ਚੁਣੌਤੀਆਂ ਭਰੇ ਸਮੇਂ ਵਿਚ ਦੇਸ਼ ਦੀ 15ਵੀਂ ਰਾਸ਼ਟਰਪਤੀ ਚੁਣੀ ਗਈ ਮਾਨਯੋਗ ਦਰੋਪਦੀ ਮੁਰਮੂ

ਚੁਣੌਤੀਆਂ ਭਰੇ ਸਮੇਂ ਵਿਚ ਦੇਸ਼ ਦੀ 15ਵੀਂ ਰਾਸ਼ਟਰਪਤੀ ਚੁਣੀ ਗਈ ਮਾਨਯੋਗ ਦਰੋਪਦੀ ਮੁਰਮੂ

ਅੱਜ ਦੇਸ਼ ਇਸ ਸਮੇਂ ਬਹੁਤ ਹੀ ਚੁਣੌਤੀਆਂ ਭਰੇ ਸਮੇਂ ਵਿਚੋਂ ਲੰਘ ਰਿਹਾ ਹੈ ਕਿਉਂਕਿ ਇਸ ਸਮੇਂ ਮਹਿੰਗਾਈ ਤੇ ਬੇਰੁਜ਼ਗਾਰੀ ਨੇ ਜਿਸ ਤਰ੍ਹਾਂ ਲੋਕਾਂ ਨੂੰ ਉਸ ਸਥਿਤੀ ਵੱਲ ਝੌਂਕ ਦਿੱਤਾ ਹੈ ਕਿ ਹੁਣ ਉਹਨਾਂ ਕੋਲ ਲੱੁਟਾਂ ਖੋਹਾਂ ਕਰਨ ਤੋਂ ਇਲਾਵਾ ਕੋਈ ਹੱਲ ਨਹੀਂ ? ਅੱਜ ਮਹਿੰਗਾਈ ਨੇ ਜੋ ਹਾਲਾਤ ਪੈਦਾ ਕੀਤੇ ਹਨ ਉਸ ਸਥਿਤੀ ਵਿਚ ਰਹਿੰਦਿਆਂ ਜਦੋਂ ਦੇਸ਼ ਦੇ ਉਹਨਾਂ ਸਰਮਾਏਦਾਰਾਂ ਦੀ ਹਾਲਤ ਵੱਲ ਵੇਖੀਦਾ ਹੈ ਕਿ ਉਹ ਵਿਸ਼ਵ ਦੇ ਅਮੀਰਾਂ ਵਿਚ ਵਿਸ਼ੇਸ਼ ਸਥਾਨ ਹਾਸਲ ਕਰ ਰਹੇ ਹਨ ਅਤੇ ਵਾਹ-ਵਾਹ ਖੱਟ ਰਹੇ ਹਨ। ਹੁਣ ਜਦੋਂ ਸਥਿਤੀ ਇਹ ਕਿ ਅਮੀਰੀ-ਗਰੀਬੀ ਦਾ ਪਾੜਾ ਵੱਧ ਰਿਹਾ ਹੈ, ਵਿਤਕਰੇਬਾਜ਼ੀ ਵੱਧ ਰਹੀ ਹੈ , ਇਨਸਾਫ ਸਿਸਕੀਆਂ ਲੈ ਰਿਹਾ ਹੈ ਅਤੇ ਸੱਚ ਦੀ ਆਵਾਜ਼ ਦਾ ਗਲਾ ਘੁੱਟਿਆ ਜਾ ਰਿਹਾ ਹੈ । ਧਰਮ ਦੀ ਲੜਾਈ ਵੱਧ ਰਹੀ ਹੈ, ਧਰਮ ਦੇ ਨਾਂ ਤੇ ਟਿੱਪਣੀ ਜਦੋਂ ਕਤਲ ਕਰਵਾ ਰਹੀ ਹੈ ਤਾਂ ਉਸ ਸਥਿਤੀ ਵਿਚ ਇੱਕ ਪਾਸੇ ਤਾਂ ਗ੍ਰਿਫਤਾਰੀ ਤੱਕ ਨਹੀਂ ਹੋ ਰਹੀ ਅਤੇ ਇੱਕ ਪਾਸੇ ਕਈ ਕਈ ਦਿਨ ਬਿਨਾਂ ਕਸੂਰ ਦੇ ਲੋਕ ਜੇਲ੍ਹਾ ਕੱਟ ਰਹੇ ਹਨ ਭਾਵੇਂ ਕਿ ਮਾਨਯੋਗ ਸੁਪਰੀਮ ਕੋਰਟ ਦਾ ਇਨਸਾਫ ਪ੍ਰਤੀ ਰਵੱਈਆ ਬਹੁਤ ਹੀ ਸ਼ਲਾਘਾਯੋਗ ਹੈ ਤੇ ਉਸ ਨੇ ਸਰਕਾਰ ਅਤੇ ਪੁਲਿਸ ਨੂੰ ਕਈ ਮਾਮਲਿਆਂ ਵਿਚ ਫਿਟਕਾਰ ਵੀ ਲਗਾਈ ਹੈ।

ਅਜਿਹੀ ਸਥਿਤੀ ਵਿੱਚ ਇਸ ਚੁਣੌਤੀਆਂ ਭਰੇ ਸਮੇਂ ਵਿਚ ਐਨ. ਡੀ. ਏ. ਦੀ ਉਮੀਦਵਾਰ ਦਰੋਪਦੀ ਮੁਰਮੂ ਭਾਰਤ ਦੀ 15ਵੀਂ ਰਾਸ਼ਟਰਪਤੀ ਹੋਣਗੇ। ਮੁਰਮੂ ਦੇਸ਼ ਦੇ ਸਰਬਉੱਚ ਅਹੁਦੇ ‘ਤੇ ਪਹੁੰਚਣ ਵਾਲੀ ਪਹਿਲੀ ਕਬਾਇਲੀ ਅਤੇ ਦੂਜੀ ਔਰਤ ਰਾਸ਼ਟਰਪਤੀ ਹੋਣਗੇ। ਮੁਰਮੂ ਨੇ ਰਾਸ਼ਟਰਪਤੀ ਦੇ ਅਹੁਦੇ ਦੇ ਮੁਕਾਬਲੇ ‘ਚ ਵਿਰੋਧੀ ਧਿਰ ਦੇ ਸਾਂਝੇ ਉਮੀਦਵਾਰ ਯਸ਼ਵੰਤ ਸਿਨਹਾ ਨੂੰ ਤੀਜੇ ਗੇੜ ਦੀ ਗਿਣਤੀ ‘ਚ ਹੀ ਹਰਾ ਦਿੱਤਾ। ਦਰੋਪਦੀ ਮੁਰਮੂ ਨੇ ਵੀਰਵਾਰ ਨੂੰ ਵਿਰੋਧੀ ਧਿਰ ਦੇ ਉਮੀਦਵਾਰ ਯਸ਼ਵੰਤ ਸਿਨਹਾ ਨੂੰ ਹਰਾ ਕੇ ਇਕਤਰਫ਼ਾ ਮੁਕਾਬਲੇ ‘ਚ ਭਾਰਤ ਦੀ ਪਹਿਲੀ ਆਦਿਵਾਸੀ ਰਾਸ਼ਟਰਪਤੀ ਬਣ ਕੇ ਇਤਿਹਾਸ ਰਚ ਦਿੱਤਾ। 64 ਸਾਲਾ ਮੁਰਮੂ, ਜਿਨ੍ਹਾਂ ਨੇ ਚੋਣ ਮੰਡਲ ਸਮੇਤ ਸੰਸਦ ਮੈਂਬਰਾਂ ਅਤੇ ਵਿਧਾਇਕਾਂ ਦੀਆਂ ਬੈਲਟ ਪੇਪਰਾਂ ਦੀ ਦਿਨ ਭਰ ਚੱਲੀ ਗਿਣਤੀ ‘ਚ 64 ਪ੍ਰਤੀਸ਼ਤ ਜਾਇਜ਼ ਵੋਟਾਂ ਪ੍ਰਾਪਤ ਕਰ ਕੇ ਸਿਨਹਾ ਵਿਰੁੱਧ ਵੱਡੇ ਫਰਕ ਨਾਲ ਜਿੱਤ ਦਰਜ ਕੀਤੀ, ਦੇਸ਼ ਦੀ 15ਵੀਂ ਰਾਸ਼ਟਰਪਤੀ ਬਣਨ ਲਈ ਰਾਮਨਾਥ ਕੋਵਿੰਦ ਦੀ ਥਾਂ ਲੈਣਗੇ। ਵੋਟਾਂ ਦੀ ਗਿਣਤੀ ਦਾ ਅਮਲ, ਜੋ ਕਿ 10 ਘੰਟੇ ਤੋਂ ਵੀ ਜ਼ਿਆਦਾ ਸਮਾਂ ਚੱਲਿਆ, ਦੇ ਬਾਅਦ ਰਿਟਰਨਿੰਗ ਅਧਿਕਾਰੀ ਪੀ. ਸੀ. ਮੋਦੀ ਨੇ ਮੁਰਮੂ ਨੂੰ ਜੇਤੂ ਐਲਾਨਿਆਂ ਤੇ ਕਿਹਾ ਕਿ ਉਨ੍ਹਾਂ ਨੇ 6,76,803 ਵੋਟਾਂ ਪ੍ਰਾਪਤ ਕੀਤੀਆਂ

ਜਦੋਂਕਿ ਯਸ਼ਵੰਤ ਸਿਨਹਾ ਨੂੰ 3,80,177 ਵੋਟਾਂ ਮਿਲੀਆਂ। ਇਸ ਤਰਾਂ ਮੁਰਮੂ ਨੇ ਸਿਨਹਾ ਨੂੰ 2,96,626 ਵੋਟਾਂ ਨਾਲ ਹਰਾਇਆ। ਕੇਰਲਾ ਦੇ ਸਾਰੇ ਵਿਧਾਇਕਾਂ ਨੇ ਸਿਨਹਾ ਨੂੰ ਵੋਟਾਂ ਪਈਆਂ ਜਦੋਂ ਕਿ ਆਂਧਰਾ ਪ੍ਰਦੇਸ਼ ਤੋਂ ਸਾਰੀਆਂ ਵੋਟਾਂ ਮੁਰਮੂ ਦੇ ਹੱਕ ‘ਚ ਭੁਗਤੀਆਂ। ਮੁਰਮੂ ਦੇਸ਼ ਦੀ ਆਜ਼ਾਦੀ ਤੋਂ ਬਾਅਦ ਜਨਮ ਲੈਣ ਵਾਲੀ ਪਹਿਲੀ ਰਾਸ਼ਟਰਪਤੀ ਹੋਵੇਗੀ ਅਤੇ ਹੁਣ ਤੱਕ ਰਾਸ਼ਟਰਪਤੀ ਦੇ ਅਹੁਦੇ ‘ਤੇ ਪੁੱਜਣ ਵਾਲੇ ਰਾਸ਼ਟਰਪਤੀਆਂ ‘ਚੋਂ ਸਭ ਤੋਂ ਛੋਟੀ ਉਮਰ ਦੇ ਹੋਣਗੇ। ਉਹ ਦੇਸ਼ ਦੀ ਰਾਸ਼ਟਰਪਤੀ ਬਣਨ ਵਾਲੀ ਦੂਜੀ ਔਰਤ ਬਣ ਗਏ ਹਨ। ਦਰੋਪਦੀ ਮੁਰਮੂ 25 ਜੁਲਾਈ ਨੂੰ ਰਾਸ਼ਟਰਪਤੀ ਦੇ ਅਹੁਦੇ ਦਾ ਹਲਫ਼ ਲੈਣਗੇ। ਤੀਜੇ ਦੌਰ ਦੇ ਬਾਅਦ ਹੀ ਉਨ੍ਹਾਂ ਦੀ ਜਿੱਤ ‘ਤੇ ਮੁਹਰ ਲੱਗ ਗਈ ਸੀ ਜਦੋਂ ਰਿਟਰਨਿੰਗ ਅਧਿਕਾਰੀ ਨੇ ਐਲਾਨ ਕੀਤਾ ਕਿ ਮੁਰਮੂ ਪਹਿਲਾਂ ਹੀ ਕੁਲ ਜਾਇਜ਼ ਵੋਟਾਂ ਦੀ 53 ਫ਼ੀਸਦੀ ਹਿੱਸਾ ਪ੍ਰਾਪਤ ਕਰ ਚੁੱਕੇ ਹਨ, ਜਦਕਿ 10 ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ ਬੈਲਟ ਪੇਪਰ ਅਜੇ ਗਿਣੇ ਜਾ ਰਹੇ ਸਨ। ਵੋਟਾਂ ਦੀ ਗਿਣਤੀ ਸ਼ੁਰੂ ਹੋਣ ਦੇ ਤੁਰੰਤ ਬਾਅਦ ਅਤੇ ਅੱਧੀਆਂ ਵੋਟਾਂ ਪ੍ਰਾਪਤ ਕਰਨ ਵੱਲ ਵਧਣ ਦੇ ਨਾਲ ਹੀ ਉਨ੍ਹਾਂ ਦੇ ਜੱਦੀ ਸ਼ਹਿਰ ਰਾਏਰੰਗਪੁਰ ‘ਚ ਓਡੀਸ਼ਾ ਦੀ ਧੀ ਨੂੰ ਵਧਾਈ ਦੇਣ ਲਈ ਜਸ਼ਨ ਸ਼ੁਰੂ ਹੋ ਗਏ। ਦੱਸਣਯੋਗ ਹੈ ਕਿ ਰਾਸ਼ਟਰਪਤੀ ਦੀ ਚੋਣ ‘ਚ ਹਰ ਸੰਸਦ ਮੈਂਬਰ ਦਾ ਵੋਟ 700 ਵੋਟਾਂ ਦੇ ਬਰਾਬਰ ਅਤੇ ਹਰ ਵਿਧਾਇਕ ਦੇ ਵੋਟ ਦੀ ਕੀਮਤ ਉਥੋਂ ਦੀ ਆਬਾਦੀ ਅਤੇ ਵਿਧਾਇਕਾਂ ਦੀ ਗਿਣਤੀ ਦੇ ਆਧਾਰ ‘ਤੇ ਵੱਖ-ਵੱਖ ਹੁੰਦੀ ਹੈ, ਜਿਸ ਆਧਾਰ ‘ਤੇ ਮੁਰਮੂ ਨੂੰ ਜਿੱਤ ਲਈ 5 ਲੱਖ 43 ਹਜ਼ਾਰ 261 ਵੋਟਾਂ ਦੀ ਲੋੜ ਸੀ। ਮੁਰਮੂ ਨੂੰ ਇਹ ਲੋੜੀਂਦੇ ਵੋਟ ਤੀਜੇ ਗੇੜ ‘ਚ ਹੀ ਹਾਸਲ ਹੋ ਗਏ। ਇਨ੍ਹਾਂ ‘ਚ ਰਾਜ ਸਭਾ ਅਤੇ ਲੋਕ ਸਭਾ ਦੇ ਸੰਸਦ ਮੈਂਬਰਾਂ ਸਮੇਤ 20 ਰਾਜਾਂ ਦੇ ਵੋਟ ਸ਼ਾਮਿਲ ਹਨ। ਦਰੋਪਦੀ ਮੁਰਮੂ ਨੂੰ ਤੀਜੇ ਗੇੜ ਦੀ ਵੋਟਿੰਗ ਤੱਕ ਕੁੱਲ ਵੋਟਾਂ ਦੇ 51.2 ਫ਼ੀਸਦੀ ਵੋਟ ਹਾਸਲ ਹੋਏ ਸੀ, ਜਦਕਿ ਇਕ ਹੋਰ ਗੇੜ ਦੀ ਵੋਟਿੰਗ ਦੀ ਗਿਣਤੀ ਅਜੇ ਬਾਕੀ ਸੀ।

ਹਾਲਾਤ ਨੇ ਅਜਿਹੇ ਮੌਕੇ ਤੇ ਦੇਸ਼ ਨੂੰ ਇੱਕ ਅਜਿਹੇ ਰਾਸ਼ਟਰਪਤੀ ਦੇ ਨਾਲ ਨਿਵਾਜਿਆ ਜਿਸ ਨੇ ਜੱਗ ਬੀਤੀ ਤੇ ਹੱਡ ਬੀਤੀ ਦਾ ਅੰਤਰਾਲ ਆਪਣੇ ਤਨ ਤੇ ਹੰਢਾਇਆ ਹੈ ਇਕ ਦੌਰ ਅਜਿਹਾ ਸੀ ਜਦੋਂ ਮੁਰਮੂ ਦੇ ਸਾਹਮਣੇ ਦੁੱਖਾਂ ਦਾ ਪਹਾੜ ਟੁੱਟ ਪਿਆ ਸੀ ਅਤੇ ਉਹ ਪੂਰੀ ਤਰਾਂ ਟੁੱਟ ਗਏ ਸਨ। 2009 ‘ਚ ਉਨ੍ਹਾਂ ਨੂੰ ਸਭ ਤੋਂ ਵੱਡਾ ਝਟਕਾ ਲੱਗਾ ਜਦੋਂ ਉਨ੍ਹਾਂ ਦੇ 25 ਸਾਲਾਂ ਦੇ ਵੱਡੇ ਬੇਟੇ ਦੀ ਇਕ ਸੜਕ ਹਾਦਸੇ ‘ਚ ਮੌਤ ਹੋ ਗਈ। ਇਹ ਸਦਮਾ ਝੱਲਣਾ ਉਨ੍ਹਾਂ ਲਈ ਮੁਸ਼ਕਿਲ ਹੋ ਗਿਆ। ਇਸ ਦੇ ਬਾਅਦ 2013 ‘ਚ ਉਨ੍ਹਾਂ ਦੇ ਦੂਜੇ ਬੇਟੇ ਦਾ ਵੀ ਦਿਹਾਂਤ ਹੋ ਗਿਆ, ਫਿਰ 2014 ‘ਚ ਉਨ੍ਹਾਂ ਦੇ ਪਤੀ ਦਾ ਵੀ ਦਿਹਾਂਤ ਹੋ ਗਿਆ। ਅਜਿਹੀ ਸਥਿਤੀ ‘ਚ ਮੁਰਮੂ ਲਈ ਖੁਦ ਨੂੰ ਸੰਭਾਲ ਸਕਣਾ ਬੇਹੱਦ ਮੁਸ਼ਕਿਲ ਸੀ। ਉਨ੍ਹਾਂ ਦੇ ਜਾਣਨ ਵਾਲਿਆਂ ਦਾ ਕਹਿਣਾ ਹੈ ਕਿ ਉਹ ਹਰ ਚੁਣੌਤੀ ਨਾਲ ਸਮਝੌਤਾ ਕਰਨਾ ਜਾਣਦੇ ਹਨ। ਉਨ੍ਹਾਂ ਨੇ ਅਜਿਹੇ ਮੁਸ਼ਕਿਲ ਸਮੇਂ ‘ਚ ਆਪਣੇ-ਆਪ ਨੂੰ ਸੰਭਾਲਿਆ। ਉਹ ਮੈਡੀਟੇਸ਼ਨ ਕਰਨ ਲੱਗੇ। 2009 ਤੋਂ ਹੀ ਉਨ੍ਹਾਂ ਨੇ ਮੈਡੀਟੇਸ਼ਨ ਦੇ ਵੱਖ-ਵੱਖ ਤਰੀਕੇ ਅਪਣਾਏ। ਉਹ ਲਗਾਤਾਰ ਮਾਊਂਟ ਆਬੂ ਸਥਿਤ ਬ੍ਰਹਮਕੁਮਾਰੀ ਸੰਸਥਾਨ ਜਾਂਦੇ ਰਹੇ।

ਅੱਜ ਜਦੋਂ ਦੇਸ਼ ਇੱਕ ਸਮੱਸਿਆਵਾਂ ਦੇ ਜਾਲ ਵਿੱਚ ਉਲਝਿਆ ਪਿਆ ਹੈ ਤਾਂ ਉਸ ਸਮੇਂ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਜੀ ਦੀ ਸੋਚ ਦਾ ੳੇੁਜਾਗਰ ਹੋਣਾ ਅਤੇ ਦੇਸ਼ ਨੂੰ ਇੱਕ ਅਜਿਹੀ ਮਹਿਲਾ ਰਾਸ਼ਟਰਪਤੀ ਦਾ ਮਿਲਣਾ ਜੋ ਕਿ ਆਦਿਵਾਸੀ ਵੰਸ਼ ਵਿਚੋਂ ਹੈ ਅਤੇ ਜਿੰਨ੍ਹਾਂ ਦਾ ਸੰਵਿਧਾਨ ਮੁਤਾਬਕ ਇਸ ਉਪਾਧੀ ਤੇ ਬਿਰਾਜਮਾਨ ਹੋਣ ਜਾਣਾ ਬਹੁਤ ਪਹਿਲਾਂ ਸਮੇਂ ਦੀ ਵੱਡਮੱੁਲੀ ਲੋੜ ਸੀ ਪਰ ਫਿਰ ਵੀ ਧਰਮ ਅਧਾਰਿਤ ਦੇਸ਼ ਤੇ ਪ੍ਰਮਾਤਮਾ ਦੀ ਕ੍ਰਿਪਾ ਉਸ ਸਥਿਤੀ ਵਿਚ ਹੋਈ ਹੈ ਜਦੋਂ ਕਿ ਸਮਾਂ ਇਸ ਗੱਲ ਲਈ ਸਮਰੱਥ ਹੈ ਕਿ ਲੋਕਾਂ ਦੇ ਅਸਲ ਦਰਦ ਨੂੰ ਸੰਭਾਲਣ ਦੇ ਲਈ ਕੋਈ ਅਜਿਹਾ ਅਵਤਾਰ ਧਾਰਨ ਹੋਇਆ ਜੋ ਮੁਲਕ ਦੀ ਸਥਿਤੀ ਨੂੰ ਸੁਧਾਰ ਸਕੇ। ਅੱਜ ਜਦੋਂ ਦੇਸ਼ ਦੀ ਆਰਥਿਕ ਹਾਲਤ ਤੇ ਕਬਜ਼ਾ ਸਰਮਾਏਦਾਰਾਂ ਦਾ ਹੈ ਅਤੇ ਗਰੀਬੀ ਦੀ ਦਰ ਦਾ ਗ੍ਰਾਫ ਤੇਜੀ ਨਾਲ ਵੱਧ ਰਿਹਾ ਹੈ, ਦੇਸ਼ ਦਾ ਪੈਸਾ ਅਨਾਜ ਤੇ ਉਤਨਾ ਖਰਚ ਨਹੀਂ ਹੋ ਰਿਹਾ ਜਿੰਨਾ ਕਿ ਬਾਰੂਦ ਤੇ ਖਰਚ ਹੋ ਰਿਹਾ ਹੈ। ਅੱਜ ਦੇਸ਼ ਦੀ ਸਥਿਤੀ ਤੇ ਲੋਕਤਾਂਤਰਿਕ ਪ੍ਰਣਾਲੀ ਦੀ ਪ੍ਰੀਭਾਸ਼ਾ ਹੀ ਬਦਲ ਚੁੱਕੀ ਹੈ ਤਾਂ ੳੇੁਸ ਸਮੇਂ ਇੱਕ ਅਧਿਆਪਕ ਦਾ ਰਾਸ਼ਟਰਪਤੀ ਬਣ ਕੇ ਦੇਸ਼ ਦੀ ਰਾਜਨੀਤੀ ਨੂੰ ਰਾਜ ਕਰਨ ਦਾ ਸਹੀ ਪਾਠ ਪੜ੍ਹਾਉਣਾ ਇਸ ਲਈ ਬੇਹਤਰ ਮੰਨਿਆ ਜਾਵੇਗਾ ਕਿ ਅੱਜ ਦੇਸ਼ ਦਾ ਹਰ ਨਾਗਰਿਕ ਮਾਣ ਮਹਿਸੂਸ ਕਰੇਗਾ ਕਿ ਕੋਈ ਤਾਂ ਉਹਨਾਂ ਦੇ ਦਿਲ ਦੀ ਪੁਕਾਰ ਸੁਨਣ ਲਈ ਆਇਆ ਹੈ। ਵਧਾਈ ਦੀ ਪਾਤਰ ਹੈ ਦੇਸ਼ ਦੀ ਪਹਿਲੀ ਆਦਿਵਾਸੀ ਰਾਸ਼ਰਪਤੀ ਜੀ।

-ਬਲਵੀਰ ਸਿੰਘ ਸਿੱਧੂ

Leave a Reply

Your email address will not be published.


*