ਪੰਜਾਬੀ ਵਿਕੀਪੀਡੀਆ ਨੂੰ ਹੋਰ ਵਿਕਸਿਤ ਕਰਨ ਦੇ ਸੱਦੇ ਨਾਲ ਦੋ-ਰੋਜ਼ਾ ਕਾਨਫਰੰਸ ਸਮਾਪਤ

ਲਹਿਰਾਗਾਗਾ, ::::::::::::::::::::::::: ਪੰਜਾਬੀ ਵਿਕੀਪੀਡੀਆ ਨੂੰ ਹੋਰ ਵਧੇਰੇ ਵਿਕਸਿਤ ਕਰਨ ਦੇ ਸੱਦੇ ਨਾਲ ਇੱਥੇ ਸੀਬਾ ਸਕੂਲ, ਲਹਿਰਾਗਾਗਾ ਵਿਖੇ ਚੱਲ ਰਹੀ ਦੋ-ਰੋਜ਼ਾ ਵਰਕਸ਼ਾਪ ਸਮਾਪਤ ਹੋ ਗਈ।
ਵਿਕੀਮੀਡੀਅਨ ਚਰਨ ਗਿੱਲ ਅਤੇ ਸਤਦੀਪ ਗਿੱਲ ਨੇ ਕਿਹਾ ਕਿ ਵੱਖ-ਵੱਖ ਭਾਸ਼ਾਵਾਂ ਵਿਚ ਆਪਸੀ ਆਦਾਨ-ਪ੍ਰਦਾਨ ਦੀ ਪ੍ਰਕਿਰਿਆ ਰਾਹੀਂ ਜਿੱਥੇ ਦੂਜੇ ਸੱਭਿਆਚਾਰਾਂ ਨਾਲ ਸਾਂਝ ਪੈਂਦੀ ਹੈ, ਉਥੇ ਭਾਸ਼ਾਵਾਂ ਦੇ ਵਿਕਾਸ ਲਈ ਵੀ ਨਵੇਂ ਦਰ ਖੁਲ੍ਹਦੇ ਹਨ। ਉਨ੍ਹਾਂ ਨੇ ਦੱਸਿਆ ਕਿ ਮੌਜੂਦਾ ਦੌਰ ’ਚ ਗਿਆਨ ਸਿਰਜਣ ਦੀ ਪ੍ਰਕਿਰਿਆ ਆਲਮੀ ਮੰਡੀਆਂ ਦੇ ਦਬਾਅ ਹੇਠ ਕੰਮ ਕਰ ਰਹੀ ਹੈ ਜਿਸ ਕਾਰਨ ਅਜਿਹੀਆਂ ਤਕਨੀਕਾਂ ਅਤੇ ਵਿਧੀਆਂ ਦੀ ਬਹੁਤ ਜ਼ਰੂਰਤ ਹੈ ਜਿਹਡ਼ੀਆਂ ਸਥਾਨਕ ਸੱਭਿਆਚਾਰਾਂ ਅਤੇ ਭਾਸ਼ਾਵਾਂ ਦੇ ਮੁੱਲਾਂ ਨੂੰ ਅਗਲੀਆਂ ਨਸਲਾਂ ਤੱਕ ਪਹੁੰਚਾ ਸਕਣ।
ਉਹਨਾਂ ਦੱਸਿਆ ਕਿ ਵਿਕੀਪੀਡੀਆ ਇਕ ਆਨਲਾਈਨ ਵਿਸ਼ਵਕੋਸ਼ ਹੈ, ਜੋ ਇਸ ਸਮੇਂ ਦੁਨੀਆ ਦੀਆਂ 290 ਤੋਂ ਵੱਧ ਭਾਸ਼ਾਵਾਂ ਵਿੱਚ ਨਿਰੰਤਰ ਤਿਆਰ ਕੀਤਾ ਜਾ ਰਿਹਾ ਹੈ। ਪੰਜਾਬੀ ਵਿੱਚ ਵਿਕੀਪੀਡੀਏ ਨੂੰ ਤਿਆਰ ਕਰਨ ਦਾ ਕੰਮ ਸੰਨ 2002 ਤੋਂ ਚੱਲ ਰਿਹਾ ਹੈ। ਪਹਿਲੇ ਕੁਝ ਸਾਲਾਂ ਵਿੱਚ ਧੀਮੀ ਤੋਰੇ ਤੁਰਨ ਦੇ ਬਾਅਦ ਪਿਛਲੇ ਕੁਝ ਸਮੇਂ ਤੋਂ ਇਸ ‘ਤੇ ਹੋ ਰਹੇ ਕੰਮ ਦੀ ਰਫਤਾਰ ਵਿੱਚ ਕਾਫੀ ਵਾਧਾ ਹੋਇਆ ਹੈ। ਪਰ ਇਸ ਰਫਤਾਰ ਨੂੰ ਹੋਰ ਤੇਜ਼ ਕਰਨ ਦੀ ਲੋੜ ਹੈ।
ਇਸ ਦੌਰਾਨ ਕੇਸਵ ਸ਼ਰਮਾ, ਜੱਸੂ ਗਿੱਲ, ਹਰਪ੍ਰੀਤ ਕੌਰ, ਗੌਰਵ ਝੰਮਟ, ਡਾ. ਜਗਦੀਸ਼ ਕੌਰ, ਮੁਲਖ਼ ਸਿੰਘ ਅਤੇ ਗੌਰਵ ਚੌਹਾਨ ਨੇ ਪੰਜਾਬੀ ਭਾਸ਼ਾ ਦੇ ਪ੍ਰਚਾਰ ਅਤੇ ਪ੍ਰਸਾਰ ਲਈ ਆਪੋ ਆਪਣੇ ਤਜ਼ਰਬੇ ਸਾਂਝੇ ਕੀਤੇ। ਸਕੂਲ ਪ੍ਰਬੰਧਕ ਕੰਵਲਜੀਤ ਸਿੰਘ ਢੀਂਡਸਾ ਅਤੇ ਮੈਡਮ ਅਮਨ ਢੀਂਡਸਾ ਨੇ ਵਿਕੀਪੀਡੀਆ ਦੇ ਪ੍ਰੋਜੈਕਟਸ ਨਾਲ ਸੀਬਾ ਦੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਜੋੜਨ ਦਾ ਵਿਸ਼ਵਾਸ ਦਿਵਾਇਆ।
ਇਸ ਮੌਕੇ ਰਣਦੀਪ ਸੰਗਤਪੁਰਾ, ਹਰਕੰਵਲ ਸਿੰਘ, ਪਰਮਜੀਤ ਕੌਰ, ਕੁਲਦੀਪ ਕੌਰ, ਰੁਪਿੰਦਰ ਕੌਰ, ਯੁਵਾਂਸ਼ੂ ਗੋਇਲ ਅਤੇ ਬੇਅੰਤ ਕੌਰ ਵੀ ਹਾਜ਼ਰ ਸਨ।

Leave a Reply

Your email address will not be published.


*