ਅੰਮ੍ਰਿਤਸਰ ‘ਚ ਸੱਤ ਦਿਨ, ਸੱਤ ਵੱਡੇ ਕਲਾਕਾਰ ਕਰਨਗੇ ਲੋਕਾਂ ਦਾ ਮਨੋਰੰਜਨ

ਅੰਮ੍ਰਿਤਸਰ  (ਰਣਜੀਤ ਸਿੰਘ ਮਸੌਣ/ਰਾਘਵ ਅਰੋੜਾ) ਪੰਜਾਬ ਸਰਕਾਰ ਵੱਲੋਂ ਰਾਜ ਨੂੰ ਸੈਰ ਸਪਾਟਾ ਕੇਂਦਰ ਵੱਜੋਂ ਵਿਸ਼ਵ ਭਰ ਵਿੱਚ ਪ੍ਰਸਿੱਧ ਕਰਨ ਲਈ ਸ਼ੁਰੂ ਕੀਤੀ ਗਈ ਮੁਹਿੰਮ ਤਹਿਤ ਅੰਮ੍ਰਿਤਸਰ ਨੂੰ ਰੰਗਲਾ ਪੰਜਾਬ ਮੇਲੇ ਲਈ ਚੁਣਿਆ ਗਿਆ ਹੈ, ਜੋ ਕਿ 23 ਤੋਂ 29 ਫ਼ਰਵਰੀ ਤੱਕ ਚੱਲੇਗਾ। ਇਹ ਜਾਣਕਾਰੀ ਦਿੰਦੇ ਡਿਪਟੀ ਕਮਿਸ਼ਨਰ ਸ੍ਰੀ ਘਨਸ਼ਾਮ ਥੋਰੀ ਨੇ ਦੱਸਿਆ ਕਿ ਇਹਨਾਂ ਸੱਤ ਦਿਨਾਂ ਵਿੱਚ ਪੰਜਾਬੀ ਗਾਇਕੀ ਦੇ ਵੱਡੇ ਗਾਇਕ ਜਿਹਨਾਂ ਨੇ ਦੁਨੀਆਂ ਵਿੱਚ ਆਪਣਾ ਲੋਹਾ ਮਨਵਾਇਆ ਹੈ, ਉਹ ਲੋਕਾਂ ਦਾ ਮਨੋਰੰਜਨ ਕਰਨ ਲਈ ਅੰਮ੍ਰਿਤਸਰ ਆਉਣਗੇ।
      ਉਹਨਾਂ ਦੱਸਿਆਂ ਕਿ 23 ਫ਼ਰਵਰੀ ਨੂੰ ਇਸ ਮੇਲੇ ਦਾ ਆਗਾਜ਼ ਖਾਲਸਾ ਕਾਲਜ ਵਿਖੇ ਕੀਤਾ ਜਾਵੇਗਾ,  ਜਿਸ ਵਿੱਚ ਬਾਲੀਵੁੱਡ ਦੇ ਪ੍ਰਸਿੱਧ ਗਾਇਕ ਸੁਖਵਿੰਦਰ ਸਿੰਘ ਦਰਸ਼ਕਾਂ ਦੇ ਰੂਬਰੂ ਹੋਣਗੇ। ਉਹਨਾਂ ਦੱਸਿਆਂ ਕਿ ਇਸੇ ਤਰ੍ਹਾਂ 24 ਫ਼ਰਵਰੀ ਨੂੰ ਇਹ ਗਾਇਕ ਰਣਜੀਤ ਐਵਨਿਊ ਦੁਸ਼ਹਿਰਾ ਗਰਾਉਂਡ ਵਿਖੇ ਲੋਕਾਂ ਦਾ ਮਨੋਰੰਜਨ ਕਰਨ ਲਈ ਮੇਲੇ ਵਿੱਚ ਭਾਗ ਲੈਣਗੇ, ਜਿਸ ਵਿੱਚ 24 ਫ਼ਰਵਰੀ ਨੂੰ ਨੂਰਾਂ ਸਿਸਟਰ, 25 ਫ਼ਰਵਰੀ ਨੂੰ ਲਖਵਿੰਦਰ ਵਡਾਲੀ, 26 ਫ਼ਰਵਰੀ ਨੂੰ ਵਾਰਸ ਭਰਾ, 27 ਫਰਵਰੀ ਨੂੰ ਰਾਜਵੀਰ ਜਵੰਦਾ,  28 ਫ਼ਰਵਰੀ ਨੂੰ ਕੰਵਰ ਗਰੇਵਾਲ ਅਤੇ 29 ਫ਼ਰਵਰੀ ਨੂੰ ਦਿਲਪ੍ਰੀਤ ਢਿੱਲੋਂ ਲੋਕਾਂ ਦੇ ਰੂਬਰੂ ਹੋਣਗੇ। ਉਹਨਾਂ ਦੱਸਿਆਂ ਕਿ ਇਸ ਦੌਰਾਨ ਅੰਮ੍ਰਿਤਸਰ ਦੇ ਰਣਜੀਤ ਐਵੀਨਿਊ ਦੁਸ਼ਹਿਰਾ ਗਰਾਊਂਡ ਵਿਖੇ ਖਾਣ ਪੀਣ ਦੇ ਸ਼ੌਕੀਨਾਂ ਲਈ ਦੇਸ਼ ਭਰ ਵਿੱਚੋਂ ਵੱਡੇ ਬਰਾਂਡ ਰੂਪੀ ਰੈਸਟੋਰੈਂਟ ਆਪਣੇ ਖਾਂਣੇ ਪਰੋਸਣਗੇ, ਜਿਨਾਂ ਵਿੱਚ 100 ਦੇ ਕਰੀਬ ਸਟਾਲ ਹੋਣਗੇ। ਇਸ ਤੋਂ ਇਲਾਵਾਂ ਖ਼ਰੀਦੋ ਫਰੋਖ਼ਤ ਲਈ ਆਪਣੀ ਹੱਥ ਕਲਾ ਕਰਕੇ ਜਾਣੇ ਜਾਂਦੇ ਮਾਹਰ ਦੇਸ਼ ਭਰ ਵਿੱਚੋਂ ਪਹੁੰਚ ਕੇ ਆਪਣੇ ਸਟਾਲ ਲਾਉਣਗੇ।
 ਅੱਜ ਇਸ ਮੇਲੇ ਦੀ ਤਿਆਰੀ ਲਈ ਐਸ.ਡੀ.ਐਮ ਮਨਕੰਵਲ ਸਿੰਘ ਚਾਹਲ ਅਤੇ ਉਹਨਾਂ ਦੀ ਟੀਮ ਨੇ ਦੁਸ਼ਹਿਰਾ ਗਰਾਉਂਡ ਦਾ ਜਾਇਜ਼ਾ ਲਿਆ ਅਤੇ ਮੇਲੇ ਦੀਆਂ ਤਿਆਰੀਆਂ ਬਾਰੇ ਰੂਪ ਰੇਖਾ ਤਿਆਰ ਕੀਤੀ। ਉਹਨਾਂ ਦੁਨੀਆਂ ਭਰ ਵਿੱਚ ਵਸਦੇ ਪੰਜਾਬੀਆਂ ਨੂੰ ਇਸ ਮੇਲੇ ਵਿੱਚ ਸ਼ਿਰਕਤ ਕਰਨ ਦਾ ਸੱਦਾ ਦਿੱਤਾ।

Leave a Reply

Your email address will not be published.


*