ਬੈਰੀਕੇਡ ਤੋੜਦਿਆਂ ਪੰਜਾਬ ਪ੍ਰਧਾਨ ਬੁੱਧ ਰਾਮ ਦੇ ਘਰ ਅੱਗੇ ਫੂਕਿਆ ਪੰਜਾਬ ਸਰਕਾਰ ਦਾ ਪੁਤਲਾ

ਮਾਨਸਾ ( ਡਾ.ਸੰਦੀਪ  ਘੰਡ)
ਪੁਰਾਣੀ ਪੈਨਸ਼ਨ ਦੀ ਬਹਾਲੀ ਲਈ ਅੱਜ ਅਧਿਆਪਕਾਂ ਨੇ ਪੁਲੀਸ ਵੱਲ੍ਹੋਂ ਲਾਏ ਬੈਰੀਕੇਡ ਪਾਰ ਕਰਦਿਆਂ ਆਮ ਆਦਮੀ ਪਾਰਟੀ ਪੰਜਾਬ ਦੇ ਕਾਰਜਕਾਰੀ ਪ੍ਰਧਾਨ ਅਤੇ ਬੁਢਲਾਡਾ ਹਲਕੇ ਦੇ ਵਿਧਾਇਕ ਪ੍ਰਿੰਸੀਪਲ ਬੁੱਧ ਰਾਮ ਦੇ ਘਰ ਅੱਗੇ ਪੰਜਾਬ ਸਰਕਾਰ ਦਾ ਪੁਤਲਾ ਫੂਕਿਆ। ਆਗੂਆਂ ਨੇ ਚਿਤਾਵਨੀ ਦਿੱਤੀ ਕਿ ਅਗਲੇ ਦਿਨਾਂ ਦੌਰਾਨ ਸੰਘਰਸ਼ ਨੂੰ ਹੋਰ ਤਿੱਖਾ ਕਰਦਿਆਂ ਕੈਬਨਿਟ ਮੰਤਰੀਆਂ ਅਤੇ ਵਿਧਾਇਕਾਂ ਨੂੰ ਘੇਰਿਆ ਜਾਵੇਗਾ। ਬੈਰੀਕੇਡ ਪਾਰ ਕਰਦਿਆਂ ਸਮੇਂ  ਪੁਲੀਸ ਕਰਮਚਾਰੀਆਂ ਨੇ ਅਧਿਆਪਕਾਂ ਦੀ ਖਿੱਚ ਧੂਹ ਵੀ ਕੀਤੀ।
                      ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਮਾਨਸਾ ਵੱਲੋਂ ਪੈਨਸ਼ਨ ਬਹਾਲੀ ਸਬੰਧੀ ਕੀਤੇ ਅਧੂਰੇ ਨੋਟੀਫਿਕੇਸ਼ਨਾਂ ਤੋਂ ਬਾਅਦ ਅਗਲੇਰੀ ਕੋਈ ਵੀ ਕਾਰਵਾਈ ਨਾ ਕਰਨ ਸਬੰਧੀ ਕਾਰਜਕਾਰੀ ਪ੍ਰਧਾਨ ਪ੍ਰਿੰਸੀਪਲ ਬੁੱਧ ਰਾਮ ਨੂੰ ਮਿਲਿਆ ਜਾ ਰਿਹਾ ਸੀ,ਪਰ ਉਨ੍ਹਾਂ ਨੇ ਅਧਿਆਪਕਾਂ ਨੂੰ ਕੋਈ ਠੋਸ ਰਾਹ ਨਹੀਂ ਦਿੱਤਾ,ਜਿਸ ਦੇ ਰੋਸ ਵਜੋਂ ਉਨ੍ਹਾਂ ਦੇ ਘਰ ਅੱਗੇ ਰੋਸ ਪ੍ਰਦਰਸ਼ਨ ਕੀਤਾ ਗਿਆ ਅਤੇ ਪੰਜਾਬ ਸਰਕਾਰ ਦਾ ਪੁਤਲਾ ਸਾੜਿਆ ਗਿਆ।
ਇਸ ਮੌਕੇ ਬੋਲਦਿਆਂ ਜ਼ਿਲਾ ਕਨਵੀਨਰ ਦਰਸ਼ਨ ਸਿੰਘ ਅਲੀਸ਼ੇਰ, ਕਰਮਜੀਤ ਸਿੰਘ ਤਾਮਕੋਟ ਅਤੇ ਗੁਰਪ੍ਰੀਤ ਸਿੰਘ ਦਲੇਲ ਵਾਲਾ ਨੇ ਪੰਜਾਬ ਸਰਕਾਰ ਦੁਆਰਾ ਕੀਤੇ ਵਾਅਦੇ ਨਾ ਪੂਰੇ ਕਰਨ ਲਈ ਸਰਕਾਰ ਦੇ ਤਿੱਖੇ ਸ਼ਬਦਾਂ ਨਾਲ ਨਿਖੇਧੀ ਕੀਤੀ। ਬੁਲਾਰਿਆਂ ਨੇ ਕਿਹਾ ਸਾਡੇ ਚੁਣੇ ਹੋਏ ਨੁਮਾਇੰਦੇ ਮੁਲਾਜ਼ਮਾਂ ਦੀ ਹੱਕੀ ਮੰਗ ਪ੍ਰਤੀ ਬਿਲਕੁਲ ਗੰਭੀਰ ਨਹੀਂ ਹਨ।
          ਧਰਨੇ ਨੂੰ ਸੰਬੋਧਨ ਕਰਦਿਆਂ ਹਰਦੀਪ ਸਿੱਧੂ, ਬਲਵਿੰਦਰ ਸ਼ਰਮਾ, ਜਸਵਿੰਦਰ ਚਾਹਲ ਨੇ ਕਿਹਾ ਕਿ ਮੁਲਾਜ਼ਮਾਂ ਨੂੰ ਇਸ ਸਰਕਾਰ ਤੋਂ ਵੱਡੀਆਂ ਆਸਾਂ ਸਨ ਪਰ ਸਰਕਾਰ ਦਾ ਮੁਲਾਜ਼ਮਾਂ ਪ੍ਰਤੀ ਰਵੱਈਆ ਹੁਣ ਠੀਕ ਨਹੀਂ ਰਿਹਾ।
ਇਸ ਮੌਕੇ ਅਧਿਆਪਕ ਆਗੂ ਗੁਰਤੇਜ ਉੱਭਾ,ਇਕਬਾਲ ਉੱਭਾ, ਗੁਰਦਾਸ ਗੁਰਨੇ, ਸਮਰਜੀਤ ਸਮਰਾ, ਇੰਦਰਜੀਤ ਡੇਲੂਆਣਾ,ਸਤਨਾਮ ਸਿੰਘ ਦਲੇਲ ਵਾਲਾ ਨੇ ਵੀ ਸੰਬੋਧਨ ਕੀਤਾ।

Leave a Reply

Your email address will not be published.


*