ਪੰਜਾਬੀ ਸੰਗੀਤਕ ਖੇਤਰ ਵਿਚ ਧਰੂ ਤਾਰੇ ਵਾਂਗ ਅਪਣੇ ਅਲਹਦਾ ਵਜ਼ੂਦ ਦਾ ਅਹਿਸਾਸ ਕਰਵਾਉਣ ਵਿਚ ਸਫ਼ਲ ਰਹੀ ਹੈ ਗੀਤਕਾਰ ਕੈਵੀ- ਰਿਆਜ਼ ਦੀ ਜੋੜੀ ,ਜਿੰਨਾਂ ਵੱਲੋ ਰਚੇ ਬੇਸ਼ੁਮਾਰ ਗੀਤ ਮਕਬੂਲੀਅਤ ਅਤੇ ਸਫਲਤਾ ਦੇ ਨਵੇਂ ਆਯਾਮ ਕਾਇਮ ਕਰਨ ਵਿਚ ਸਫ਼ਲ ਰਹੇ ਹਨ । ਪੰਜਾਬ ਅਤੇ ਪੰਜਾਬੀਅਤ ਨਾਲ ਜੁੜੇ ਅਸਲ ਰੰਗਾਂ ਨੂੰ ਹੋਰ ਗੂੜਿਆ ਕਰਨ ਵਿਚ ਅਹਿਮ ਭੂਮਿਕਾ ਨਿਭਾ ਰਹੇ , ਇਹ ਪ੍ਰਤਿਭਾਵਾਨ ਗੀਤਕਾਰ ਹੁਣ ਬਾਲੀਵੁੱਡ ਵਿਚ ਵੀ ਨਵੇਂ ਦਿਸਹਿੱਦੇ ਸਿਰਜਣ ਵੱਲ ਵੱਧ ਰਹੇ ਹਨ , ਜਿੰਨਾਂ ਦੇ ਦਿਨ ਬ ਦਿਨ ਸਾਨਦਾਰ ਰੂਪ ਅਖ਼ਤਿਆਰ ਕਰਦੇ ਜਾ ਸਫ਼ਰ ਦਾ ਇਜ਼ਹਾਰ ਆਉਣ ਵਾਲੇ ਦਿਨਾਂ ਵਿਚ ਸਾਹਮਣੇ ਆਉਣ ਜਾ ਰਹੇ ਉਨਾਂ ਦੇ ਕਈ ਹੋਰ ਉਮਦਾ ਗੀਤ ਵੀ ਕਰਵਾਉਣਗੇ, ਜਿਸ ਨੂੰ ਹਿੰਦੀ ਅਤੇ ਪੰਜਾਬੀ ਸੰਗ਼ੀਤ ਨਾਲ ਜੁੜੇ ਨਾਮੀ ਗਾਇਕ ਅਤੇ ਗਾਇਕਾਵਾਂ ਵੱਲੋ ਅਪਣੀ ਆਵਾਜ਼ ਦਿੱਤੀ ਜਾ ਰਹੀ ਹੈ ।
ਮੂਲ ਰੂਪ ਵਿੱਚ ਜਿਲਾ ਸੰਗਰੂਰ ਅਧੀਨ ਪੈਂਦੇ ਕਸਬੇ ਦਿੜਬਾ ਨਾਲ ਸਬੰਧਿਤ, ਇਸ ਜੋੜੀ ਵੱਲੋਂ ਲਿਖੇ ਅਣਗਿਣਤ ਮਿਆਰੀ ਅਤੇ ਦਿਲਟੁੰਬਵੇ ਗੀਤਾਂ ਨੂੰ ਪੰਜਾਬੀ ਮਿਊਜਿਕ ਇੰਡਸਟਰੀ ਦੇ ਉੱਚਕੋਟੀ ਗਾਇਕ ਅਤੇ ਗਾਇਕਾਵਾਂ ਵੱਲੋਂ ਗਾਇਨਬਧ ਕੀਤਾ ਜਾ ਚੁੱਕਾ ਹੈ, ਜਿੰਨਾ ਵਿਚ ਐਮੀ ਵਿਰਕ, ਗੁਰਨਾਮ ਭੁੱਲਰ, ਰਣਜੀਤ ਬਾਵਾ , ਜਸ ਬਾਜਵਾ , ਸ਼ਿਪਰਾ ਗੋਇਲ, ਅਫਸਾਨਾ ਖਾਨ, ਹਸ਼ਮਤ ਸੁਲਤਾਨਾ , ਹਰਪੀ ਗਿੱਲ, ਕਰਨ ਸੈਂਹਬੀ , ਅਮਰ ਸੈਂਹਬੀ ਆਦਿ ਜਿਹੇ ਚਰਚਿਤ ਅਤੇ ਸਫਲ ਨਾਂਅ ਸ਼ੁਮਾਰ ਰਹੇ ਹਨ।
ਸਾਲ 2014 ਵਿੱਚ ਗੀਤਕਾਰੀ ਖੇਤਰ ਦੀਆਂ ਬਰੂਹਾਂ ਢੁੱਕੀ ਇਹ ਹੋਣਹਾਰ ਗੀਤਕਾਰ ਜੋੜੀ ਲਈ ਸਾਲ 2018 ਇੱਕ ਅਹਿਮ ਟਰਨਿੰਗ ਪੁਆਇੰਟ ਸਾਬਿਤ ਹੋਇਆ, ਜਦ ਇੰਨਾਂ ਵੱਲੋ ਲਿਖੇ ਅਤੇ ਗਾਇਕਾ ਹਰਪੀ ਗਿੱਲ ਵੱਲੋ ਗਾਏ ਗਾਣੇ ‘ਲੈਥਲ ਜੱਟੀ’ ਨੇ ਤਕਰੀਬਨ ਡੇਢ ਸੋ ਮਿਲੀਅਨ ਵਿਊਅਰਜਸ਼ਿਪ ਦਾ ਇਤਿਹਾਸਕ ਸੰਗ਼ੀਤਕ ਅੰਕੜਾ ਪਾਰ ਕਰਦਿਆ, ਪੰਜਾਬੀ ਸੰਗੀਤਕ ਖੇਤਰ ਵਿਚ ਅਜਿਹੀ ਤਰਥੱਲੀ ਮਚਾਈ ਕਿ ਇਸ ਤੋਂ ਬਾਅਦ ਇਸ ਬਾਕਮਾਲ ਗੀਤਕਾਰ ਜੋੜੀ ਨੂੰ ਪਿੱਛੇ ਮੁੜ ਨਹੀਂ ਵੇਖਣਾ ਪਿਆ । ਪੰਜਾਬੀ ਸੰਗੀਤ ਦੇ ਨਾਲ ਪੰਜਾਬੀ ਫਿਲਮਾਂ ਨੂੰ ਵੀ ਅਪਣੀ ਪ੍ਰਭਾਵੀ ਅਤੇ ਮਨ ਨੂੰ ਛੂਹ ਲੈਣ ਵਾਲੀ ਗੀਤਕਾਰੀ ਨਾਲ ਚਾਰ ਚੰਨ ਲਾ ਰਹੀ ਹੈ ਇਹ ਬੇਹਤਰੀਣ ਗੀਤਕਾਰ ਜੋੜੀ , ਜਿਸ ਵੱਲੋ ਲਿਖੇ ਫਿਲਮੀ ਗਾਣਿਆਂ ਵਿਚ ‘ਲੋਂਗ ਲਾਚੀ2’ ਦਾ ‘ਲਾਹੌਰ’ (ਗਾਇਕ -ਐਮੀ ਵਿਰਕ ) , ‘ਲਹਿੰਬਰਗਿੰਨੀ’ ਵਿਚਲਾ ‘ਜੰਮਿਆ ਸੀ'( ਗਾਇਕਾ ਹਸਮਤ ਸੁਲਤਾਨਾ) ਅਤੇ ਮਿੱਟੀ ਦੇ ਦੀਵੇ (ਗਾਇਕ- ਰਣਜੀਤ ਬਾਵਾ) ਆਦਿ ਸ਼ਾਮਿਲ ਰਹੇ ਹਨ। ਇੰਨਾਂ ਤੋਂ ਇਲਾਵਾ ਆਉਣ ਵਾਲੇ ਦਿਨਾਂ ਵਿਚ ਰਿਲੀਜ ਹੋਣ ਵਾਲੀਆ ਕਈ ਵੱਡੀਆ ਫਿਲਮਾਂ ਨੂੰ ਵੀ ਇੰਨਾਂ ਦੇ ਲਿਖੇ ਗੀਤ ਹੋਰ ਪ੍ਰਭਾਵੀ ਰੂਪ ਦੇਣਗੇ । ਦੁਨੀਆ-ਭਰ ਵਿਚ ਅਪਣੀ ਨਾਯਾਬ ਗੀਤਕਾਰੀ ਕਲਾ ਦਾ ਲੋਹਾ ਮੰਨਵਾ ਰਹੀ, ਇਹ ਅਜ਼ੀਮ ਗੀਤਕਾਰ ਜੋੜੀ ਹੁਣ ਬਾਲੀਵੁੱਡ ਵਿਚ ਵੀ ਅਪਣੀਂ ਹੋਂਦ ਨੂੰ ਹੋਰ ਵਿਸ਼ਾਲਤਾ ਦੇਣ ਵਿਚ ਜੁਟ ਚੁੱਕੀ ਹੈ , ਜਿੰਨਾਂ ਦੀਆਂ ਇਸ ਨਗਰੀ ਵਿਚ ਪੜਾਅ ਦਰ ਪੜਾਅ ਮਜਬੂਤ ਹੁੰਦੀਆਂ ਜਾ ਰਹੀਆਂ ਪੈੜਾ ਦਾ ਇਜ਼ਹਾਰ ਅਤੇ ਅਹਿਸਾਸ ਸਾਹਮਣੇ ਆਉਣ ਜਾ ਰਹੇ ਇੰਨਾਂ ਦੇ ਪੰਜਾਬੀਅਤ ਖੁਸ਼ਬੋ ਨਾਲ ਸਮੋਏ ਕਈ ਹਿੰਦੀ ਮਨਮੋਹਕ ਗੀਤ ਕਰਵਾਉਣਗੇ , ਜਿੰਨਾਂ ਨੂੰ ਬਾਲੀਵੁੱਡ ਦੇ ਨਾਮੀ ਗਿਰਾਮੀ ਗਾਇਕ ਅਨੂਠੇ ਰੰਗ ਦੇਣਗੇ।
Leave a Reply