ਮੋਗਾ:::::::::::::::
ਜ਼ਿਲ੍ਹੇ ਵਿੱਚ ਮਨਾਏ ਜਾ ਰਹੇ ‘ਸੜਕ ਸੁਰੱਖਿਆ ਮਹੀਨਾ’ ਦੇ ਪ੍ਰਬੰਧਾਂ ਅਤੇ ਗਤੀਵਿਧੀਆਂ ਦਾ ਰੀਵਿਊ ਕਰਨ ਲਈ ਐਸ.ਡੀ.ਐਮ. ਮੋਗਾ ਸ੍ਰ. ਸਾਰੰਗਪ੍ਰੀਤ ਸਿੰਘ ਗਰੇਵਾਲ ਨੇ ਵੱਖ ਵੱਖ ਸਬੰਧਤ ਵਿਭਾਗਾਂ ਦੀ ਇੱਕ ਮੀਟਿੰਗ ਬੁਲਾਈ। ਇਸ ਮੀਟਿੰਗ ਵਿੱਚ ਸਿਹਤ ਵਿਭਾਗ, ਸਿੱਖਿਆ ਵਿਭਾਗ, ਟ੍ਰੈਫਿਕ ਪੁਲਿਸ ਆਦਿ ਹਾਜ਼ਰ ਹੋਏ। ਸੜਕ ਸੁਰੱਖਿਆ ਮਹੀਨਾ 15 ਜਨਵਰੀ ਤੋਂ ਸ਼ੁਰੂ ਹੋਇਆ ਹੈ ਅਤੇ ਇਸ ਤਹਿਤ ਕਰਵਾਈਆਂ ਜਾ ਰਹੀਆਂ ਗਤੀਵਿਧੀਆਂ 14 ਫਰਵਰੀ, 2024 ਤੱਕ ਚੱਲਣਗੀਆਂ।
ਮੀਟਿੰਗ ਵਿੱਚ ਉਨ੍ਹਾਂ ਸਮੂਹ ਵਿਭਾਗਾਂ ਨੂੰ ਨਿਰਦੇਸ਼ ਜਾਰੀ ਕੀਤੇ ਕਿ ਸੜਕ ਸੁਰੱਖਿਆ ਮਹੀਨੇ ਤਹਿਤ ਕੀਤੀਆਂ ਜਾ ਰਹੀਆਂ ਗਤੀਵਿਧੀਆਂ ਨੂੰ ਹੋਰ ਵੀ ਪ੍ਰਭਾਵਸ਼ਾਲੀ ਤਰੀਕੇ ਨਾਲ ਚਲਾਇਆ ਜਾਵੇ ਤਾਂ ਕਿ ਲੋਕਾਂ ਵਿੱਚ ਸੜਕ ਸੁਰੱਖਿਆ ਨਿਯਮਾਂ ਪ੍ਰਤੀ ਹੋਰ ਚੇਤਨਤਾ ਪੈਦਾ ਹੋ ਸਕੇ ਅਤੇ ਸੜਕ ਦੁਰਘਟਨਾਵਾਂ ਦੇ ਗ੍ਰਾਫ ਵਿੱਚ ਗਿਰਾਵਟ ਆ ਸਕੇ। ਉਨ੍ਹਾਂ ਪੁਲਿਸ ਵਿਭਾਗ ਦੇ ਟ੍ਰੈਫਿਕ ਸੈੱਲ ਨੂੰ ਸਖਤ ਨਿਰਦੇਸ਼ ਜਾਰੀ ਕੀਤੇ ਕਿ ਉਹ ਰੋਡ ਸੇਫਟੀ ਦੇ ਲਗਾਏ ਜਾ ਰਹੇ ਕੈਂਪਾਂ ਜਰੀਏ ਮੋਟਰ ਵਹੀਕਲ ਐਕਟ 2019, ਸੈਂਟਰਲ ਮੋਟਰ ਵਹੀਕਲਜ਼ ਰੂਲਜ਼ 1989 ਅਤੇ ਹੋਰ ਰੋਡ ਸੇਫ਼ਟੀ ਬਾਰੇ ਜਾਰੀ ਹੋਈਆਂ ਹਦਾਇਤਾਂ ਬਾਰੇ ਜਾਗਰੂਕਤਾ ਫੈਲਾਉਣ ਨੂੰ ਯਕੀਨੀ ਬਣਾਉਣ। ਉਨ੍ਹਾਂ ਕਿਹਾ ਕਿ ਸੜਕ ਦੁਰਘਟਨਾਵਾਂ ਵਿੱਚ ਵਰਦਾਨ ਸਾਬਿਤ ਹੁੰਦੀ ਸੀਟ ਬੈਲਟ ਤੇ ਹੈਲਮਟ ਦੀ ਮਹੱਤਤਾ ਬਾਰੇ ਜਾਗਰੂਕਤਾ ਫੈਲਾਉਣ ਵੱਲਂ ਵਿਸ਼ੇਸ਼ ਜ਼ੋਰ ਦਿੱਤਾ ਜਾਵੇ।
ਉਨ੍ਹਾਂ ਸਿੱਖਿਆ ਵਿਭਾਗ ਦੇ ਨੁਮਾਇੰਦਿਆਂ ਨੂੰ ਹਦਾਇਤ ਕੀਤੀ ਕਿ ਸਕੂਲੀ ਬੱਚਿਆਂ ਵਿੱਚ ਟ੍ਰੈਫਿਕ ਨਿਯਮਾਂ ਦੀ ਚੇਤਨਤਾ ਪੈਦਾ ਕਰਨ ਲਈ ਪੋਸਟਰ ਮੇਕਿੰਗ ਮੁਕਾਬਲੇ, ਸਲੋਗਨ ਮੁਕਾਬਲੇ ਆਦਿ ਤੁਰੰਤ ਪ੍ਰਭਾਵ ਨਾਲ ਸ਼ੁਰੂ ਕਰਵਾਏ ਜਾਣ। ਬੱਚਿਆਂ ਨੂੰ ਟ੍ਰੈਫਿਕ ਨਿਯਮਾਂ ਉੱਪਰ ਭਾਸ਼ਣ ਦਿੱਤੇ ਜਾਣ। ਇਸ ਤੋਂ ਇਲਾਵਾ ਉਨ੍ਹਾਂ ਲੋਕ ਨਿਰਮਾਣ ਵਿਭਾਗ ਦੇ ਅਧਿਕਾਰੀਆਂ ਤੋਂ ਵੀ ਸੜਕ ਸੁਰੱਖਿਆ ਮਹੀਨੇ ਤਹਿਤ ਕੀਤੀਆਂ ਜਾਣ ਵਾਲੀਆਂ ਗਤੀਵਿਧੀਆਂ ਦਾ ਰੀਵਿਊ ਲਿਆ। ਉਨ੍ਹਾਂ ਸਿਹਤ ਵਿਭਾਗ ਨੂੰ ਅੱਖਾਂ ਦੇ ਢੁਕਵੇਂ ਕੈਂਪ ਬੱਸ ਸਟੈਂਡਾਂ ਜਾਂ ਹੋਰ ਢੁਕਵੇਂ ਸਥਾਨਾਂ ਉੱਪਰ ਲਗਾਉਣ ਲਈ ਕਿਹਾ ਕਿਉਂਕਿ ਅੱਖਾਂ ਦੀ ਰੌਸ਼ਨੀ ਦੀ ਕਮੀ ਸੜਕੀ ਦੁਰਘਟਨਾਵਾਂ ਵਿੱਚ ਵਾਧਾ ਕਰਦੀ ਹੈ।
ਉਨ੍ਹਾਂ ਆਮ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਸੜਕ ਸੁਰੱਖਿਆ ਨਿਯਮਾਂ ਦੀ ਸਹੀ ਅਰਥਾਂ ਵਿੱਚ ਪਾਲਣਾ ਕਰਨ ਤਾਂ ਕਿ ਅਣਗਹਿਲੀ ਨਾਲ ਹੁੰਦੀਆਂ ਸੜਕ ਦੁਰਘਟਨਾਵਾਂ ਨੂੰ ਖਤਮ ਕੀਤਾ ਜਾ ਸਕੇ।
Leave a Reply