ਭਾਈਚਾਰਕ ਸਾਂਝ ਦੀ ਮਿਸ਼ਾਲ : ਪਿੰਡ ਕੁਠਾਲਾ ਵਿਖੇ ਗੁਰਦੁਆਰਾ ਸਾਹਿਬ ਜੀ ਸ਼ਹੀਦੀ ਦੀ ਪ੍ਰਬੰਧਕੀ ਕਮੇਟੀ ਵੱਲੋਂ ਸਰਵ ਧਰਮ ਰੋਜ਼ਾ ਇਫ਼ਤਾਰ ਪਾਰਟੀ ਦਾ ਆਯੋਜਨ|

ਮਾਲੇਰਕੋਟਲਾ,    (ਮੁਹੰਮਦ ਸ਼ਹਿਬਾਜ਼)ਰਮਜ਼ਾਨ ਉਲ ਮੁਬਾਰਕ ਦੇ ਪਵਿੱਤਰ ਮਹੀਨੇ ਮੌਕੇ ਪੂਰੇ ਦੇਸ਼ ਅੰਦਰ ਰੌਣਕਾਂ ਦੇਖਣ ਨੂੰ ਮਿਲ ਰਹੀਆਂ ਹਨ। ਇਸ ਮੌਕੇ ਨਵਾਬ ਸ਼ਾਹੀ ਰਿਆਸਤ ਮਾਲੇਰਕੋਟਲਾ ਦੇ ਇਤਿਹਾਸਕ ਪਿੰਡ ਕੁਠਾਲਾ ਵਿਖੇ ਵੱਡੇ ਘੱਲੂਘਾਰੇ ਦੇ ਸ਼ਹੀਦ ਸਿੰਘਾਂ ਦੀ ਯਾਦ ‘ਚ ਬਣੇ ਤਪ ਅਸਥਾਨ ਸ਼ਹੀਦ ਬਾਬਾ ਸੁਧਾ ਸਿੰਘ ਜੀ ਦੇ ਪਵਿੱਤਰ ਅਸਥਾਨ ਤੇ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਆਪਸੀ ਭਾਈਚਾਰੇ ਦੀ ਬਹੁਤ ਖ਼ੂਬਸੂਰਤ ਮਿਸ਼ਾਲ ਦੇਖਣ ਨੂੰ ਮਿਲੀ, ਜਿਸ ਵਿੱਚ ਸਿੱਖਾਂ ਤੇ ਮੁਸਲਮਾਨਾਂ ਨੇ ਮਿਲਕੇ ਰੋਜ਼ੇਦਾਰਾਂ ਦੇ ਰੋਜ਼ੇ ਖੁਲਵਾਏ। ਗੁਰਦੁਆਰਾ ਸਾਹਿਬ ਦੇ ਲੰਗਰ ਹਾਲ ਸੁਲਤਾਨ ਉਲ ਕੌਮ ਜੱਸਾ ਸਿੰਘ ਆਹਲੂਵਾਲੀਆ ਵਿਖੇ ਧਰਮ ਰੋਜ਼ਾ ਇਫ਼ਤਾਰ ਪਾਰਟੀ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਮੁਸਲਿਮ ਭਾਈਚਾਰੇ ਤੋਂ ਇਲਾਵਾ ਹੋਰ ਧਰਮਾਂ ਦੇ ਲੋਕਾਂ ਨੇ ਵੀ ਸ਼ਿਰਕਤ ਕੀਤੀ। ਇਸ ਮੌਕੇ ਵਿਸ਼ੇਸ਼ ਤੌਰ ਤੇ ਗੁਰਦੁਆਰਾ ਸਾਹਿਬ ਦੀ ਪ੍ਰਬੰਧਕੀ ਕਮੇਟੀ ਦੇ ਪ੍ਰਧਾਨ ਬਾਬਾ ਗੁਰਦੀਪ ਸਿੰਘ ਖ਼ਾਲਸਾ ਅਤੇ ਖਾਜਾਨਚੀ ਗੋਬਿੰਦ ਸਿੰਘ ਫੌਜ਼ੀ ਤੇ ਗੁਰਦੁਆਰਾ ਸਾਹਿਬ ਜੀ ਦੇ ਮੁੱਖ ਗ੍ਰੰਥੀ ਭਾਈ ਗਗਨਦੀਪ ਸਿੰਘ ਜੀ ਨੇ ਪਾਰਟੀ ‘ਚ ਸ਼ਿਰਕਤ ਕਰਨ ਆਏ ਸਾਰੇ ਰੋਜ਼ੇਦਾਰ ਮਹਿਮਾਨਾਂ ਦਾ ਸਵਾਗਤ ਕਰਦੇ ਹੋਏ ‘ਜੀ ਆਇਆਂ ਕਿਹਾ’ ਰੋਜ਼ੇ ਨੂੰ ਸਿਹਤ ਅਤੇ ਤੰਦਰੁਸਤੀ ਦੀ ਗਾਰੰਟੀ ਦੱਸਦਿਆਂ ਕਿਹਾ ਕਿ ਉਨ੍ਹਾਂ ਦੀ ਖੁਸ਼ਕਿਸਮਤੀ ਹੈ ਕਿ ਇਫ਼ਤਾਰ ਪਾਰਟੀ ‘ਚ ਸਾਰੇ ਧਰਮਾਂ ਦੇ ਲੋਕਾਂ ਨੇ ਉਨ੍ਹਾਂ ਦੀ ਬੇਨਤੀ ਤੇ ਤਸ਼ਰੀਫ ਲਿਆਏ ਹਨ, ਜਿਸ ਨਾਲ ਉਨ੍ਹਾਂ ਨੂੰ ਬਹੁਤ ਹੌਂਸਲਾ ਮਿਲਿਆ ਹੈ ਤੇ ਆਸ ਹੈ ਕਿ ਭਵਿੱਖ ‘ਚ ਵੀ ਨਗਰ ਨਿਵਾਸੀ ਸਾਡੇ ‘ਸਰਬ ਧਰਮ ਸਮਾਗਮਾਂ ‘ਚ ਸ਼ਾਮਲ ਹੁੰਦੇ ਰਹਿਣਗੇ। ਇਸ ਮੌਕੇ ਮਸਜ਼ਿਦ ਕੁਠਾਲਾ ਦੇ ਮੌਲਵੀ ਮੁਹੰਮਦ ਤਸੱਬਰ ਨੇ ਰੋਜ਼ੇ ਦੀ ਮਹੱਤਤਾ ਬਾਰੇ ਦੱਸਦਿਆਂ ਕਿਹਾ ਕਿ ਰੋਜ਼ੇ ਦਾ ਅਰਥ ਹੈ ਰੁਕਣਾ, ਰੋਜ਼ਾ ਬੰਦੇ ਲਈ ਤਕਵਾ, ਨੇਕੀ ਤੇ ਪਰਹੇਜਗਾਰੀ ਦੀ ਤਰਬਿਅਤ ਦਿੰਦਾ ਹੈ। ਰੋਜ਼ਾ ਇਨਸਾਨ ਦਾ ਰਿਸ਼ਤਾ ਰੱਬ ਨਾਲ ਮਜ਼ਬੂਤ ਬਣਾਉਂਦਾ ਹੈ। ਮੌਲਵੀ ਸਾਹਿਬ ਨੇ ਕਿਹਾ ਕਿ ਰੋਜ਼ਾ ਰੱਖਣ ਦਾ ਫ਼ਾਇਦਾ ਸਿਰਫ਼ ਧਾਰਮਿਕ ਪੱਖ ਅਤੇ ਦ੍ਰਿਸ਼ਟੀਕੋਣ ਤੋਂ ਹੀ ਨਹੀਂ, ਸਗੋਂ ਇਸ ਨਾਲ ਵਿਅਕਤੀ ਨੂੰ ਸਮਾਜਿਕ, ਸਰੀਰਕ, ਮਾਨਸਿਕ ਤੇ ਨੈਤਿਕ ਪੱਖ ਤੋਂ ਵੀ ਲਾਭ ਪਹੁੰਚਦਾ ਹੈ। ਉਨ੍ਹਾਂ ਕਿਹਾ ਕਿ ਰਮਜ਼ਾਨ ਦਾ ਮਹੀਨਾ ਸਾਨੂੰ ਆਪਸੀ ਭਾਈਚਾਰਕ ਸਾਂਝ ਨੂੰ ਕਾਇਮ ਰੱਖਣ ਦਾ ਸੰਦੇਸ਼ ਦਿੰਦਾ ਹੈ ਅਤੇ ਇਸ ਮਹੀਨੇ ਵੱਖ-ਵੱਖ ਧਰਮਾਂ ਦੇ ਲੋਕ, ਸਮਾਜਿਕ ਸੰਸਥਾਂਵਾ ਮੁਸਲਿਮ ਭਾੲਚੀਾਰੇ ਦੇ ਰੋਜ਼ੇ ਖੁਲਵਾਉਂਦੀਆਂ ਹਨ। ਜਿਸ ਨਾਲ ਆਪਸੀ ਭਾਈਚਾਰਕ ਸਾਂਝ ਹੋਰ ਮਜ਼ਬੂਤ ਹੁੰਦੀ ਹੈ। ਸ਼ਾਮ ਨੂੰ ਮਗਰਵ ਦੀ ਨਮਾਜ਼ ਰੋਜ਼ੇ ਦਾਰਾਂ ਵੱਲੋਂ ਗੁਰਦੁਆਰਾ ਸਾਹਿਬ ਵਿਖੇ ਹੀ ਅਦਾ ਕੀਤੀ ਗਈ, ਤੇ ਰੋਜ਼ਾ ਖੋਲ੍ਹਣ ਉਪਰੰਤ ਮੌਲਵੀ ਸਾਹਿਬ ਵੱਲੋਂ ਸਰਬੱਤ ਦੇ ਭਲੇ ਲਈ ਦੁਆ ਵੀ ਕੀਤੀ ਗਈ ਮੌਲਵੀ ਮੁਹੰਮਦ ਤਸੱਬਰ ਨੇ ਕਿਹਾ ਕਿ ਨਗਰ ਕੁਠਾਲਾ ਦੀ ਆਪਸੀ ਸਾਂਝ ਤੇ ਰਵਾਇਤ ਨੂੰ ਕਾਇਮ ਰੱਖਣਾ ਸਦੀਆਂ ਤੋਂ ਚੱਲੀ ਆ ਰਹੀ ਪਰੰਪਰਾ ਦਾ ਸਿੱਟਾ ਹੈ ਜੋਂ ਕਿ ਇੱਕ ਵੱਡੇ ਭਾਗਾਂ ਵਾਲਾ ਨਗਰ ਹੈ ਜਿੱਥੇ ਸਾਰੇ ਧਰਮਾਂ ਦੇ ਲੋਕ ਆਪਸ ਵਿੱਚ ਮਿਲ-ਜੁਲਕੇ ਬੜੇ ਪਿਆਰ ਤੇ ਨਾਲ ਰਹਿੰਦੇ ਹਨ।ਪਰ ਅੱਜ ਇਕ ਪਾਸੇ ਦੇਸ਼ ਦੇ ਲੋਕ ਫ਼ਿਰਕਾਪ੍ਰਸਤ ਤਾਕਤਾਂ ਦੀ ਭੇਟ ਚੜ੍ਹ ਕੇ ਆਪਣੇ ਖ਼ੇਤਰ ਦੇ ਮਾਹੌਲ਼ ਨੂੰ ਖ਼ਰਾਬ ਕਰ ਰਹੇ ਹਨ ਤਾਂ ਦੂਜੇ ਪਾਸੇ ਨਗਰ ਕੁਠਾਲਾ ਦੇ ਬਾਸ਼ਿੰਦੇ ਹਿੰਦੂ, ਸਿੱਖ ਤੇ ਮੁਸਲਮਾਨ ਇਕ ਦੂਜੇ ਦੇ ਤਿਉਹਾਰ ਮੌਕੇ ਆਪਸੀ ਪਿਆਰ ਅਤੇ ਸਦਭਾਵਨਾ ਦੀ ਹਰ ਵਾਰ ਮਿਸ਼ਾਲ ਬਣ ਕੇ ਖੁਸ਼ੀਆਂ ਸਾਂਝੀਆਂ ਕਰਦੇ ਹਨ। ਰੋਜ਼ਾ ਇਫ਼ਤਾਰ ਪਾਰਟੀ ‘ਚ ਸ਼ਿਰਕਤ ਕਰਨ ਲਈ ਪਹੁੰਚੇ ਸਾਰੇ ਰੋਜ਼ੇਦਾਰਾਂ ਦਾ ਅਤੇ ਮੁਸਲਿਮ ਧਰਮ ਪ੍ਰਚਾਰ ਲਈ ਮਾਲੇਰਕੋਟਲਾ ਤੋਂ ਆਈ ਜਾਮਾਤ ਨੇ ਵੀ ਸ਼ਿਰਕਤ ਕੀਤੀ। ਗੁਰਦੁਆਰਾ ਸਾਹਿਬ ਦੀ ਪ੍ਰਬੰਧਕੀ ਕਮੇਟੀ ਪ੍ਰਧਾਨ ਬਾਬਾ ਗੁਰਦੀਪ ਸਿੰਘ ਖ਼ਾਲਸਾ ਤੇ ਬਾਬਾ ਜਗਦੀਪ ਸਿੰਘ ਬਿੱਟੂ ਵੱਲੋਂ ਮਸ਼ਜਿਦ ਕੁਠਾਲਾ ਦੇ ਮੌਲਵੀ ਅਤੇ ਜਾਮਾਤ ਦੀ ਅਗਵਾਈ ਕਰ ਰਹੇ ਭਾਈ ਨੂੰ ਸਿਰੋਪਾਓ ਪਾਕੇ ਤੇ ਮੋਮੈਂਟੋ ਨਾਲ ਸਨਮਾਨ ਵੀ ਕੀਤਾ ਅਤੇ ਪਾਰਟੀ ‘ਚ ਸ਼ਿਰਕਤ ਕਰਨ ਆਏ ਸਾਰੇ ਮੁਸਲਿਮ ਵੀਰਾਂ ਦਾ ਤਹਿ-ਦਿਲੋਂ ਧੰਨਵਾਦ ਵੀ ਕੀਤਾ। ਇਸ ਮੌਕੇ ਤੇ ਬਾਬਾ ਜਗਦੀਪ ਸਿੰਘ ਬਿੱਟੂ, ਜਗਦੇਵ ਸਿੰਘ ਚਹਿਲ, ਸਰਪੰਚ ਗੁਰਲਵਲੀਨ ਸਿੰਘ ਕੁਠਾਲਾ, ਮਾਸਟਰ ਗੁਰਮੀਤ ਸਿੰਘ ਸੰਧੂ, ਕਿਸਾਨ ਆਗੂ ਤੇਜਵੰਤ ਸਿੰਘ ਕੁੱਕੀ ਕੁਠਾਲਾ, ਗੁਰਜੰਟ ਸਿੰਘ ਕੁਠਾਲਾ, ਚਰਨਜੀਤ ਸਿੰਘ ਚੰਨਾ ਗਿੱਲ, ਲਖਵੀਰ ਸਿੰਘ ਚਹਿਲ, ਬਾਬਾ ਰਾਮ ਸਿੰਘ ਚਹਿਲ, ਮਨਪ੍ਰੀਤ ਸਿੰਘ ਮਨੂ, ਮਿਸਤਰੀ ਸਤਨਾਮ ਸਿੰਘ, ਕੁਲਵੰਤ ਸਿੰਘ ਸੰਧੂ, ਸਤਿੰਦਰ ਸਿੰਘ ਰੰਧਾਵਾ, ਜਸਪ੍ਰੀਤ ਸਿੰਘ ਚਹਿਲ ਅੰਮ੍ਰਿਤਪਾਲ ਸਿੰਘ ਮਹਿਰਾ, ਪਰਮਜੀਤ ਸਿੰਘ ਪੰਮਾ ਧਾਲੀਵਾਲ, ਮੁਹੰਮਦ ਪਰਵੇਜ਼, ਬੱਬੀ ਸਹੋਤਾ, ਨਵੀ ਸਹੋਤਾ, ਸੁਰਾਜ ਮਲੀਮ, ਜੀਤਾ ਢੋਲੀ, ਅਕਬਰ ਅਲੀ ਕਾਲਾ ਕਾਬਾੜੀਆ, ਗੋਲਾ, ਭੰਗੂ ਖਾਂ, ਫੋਟੋਗਰਾਫ਼ਰ ਫਰਿਆਦ ਮਲਿਕ, ਕਾਲੀ, ਡਾਕਟਰ ਸਤਾਰ ਖ਼ਾਨ, ਡਾਕਟਰ ਮੁਹੰਮਦ ਇਮਰਾਨ ਬਿੰਨੂ, ਰਾਜੂ ਖਾਂ, ਸੁਖਦੀਪ ਸਿੰਘ ਚਹਿਲ, ਘੋਗਾ ਖਾਂ, ਸਦੀਕ ਖਾਂ ਤੋਂ ਇਲਾਵਾ ਵੱਖ-ਵੱਖ ਧਾਰਮਿਕ, ਸਮਾਜਿਕ ਤੇ ਸਿਆਸੀ ਜਥੇਬੰਦੀਆਂ ਦੇ ਲੋਕਾਂ ਨੇ ਰੋਜ਼ਾ ਇਫ਼ਤਾਰ ਪਾਰਟੀ ‘ਚ ਸ਼ਿਰਕਤ ਕੀਤੀ।

Leave a Reply

Your email address will not be published.


*