ਚੰਡੀਗੜ੍ਹ:::::::::::::::::::::: ਪੰਜਾਬ ਦੇ ਲੱਗਭੱਗ 7 ਲੱਖ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੀਆਂ ਮੰਗਾਂ ਪੂਰੀਆਂ ਨਾ ਕੀਤੇ ਜਾਣ ਦੇ ਰੋਸ ਵਜੋਂ ‘ਪੰਜਾਬ ਮੁਲਾਜ਼ਮ ਅਤੇ ਪੈਨਸ਼ਨਰਜ਼ ਸਾਂਝਾ ਫਰੰਟ’ ਵੱਲੋਂ ਵਿਧਾਨ ਸਭਾ ਬਜਟ ਸੈਸ਼ਨ ਦੇ ਪਹਿਲੇ ਦਿਨ ਸਥਾਨਕ 39 ਸੈਕਟਰ ਦੀ ਅਨਾਜ ਮੰਡੀ ਵਿੱਚ ਵਿਸ਼ਾਲ ਸੂਬਾ ਪੱਧਰੀ ਰੈਲੀ ਕੀਤੀ ਗਈ ਜਿਸ ਵਿੱਚ ਪੰਜਾਬ ਦੇ ਕੋਨੇ-ਕੋਨੇ ਵਿੱਚੋਂ ਪੁੱਜੇ ਹਜ਼ਾਰਾਂ ਮੁਲਾਜ਼ਮ, ਪੈਨਸ਼ਨਰ ਅਤੇ ਮਾਣਭੱਤਾ ਵਰਕਰਾਂ ਨੇ ਸ਼ਮੂਲੀਅਤ ਕੀਤੀ।
ਇਸ ਮੌਕੇ ਪ੍ਰਸ਼ਾਸਨ ਵੱਲੋਂ ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਪੰਜਾਬ ਦੇ ਵਿਸ਼ੇਸ਼ ਪ੍ਰਮੁੱਖ ਸਕੱਤਰ ਵਿਜੋਏ ਕੁਮਾਰ ਸਿੰਘ ਵੱਲੋਂ ਮੁਲਾਜ਼ਮ ਆਗੂਆਂ ਨੂੰ ਮੀਟਿੰਗ ਕਰਨ ਲਈ ਲੈਕੇ ਜਾਇਆ ਗਿਆ। ਪਰ ਵੀ. ਕੇ. ਸਿੰਘ ਵੱਲੋਂ 2 ਘੰਟੇ ਮੁਲਾਜ਼ਮ ਆਗੂਆਂ ਨੂੰ ਉੱਥੇ ਹੀ ਬਿਠਾ ਕੇ ਰੱਖਿਆ ਗਿਆ ਅਤੇ ਕੋਈ ਮੀਟਿੰਗ ਨਹੀਂ ਕੀਤੀ ਅਤੇ ਬਾਅਦ ਵਿੱਚ ਪਤਾ ਲੱਗਾ ਕਿ ਉਹ ਮੁਲਾਜ਼ਮ ਆਗੂਆਂ ਨਾਲ ਬਿਨਾਂ ਕੋਈ ਮੀਟਿੰਗ ਕੀਤੇ ਉੱਥੋਂ ਉੱਠ ਕੇ ਚਲਾ ਗਿਆ। ਇਸ ਲਈ 2 ਘੰਟੇ ਖੱਜਲ-ਖੁਆਰ ਹੋਣ ਤੋਂ ਬਾਅਦ ਮੁਲਾਜ਼ਮ ਆਗੂਆਂ ਨੇ ਪੰਜਾਬ ਸਰਕਾਰ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ ਅਤੇ ਬਿਨਾਂ ਕੋਈ ਮੀਟਿੰਗ ਕਰੇ, ਮੀਟਿੰਗ ਦਾ ਬਾਈਕਾਟ ਕਰਕੇ ਆ ਗਏ।
ਇਸ ਮੌਕੇ ਰੈਲੀ ਨੂੰ ਸੰਬੋਧਨ ਕਰਦਿਆਂ ਸਾਂਝੇ ਫਰੰਟ ਦੇ ਆਗੂਆਂ ਕਰਮ ਸਿੰਘ ਧਨੋਆ, ਸ਼ਵਿੰਦਰ ਮੋਲੋਵਾਲੀ, ਜਰਮਨਜੀਤ ਸਿੰਘ, ਸਤੀਸ਼ ਰਾਣਾ, ਰਣਜੀਤ ਰਾਣਵਾਂ, ਡਾ. ਐੱਨ. ਕੇ. ਕਲਸੀ, ਭਜਨ ਸਿੰਘ ਗਿੱਲ, ਬਾਜ ਸਿੰਘ ਖਹਿਰਾ, ਗਗਨਦੀਪ ਬਠਿੰਡਾ, ਰਤਨ ਸਿੰਘ ਮਜਾਰੀ, ਹਰਭਜਨ ਪਿਲਖਣੀ, ਰਾਧੇ ਸ਼ਿਆਮ, ਗੁਰਮੇਲ ਮੈਲਡੇ, ਜਸਵੀਰ ਤਲਵਾੜਾ ਅਤੇ ਸ਼ਿੰਗਾਰਾ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ 01-01-2004 ਉੱਤੇ ਪੁਰਾਣੀ ਪੈਨਸ਼ਨ ਸਕੀਮ ਲਾਗੂ ਕਰਨ, ਪੈਨਸ਼ਨਰਾਂ ਦੀ ਪੈਨਸ਼ਨ ਸੁਧਾਈ ਤੇ 2.59 ਦਾ ਗੁਣਾਕ ਲਾਗੂ ਕਰਨ ਕੱਚੇ ਤੇ ਆਊਟ ਸੋਰਸ ਮੁਲਾਜ਼ਮਾਂ ਨੂੰ ਪੱਕਾ ਕਰਨ, ਮਾਣ ਭੱਤਾ ਵਰਕਰਾਂ ਤੇ ਘੱਟੋ-ਘੱਟ ਉਜਰਤਾਂ ਕਾਨੂੰਨ ਲਾਗੂ ਕਰਨ, ਖਰਖ ਕਾਲ ਸੰਬੰਧੀ 15-1-2015 ਅਤੇ 09-07-2016 ਦੇ ਨੋਟੀਫਿਕੇਸ਼ਨਾਂ ਨੂੰ ਰੱਦ ਕਰਨ, 17-7-2020 ਤੋਂ ਬਾਅਦ ਭਰਤੀ ਹੋਏ ਮੁਲਾਜ਼ਮਾਂ ਤੇ ਕੇਂਦਰ ਦੀ ਬਜਾਏ ਪੰਜਾਬ ਦੇ ਤਨਖਾਹ ਸਕੇਲ ਲਾਗੂ ਕਰਨ, ਪੇਂਡੂ ਅਤੇ ਬਾਰਡਰ ਏਰੀਆ ਸਮੇਤ ਕੱਟੇ ਗਏ 37 ਭੱਤੇ ਅਤੇ ਏ. ਸੀ. ਪੀ. ਬਹਾਲ ਕਰਨ, ਮਹਿੰਗਾਈ ਭੱਤੇ ਦੀਆਂ ਰਹਿੰਦੀਆਂ ਕਿਸ਼ਤਾਂ ਤੇ ਬਕਾਏ ਜਾਰੀ ਕਰਨ, ਜਜ਼ੀਆ ਰੂਪੀ 200 ਰੁਪਏ ਵਿਕਾਸ ਟੈਕਸ ਬੰਦ ਕਰਨ ਤੋਂ ਲੱਗਭੱਗ ਪੂਰੀ ਤਰ੍ਹਾਂ ਮੁਨਕਰ ਹੋ ਗਈ ਹੈ ਜਦੋਂਕਿ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਪੰਜਾਬ ਦੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਨਾਲ ਨੂੰ ਅਨੇਕਾਂ ਕਿਸਮ ਦੀਆਂ ਗਰੰਟੀਆਂ ਦਿੱਤੀਆਂ ਗਈਆਂ ਸਨ। ਇਸ ਰੈਲੀ ਵਿੱਚ ਸਾਥੀਆਂ ਸਮੇਤ ਪੁੱਜੇ ਸੰਯੁਕਤ ਕਿਸਾਨ ਮੋਰਚੇ ਦੇ ਆਗੂ ਰੁਲਦੂ ਸਿੰਘ ਮਾਨਸਾ ਨੇ ਸਾਂਝੇ ਫਰੰਟ ਦੇ ਸੰਘਰਸ਼ ਦੀ ਹਮਾਇਤ ਕੀਤੀ।
ਇਸ ਮੌਕੇ ਸੰਬੋਧਨ ਕਰਦਿਆਂ ਸਾਂਝੇ ਫਰੰਟ ਦੇ ਆਗੂਆਂ ਸੁਖਵਿੰਦਰ ਸਿੰਘ ਚਾਹਲ, ਹਰਦੀਪ ਟੋਡਰਪੁਰ, ਐੱਨ.ਡੀ. ਤਿਵਾੜੀ, ਅਵਿਨਾਸ਼ ਚੰਦਰ, ਸੁਰਿੰਦਰ ਪੁਆਰੀ, ਬੀ.ਐੱਸ. ਸੈਣੀ, ਦਿਗਵਿਜੇ ਪਾਲ ਸ਼ਰਮਾਂ, ਬੋਬਿੰਦਰ ਸਿੰਘ, ਹਰਭਜਨ ਸਿੰਘ ਖੁੰਗਰ, ਗੁਰਪ੍ਰੀਤ ਗੱਡੀਵਿੰਡ, ਅਤਿੰਦਰ ਪਾਲ ਘੱਗਾ, ਗੁਰਜੰਟ ਕੋਕਰੀ, ਸੁਖਜੀਤ ਸਿੰਘ ਤੇ ਜਗਸੀਰ ਸਹੋਤਾ, ਸ਼ਿੰਗਾਰਾਂ ਸਿੰਘ ਨੇ ਆਖਿਆ ਕਿ ਪੰਜਾਬ ਦੀ ਭਗਵੰਤ ਮਾਨ ਸਰਕਾਰ ਲੋਕਾਂ ਨਾਲ ਵਾਅਦਾ ਖ਼ਿਲਾਫ਼ੀ ਕਰਨ ਦੇ ਮਾਮਲੇ ਵਿੱਚ ਪਿਛਲੀਆਂ ਸਰਕਾਰਾਂ ਨੂੰ ਵੀ ਪਿੱਛੇ ਛੱਡ ਗਈ ਹੈ ਜਿਸ ਕਾਰਨ ਨਿੱਤ ਦਿਨ ਮੁੱਖ ਮੰਤਰੀ ਦੇ ਸ਼ਹਿਰ ਸੰਗਰੂਰ ਵਿੱਚ ਬੇਰੁਜ਼ਗਾਰਾਂ, ਮੁਲਾਜ਼ਮਾਂ, ਪੈਨਸ਼ਨਰਾਂ ਅਤੇ ਹੋਰ ਲੋਕਾਂ ਨਾਲ ਪੁਲਿਸ ਦੁਆਰਾ ਧੱਕਾ ਮੁੱਕੀ ਕੀਤੀ ਜਾਂਦੀ ਹੈ। ਉਹਨ੍ਹਾਂ ਆਖਿਆ ਕਿ ਜੇਕਰ ਪੰਜਾਬ ਸਰਕਾਰ ਦੁਆਰਾ 5 ਮਾਰਚ ਨੂੰ ਪੇਸ਼ ਕੀਤੇ ਜਾਣ ਵਾਲੇ ਬਜਟ ਵਿੱਚ ਉਹਨਾਂ ਦੀਆਂ ਮੰਗਾਂ ਸੰਬੰਧੀ ਠੋਸ ਐਲਾਨ ਨਾ ਕੀਤੇ ਗਏ ਤਾਂ 6 ਅਤੇ 7 ਮਾਰਚ ਨੂੰ ਪੰਜਾਬ ਦੇ ਕੋਨੇ-ਕੋਨੇ ਵਿਚ ਪੰਜਾਬ ਸਰਕਾਰ ਦੇ ਬਜਟ ਦੀਆਂ ਕਾਪੀਆਂ ਫੂਕੀਆਂ ਜਾਣਗੀਆਂ।
Leave a Reply