ਯਸ਼ੋਧਰਾ ਨਾਵਲ ਰਾਹੀਂ ਬਲਦੇਵ ਸਿੰਘ ਨੇ ਹਾਸ਼ੀਆਗ੍ਰਸਤ ਔਰਤ ਦੇ ਦਰਦ ਦੀ ਗੱਲ ਛੋਹੀ ਹੈ— ਡਾ. ਵਰਿਆਮ ਸਿੰਘ ਸੰਧੂ

ਲੁਧਿਆਣਾ:::::::::::::::::::::

ਲੋਕ ਮੰਚ ਪੰਜਾਬ ਵੱਲੋਂ ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੇ ਸਹਿਯੋਗ ਨਾਲ ਸ਼੍ਰੋਮਣੀ ਪੰਜਾਬੀ ਨਾਵਲਕਾਰ ਬਲਦੇਵ ਸਿੰਘ ਮੋਗਾ ਦੇ ਨਵੇਂ ਨਾਵਲ “ਯਸ਼ੋਧਰਾ “ ਦਾ ਲੋਕ ਅਰਪਨ ਤੇ ਵਿਚਾਰ ਸਮਾਗਮ ਪੰਜਾਬੀ ਭਵਨ ਲੁਧਿਆਣਾ ਵਿੱਚ ਕਰਵਾਇਆ ਗਿਆ। ਸਮਾਗਮ ਦੀ ਪ੍ਰਧਾਨਗੀ ਡਾਃ ਵਰਿਆਮ ਸਿੰਘ ਸੰਧੂ,ਪ੍ਰੋਃ ਗੁਰਭਜਨ ਸਿੰਘ ਗਿੱਲ ਤੇ ਡਾਃ ਲਖਵਿੰਦਰ ਸਿੰਘ ਜੌਹਲ ਨੇ ਕੀਤੀ।
ਇਸ ਮੌਕੇ ਬੋਲਦਿਆਂ ਸ਼੍ਰੋਮਣੀ ਕਹਾਣੀਕਾਰ ਤੇ ਇਤਿਹਾਸਕਾਰ ਡਾਃ ਵਰਿਆਮ ਸਿੰਘ ਸੰਧੂ ਨੇ ਕਿਹਾ ਕਿ ਬਲਦੇਵ ਸਿੰਘ ਮੋਗਾ ਨੇ ਯਸ਼ੋਧਰਾ ਨਾਵਲ ਲਿਖ ਕੇ ਹਾਸ਼ੀਆਗ੍ਰਸਤ ਇਤਿਹਾਸਕ ਔਰਤ ਦੀ ਬਾਤ ਛੋਹੀ ਹੈ। ਉਨ੍ਹਾਂ ਕਿਹਾ ਕਿ ਗਦਰ ਲਹਿਰ ਤੇ ਕੌਮੀ ਜੰਗੇ ਆਜ਼ਾਦੀ ਦੇ ਸੁਰਮਿਆਂ ਨੂੰ ਤਾਂ ਅਸੀ ਯਾਦ ਕਰਦੇ ਹਾਂ ਪਰ ਉਨ੍ਹਾਂ ਘਰਾਂ ਦੀਆਂ ਔਰਤਾਂ ਦੇ ਦਰਦ ਦੀ ਥਾਹ ਨਹੀਂ ਪਾਉਂਦੇ। ਬਲਦੇਵ ਸਿੰਘ ਨੇ ਯਸ਼ੋਧਰਾ ਰਾਹੀਂ  ਸਿਧਾਰਥ ਦੇ ਬੁੱਧ ਬਣਨ ਤੀਕ ਦੀ ਯਾਤਰਾ ਸਾਨੂੰ ਵਿਖਾਈ ਹੈ।
ਪੰਜਾਬੀ ਲੋਕ ਵਿਰਾਸਤ ਅਕਾਡਮੀ ਦੇ ਪ੍ਰਧਾਨ ਪ੍ਰੋਃ ਗੁਰਭਜਨ ਸਿੰਘ ਗਿੱਲ ਨੇ ਕਿਹਾ ਕਿ ਯਸ਼ੋਧਰਾ ਰਾਹੀਂ ਬਲਦੇਵ ਸਿੰਘ ਨੇ ਨਾਰੀ ਮਨ ਦੀ ਅੰਤਰ ਵੇਦਨਾ ਪੇਸ਼ ਕੀਤੀ ਹੈ। ਉਨ੍ਹਾਂ ਆਪਣੀ 2003 ਵਿੱਚ ਲਿਖੀ ਕਵਿਤਾ “ਕਪਿਲਵਸਤੂ ਉਦਾਸ ਹੈ” ਦੇ ਹਵਾਲੇ ਨਾਲ ਆਪਣੀ ਗੱਲ ਮੁਕੰਮਲ ਕੀਤੀ। ਅਜੇ ਤੀਕ ਵੀ ਹਰ ਰੋਜ਼,ਕਪਿਲਵਸਤੂ ਉਡੀਕਦੀ ਹੈ,
ਆਪਣੇ ਸਿਧਾਰਥ ਪੁੱਤਰ ਨੂੰ।
ਉਨ੍ਹਾਂ ਭਾਣੇ ਬੋਧ ਗਯਾ ਦੇ ਬਿਰਖ਼ ਨੇ, ਉਨ੍ਹਾਂ ਦਾ ਪੁੱਤਰ ਖਾ ਲਿਆ ਹੈ ਤੇ ਜੋ ਬਾਕੀ ਬਚਿਆ,ਉਹ ਤਾਂ ਬੁੱਧ ਸੀ।
ਕਪਿਲ ਵਸਤੂ ਦੀਆਂ ਗਲੀਆਂ,ਕੂਚੇ ਤੇ ਭੀੜੇ ਬਾਜ਼ਾਰ,ਅੱਜ ਵੀ ਤੜਕਸਾਰ ਜਾਗ ਉੱਠਦੇ ਨੇ।ਉਡੀਕਦੇ ਹਨ ਹਰ ਰੋਜ਼।ਸੋਚਦੇ ਹਨ ਸ਼ਾਹੀ ਰੱਥ ‘ਚੋਂ ਉੱਤਰ ਕੇ,ਉਹ ਜ਼ਰੂਰ ਆਵੇਗਾ।ਦੇਰ ਸਵੇਰ ਜ਼ਰੂਰ ਪਰਤੇਗਾ।ਤੰਗ ਹਨੇਰੀਆਂ ਗਲੀਆਂ ਵਿਚ ਘੁੰਮੇਗਾ। ਕਪਿਲ ਵਸਤੂ ਨੂੰ ਵਿਸ਼ਵਾਸ ਹੈ,ਉਨ੍ਹਾਂ ਦੇ ਘਰਾਂ ਵਿਚਲੀਆਂ ਹਨ੍ਹੇਰੀਆਂ ਰਾਤਾਂ,
ਸਿਧਾਰਥ ਦੇ ਪਰਤਣ ਨਾਲ ਹੀ ਮੁੱਕਣਗੀਆਂ।ਕਪਿਲ ਵਸਤੂ ਨੂੰ ਬੁੱਧ ਦੀ ਨਹੀਂ,ਗੌਤਮ ਦੀ ਉਡੀਕ ਹੈ।ਨਿੱਕੇ ਜਹੇ ਅਲੂੰਈਂ ਉਮਰ ਦੇ ਸਿਧਾਰਥ ਦੀ।
ਯਸ਼ੋਧਰਾ ਅਜੇ ਵੀ ਸਿਰ ਤੇ ਚਿੱਟੀ ਚੁੰਨੀ ਨਹੀਂ ਓੜ੍ਹਦੀ।ਰਾਹੁਲ ਜਾਗ ਪਿਆ ਹੈ ਗੂੜ੍ਹੀ ਨੀਂਦਰੋਂ।ਆਪਣੇ ਬਾਪ ਦੀਆਂ ਪੈੜਾਂ ਨੱਪਦਾ ਨੱਪਦਾ,ਉਹ ਕਿਧਰੇ ਗੁਆਚ ਨਾ ਜਾਵੇ।ਉਸਨੂੰ ਮਹਿਲ ਦੀ ਚਾਰਦੀਵਾਰੀ ਵਿਚ ਹੀ,ਖੇਡਣ ਦੀ ਪ੍ਰਵਾਨਗੀ ਹੈ।
ਬਿਰਧ ਬਾਪ ਤੇ ਮਾਂ ਡੰਗੋਰੀ ਲੱਭਦੇ ਹਨ।ਉਨ੍ਹਾਂ ਨੂੰ ਸੂਰਜ ਨਹੀਂ,ਮੋਢਾ ਚਾਹੀਦਾ ਹੈ।
ਇਸ ਮੌਕੇ ਬੋਲਦਿਆਂ ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ ਦੇ ਪ੍ਰਧਾਨ ਡਾ. ਲਖਵਿੰਦਰ ਸਿੰਘ ਜੌਹਲ ਨੇ ਕਿਹਾ ਕਿ ਬਲਦੇਵ ਸਿੰਘ ਮੋਗਾ ਨੇ ਕਹਾਣੀ, ਨਾਟਕ, ਵਾਰਤਕ ਤੇ ਨਾਵਲ ਸਿਰਜਣਾ ਦੇ ਖੇਤਰ ਵਿੱਚ ਨਿਰੰਤਰ ਕਾਰਜ ਕੀਤਾ ਹੈ। ਬਹੁ ਦਿਸ਼ਾਵੀ ਪ੍ਰਤਿਭਾ ਦੇ ਮਾਲਕ ਬਲਦੇਵ ਸਿੰਘ ਨੇ ਯਸ਼ੋਧਰਾ ਨਾਵਲ ਰਾਹੀਂ ਇਤਿਹਾਸ ਦੀਆਂ ਗਲੀਆਂ ਵਿੱਚੋਂ ਲੰਘਾ ਕੇ ਸਾਨੂੰ ਔਰਤ ਮਨ ਦੀ ਝਾਕੀ ਪੇਸ਼ ਕੀਤੀ ਹੈ।
ਇਸ ਨਾਵਲ ਬਾਰੇ ਪ੍ਰਸਿੱਧ  ਗਲਪ ਆਲੋਚਕ ਡਾਃ ਸੁਰਜੀਤ ਸਿੰਘ ਬਰਾੜ , ਡਾਃ ਗੁਰਇਕਬਾਲ ਸਿੰਘ ਤੇ ਡਾਃ ਗੁਰਜੀਤ ਸਿੰਘ ਸੰਧੂ  ਨੇ ਪਰਚੇ ਪੜ੍ਹੇ। ਸਮਾਗਮ ਵਿੱਚ ਲੋਕ ਮੰਚ ਪ੍ਰਧਾਨ ਸੁਰਿੰਦਰ ਸਿੰਘ ਸੁੰਨੜ, ਨਾਵਲਕਾਰ ਕੁਲਦੀਪ ਸਿੰਘ ਬੇਦੀ, ਤ੍ਰੈਲੋਚਨ ਲੋਚੀ, ਸਤੀਸ਼ ਗੁਲਾਟੀ,ਸਰਬਜੀਤ ਸਿੰਘ ਵਿਰਦੀ ਅਮਰਜੀਤ ਸ਼ੇਰਪੁਰੀ, ਇੰਦਰਜੀਤ ਸਿੰਘ, ਬਲਕਾਰ ਸਿੰਘ, ਮਲਕੀਤ ਸਿੰਘ ਮਾਲੜਾ,ਡਾਃ ਗੁਰਚਰਨ ਕੌਰ ਕੋਚਰ, ਅਸ਼ੋਕ ਜੇਤਲੀ,ਰਾਜਦੀਪ ਸਿੰਘ ਤੂਰ, ਸੁਰਿੰਦਰਦੀਪ, ਅਸ਼ਵਨੀ ਜੇਤਲੀ ਤੇ ਅਸ਼ੋਕ ਭੂਟਾਨੀ ਜੀ ਸਮੇਤ ਸਿਰਕੱਢ ਲੇਖਕ ਹਾਜ਼ਰ ਹੋਏ। ਇਸ ਮੌਕੇ ਆਏ ਮਹਿਮਾਨਾਂ ਦਾ ਲੋਕ ਮੰਚ ਪੰਜਾਬ ਦੇ ਪ੍ਰਧਾਨ ਸੁਰਿੰਦਰ ਸਿੰਘ ਸੁੰਨੜ ਨੇ ਧੰਨਵਾਦ ਕਰਦਿਆਂ ਕਿਹਾ ਕਿ ਇਹੋ ਜਹੀਆਂ ਗਹਿਰ ਗੰਭੀਰ ਗੋਸ਼ਟੀਆਂ ਦੀ ਰਵਾਇਤ ਅੱਗੇ ਤੋਰਨ ਦੀ ਲੋੜ ਹੈ। ਲੋਕ ਮੰਚ ਪੰਜਾਬ ਨੇੜ ਭਵਿੱਖ ਵਿੱਚ ਦੋਆਬਾ ਤੇ ਮਾਝਾ ਖੇਤਰ ਦੇ ਲੇਖਕਾਂ ਦੀਆਂ ਰਚਨਾਵਾਂ ਬਾਰੇ ਵੀ ਵਿਚਾਰ ਚਰਚਾ ਕਰਵਾਏਗਾ।

Leave a Reply

Your email address will not be published.


*