ਲੁਧਿਆਣਾ ( ਵਿਜੇ ਭਾਂਬਰੀ )- ਯੂਥ ਅਕਾਲੀ ਦਲ ਲੁਧਿਆਣਾ ਸ਼ਹਿਰੀ ਦੇ ਪ੍ਰਧਾਨ ਆਕਾਸ਼ਦੀਪ ਸਿੰਘ ਭੱਠਲ ਨੇ ਮੀਡੀਆ ਦੇ ਨਾਲ ਗੱਲਬਾਤ ਸਮੇਂ ਕੇਜਰੀਵਾਲ ਦੀ ਗ੍ਰਿਫਤਾਰੀ ਬਾਰੇ ਬੋਲਦਿਆਂ ਕਿਹਾ ਕਿ ਜਦੋਂ ਪੰਜਾਬ ਦੇ ਵਿੱਚ ਆਪ ਸਰਕਾਰ ਸੱਤਾ ਤੇ ਕਾਬਜ਼ ਹੋਈ ਸੀ ਤਾਂ ਉਸ ਵੇਲੇ ਆਪ ਆਗੂ ਬੜੇ ਵੱਡੇ ਵੱਡੇ ਬਿਆਨ ਦਿੰਦੇ ਸੀ ਕਿ ਕਿਸੇ ਨੂੰ ਵੀ ਬਖਸ਼ਿਆ ਨਹੀਂ ਜਾਵੇਗਾ ਤੇ ਕਿਸੇ ਵੀ ਤਰ੍ਹਾਂ ਦੇ ਘੁਟਾਲਿਆਂ ਵਿੱਚ ਸ਼ਾਮਿਲ ਹੋਣ ਵਾਲਿਆਂ ਨੂੰ ਜੇਲ ਯਾਤਰਾ ਕਰਨੀ ਪਵੇਗੀ। ਸਿਰਫ ਇੰਨਾ ਹੀ ਨਹੀਂ ਮੁੱਖ ਮੰਤਰੀ ਮਾਨ ਸਾਹਿਬ ਨੇ ਕਾਂਗਰਸੀ ਆਗੂਆਂ ਦੇ ਉੱਪਰ ਨਿਸ਼ਾਨੇ ਸਾਧਦੇ ਹੋਏ ਸੁਰਖੀਆਂ ਵੀ ਵਟੋਰੀਆਂ ਸਨ। ਪ੍ਰੰਤੂ ਹੁਣ ਜਦੋਂ ਉਨਾਂ ਦੀ ਆਪਣੀ ਪਾਰਟੀ ਦੇ ਵੱਡੇ ਲੀਡਰ ਗ੍ਰਿਫਤਾਰ ਕੀਤੇ ਗਏ ਹਨ ਤਾਂ ਹਾਏ ਤੌਬਾ ਕਿਸ ਗੱਲ ਦੀ। ਉਹਨਾਂ ਕਿਹਾ ਕਿ ਸਿਰਫ ਇੰਨਾ ਹੀ ਨਹੀਂ ਅਗਰ ਕੇਜਰੀਵਾਲ ਆਪਣੇ ਆਪ ਨੂੰ ਬੇਕਸੂਰ ਸਮਝਦੇ ਸਨ ਤਾਂ ਉਹ ਬਾਰ ਬਾਰ ਈ.ਡੀ ਦੇ ਸੰਮਨ ਭੇਜਣ ਦੇ ਬਾਵਜੂਦ ਵੀ ਪੇਸ਼ ਕਿਉਂ ਨਹੀਂ ਹੋਏ? ਉਹਨਾਂ ਨੂੰ ਕਿਸ ਗੱਲ ਦਾ ਡਰ ਸਤਾ ਰਿਹਾ ਸੀ। ਅਕਾਸ਼ਦੀਪ ਭੱਠਲ ਨੇ ਕਿਹਾ ਕਿ ਆਪ ਪਾਰਟੀ ਦੂਜਿਆਂ ਤੇ ਵਾਰ ਕਰਨਾ ਜਾਣਦੀ ਹੈ ਜਦਕਿ ਜਦੋਂ ਹੁਣ ਉਹਨਾਂ ਦੇ ਆਪਣੇ ਉੱਪਰ ਗਾਜ ਡਿੱਗੀ ਤਾਂ ਪੰਜਾਬ ਦੇ ਸਾਰੇ ਲੀਡਰ ਪੰਜਾਬ ਦਾ ਖਿਆਲ ਰੱਖਣ ਦੀ ਬਜਾਏ ਦਿੱਲੀ ਵੱਲ ਨੂੰ ਕੂਚ ਕਰ ਰਹੇ ਹਨ ਤਾਂ ਜੋ ਆਪਣੇ ਆਕਾ ਨੂੰ ਖੁਸ਼ ਕਰ ਸਕਣ। ਪ੍ਰੰਤੂ ਉਹ ਭੁੱਲ ਰਹੇ ਹਨ ਕਿ ਆਮ ਆਦਮੀ ਪਾਰਟੀ ਨੂੰ ਸੱਤਾ ਤੇ ਸੂਬੇ ਦੇ ਲੋਕਾਂ ਨੇ ਬਿਠਾਇਆ ਹੈ ਤੇ ਸੂਬੇ ਦੇ ਲੋਕ ਸੱਤਾ ਤੋਂ ਉਤਾਰਨਾ ਵੀ ਜਾਣਦੇ ਨੇ।
Leave a Reply