ਸੰਗਰੂਰ, ::::::::::::::::::::::: ਜ਼ਿਲ੍ਹਾ ਸੰਗਰੂਰ ਦੇ ਦਿੜ੍ਹਬਾ ਮੰਡੀ ਦੇ ਗੁੱਜਰਾਂ ਪਿੰਡ ਦੇ 5 ਵਿਅਕਤੀਆਂ ਦੀ ਬੁੱਧਵਾਰ ਨੂੰ ਜ਼ਹਿਰੀਲੀ ਸ਼ਰਾਬ ਪੀਣ ਨਾਲ ਦੀ ਮੌਤ ਹੋ ਗਈ ਹੈ। ਮਰਨ ਵਾਲਿਆਂ ਦੀ ਪਛਾਣ ਲਾਡੀ ਸਿੰਘ (21), ਭੋਲਾ ਸਿੰਘ (50), ਨਿਰਮਲ ਸਿੰਘ (42), ਪ੍ਰਗਟ ਸਿੰਘ (42) ਅਤੇ ਜਗਜੀਤ ਸਿੰਘ (30) ਵਜੋਂ ਕੀਤੀ ਗਈ ਹੈ ਅਤੇ ਪੁਲਿਸ ਨੇ ਲਾਸ਼ਾਂ ਪੋਸਟਮਾਰਟਮ ਲਈ ਹਸਪਤਾਲ ਭੇਜ ਦਿੱਤੀਆਂ ਹਨ। ਪੰਜ ਵਿਅਕਤੀ ਹਸਪਤਾਲ ਵਿੱਚ ਜ਼ੇਰੇ-ਇਲਾਜ ਹਨ। ਮਿਰਤਕ ਦਲਿਤ ਪਰਿਵਾਰਾਂ ਨਾਲ ਸੰਬੰਧਤ ਸਨ। ਪੰਜ ਮੌਤਾਂ ਕਾਰਨ ਪਿੰਡ ਵਿੱਚ ਸੋਗ ਦੀ ਲਹਿਰ ਹੈ। ਦਿੜ੍ਹਬਾ ਪੁਲਿਸ ਨੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ
ਪ੍ਰਾਪਤ ਜਾਣਕਾਰੀ ਅਨੁਸਾਰ 5 ਵਿਆਕਤੀ ਹਸਪਤਾਲ ਭਰਤੀ ਹਨ ਜਿਨ੍ਹਾਂ ਵਿਚੋਂ 2 ਦੀ ਸਥਿਤੀ ਗੰਭੀਰ ਦੱਸੀ ਜਾ ਰਹੀ ਹੈ। ਪਰਿਵਾਰ ਦਾ ਕਹਿਣਾ ਹੈ ਕਿ ਉਹ ਸਵੇਰ ਤੋਂ ਹੀ ਖੂਨ ਦੀਆਂ ਉਲਟੀਆਂ ਕਰ ਰਹੇ ਸਨ ਤੇ ਇਸ ਸਮੇਂ ਉਹਨਾਂ ਨੂੰ ਅੱਖਾਂ ਤੋਂ ਦਿਖਣਾ ਬੰਦ ਹੋ ਚੁੱਕਾ ਹੈ। ਮ੍ਰਿਤਕ ਵਿਅਕਤੀ ‘ਚ ਨਿਰਮਲ ਸਿੰਘ ਅਤੇ ਪ੍ਰਗਟ ਸਿੰਘ ਜੌੜੇ ਭਰਾ ਸੀ। ਪ੍ਰਾਪਤ ਜਾਣਕਾਰੀ ਅਨੁਸਾਰ ਉਹ ਦੋਵੇਂ ਜਣੇ ਦਿਹਾੜੀ ਕਰਕੇ ਆਏ ਸਨ।
ਸਿਵਲ ਹਸਪਤਾਲ ਸੰਗਰੂਰ ਵਿੱਚ ਮਰੀਜ਼ਾਂ ਦਾ ਇਲਾਜ ਕਰ ਰਹੇ ਡਾ. ਰਾਹੁਲ ਨੇ ਦੱਸਿਆ, “ਸਾਡੇ ਕੋਲ ਸਵਾ ਗਿਆਰਾਂ ਦੇ ਕਰੀਬ ਗੁੱਜਰਾਂ ਤੋਂ ਤਿੰਨ ਮਰੀਜ਼ ਆਏ ਹਨ। ਉਨ੍ਹਾਂ ਵਿੱਚ ਮੀਥਾਨੌਲ ਦੀ ਜ਼ਹਿਰ ਦੇ ਲੱਛਣ ਹਨ। ਤਿੰਨ੍ਹਾਂ ਦੀ ਜਾਂਚ ਅੱਖਾਂ ਦੇ ਸਰਜਨ ਅਤੇ ਮਨੋਰੋਗ ਮਾਹਰ ਨੇ ਕਰ ਲਈ ਹੈ। ਤਿੰਨ੍ਹਾਂ ਵਿੱਚੋਂ ਲਾਡੀ ਨਾਮ ਦੇ ਮਰੀਜ਼ ਬਾਰੇ ਆਈ ਸਰਜਨ ਨੂੰ ਲਗਦਾ ਹੈ ਕਿ ਉਸਦੀਆਂ ਅੱਖਾਂ ਉੱਤੇ ਅਸਰ ਹੋ ਗਿਆ ਹੈ। ਸਰਜਨ ਡਾ. ਸ਼ਵੀਨਾ ਗਰਗ ਨੇ ਦੱਸਿਆ, “ਲਾਡੀ ਤੋਂ ਇਲਾਵਾ ਬਾਕੀ ਦੋ ਮਰੀਜ਼ ਫਿਲਹਾਲ ਠੀਕ ਹਨ। ਹਾਲਾਂਕਿ ਉਨ੍ਹਾਂ ਨੂੰ ਵੀ ਨਿਗਰਾਨੀ ਹੇਠ ਹੀ ਰੱਖਣਾ ਪਵੇਗਾ ਕਿਉਂਕਿ ਮਿਥੇਨੋਲ ਦਾ ਅਸਰ ਦੇਰੀ ਨਾਲ ਵੀ ਆਉਂਦਾ ਹੈ।”
ਉਧਰ ਦਿੜ੍ਹਬਾ ਦੇ ਪਿੰਡ ਗੁੱਜਰਾਂ ਵਿਖੇ 5 ਵਿਅਕਤੀਆਂ ਦੀ ਗੈਰ ਕੁਦਰਤੀ ਤੌਰ ‘ਤੇ ਹੋਈ ਮੌਤ ਦੇ ਮਾਮਲੇ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਨੇ ਫੌਰੀ ਕਦਮ ਚੁੱਕਦਿਆਂ ਹਾਈ ਪਾਵਰ ਜਾਂਚ ਕਮੇਟੀ ਦਾ ਗਠਨ ਕੀਤਾ ਹੈ ਜੋ ਕਿ ਇਨ੍ਹਾਂ ਮੌਤਾਂ ਦੇ ਕਾਰਨਾਂ ਦੀ ਜਾਂਚ ਲਈ ਵੱਖ-ਵੱਖ ਪਹਿਲੂਆਂ ਤੇ ਤੱਥਾਂ ਦੇ ਆਧਾਰ ’ਤੇ ਪੜਤਾਲ ਕਰਕੇ ਅਗਲੇ 72 ਘੰਟਿਆਂ ਵਿੱਚ ਆਪਣੀ ਰਿਪੋਰਟ ਸੌਂਪੇਗੀ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਨੇ ਐਸ.ਐਸ.ਪੀ ਸਰਤਾਜ ਸਿੰਘ ਚਹਿਲ ਸਮੇਤ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਪ੍ਰੈਸ ਕਾਨਫਰੰਸ ਦੌਰਾਨ ਦਿੱਤੀ। ਉਨ੍ਹਾਂ ਦੱਸਿਆ ਕਿ ਇਸ ਹਾਈ ਪਾਵਰ ਜਾਂਚ ਕਮੇਟੀ ਦਾ ਚੇਅਰਮੈਨ ਐਸ.ਡੀ.ਐਮ ਦਿੜ੍ਹਬਾ ਨੂੰ ਲਗਾਇਆ ਗਿਆ ਹੈ ਜਦਕਿ ਡੀ.ਐਸ.ਪੀ ਦਿੜ੍ਹਬਾ, ਸੀਨੀਅਰ ਮੈਡੀਕਲ ਅਫ਼ਸਰ ਦਿੜ੍ਹਬਾ ਤੇ ਈ.ਟੀ.ਓ ਦਿੜ੍ਹਬਾ (ਆਬਕਾਰੀ) ਨੂੰ ਮੈਂਬਰ ਲਗਾਇਆ ਗਿਆ ਹੈ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸਿਹਤ ਵਿਭਾਗ, ਐਕਸਾਈਜ਼ ਵਿਭਾਗ, ਪੁਲਿਸ ਤੇ ਸਿਵਲ ਪ੍ਰਸ਼ਾਸਨ ’ਤੇ ਅਧਾਰਿਤ ਇਸ ਟੀਮ ਦੀ ਰਿਪੋਰਟ ਤੋਂ ਬਾਅਦ ਇਸ ਦੁਖਾਂਤਕ ਘਟਨਾ ਲਈ ਜਿੰਮੇਵਾਰ ਪਾਏ ਜਾਣ ਵਾਲੇ ਵਿਅਕਤੀਆਂ ਖਿਲਾਫ਼ ਸਖਤ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇੇਗੀ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਨ੍ਹਾਂ 5 ਵਿਅਕਤੀਆਂ ਦੀ ਹੋਈ ਗੈਰ ਕੁਦਰਤੀ ਮੌਤ ਦੇ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਪ੍ਰਸ਼ਾਸਨ ਨੇ ਫੌਰੀ ਕਾਰਵਾਈ ਕਰਦਿਆਂ ਪਿੰਡ ਗੁੱਜਰਾਂ ਵਿਖੇ ਘਰ ਘਰ ਸਰਵੇਖਣ ਸ਼ੁਰੂ ਕਰਵਾ ਦਿੱਤਾ ਹੈ ਕਿ ਜੇਕਰ ਕਿਸੇ ਘਰ ਵਿੱਚ ਕਿਸੇ ਵਿਅਕਤੀ ਦੀ ਸਿਹਤ ਖਰਾਬ ਹੋਣ ਸਬੰਧੀ ਕੋਈ ਲੱਛਣ ਸਾਹਮਣੇ ਆਉਣ ’ਤੇ ਫੌਰੀ ਮੈਡੀਕਲ ਸੁਵਿਧਾ ਮੁਹੱਈਆ ਕਰਵਾਈ ਜਾ ਸਕੇ ਤਾਂ ਜੋ ਕੋਈ ਹੋਰ ਅਣਸੁਖਾਵੀਂ ਘਟਨਾ ਨਾ ਵਾਪਰ ਸਕੇ। ਉਨ੍ਹਾਂ ਦੱਸਿਆ ਕਿ ਸਰਵੇਖਣ ਕਰ ਰਹੀਆਂ ਇਨ੍ਹਾਂ ਟੀਮਾਂ ਵਿੱਚ ਸਿਵਲ ਸਰਜਨ ਦਫ਼ਤਰ, ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਦਫ਼ਤਰ, ਬਲਾਕ ਵਿਕਾਸ ਤੇ ਪੰਚਾਇਤ ਵਿਭਾਗ, ਮਾਲ ਵਿਭਾਗ ਤੇ ਪੁਲਿਸ ਵਿਭਾਗ ਦੇ ਨੁਮਾਇੰਦੇ ਸ਼ਾਮਲ ਹਨ
ਇਸ ਘਟਨਾ ਸਬੰਧੀ ਜ਼ਿਲ੍ਹਾ ਪੁਲਿਸ ਵੱਲੋਂ ਹੁਣ ਤੱਕ ਕੀਤੀ ਗਈ ਕਾਰਵਾਈ ਦੀ ਜਾਣਕਾਰੀ ਦਿੰਦਿਆਂ ਐਸ.ਐਸ.ਪੀ ਸਰਤਾਜ ਸਿੰਘ ਚਹਿਲ ਨੇ ਦੱਸਿਆ ਕਿ ਮਾਮਲੇ ਦੀ ਜਾਣਕਾਰੀ ਮਿਲਦਿਆਂ ਹੀ ਪੁਲਿਸ ਟੀਮ ਸਬੰਧਤ ਪਿੰਡ ਵਿੱਚ ਪਹੁੰਚੀ ਅਤੇ ਕਥਿਤ ਦੋਸ਼ੀਆਂ ਵਿਰੁੱਧ ਧਾਰਾ 302 ਤਹਿਤ ਕਤਲ ਦਾ ਮਾਮਲਾ ਦਰਜ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਮੁਢਲੀ ਤਫ਼ਤੀਸ਼ ਦੌਰਾਨ ਪਹਿਲਾਂ ਸੁਖਵਿੰਦਰ ਸਿੰਘ ਸੁੱਖੀ, ਮਨਪ੍ਰੀਤ ਸਿੰਘ ਮਨੀ ਅਤੇ ਗੁਰਲਾਲ ਸਿੰਘ ਨਾਂ ਦੇ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ, ਜੋ ਕਿ ਪਿੰਡ ਗੁੱਜਰਾਂ ਦੇ ਹੀ ਵਸਨੀਕ ਹਨ। ਉਨ੍ਹਾਂ ਕਿਹਾ ਕਿ ਮਾਮਲੇ ਦੀ ਅਗਲੀ ਤਫ਼ਤੀਸ਼ ਜਾਰੀ ਹੈ। ਉਹਨਾਂ ਦੱਸਿਆ ਕਿ ਪੁਲਿਸ ਵੱਲੋਂ ਮਾਮਲੇ ਦੀ ਡੁੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਇਸ ਮਾਮਲੇ ਦੀ ਤਹਿ ਤੱਕ ਜਾਣ ਲਈ ਡੀ.ਆਈ.ਜੀ ਪਟਿਆਲਾ ਰੇਂਜ ਖੁਦ ਇਸ ਮਾਮਲੇ ਦੀ ਨਿਗਰਾਨੀ ਕਰ ਰਹੇ ਹਨ ਅਤੇ ਸੰਗਰੂਰ ਵਿਖੇ ਹੀ ਮੌਜੂਦ ਹਨ। ਉਹਨਾਂ ਸਪਸ਼ਟ ਸ਼ਬਦਾਂ ਵਿੱਚ ਕਿਹਾ ਕਿ ਇਸ ਮਾੜੀ ਘਟਨਾ ਨੂੰ ਅੰਜਾਮ ਦੇਣ ਵਾਲੇ ਕਿਸੇ ਵੀ ਅਨਸਰ ਨੂੰ ਬਖਸ਼ਿਆ ਨਹੀਂ ਜਾਵੇਗਾ।
Leave a Reply