ਲੁਧਿਆਣਾ (Harjinder/Vijay Bhamri/Rahul Ghai) – ਜ਼ਿਲ੍ਹਾ ਪ੍ਰਸ਼ਾਸਨ ਨੇ ਵੋਟਰਾਂ ਦੀ ਸਹੂਲਤ ਲਈ ਆਗਾਮੀ ਲੋਕ ਸਭਾ ਚੋਣਾਂ ਲਈ ਅੱਠ ਪੋਲਿੰਗ ਸਟੇਸ਼ਨਾਂ ਦੀਆਂ ਇਮਾਰਤਾਂ ਬਦਲ ਦਿੱਤੀਆਂ ਹਨ। ਪੋਲਿੰਗ ਸਟੇਸ਼ਨਾਂ ਦੀਆਂ ਬਦਲੀਆਂ ਇਮਾਰਤਾਂ ਸਾਹਨੇਵਾਲ ਅਤੇ ਲੁਧਿਆਣਾ ਕੇਂਦਰੀ ਵਿਧਾਨ ਸਭਾ ਹਲਕਿਆਂ ਵਿੱਚ ਪੈਂਦੀਆਂ ਹਨ।
ਬੀਤੀ ਸ਼ਾਮ ਵੱਖ-ਵੱਖ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਨਾਲ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਜ਼ਿਲ੍ਹਾ-ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਦੱਸਿਆ ਕਿ ਹਲਕਾ ਸਾਹਨੇਵਾਲ ਵਿੱਚ ਚਾਈਲਡ ਹਾਰਟ ਡੇਅ ਬੋਰਡਿੰਗ ਸਕੂਲ ਵਿੱਚ ਬਣੇ ਪੋਲਿੰਗ ਸਟੇਸ਼ਨ (104, 105, 106) ਨੂੰ ਕਰਤਾਰ ਕਾਨਵੈਂਟ ਸਕੂਲ, ਗਲੀ ਨੰਬਰ 1 ਪ੍ਰਿੰਸ ਕਲੋਨੀ, 33 ਫੁੱਟ ਰੋਡ, ਮੁੰਡੀਆ ਕਲਾਂ ਵਿੱਚ ਤਬਦੀਲ ਕਰ ਦਿੱਤਾ ਗਿਆ ਹੈ। ਇਸੇ ਤਰ੍ਹਾਂ ਰਵਿਦਾਸ ਧਰਮਸ਼ਾਲਾ, ਨੰਦਪੁਰ ਦੇ ਪੋਲਿੰਗ ਸਟੇਸ਼ਨ (207, 208) ਨੂੰ ਸਰਕਾਰੀ ਪ੍ਰਾਇਮਰੀ ਸਕੂਲ ਨੰਦਪੁਰ ਵਿਖੇ ਤਬਦੀਲ ਕਰ ਦਿੱਤਾ ਗਿਆ ਹੈ।
ਲੁਧਿਆਣਾ ਕੇਂਦਰੀ ਵਿਧਾਨ ਸਭਾ ਹਲਕੇ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੀਆਂ) ਦੇ ਪੋਲਿੰਗ ਸਟੇਸ਼ਨਾਂ (29, 30) ਨੂੰ ਸਰਕਾਰੀ ਪ੍ਰਾਇਮਰੀ ਸਕੂਲ, ਡਵੀਜ਼ਨ ਨੰਬਰ-3 ਅਤੇ ਸੁਭ੍ਹਾਨੀ ਬਿਲਡਿੰਗ ਚੌਂਕ ਨੇੜੇ ਸੀਨੀਅਰ ਸਿਟੀਜ਼ਨ ਹੋਮ ਵਿੱਚ ਪੋਲਿੰਗ ਸਟੇਸ਼ਨ (59) ਨੂੰ ਖਾਲਸਾ ਨੈਸ਼ਨਲ ਹਾਇਰ ਸੈਕੰਡਰੀ ਸਕੂਲ ਵਿੱਚ ਤਬਦੀਲ ਕਰ ਦਿੱਤਾ ਗਿਆ ਹੈ।
ਡਿਪਟੀ ਕਮਿਸ਼ਨਰ ਸਾਹਨੀ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਇਹ ਯਕੀਨੀ ਬਣਾਉਣ ਲਈ ਪਾਬੰਦ ਹੈ ਕਿ ਹਰੇਕ ਵੋਟਰ ਆਪਣੇ ਵੋਟ ਦੇ ਅਧਿਕਾਰ ਦੀ ਖੁੱਲ੍ਹ ਕੇ ਵਰਤੋਂ ਕਰ ਸਕੇ। ਉਨ੍ਹਾਂ ਚੋਣਾਂ ਨੂੰ ਆਜ਼ਾਦ, ਨਿਰਪੱਖ ਅਤੇ ਸ਼ਾਂਤੀਪੂਰਨ ਢੰਗ ਨਾਲ ਕਰਵਾਉਣ ਲਈ ਸਿਆਸੀ ਪਾਰਟੀਆਂ ਦੇ ਸਹਿਯੋਗ ਦੀ ਵੀ ਮੰਗ ਕੀਤੀ।
Leave a Reply