ਪੇਂਡੂ ਮਜਦੂਰ ਯੂਨੀਅਨ (ਮਸ਼ਾਲ) ਵੱਲੋਂ ਮਾਸਾ ਦੇ ਸੱਦੇ ਤੇ ਰੋਸ ਪ੍ਰਦਰਸ਼ਨ ਉਪਰੰਤ ਰਾਸ਼ਟਰਪਤੀ ਨੂੰ ਭੇਜਿਆ ਮੰਗ ਪੱਤਰ

ਜਗਰਾਓਂ, ::::::::::::::::::::::::::: ਦੇਸ਼ ਪੱਧਰੀ 18 ਮਜਦੂਰ ਜਥੇਬੰਦੀਆਂ ਤੇ ਆਧਾਰਿਤ “ਮਜਦੂਰ ਅਧਿਕਾਰ ਸੰਘਰਸ਼ ਅਭਿਯਾਨ” (ਮਾਸਾ) ਦੇ ਸੱਦੇ ਤੇ ਅੱਜ ਪੇਂਡੂ ਮਜ਼ਦੂਰ ਯੂਨੀਅਨ (ਮਸ਼ਾਲ ) ਵਲੋਂ ਮਜਦੂਰ ਮੰਗਾਂ ਦੀ ਪ੍ਰਾਪਤੀ ਲਈ ਸਥਾਨਕ ਬਸ ਸਟੈਂਡ ਤੇ ਭਰਵੀਂ ਰੈਲੀ ਕੀਤੀ ਗਈ। ਸਿੱਧਵਾਂਬੇਟ ਜਗਰਾਉਂ ਦੇ ਵੱਖ ਵੱਖ ਪਿੰਡਾਂ ਚੋਂ ਪੰਹੁਚੇ ਪੇਂਡੂ ਮਜਦੂਰ ਮਰਦ ਔਰਤਾਂ ਨੂੰ ਸੰਬੋਧਨ ਕਰਦਿਆਂ ਮਜਦੂਰ ਆਗੂਆਂ ਮਦਨ ਸਿੰਘ ਅਤੇ ਜਸਵਿੰਦਰ ਸਿੰਘ ਕਾਕਾ ਭਮਾਲ ਨੇ ਦੇਸ਼ ਭਰ ਚੋਂ ਰਾਸ਼ਟਰਪਤੀ ਦੇ ਨਾਂ ਭੇਜੇ ਜਾ ਰਹੇ ਮੰਗ ਪੱਤਰ ਚ ਦਰਜ ਮਜਦੂਰਾਂ ਦੀਆਂ ਭਖਵੀਆਂ ਮੰਗਾਂ, ਮਸਲਿਆਂ ਦੀ ਚਰਚਾ ਕੀਤੀ। ਉਨਾਂ ਦੱਸਿਆ ਕਿ ਮੰਗ ਕੀਤੀ ਜਾ ਰਹੀ ਹੈ ਕਿ ਚਾਰ ਕਿਰਤ ਕੋਡਾਂ ਨੂੰ ਵਾਪਸ ਲਿਆ ਜਾਵੇ, ਮਜਦੂਰ ਹਿਤਾਂ ਚ ਲੇਬਰ ਕਾਨੂੰਨਾਂ ਚ ਸੁਧਾਰ ਕੀਤਾ ਜਾਵੇ, ਸਰਕਾਰੀ ਅਦਾਰਿਆਂ ਦੇ ਨਿਜੀ ਕਰਨ ਤੇ ਰੋਕ ਲਗਾਈ ਜਾਵੇ, ਸਿਹਤ ਸਮੇਤ ਸਾਰੇ ਬੁਨਿਆਦੀ ਮਹਿਕਮਿਆਂ ਦਾ ਕੋਮੀਕਰਨ ਕੀਤਾ ਜਾਵੇ, ਮਨਰੇਗਾ ਵਰਕਰਾਂ ਦਾ ਦਿਹਾੜੀ ਰੇਟ ਇਕ ਹਜਾਰ ਰੁਪਏ ਮਾਸਿਕ ਤੇ ਸਾਲ ਚ ਕੰਮ ਦਿਨ 365 ਕੀਤੇ ਜਾਣ, ਉਜਰਤ ਸਮੇਂ ਸਿਰ ਦਿਤੀ ਜਾਵੇ, ਹਟਾਏ ਮਜਦੂਰਾਂ ਨੂੰ ਮੁੜ ਕੰਮ ਤੇ ਰਖਿਆ ਜਾਵੇ, ਆਸ਼ਾ ਵਰਕਰਾਂ, ਮਿਡ ਡੇਅ ਮੀਲ ਵਰਕਰਾਂ, ਆਂਗਣਵਾੜੀ ਵਰਕਰਾਂ ਨੂੰ ਸਰਕਾਰੀ ਕਰਮਚਾਰੀ ਦਾ ਦਰਜਾ ਦਿੱਤਾ ਜਾਵੇ, ਘਰੇਲੂ ਕਾਮਗਾਰ ਔਰਤਾਂ, ਆਸਾ ਵਰਕਰਾਂ ਨੂੰ ਲੇਬਰ ਕਾਨੂੰਨਾਂ ਦੀ ਸੁਰੱਖਿਆ ਦਿੱਤੀ ਜਾਵੇ, ਪੁਰਾਣੀ ਪੈਨਸ਼ਨ ਬਹਾਲ ਕੀਤੀ ਜਾਵੇ, ਮਹੀਨੇ ਚ, 26 ਹਜਾਰ ਰੁਪਏ ਘੱਟੋ-ਘੱਟ ਮਜਦੂਰੀ ਲਾਗੂ ਕੀਤੀ ਜਾਵੇ, ਪੰਜਾਬ ਚ ਦਲਿਤਾਂ ਦੇ ਬਿਜਲੀ ਬਿੱਲਾਂ ਚ ਪਾਈ ਪੁਰਾਣੀ ਰਕਮ ਰੱਦ ਕੀਤੀ ਜਾਵੇ, ਚਿੱਪ ਵਾਲੇ ਮੀਟਰ ਲਾਉਣੇ ਬੰਦ ਕੀਤੇ ਜਾਣ, ਅਪੰਗ, ਵਿਧਵਾ, ਬੁਢਾਪਾ ਪੈਨਸ਼ਨ ‘ਚ ਵਾਧਾ ਕੀਤਾ ਜਾਵੇ, ਲੱਕ ਤੋੜ ਮਹਿੰਗਾਈ ਨੂੰ ਨੱਥ ਪਾਈ ਜਾਵੇ, ਹਿੱਟ ਐਂਡ ਰਨ ਕਨੂੰਨ ਰੱਦ ਕੀਤਾ ਜਾਵੇ, ਜਾਤ ਤੇ ਧਰਮ ਦੇ ਆਧਾਰ ਤੇ ਰਾਜਨੀਤੀ ਬੰਦ ਕੀਤੀ ਜਾਵੇ, ਕਾਲੇ ਕਨੂੰਨ ਰੱਦ ਕੀਤੇ ਜਾਣ। ਇਹ ਮੰਗ ਪੱਤਰ ਪ੍ਰਧਾਨ ਮੰਤਰੀ, ਮੁੱਖ ਮੰਤਰੀ ਪੰਜਾਬ ਨੂੰ ਵੀ ਭੇਜਿਆ ਗਿਆ। ਰੈਲੀ ਉਪਰੰਤ ਮਜਦੂਰਾਂ ਨੇ ਐੱਸਡੀਐੱਮ ਦਫਤਰ ਤਕ ਮੁਜਾਹਰਾ ਕਰਕੇ ਮੰਗ ਪੱਤਰ ਐੱਸ ਡੀ ਐੱਮ ਦੀ ਗੈਰਹਾਜ਼ਰੀ ਚ ਤਹਿਸੀਲਦਾਰ ਜਗਰਾਓਂ ਨੂੰ ਸੌਪਿਆ।
ਐੱਸਡੀਐੱਮ ਦਫ਼ਤਰ ਸਾਹਮਣੇ ਹੋਈ ਰੈਲੀ ਨੂੰ ਸੰਬੋਧਨ ਕਰਦਿਆਂ ਇਨਕਲਾਬੀ ਕੇਂਦਰ ਪੰਜਾਬ ਦੇ ਆਗੂ ਕੰਵਲਜੀਤ ਖੰਨਾ ਨੇ ਦੱਸਿਆ ਕਿ ਮਜਦੂਰਾਂ ਮੁਲਾਜਮਾਂ ਤੇ ਕਿਸਾਨਾਂ ਵੱਲੋਂ ਮੋਦੀ ਹਕੂਮਤ ਦੇ ਕਾਰਪੋਰੇਟ ਤੇ ਭਗਵਾਂਕਰਨ ਪੱਖੀ ਨੀਤੀਆਂ ਖਿਲਾਫ 16 ਫਰਵਰੀ ਦੇ ਭਾਰਤ ਬੰਦ ‘ਚ ਪੇਂਡੂ ਮਜਦੂਰ ਯੂਨੀਅਨ (ਮਸ਼ਾਲ )ਦੇ ਵਰਕਰ ਵੀ ਸ਼ਾਮਲ ਹੋਣਗੇ।
ਇਸ ਸਮੇਂ ਗੁਰਮੇਲ ਸਿੰਘ ਸਲੇਮਪੁਰ ਇਲਾਕਾ ਪ੍ਰਧਾਨ ,  ਕਰਮ ਸਿੰਘ ਭਮਾਲ, ਗੰਗਾ ਸਿੰਘ, ਬਲਬੀਰ ਸਿੰਘ ਭਮਾਲ, ਫੂਡ ਐਂਡ ਅਲਾਈਡ ਵਰਕਰਜ ਯੂਨੀਅਨ ਆਗੂ ਅਵਤਾਰ ਸਿੰਘ ਬਿੱਲਾ, ਗੱਲਾ ਮਜ਼ਦੂਰ ਯੂਨੀਅਨ ਆਗੂ ਦੇਵਰਾਜ ਤੋਂ ਬਿਨਾਂ ਕਿਸਾਨ ਆਗੂ ਕੁੰਡਾ ਸਿੰਘ ਕਾਉਂਕੇ, ਦਲਜੀਤ ਸਿੰਘ ਰਸੂਲਪੁਰ ਆਦਿ ਹਾਜ਼ਰ ਸਨ।

Leave a Reply

Your email address will not be published.


*