ਭਵਾਨੀਗੜ੍ਹ (ਮਨਦੀਪ ਕੌਰ ਮਾਝੀ) ਸੀਟੂ ਦੇ ਸੱਦੇ ’ਤੇ ਲਾਲ ਝੰਡਾ ਮਿੱਡ-ਡੇਅ ਮਿਲ ਵਰਕਰਾਂ ਵੱਲੋਂ ਸਥਾਨਕ ਅਨਾਜ ਮੰਡੀ ਵਿੱਚ ‘ਭਾਜਪਾ ਹਰਾਓ-ਕਾਰਪੋਰੇਟ ਭਜਾਓ-ਦੇਸ਼ ਬਚਾਓ’ ਤਹਿਤ ਰੈਲੀ ਕੀਤੀ ਗਈ। ਰੈਲੀ ਦੌਰਾਨ ਕੇਂਦਰ ਦੀ ਭਾਜਪਾ ਸਰਕਾਰ ਅਤੇ ਪੰਜਾਬ ਦੀ ‘ਆਪ’ ਸਰਕਾਰ ਦਾ ਲੋਕ ਸਭਾ ਚੋਣਾਂ ਵਿਚ ਡਟ ਕੇ ਵਿਰੋਧ ਕਰਨ ਦਾ ਸੱਦਾ ਦਿੱਤਾ ਗਿਆ। ਲਾਲ ਝੰਡਾ ਮਿੱਡ-ਡੇਅ ਮੀਲ ਵਰਕਰਜ਼ ਦੇ ਪ੍ਰਧਾਨ ਕਾਮਰੇਡ ਦੇਵ ਰਾਜ ਵਰਮਾ, ਜ਼ਿਲ੍ਹਾ ਪ੍ਰਧਾਨ ਸੀਟੀਯੂ, ਕਾਮਰੇਡ ਸਰਬਜੀਤ ਸਿੰਘ ਵੜੈਚ, ਜ਼ਿਲ੍ਹਾ ਪ੍ਰਧਾਨ ਜਸਮੇਲ ਕੌਰ ਬੀਰਕਲਾਂ ਅਤੇ ਕਾਮਰੇਡ ਮੱਖਣ ਸਿੰਘ ਜੱਖੇਪਲ ਦੀ ਪ੍ਰਧਾਨਗੀ ਹੇਠ ਰੈਲੀ ਵਿਚ ਵਰਕਰਾਂ ਨੇ ਸ਼ਮੂਲੀਅਤ ਕੀਤੀ। ਸ੍ਰੀ ਵਰਮਾ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਵੱਲੋਂ ‘ਸਭ ਦਾ ਸਾਥ, ਸਭ ਦਾ ਵਿਕਾਸ’ ਦਾ ਨਾਅਰਾ ਦਿੱਤਾ ਗਿਆ ਸੀ ਅਤੇ ਹਰ ਭਾਰਤੀ ਦੇ ਬੈਂਕ ਖਾਤੇ ਵਿਚ 15-15 ਲੱਖ ਰੁਪਏ ਪਾਉਣ ਦਾ ਵਾਅਦਾ ਕੀਤਾ ਸੀ ਪਰ ਇਹ ਸਾਰੇ ਵਾਅਦੇ ਸੱਤਾ ’ਤੇ ਬੈਠ ਕੇ ਮੋਦੀ ਸਰਕਾਰ ਨੇ ਭੁਲਾ ਦਿੱਤੇ ਹਨ ਅਤੇ ਕਾਰਪੋਰੇਟ ਘਰਾਣਿਆਂ ਦੇ ਪੱਖ ਵਿਚ ਫ਼ੈਸਲੇ ਲਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਦੇ ਪਿਛਲੇ ਦਸ ਸਾਲਾਂ ਦੇ ਕਾਰਜਕਾਲ ਦੌਰਾਨ ਵਰਕਰਾਂ ਦੀਆਂ ਉਜਰਤਾਂ ਵਿਚ ਇੱਕ ਰੁਪਏ ਦਾ ਵੀ ਵਾਧਾ ਨਹੀਂ ਕੀਤਾ ਗਿਆ, ਸਗੋਂ ਦਿਹਾੜੀ ਦਾ ਸਮਾਂ ਵਧਾ ਕੇ ਗਰੀਬ ਮਜ਼ਦੂਰਾਂ ਨੂੰ ਸਰੀਰਕ, ਮਾਨਸਿਕ ਅਤੇ ਆਰਥਿਕ ਤੌਰ ’ਤੇ ਤਬਾਹ ਕੀਤਾ ਜਾ ਰਿਹਾ ਹੈ। ਮੈਡੀਕਲ ਅਤੇ ਹੋਰ ਸਹੂਲਤਾਂ ਦੇਣ ਤੋਂ ਵੀ ਪਾਸਾ ਵੱਟ ਲਿਆ ਹੈ ਅਤੇ ਲਗਾਤਾਰ ਕਿਸਾਨ-ਮਜ਼ਦੂਰ ਵਿਰੋਧੀ ਨੀਤੀਆਂ ਘੜੀਆਂ ਜਾ ਰਹੀਆਂ ਹਨ। ਕੇਂਦਰ ਦੀਆਂ ਨੀਤੀਆਂ ਨੇ ਗਰੀਬ ਨੂੰ ਹੋਰ ਗਰੀਬ ਕਰ ਦਿੱਤਾ, ਜਿਸ ਕਰ ਕੇ 80 ਕਰੋੜ ਲੋਕਾਂ ਨੂੰ ਮੁਫਤ ਅਨਾਜ ਦੇਣਾ ਪੈ ਰਿਹਾ ਹੈ।
ਕਾਮਰੇਡ ਸਰਬਜੀਤ ਸਿੰਘ ਵੜੈਚ ਨੇ ਪੰਜਾਬ ਸਰਕਾਰ ’ਤੇ ਵਰ੍ਹਦਿਆਂ ਕਿਹਾ ਕਿ ਸੱਤਾ ਦੇ ਆਉਣ ਤੋਂ ਪਹਿਲਾਂ ਜਿਹੜੀ ਸਰਕਾਰ ਸਾਰੇ ਵਰਕਰਾਂ ਦੇ ਭੱਤੇ ਦੁੱਗਣੇ ਕਰਨ ਦੇ ਵਾਅਦੇ ਕਰਦੀ ਸੀ, ਉਹ ਸਰਕਾਰ ਆਪਣੇ ਵਾਅਦੇ ’ਤੇ ਖਰੀ ਨਹੀਂ ਉਤਰੀ। ਇਸ ਮੌਕੇ ਮਤਾ ਪਾਸ ਕੀਤਾ ਗਿਆ ਕਿ ਜਿਹੜੀ ਪਾਰਟੀ ਮਜ਼ਦੂਰਾਂ, ਮਿੱਡ-ਡੇਅ ਮੀਲ ਵਰਕਰਾਂ ਦੀਆਂ ਉਜਰਤਾਂ ਵਿਚ ਵਾਧਾ ਕਰਨ ਦਾ ਭਰੋਸਾ ਦਿਵਾਏਗੀ, ਉਨ੍ਹਾਂ ਦੇ ਹੱਕ ਵਿਚ ਭੁਗਤਣ ਲਈ ਵਿਚਾਰ ਕਰ ਕੇ ਫੈਸਲਾ ਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਟਰੇਡ ਯੂਨੀਅਨਾਂ ਦੇ ਸੱਦੇ ’ਤੇ 14 ਮਾਰਚ ਨੂੰ ਦਿੱਲੀ ਵਿਚ ਹੋ ਰਹੇ ਪ੍ਰੋਗਰਾਮ ਵਿਚ ਜਥੇਬੰਦੀ ਭਰਵੀਂ ਸ਼ਮੂਲੀਅਤ ਕਰੇਗੀ।
Leave a Reply