ਪੰਜਾਬ ਦੀਆਂ ਛੇ ਕਿਸਾਨ ਜਥੇਬੰਦੀਆਂ ਦੇ ਸੱਦੇ ਤੇ ਕਿਸਾਨਾਂ ਨੇ ਜਗਰਾਓਂ ‘ਚ ਚਾਰ ਘੰਟੇ ਰੇਲਾਂ ਰੋਕੀਆਂ

ਜਗਰਾਓਂ ( Vijay Bhamri) ਪੰਜਾਬ ਦੀਆਂ ਛੇ ਕਿਸਾਨ ਜਥੇਬੰਦੀਆਂ ਦੇ ਸੱਦੇ ਤੇ ਕਿਸਾਨੀ ਮੰਗਾਂ ਦੀ ਪ੍ਰਾਪਤੀ ਲਈ ਦਿੱਲੀ ਜਾ ਰਹੇ ਕਿਸਾਨਾਂ ਨੂੰ ਰੋਕਣ ਖਿਲਾਫ ਜਗਰਾਂਓ ਰੇਲਵੇ ਸਟੇਸ਼ਨ ਤੇ ਚਾਰ ਘੰਟੇ ਲਈ ਰੇਲਾਂ ਦਾ ਚੱਕਾ ਜਾਮ ਕੀਤਾ ਗਿਆ। ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ, ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ, ਭਾਰਤੀ ਕਿਸਾਨ ਯੂਨੀਅਨ ਦੁਆਬਾ ਦੇ ਕਿਸਾਨਾਂ ਨੇ ਇਸ ਰੇਲ ਜਾਮ ਐਕਸ਼ਨ ‘ਚ ਭਾਗ ਲਿਆ।
ਇਸ ਸਮੇਂ ਹੋਈ ਵੱਡੀ ਇਕਤਰਤਾ ਨੂੰ ਸੰਬੋਧਨ ਕਰਦਿਆਂ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਜਿਲਾ ਸਕੱਤਰ ਇੰਦਰਜੀਤ ਸਿੰਘ ਧਾਲੀਵਾਲ, ਤਰਸੇਮ ਸਿੰਘ ਬੱਸੂਵਾਲ ਬਲਾਕ ਪ੍ਰਧਾਨ, ਰਛਪਾਲ ਸਿੰਘ ਡੱਲਾ, ਸੁਰਜੀਤ ਸਿੰਘ ਦਾਉਧਰ, ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਆਗੂਆਂ ਜਸਵੰਤ ਸਿੰਘ ਭੱਟੀਆਂ, ਜਬਰਾਜ ਸਿੰਘ ਘੁਡਾਣੀ, ਭਾਰਤੀ ਕਿਸਾਨ ਯੂਨੀਅਨ ਦੋਆਬਾ ਦੇ ਆਗੂਆਂ ਜਸਪ੍ਰੀਤ ਸਿੰਘ ਢੱਟ, ਤਲਵਿੰਦਰ ਸਿੰਘ ਹਲਵਾਰਾ, ਜਗਦੀਸ਼ ਸਿੰਘ ਕਾਉਂਕੇ ਅਤੇ ਲੋਕ ਆਗੂ ਕੰਵਲਜੀਤ ਖੰਨਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਹਰਿਆਣਾ ਸਰਕਾਰ ਵਲੋਂ ਦਿੱਲੀ ਜਾਂਦੇ ਕਿਸਾਨਾਂ ਦਾ ਰਾਹ ਰੋਕ ਕੇ ਮੋਦੀ ਦੀ ਭਾਜਪਾ ਹਕੂਮਤ ਨੇ ਫਾਸ਼ੀਵਾਦੀ ਹਕੂਮਤ ਹੋਣ ਤੇ ਇਕ ਵੇਰ ਫਿਰ ਮੋਹਰ ਲਾ ਦਿੱਤੀ ਹੈ। ਸ਼ੁਭਕਰਣ ਸਿੰਘ ਤੇ ਪਿਰਤਪਾਲ ਸਿੰਘ ਦੀ ਪੁਲਸ ਜਬਰ ਨਾਲ ਹੋਈ ਮੋਤ ਨੇ ਦੇਸ਼ ਦੇ ਇਨਸਾਫਪਸੰਦ ਲੋਕਾਂ ਲਈ ਇਕ ਵੇਰ ਫਿਰ ਵੱਡੀ ਚੁਣੋਤੀ ਖੜੀ ਕੀਤੀ ਹੈ ਜਿਸ ਦਾ ਮੁੰਹ ਤੋੜ ਜਵਾਬ ਦਿੱਤਾ ਜਾਵੇਗਾ। ਉਨਾਂ ਕਿਹਾ ਕਿ ਦੂਨੀਆਂ ਦੀ ਤੀਜੀ ਵੱਡੀ ਆਰਥਿਕਤਾ ਦਾ ਪਾਖੰਡ ਕਰਨ ਵਾਲੇ ਮੋਦੀ ਦੇ ਰਾਜ ਚ ਕਰਜੇ ਦੇ ਜੰਜਾਲ ਚ ਫਸੀ ਕਿਸਾਨੀ ਖੁਦਕਸ਼ੀਆਂ ਕਰ ਰਹੀ ਹੈ ਤੇ ਸੰਸਾਰ ਵਪਾਰ ਸੰਸਥਾਂ ਚ ਵਡੇ ਸਾਮਰਾਜੀ ਕਾਰਪੋਰੇਟ ਵਿਕਾਸਸ਼ੀਲ ਦੇਸ਼ਾਂ ਦੀ ਆਰਥਿਕਤਾ ਤੇ ਕਬਜਾ ਕਰਨ ਲਈ ਫਿਰ ਪੱਬਾਂ ਭਾਰ ਹਨ। ਬੁਲਾਰਿਆਂ ਨੇ ਜੋਰ ਦੇ ਕੇ ਕਿਹਾ ਕਿ ਭਾਰਤ ਸਰਕਾਰ ਸੰਸਾਰ ਵਪਾਰ ਸੰਸਥਾਂ ਚੋਂ ਬਾਹਰ ਆਵੇ। ਤੇਈ ਫਸਲਾਂ ਤੇ ਐਮ ਐਸ ਪੀ ਦੀ ਗਰੰਟੀ ਕਰੇ, ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਲਾਗੂ ਕਰੇ। ਨਵੀਂ ਖੇਤੀ ਨੀਤੀ ਦਾ ਐਲਾਨ ਕਰੇ, ਮਜਦੂਰਾਂ ਕਿਸਾਨਾਂ ਦੇ ਸਿਰ ਚੜੇ ਸਾਰੇ ਕਰਜੇ ਰੱਦ ਕਰੇ, ਬਿਜਲੀ ਐਕਟ 2020 ਰੱਦ ਕਰੇ, ਚਿਪ ਵਾਲੇ ਮੀਟਰ ਲਾਉਣੇ ਬੰਦ ਕਰੇ। ਬੁਲਾਰਿਆਂ ਨੇ ਜੋਰ ਦੇ ਕੇ ਕਿਹਾ ਕਿ 14 ਮਾਰਚ ਨੂੰ ਦੇਸ਼ ਭਰ ਦੇ ਕਿਸਾਨਾਂ ਦੀ ਦਿੱਲੀ ਵਿਖੇ ਹੋ ਰਹੀ ਮਹਾਂਪੰਚਾਇਤ ਚ  ਵੱਡੀ ਗਿਣਤੀ ਚ ਕਿਸਾਨ ਪੰਜਾਬ ਸਮੇਤ ਲੁਧਿਆਣੇ ਜਿਲੇ ਚੋਂ ਸ਼ਾਮਲ ਹੋਣਗੇ। ਚਾਰ ਘੰਟੇ ਚੱਲੇ ਚੱਕਾ ਜਾਮ ਰਾਹੀਂ ਮੋਦੀ ਹਕੂਮਤ ਨੂੰ ਇਹ ਸੰਦੇਸ਼ ਦਿੱਤਾ ਗਿਆ ਕਿ ਜੇ ਰੇਲਾਂ ਦਾ ਚੱਕਾ ਜਾਮ ਹੋ ਸਕਦਾ ਹੈ ਤਾਂ ਸਰਕਾਰ ਵੀ ਦੇਸ਼ ਭਰ ਦੇ ਕਿਸਾਨ ਜਾਮ ਕਰ ਦੇਣਗੇ।

Leave a Reply

Your email address will not be published.


*