ਐਸ.ਡੀ.ਐਮ. ਹਰਕੰਵਲਜੀਤ ਵੱਲੋਂ ਨਰੇਗਾ ਵਰਕਰਾਂ ਨੂੰ ਵੋਟ ਦੀ ਮਹੱਤਤਾ ਬਾਰੇ ਕੀਤਾ ਜਾਗਰੂਕ

ਮੋਗਾ, ( Manpreet singh)
ਲੋਕ ਸਭਾ ਦੀਆਂ ਚੋਣਾਂ ਦੁਨੀਆਂ ਦੀਆਂ ਸਭ ਤੋਂ ਵੱਡੀਆਂ ਚੋਣਾਂ ਹਨ, ਭਾਰਤ ਸਤ ਫ਼ੀਸਦੀ ਵੋਟਾਂ ਪਵਾਉਣ ਲਈ ਲਗਾਤਾਰ ਕੋਸ਼ਿਸ਼ ਕਰ ਰਿਹਾ ਹੈ। ਹਾਲਾਂਕਿ ਰਾਜਨੀਤੀ ਲੋਕਾਂ ਲਈ ਬਹੁਤ ਉਲਝਣ ਵਾਲਾ ਵਿਸ਼ਾ ਹੈ ਪਰ ਇਹ ਸਾਡਾ ਫ਼ਰਜ਼ ਹੈ ਕਿ ਅਸੀਂ ਗੰਭੀਰ ਮੁੱਦੇ ਜਿਵੇਂ ਕਿ ਗ਼ਰੀਬੀ ਹਟਾਉਣਾ, ਬਜ਼ੁਰਗਾਂ ਲਈ ਸੁਵਿਧਾ, ਪੜ੍ਹਾਈ, ਮੂਲ ਸੁਵਿਧਾਵਾਂ, ਵਾਤਾਵਰਨ ਦੀ ਸੁਰੱਖਿਆ, ਖੇਤੀ, ਤੇ ਸ਼ਹਿਰੀ ਵਿਕਾਸ ਲਈ ਖੜੀਏ। ਹਰੇਕ ਪ੍ਰਕਾਰ ਦੀਆਂ ਚੋਣਾਂ ਵਿੱਚ ਹਰੇਕ ਵਰਗ ਦੇ ਲੋਕਾਂ ਦੀ ਸ਼ਮੂਲੀਅਤ ਹੋਣੀ ਬਹੁਤ ਜਰੂਰੀ ਹੈ ਫਿਰ ਹੀ ਮਜਬੁਤ ਲੋਕਤੰਤਰ ਦਾ ਨਿਰਮਾਣ ਹੋ ਸਕਦਾ ਹੈ।
ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਐਸ.ਡੀ.ਐਮ. ਬਾਘਾਪੁਰਾਣਾ ਸ੍ਰ. ਹਰਕੰਵਲਜੀਤ ਸਿੰਘ ਨੇ ਪਿੰਡ ਘੋਲੀਆ ਕਲਾਂ ਵਿਖੇ ਨਰੇਗਾ ਵਰਕਰਾਂ ਨੂੰ ਵੋਟ ਦੀ ਮਹੱਤਤਾ ਬਾਰੇ ਜਾਗਰੂਕ ਕਰਨ ਮੌਕੇ ਕੀਤਾ। ਇਸ ਮੌਕੇ ਉਨ੍ਹਾਂ ਨਾਲ ਦਵਿੰਦਰ ਸਿੰਘ ਬੀਡੀਪੀਓ ਅਤੇ ਸਵੀਪ ਨੋਡਲ ਅਫਸਰ ਬਾਘਾਪੁਰਾਣਾ ਸੰਜੀਵ ਕੁਮਾਰ ਅਤੇ ਹੋਰ ਵੀ ਮੌਜੂਦ ਸਨ।
ਸ੍ਰ. ਹਰਕੰਵਲਜੀਤ ਸਿੰਘ ਨੇ ਦੱਸਿਆ ਕਿ 2019 ਦੀਆਂ ਲੋਕ ਸਭਾ ਚੋਣਾਂ ਵਿੱਚ ਇੱਥੇ ਵੋਟ ਪ੍ਰਤੀਸ਼ਤਤਾ ਕਾਫ਼ੀ ਘੱਟ ਸੀ, ਹੁਣ ਇੱਥੋਂ ਦੇ ਸਮੂਹ ਵਰਗ ਦੇ ਲੋਕਾਂ ਨੂੰ ਵੋਟ ਫੀਸਦੀ ਵਧਾਉਣ ਲਈ ਮਿਲ ਕੇ ਯੋਗਦਾਨ ਦੇਣਾ ਚਾਹੀਦਾ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸ਼ਨ ਲੋਕ ਸਭਾ ਚੋਣਾਂ-2024  ਨਿਰਪੱਖ ਤੇ ਪਾਰਦਰਸ਼ੀ ਢੰਗ ਨਾਲ ਨੇਪਰੇ ਚਾੜ੍ਹਨ ਲਈ ਵਚਨਬੱਧ ਹੈ। ਚੋਣ ਜ਼ਾਬਤੇ ਦੀ ਉਲੰਘਣਾ ਜਾਂ ਹੋਰ ਚੋਣਾਂ ਸਬੰਧੀ ਸ਼ਿਕਾਇਤਾਂ ਦੇ ਤੁਰੰਤ ਨਿਪਟਾਰੇ ਲਈ ਜ਼ਿਲ੍ਹਾ ਪੱਧਰੀ ਤੇ ਸਬ ਡਿਵੀਜ਼ਨਲ ਪੱਧਰੀ ਕੰਟਰੋਲ ਰੂਮ ਲਗਾਤਾਰ ਕੰਮ ਕਰ ਰਹੇ ਹਨ। ਉਨ੍ਹਾਂ ਵੋਟਾਂ ਵਿੱਚ ਸਹਾਈ ਹੋਣ ਵਾਲੇ ਸਕਸ਼ਮ ਐਪ, ਵੋਟਰ ਹੈਲਪਲਾਈਨ ਐਪ ਬਾਰੇ ਵੀ ਵਿਸਥਾਰ ਨਾਲ ਦੱਸਿਆ। ਇੱਥੇ ਮੌਜੂਦ ਸਮੂਹ ਨਰੇਗਾ ਵਰਕਰਾਂ ਨੇ ਪ੍ਰਣ ਵੀ ਲਿਆ ਕਿ ਉਹ ਆਪਣੀ ਵੋਟ ਦੇ ਅਧਿਕਾਰ ਦਾ ਬਿਨ੍ਹਾਂ ਕਿਸੇ ਡਰ ਜਾਂ ਲਾਲਚ ਤੋਂ ਇਸਤੇਮਾਲ ਕਰਨਗੇ।

Leave a Reply

Your email address will not be published.


*