ਖਨੌਰੀ ਬਾਰਡਰ ਤੇ ਅੱਜ ਅੱਥਰੂ ਗੈਸ ਦੇ ਗੋਲੇ ਸੱਟੇ, ਲੱਗ ਭੱਗ 40 ਤੋ ਵੱਧ ਕਿਸਾਨ ਜਖਮੀ 

ਭਵਾਨੀਗੜ੍ਹ :::::::: (ਮਨਦੀਪ ਕੌਰ ਮਾਝੀ ) ਖਨੌਰੀ ਬਾਰਡਰ ‘ਤੇ ਅੱਜ ਹਰਿਆਣਾ ਪੁਲੀਸ ਅਤੇ ਕੇਂਦਰੀ ਸੁਰੱਖਿਆ ਬਲਾ ਵੱਲੋਂ ਅੱਥਰੂ ਗੈਸ ਦੇ ਗੋਲਿਆਂ, ਰਬੜ ਦੀਆਂ ਗੋਲੀਆਂ ਅਤੇ ਪਾਣੀਆਂ ਦੀਆਂ ਬਛਾੜਾਂ ਨਾਲ ਕਿਸਾਨਾਂ ਉਪਰ ਕੀਤੇ ਗਏ ਹਮਲੇ ਵਿਚ ਇੱਕ ਨੌਜਵਾਨ ਕਿਸਾਨ ਦੀ ਮੌਤ ਜਦਕਿ ਕਰੀਬ 40 ਕਿਸਾਨ ਜ਼ਖ਼ਮੀ ਹੋ ਗਏ। ਜ਼ਖ਼ਮੀਆਂ ਨੂੰ ਵੱਖ-ਵੱਖ ਹਸਪਤਾਲਾਂ ਵਿਚ ਦਾਖਲ ਕਰਵਾਇਆ ਗਿਆ ਹੈ। ਹਰਿਆਣਾ ਬਾਰਡਰ ‘ਤੇ ਤਾਇਨਾਤ ਸੁਰੱਖਿਆ ਬਲਾਂ ਵੱਲੋਂ ਕਿਸਾਨਾਂ ਦੇ ਟਰੈਕਟਰਾਂ, ਕਾਰਾਂ, ਜੀਪਾਂ ਅਤੇ ਹੋਰ ਸਾਮਾਨ ਦੀ ਭੰਨਤੋੜ ਵੀ ਕੀਤੀ ਗਈ ਅਤੇ ਟਰਾਲੀਆਂ ‘ਚ ਪਿਆ ਰਾਸ਼ਨ ਸੜਕਾਂ ‘ਤੇ ਖਿਲਾਰ ਦਿੱਤਾ ਗਿਆ।
ਅੱਜ ਸੰਯੁਕਤ ਕਿਸਾਨ ਮੋਰਚਾ ਗੈਰ-ਸਿਆਸੀ ਦੇ ਸੱਦੇ ‘ਤੇ ਕਿਸਾਨਾਂ ਨੇ ਸਵੇਰੇ 11 ਕੁ ਵਜੇ ਹੀ ਪੰਜਾਬ ਹਰਿਆਣਾ ਹੱਦ ਵੱਲ ਵਧਣਾ ਸ਼ੁਰੂ ਕਰ ਦਿੱਤਾ ਸੀ। ਕਰੀਬ 12 ਵਜੇ ਤੱਕ ਵੱਡੀ ਗਿਣਤੀ ਕਿਸਾਨ ਹੱਦ ਨੇੜੇ ਪੁੱਜ ਗਏ। ਇਸ ਦੌਰਾਨ ਜਦੋਂ ਕਿਸਾਨਾਂ ਵੱਲੋਂ ਨਾਅਰੇਬਾਜ਼ੀ ਕੀਤੀ ਜਾ ਰਹੀ ਸੀ ਤਾਂ ਹਰਿਆਣਾ ਪੁਲੀਸ ਤੇ ਸੁਰੱਖਿਆ ਬਲਾਂ ਨੇ ਉਨ੍ਹਾਂ ‘ਤੇ ਅੱਥਰੂ ਗੈਸ ਦੇ ਗੋਲੇ ਸੁੱਟਣੇ ਸ਼ੁਰੂ ਕਰ ਦਿੱਤੇ। ਇਸੇ ਤਰ੍ਹਾਂ ਕਿਸਾਨਾਂ ‘ਤੇ ਰਬੜ ਦੀਆਂ ਗੋਲੀਆਂ ਅਤੇ ਪਾਣੀ ਦੀਆਂ ਬੁਛਾੜਾਂ ਵੀ ਮਾਰੀਆਂ ਗਈਆਂ। ਕਰੀਬ ਇੱਕ ਕਿਲੋਮੀਟਰ ਤੱਕ ਅੱਥਰੂ ਗੈਸ ਦੇ ਗੋਲੇ ਦਾਗੇ ਜਾਂਦੇ ਰਹੇ। ਕਿਸਾਨਾਂ ਨੇ ਦੋਸ਼ ਲਾਇਆ ਕਿ ਕਿਸਾਨਾਂ ਉਪਰ ਪੈਲਟ ਗੰਨ ਨਾਲ ਛਰੇ ਵੀ ਦਾਗੇ ਗਏ। ਲਹੂ-ਲੁਹਾਨ ਹੋਏ ਇੱਕ ਨੌਜਵਾਨ ਕਿਸਾਨ ਸਤਨਾਮ ਸਿੰਘ ਨੇ ਦੱਸਿਆ ਕਿ ਪੰਜ ਨੌਜਵਾਨਾਂ ਨੂੰ ਹਰਿਆਣਾ ਪੁਲੀਸ ਖਿੱਚ ਕੇ ਲੈ ਗਈ ਸੀ। ਕਿਸਾਨਾਂ ਨੇ ਉਨ੍ਹਾਂ ਨੂੰ ਬੜੀ ਮੁਸ਼ਕਲ ਨਾਲ ਛੁਡਾਇਆ। ਕਿਸਾਨ ਆਗੂਆਂ ਅਨੁਸਾਰ 40 ਤੋਂ ਵੱਧ ਕਿਸਾਨ ਜ਼ਖ਼ਮੀ ਹੋਏ ਹਨ, ਜਿਨ੍ਹਾਂ ‘ਚੋ ਬਹੁਤਿਆਂ ਨੂੰ ਪਾਤੜਾਂ ਦੇ ਹਸਪਤਾਲ ‘ਚ ਦਾਖਲ ਕਰਵਾਇਆ ਗਿਆ। ਇਨ੍ਹਾਂ ‘ਚੋਂ ਕੁੱਝ ਨੂੰ ਪਟਿਆਲਾ ਰੈਫ਼ਰ ਕਰ ਦਿੱਤਾ ਗਿਆ ਹੈ। ਖਨੌਰੀ ਬਾਰਡਰ ‘ਤੇ ਅੱਜ ਪੰਜਾਬ ਸਰਕਾਰ ਦੇ ਸਿਵਲ ਅਤੇ ਪੁਲੀਸ ਦੇ ਉਚ ਅਧਿਕਾਰੀ ਵੀ ਵੱਡੀ ਗਿਣਤੀ ਵਿੱਚ ਤਾਇਨਾਤ ਰਹੇ। ਖਨੌਰੀ ਬਾਰਡਰ ‘ਤੇ ਸਮਾਜ ਸੇਵੀ ਸੰਸਥਾਵਾਂ ਵੱਲੋਂ ਲਗਾਏ ਮੈਡੀਕਲ ਕੈਂਪਾਂ ਦੌਰਾਨ ਜ਼ਖਮੀਆਂ ਨੂੰ ਸੰਭਾਲਿਆ ਜਾ ਰਿਹਾ ਹੈ। ਸ਼ਾਮ ਚਾਰ ਵਜੇ ਪੰਜਾਬ-ਹਰਿਆਣਾ ਹੱਦ ਤੋਂ ਪਿੱਛੇ ਕਿਸਾਨਾਂ ਨੇ ਰੱਸੀ ਬੰਨ੍ਹ ਕੇ ਵਲੰਟੀਅਰ ਖੜ੍ਹੇ ਕਰ ਦਿੱਤੇ ਤਾਂ ਜੋ ਕੋਈ ਵੀ ਕਿਸਾਨ ਅੱਗੇ ਨਾ ਜਾਵੇ।

Leave a Reply

Your email address will not be published.


*