ਅੰਮ੍ਰਿਤਸਰ ਦੀ ਤਰੱਕੀ ਤੇ ਖ਼ੁਸ਼ਹਾਲੀ ਲਈ ਮਿਲ ਕੇ ਕੰਮ ਕਰਾਂਗੇ :  ਤਰਨਜੀਤ ਸਿੰਘ ਸੰਧੂ ।

ਅੰਮ੍ਰਿਤਸਰ  ( Bhatia     ) ਅੰਮ੍ਰਿਤਸਰ ਦੇ ਵਿਕਾਸ ਲਈ ਆਪਣੀਆਂ ਵਿਸ਼ੇਸ਼ ਯੋਜਨਾਵਾਂ ਨੂੰ ਅਮਲ ਵਿਚ ਲਿਆਉਣ ’ਚ ਲੱਗੇ ਸਾਬਕਾ ਰਾਜਦੂਤ ਸ. ਤਰਨਜੀਤ ਸਿੰਘ ਸੰਧੂ ਨੇ ਅੱਜ ਸ਼ਹਿਰ ਦੀਆਂ ਸਮਾਜ ਸੇਵੀ ਸੰਸਥਾਵਾਂ ਦੇ ਆਗੂਆਂ ਅਤੇ ਪਤਵੰਤੇ ਸੱਜਣਾਂ ਨਾਲ ਡੂੰਘੀ ਵਿਚਾਰ ਚਰਚਾ ਕੀਤੀ ਅਤੇ ਉਨ੍ਹਾਂ ਤੋਂ ਗੁਰੂ ਨਗਰੀ ਦਾ ਕਾਇਆ ਕਲਪ ਕਰਨ ਪ੍ਰਤੀ ਸਾਥ ਦੇਣ ਤੇ ਮਿਲ ਕੇ ਕੰਮ ਕਰਨ ਦੀ ਅਪੀਲ ਕੀਤੀ।
ਅਮਰੀਕਾ ਸਮੇਤ ਵਿਦੇਸ਼ੀ ਮਾਮਲਿਆਂ ਬਾਰੇ ਸਭ ਤੋਂ ਤਜਰਬੇਕਾਰ ਭਾਰਤੀ ਡਿਪਲੋਮੈਟਾਂ ਵਿੱਚੋਂ ਇੱਕ ਸਾਬਕਾ ਰਾਜਦੂਤ ਤਰਨਜੀਤ ਸਿੰਘ ਸੰਧੂ ਨੇ ਕਿਹਾ ਕਿ ਅੰਮ੍ਰਿਤਸਰ ਉਸ ਦਾ ਆਪਣਾ ਸ਼ਹਿਰ ਆਪਣਾ ਪਰਿਵਾਰ ਹੈ ਅਤੇ ਇਸ ਦੀ ਸੇਵਾ ਨੂੰ ਸਦਾ ਸਮਰਪਿਤ ਹਾਂ। ਉਨ੍ਹਾਂ ਕਿਹਾ ਕਿ ਜ਼ਿੰਦਗੀ ’ਚ ਜੋ ਵੀ ਸੰਪਰਕ ਅਤੇ ਤਜੁਰਬਾ ਗ੍ਰਹਿਣ ਕੀਤਾ ਉਸ ਨੂੰ ਅੰਮ੍ਰਿਤਸਰ ਦੇ ਵਿਕਾਸ ਅਤੇ ਲੋਕਾਂ ਦੀ ਖ਼ੁਸ਼ਹਾਲੀ ਲਈ ਵਰਤਿਆ ਜਾਵੇਗਾ। ਉਸ ਕੋਲ ਸ਼ਹਿਰ ਦੇ ਵਿਕਾਸ ਲਈ ਇੱਕ ਖ਼ਾਸ ਨਜ਼ਰੀਆ ਅਤੇ ਯੋਜਨਾਵਾਂ ਹਨ। ਅਸੀਂ ਅੰਮ੍ਰਿਤਸਰ ਅਤੇ ਪੰਜਾਬ ਦੇ ਨੌਜਵਾਨਾਂ ਨੂੰ ਵਿਦੇਸ਼ ਜਾਣ ਦੀ ਬਜਾਏ ਅੰਮ੍ਰਿਤਸਰ ਵਿੱਚ ਰਹਿ ਕੇ ਕੰਮ ਕਰਨ ਨੂੰ ਪਹਿਲ ਦੇਣ ਅਤੇ ਪੈਸਾ ਕਮਾਉਣ ਲਈ ਰੁਜ਼ਗਾਰ ਪ੍ਰਦਾਨ ਕਰਾਵਾਂਗੇ। ਇਸ ਮਕਸਦ ਨੂੰ ਲੇ ਕੇ ਨੌਜਵਾਨਾਂ ਨੂੰ ਹੁਨਰਮੰਦ ਬਣਾਉਣ ਲਈ ਵਿਦੇਸ਼ੀ ਕੰਪਨੀਆਂ ਤੋਂ ਸਹਿਯੋਗ ਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਅਮਰੀਕਾ ਵਿਚ ਵਿਕਸਤ ਤਕਨੀਕ ਹੈ ਤਾਂ ਸਾਡੇ ਕੋਲ ਨੌਜਵਾਨੀ ਦਾ ਵੱਡਾ ਸਰਮਾਇਆ ਹੈ। ਉਨ੍ਹਾਂ ਕਿਹਾ ਕਿ ਭਾਰਤ ਅਮਰੀਕਾ ਦਾ ਸੰਬੰਧ ਹੁਣ ਭਾਈਵਾਲੀ ਵਿੱਚ ਬਦਲ ਚੁਕਾ ਹੈ। ਅਮਰੀਕੀ ਕੰਪਨੀਆਂ ਭਾਰਤ ਵਿਚ ਨਿਵੇਸ਼ ਕਰ ਰਹੀਆਂ ਹਨ, ਇਹ ਨਿਵੇਸ਼ ਅੰਮ੍ਰਿਤਸਰ ਦੇ ਹਿੱਸੇ ਵਧ ਤੋਂ ਵਧ ਆਉਣਾ ਚਾਹੀਦਾ ਹੈ। ਉਨ੍ਹਾਂ ਬੀਤੇ ਦਿਨੀਂ ਕੇਂਦਰੀ ਮੰਤਰੀਆਂ ਨਾਲ ਕੀਤੀਆਂ ਗਈਆਂ ਮੁਲਾਕਾਤਾਂ ਬਾਰੇ ਜਾਣਕਾਰੀ ਦਿੱਤੀ ਅਤੇ ਕਿਹਾ ਕਿ ਅੰਮ੍ਰਿਤਸਰ ਵਿਚ ਅਮਰੀਕਨ ਕੌਂਸਲੇਟ ਖੋਲ੍ਹਣ, ਏਅਰ ਕੁਨੈਕਟੀਵਿਟੀ ਵਧਾਉਣ, ਕਾਰਗੋ ਫਲਾਈਟਾਂ ਸ਼ੁਰੂ ਕਰਨ ਅਤੇ ਇਤਿਹਾਸਕ ਧਰੋਹਰਾਂ ਦੀ ਸੰਭਾਲ ਪ੍ਰਤੀ ਕੇਂਦਰ ਨੇ ਸੰਜੀਦਗੀ ਵਿਖਾਈ ਹੈ। ਉਨ੍ਹਾਂ ਕਿਹਾ ਕਿ ਕਾਰਗੋ ਦੇ ਸ਼ੁਰੂ ਹੋਣ ਨਾਲ ਕਿਸਾਨਾਂ ਨੂੰ ਫਲ਼ ਅਤੇ ਸਬਜ਼ੀਆਂ ਆਦਿ ਖਾੜੀ ਦੇਸ਼ਾਂ ਨੂੰ ਭੇਜਣ ਦੀ ਸਹੂਲਤ ਮਿਲੇਗੀ ਜਿਸ ਨਾਲ ਉਨ੍ਹਾਂ ਦੀ ਆਮਦਨੀ ਵਿਚ ਭਾਰੀ ਵਾਧਾ ਹੋਵੇਗਾ। ਉਨ੍ਹਾਂ ਇਹ ਵੀ ਦੱਸਿਆ ਕਿ ਅਮਰੀਕਾ ਦੇ ਕਈ ਉੱਘੇ ਪੰਜਾਬੀ ਉਦਯੋਗਪਤੀ ਅੰਮ੍ਰਿਤਸਰ ਦੇ ਵਿਦਿਆਰਥੀਆਂ ਨੂੰ ਹਰ ਸਾਲ ਅਮਰੀਕਾ ਵਿੱਚ ਵਜ਼ੀਫ਼ਾ ਦੇਣ ਲਈ ਤਿਆਰ ਹਨ। ਉਨ੍ਹਾਂ ’ਚੋਂ  ਸਰਦਾਰ ਦਰਸ਼ਨ ਸਿੰਘ ਧਾਲੀਵਾਲ ਅਤੇ ਸਿੱਖ ਆਫ਼ ਅਮਰੀਕਾ ਦੇ ਚੇਅਰਮੈਨ ਸਰਦਾਰ ਜਸਦੀਪ ਸਿੰਘ ਜੈਸੀ ਵੱਲੋਂ 250 ਵਜ਼ੀਫ਼ੇ ਦੇਣ ਦੇ ਐਲਾਨ ਕਰ ਚੁੱਕੇ ਹਨ। ਉਨ੍ਹਾਂ ਕਿਹਾ ਕਿ ਅੰਮ੍ਰਿਤਸਰ ਇਕ ਧਾਰਮਿਕ ਕੇਂਦਰ ਹੀ ਨਹੀਂ, ਇਹ ਸਭਿਆਚਾਰਕ, ਸੈਰ ਸਪਾਟਾ, ਉਦਯੋਗਿਕ ਅਤੇ ਵਪਾਰਕ ਕੇਂਦਰ ਵੀ ਹੋਣ ਕਾਰਨ ਕਾਰੋਬਾਰੀ ਵਿਕਾਸ ਦੀਆਂ ਅਸੀਮ ਸੀਮਾਵਾਂ ਹਨ। ਇਥੇ ਹੁਨਰਮੰਦ ਨੌਜਵਾਨਾਂ ਦੀ ਕਾਬਲੀਅਤ ’ਚ ਕੋਈ ਕਮੀ ਨਹੀਂ। ਮਿਲ ਕੇ ਹੰਭਲਾ ਮਾਰਿਆ ਜਾਵੇ ਤਾਂ ਅੰਮ੍ਰਿਤਸਰ ਦੀ ਅਵੱਸ਼ ਤਰੱਕੀ ਹੋਵੇਗੀ। ਇਸ ਮੌਕੇ ਭੁਪਿੰਦਰ ਸਿੰਘ ਰੰਧਾਵਾ, ਪ੍ਰੋ: ਗੁਰਵਿੰਦਰ ਸਿੰਘ ਮੰਮਣਕੇ, ਅਜੈਬੀਰ ਪਾਲ ਸਿੰਘ ਰੰਧਾਵਾ, ਹਰਜਿੰਦਰ ਸਿੰਘ ਖਹਿਰਾ, ਜਸਮੀਤ ਸਿੰਘ ਆਹਲੂਵਾਲੀਆ, ਡਾ. ਅਰਿਦਮਨ ਸਿੰਘ ਮਾਹਲ, ਬਲਵਿੰਦਰ ਸਿੰਘ ਸਰਪੰਚ, ਹਰਪਾਲ ਸਿੰਘ ਸਰਪੰਚ, ਜੱਜ ਨਿੱਝਰਪੁਰਾ ਸਰਪੰਚ, ਸ ਜਗਤਾਰ ਸਿੰਘ ਹੁੰਦਲ, ਰਾਵਲ ਸਿੰਘ ਹੁੰਦਲ, ਮਨਿੰਦਰ ਸਿੰਘ ਨੰਗਲੀ, ਨਵਦੀਪ ਸਿੰਘ ਨਿੱਬਾ, ਡਾ: ਅਜੈ ਅਬਰੋਲ, ਅਮਰੀਕ ਸਿੰਘ ਭੁੱਲਰ ਐਮ.ਬੀ.ਏ, ਹਰਜਿੰਦਰ ਸਿੰਘ ਬਾਊ ਸਰਪੰਚ, ਦਿਲਬਾਗ ਸਿੰਘ ਹਵੇਲੀਆਂ, ਚਰਨਜੀਤ ਸਿੰਘ ਹਵੇਲੀਆਂ, ਅਰੁਣ ਕੁਮਾਰ ਕੁੰਦਰਾ ਵਸੀਕਾ ਆਦਿ ਨੇ ਵੀ ਆਪਣੇ ਵਡਮੁੱਲੇ ਵਿਚਾਰ ਰੱਖੇ।

Leave a Reply

Your email address will not be published.


*