨੂੰ ਭੇਜੀਆਂ ਜਾ ਸਕਦੀਆਂ ਹਨ।  ਸਥਾਨਕ ਕਾਰੋਬਾਰਾਂ ਨੂੰ ਪ੍ਰਮੁੱਖ ਗਲੋਬਲ ਉਦਯੋਗਿਕ ਬ੍ਰਾਂਡਾਂ ਨਾਲ ਸਾਂਝੇਦਾਰੀ ਕਰਨ ਦਾ ਮੌਕਾ ਪ੍ਰਦਾਨ ਕਰਕੇ ਅੰਮ੍ਰਿਤਸਰ ਦੇ ਆਰਥਿਕ ਵਿਕਾਸ ਲਈ ਕੰਮ ਕੀਤਾ ਜਾ ਸਕਦਾ ਹੈ।

Leave a Reply

Your email address will not be published.


*