ਤਰਕਸ਼ੀਲ ਆਗੂਆਂ ਖ਼ਿਲਾਫ਼ 295 ਏ ਦੇ ਕੇਸ ਨੂੰ ਫੌਰੀ ਰੱਦ ਕਰਨ ਦੀ ਮੰਗ

ਤਰਕਸ਼ੀਲ ਸੁਸਾਇਟੀ ਪੰਜਾਬ ਇਕਾਈ ਸੰਗਰੂਰ ਦੇ ਆਗੂਆਂ ਮਾਸਟਰ ਪਰਮਵੇਦ, ਸੁਰਿੰਦਰ ਪਾਲ, ਸੀਤਾ ਰਾਮ, ਲੈਕਚਰਾਰ ਕ੍ਰਿਸ਼ਨ ਸਿੰਘ, ਗੁਰਦੀਪ ਸਿੰਘ ਨੇ ਪੰਜਾਬ ਪੁਲੀਸ ਵਲੋਂ ਤਰਕਸ਼ੀਲ ਆਗੂ ਭੁਪਿੰਦਰ ਫੌਜੀ ਅਤੇ ਤਰਕਸ਼ੀਲ ਚਿੰਤਕ ਅਤੇ ਲੇਖਕ ਸੁਰਜੀਤ ਦੌਧਰ ਦੇ ਖਿਲਾਫ ਤੱਥਾਂ ਦੀ ਜਾਂਚ ਪੜਤਾਲ ਕੀਤੇ ਬਗੈਰ 295 ਅਤੇ 295 ਏ ਤਹਿਤ ਕੇਸ ਦਰਜ ਕਰਨ ਦਾ ਸਖ਼ਤ ਨੋਟਿਸ ਲੈਂਦਿਆਂ ਇਸ ਗੈਰ ਜਮਹੂਰੀ ਕਾਰਵਾਈ ਨੂੰ ਹਿੰਦੂਤਵੀ ਸੰਗਠਨਾਂ ਦੇ ਦਬਾਅ ਹੇਠ ਤਰਕਸ਼ੀਲ ਕਾਰਕੁਨਾਂ , ਲੇਖਕਾਂ ਅਤੇ ਜਮਹੂਰੀ ਅਧਿਕਾਰਾਂ ਦੇ ਕਾਰਕੁਨਾਂ ਖਿਲਾਫ ਇਕ ਗਿਣੀ ਮਿੱਥੀ ਫ਼ਿਰਕੂ ਸਾਜਿਸ਼ ਦੱਸਿਆ ਹੈ ਅਤੇ ਦੋਵਾਂ ਆਗੂਆਂ ਦੇ ਖਿਲਾਫ ਦਰਜ ਕੇਸਾਂ ਨੂੰ ਬਿਨਾਂ ਸ਼ਰਤ ਫੌਰੀ ਰੱਦ ਕਰਨ ਦੀ ਜੋਰਦਾਰ ਮੰਗ ਕੀਤੀ ਹੈ। ਤਰਕਸ਼ੀਲ ਆਗੂਆਂ ਨੇ ਚੇਤਾਵਨੀ ਦਿੱਤੀ ਕਿ ਅਜਿਹਾ ਨਾ ਹੋਣ ਦੀ ਸੂਰਤ ਵਿਚ ਪੰਜਾਬ ਦੀਆਂ ਸਮੁੱਚੀਆਂ ਤਰਕਸ਼ੀਲ, ਅਗਾਂਹਵਧੂ,ਜਮਹੂਰੀ ਅਤੇ ਇਨਸਾਫ਼ ਪਸੰਦ ਜਨਤਕ ਜੱਥੇਬੰਦੀਆਂ ਵੱਲੋਂ ਸਾਂਝੇ ਮੰਚ ਹੇਠ ਸਮੁੱਚੇ ਪੰਜਾਬ ਵਿੱਚ ਰੋਸ ਪ੍ਰਦਰਸ਼ਨ ਕੀਤੇ ਜਾਣਗੇ।ਇਸ ਸਬੰਧੀ ਅੱਜ ਤਰਕਸ਼ੀਲ ਸੁਸਾਇਟੀ ਪੰਜਾਬ , ਜਮਹੂਰੀ ਅਧਿਕਾਰ ਸਭਾ, ਕਾਰਖਾਨਾ ਮਜ਼ਦੂਰ ਯੂਨੀਅਨ,ਨੌਜਵਾਨ ਭਾਰਤ ਸਭਾ, ਇਨਕਲਾਬੀ ਕੇਂਦਰ ਪੰਜਾਬ, ਪਲਸ ਮੰਚ, ਪ੍ਰਗਤੀਸ਼ੀਲ ਲੇਖਕ ਸੰਘ,ਆਲ ਇੰਡੀਆ ਕਿਸਾਨ ਫੈਡਰੇਸ਼ਨ,ਲੋਕ ਮੋਰਚਾ ਪੰਜਾਬ, ਡੈਮੋਕ੍ਰੇਟਿਕ ਲਾਇਰਜ਼ ਐਸੋਸੀਏਸ਼ਨ, ਮੋਲਡਰ ਐਂਡ ਸਟੀਲ ਵਰਕਰਜ਼ ਯੂਨੀਅਨ, ਗ਼ਦਰੀ ਸ਼ਹੀਦ ਬਾਬਾ ਭਾਨ ਸਿੰਘ ਟਰੱਸਟ ਅਤੇ ਦੇਸ਼ ਬਚਾਓ ਮੰਚ ਆਦਿ ਜਨਤਕ ਜਮਹੂਰੀ ਜਥੇਬੰਦੀਆਂ ਦੇ ਆਗੂਆਂ ਦਾ ਇਕ ਵਫਦ ਲੁਧਿਆਣਾ ਦੇ ਪੁਲੀਸ ਕਮਿਸ਼ਨਰ ਨੂੰ ਮਿਲਿਆ ਅਤੇ ਤਰਕਸ਼ੀਲ ਚਿੰਤਕ ਸੁਰਜੀਤ ਦੌਧਰ ਦੇ ਖਿਲਾਫ ਪਰਚਾ ਰੱਦ ਕਰਨ ਅਤੇ ਗ੍ਰਿਫ਼ਤਾਰੀ ਉਤੇ ਰੋਕ ਲਾਉਣ ਦੀ ਮੰਗ ਕੀਤੀ। ਸਮੂਹ ਜੱਥੇਬੰਦੀਆਂ ਦੇ ਆਗੂਆਂ ਨੇ ਦੋਸ਼ ਲਾਇਆ ਕਿ ਪੁਲੀਸ ਵਲੋਂ ਅਕਸਰ ਤੱਥਾਂ ਦੀ ਜਾਂਚ ਪੜਤਾਲ ਕੀਤੇ ਬਗੈਰ ਹੀ ਫ਼ਿਰਕੂ ਸੰਗਠਨਾਂ ਦੇ ਦਬਾਅ ਹੇਠ ਸਮਾਜ ਨੂੰ ਚੇਤਨ ਕਰਨ ਵਾਲੇ ਅਗਾਂਹਵਧੂ ਲੇਖਕਾਂ ,ਪੱਤਰਕਾਰਾਂ ਅਤੇ ਸਮਾਜਿਕ ਕਾਰਕੁਨਾਂ ਖਿਲਾਫ ਧਾਰਾ 295 ਏ ਤਹਿਤ ਕੇਸ ਦਰਜ ਕਰਕੇ ਗ੍ਰਿਫ਼ਤਾਰ ਕਰ ਲਿਆ ਜਾਂਦਾ ਹੈ ਅਤੇ ਤਰਕਸ਼ੀਲ ਆਗੂਆਂ ਖਿਲਾਫ ਦਰਜ ਕੇਸ ਵੀ ਕੌਮੀ ਪੱਧਰ ਤੇ ਫ਼ਿਰਕੂ ਹਕੂਮਤਾਂ ਵਲੋਂ ਫ਼ਿਰਕੂ ਲਾਮਬੰਦੀ ਹੇਠ ਬੁੱਧੀਜੀਵੀਆਂ, ਲੇਖਕਾਂ,ਪੱਤਰਕਾਰਾਂ, ਵਕੀਲਾਂ ਅਤੇ ਤਰਕਸ਼ੀਲ ਸਮਾਜਿਕ ਕਾਰਕੁਨਾਂ ਦੀ ਕੀਤੀ ਜਾ ਰਹੀ ਜ਼ਬਾਨਬੰਦੀ ਦਾ ਹੀ ਹਿੱਸਾ ਹੈ। ਉਨ੍ਹਾਂ ਕਿਹਾ ਕਿ ਪੁਲੀਸ ਦੀ ਅਜਿਹੀ ਕਾਰਵਾਈ ਭਾਰਤੀ ਸੰਵਿਧਾਨ ਦੀ ਧਾਰਾ 19 ਤਹਿਤ ਮਿਲੇ ਨਾਗਰਿਕਾਂ ਦੇ ਵਿਚਾਰ ਪ੍ਰਗਟਾਵੇ ਦੀ ਆਜ਼ਾਦੀ ਦੇ ਬੁਨਿਆਦੀ ਹੱਕ ਦੀ ਸਿੱਧੀ ਉਲੰਘਣਾ ਹੈ । ਉਨ੍ਹਾਂ ਸਪੱਸ਼ਟ ਕੀਤਾ ਕਿ ਭਾਰਤੀ ਸੰਵਿਧਾਨ ਦੀ ਧਾਰਾ 51- ਏ (ਐੱਚ) ਤਹਿਤ ਹਰੇਕ ਨਾਗਰਿਕ ਨੂੰ ਵਿਗਿਆਨਕ ਸੋਚ ਦੇ ਪ੍ਰਚਾਰ ਪ੍ਰਸਾਰ ਦਾ ਮੌਲਿਕ ਫਰਜ਼ ਨਿਭਾਉਣ ਲਈ ਕਿਹਾ ਗਿਆ ਹੈ ਅਤੇ ਤਰਕਸ਼ੀਲ ਸੁਸਾਇਟੀ ਪੰਜਾਬ ਦੇ ਕਾਰਕੁੰਨ ਪਿਛਲੇ ਚਾਰ ਦਹਾਕਿਆਂ ਤੋਂ ਇਸ ਸੰਵਿਧਾਨਕ ਫਰਜ਼ ਦੀ ਬਾਖੂਬੀ ਪਾਲਣਾ ਕਰ ਰਹੇ ਹਨ ਜੋਕਿ ਅੰਧ ਵਿਸ਼ਵਾਸ਼ ਅਤੇ ਫਿਰਕਾਪ੍ਰਸਤੀ ਫੈਲਾਉਣ ਵਾਲੀਆਂ ਫ਼ਿਰਕੂ ਤਾਕਤਾਂ ਨੂੰ ਮੰਜੂਰ ਨਹੀਂ ਹੈ।  ਉਕਤ ਵੱਖ ਵੱਖ ਜਥੇਬੰਦੀਆਂ ਦੇ ਆਗੂਆਂ ਪੰਜਾਬ ਦੇ ਡੀ ਜੀ ਪੀ ਤੋਂ ਤਰਕਸ਼ੀਲ ਆਗੂਆਂ ਦੇ ਖਿਲਾਫ ਕੇਸ ਰੱਦ ਕਰਨ ਦੀ ਮੰਗ ਕਰਦਿਆਂ ਦੋਸ਼ ਲਾਇਆ ਕਿ ਹਿੰਦੂਤਵੀ ਫ਼ਿਰਕੂ ਤਾਕਤਾਂ ਵਲੋਂ ਆਪਣੇ ਕੋਝੇ ਫ਼ਿਰਕੂ ਅਤੇ ਫਾਸ਼ੀਵਾਦੀ ਸਿਆਸੀ ਮਨਸੂਬਿਆਂ ਹੇਠ ਧਾਰਾ 295 ਅਤੇ 295 ਏ ਦਾ ਗ਼ਲਤ ਇਸਤੇਮਾਲ ਕਰਕੇ ਅੰਧ ਵਿਸ਼ਵਾਸ਼ਾਂ, ਰੂੜੀਵਾਦ, ਬਾਬਾਵਾਦ ਅਤੇ ਫਿਰਕਾਪ੍ਰਸਤੀ ਦੇ ਖਿਲਾਫ ਵਿਗਿਆਨਕ ਵਿਚਾਰਧਾਰਾ ਰਾਹੀਂ ਸਮਾਜ ਨੂੰ ਚੇਤਨ ਕਰਨ ਵਾਲੇ ਤਰਕਸ਼ੀਲ ਅਤੇ ਜਮਹੂਰੀ ਅਧਿਕਾਰਾਂ ਦੇ ਸਮਾਜਿਕ ਕਾਰਕੁਨਾਂ ਉਤੇ ਜਾਣ ਬੁੱਝ ਕੇ ਝੂਠੇ ਕੇਸ ਦਰਜ ਕਰਵਾਏ ਜਾ ਰਹੇ ਹਨ । ਉਨ੍ਹਾਂ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਤੋਂ ਜੋਰਦਾਰ ਮੰਗ ਕੀਤੀ ਕਿ ਵਿਗਿਆਨਕ ਵਿਚਾਰਧਾਰਾ ਦੇ ਪ੍ਰਚਾਰ ਪ੍ਰਸਾਰ ਅਤੇ ਵਿਚਾਰ ਪ੍ਰਗਟਾਵੇ ਦੀ ਆਜ਼ਾਦੀ ਦੇ ਜਮਹੂਰੀ ਅਧਿਕਾਰਾਂ ਦੀ ਖ਼ਿਲਾਫ਼ਵਰਜ਼ੀ ਕਰਦੀਆਂ ਧਾਰਾਵਾਂ 295 ਅਤੇ 295 – ਏ ਨੂੰ ਭਾਰਤੀ ਦੰਡਵਾਲੀ ਚੋਂ ਮੁੱਢਲੇ ਪੱਧਰ ਤੇ ਰੱਦ ਕੀਤਾ ਜਾਵੇ ਅਤੇ ਫ਼ਿਰਕੂ ਤਾਕਤਾਂ ਵਲੋਂ ਸਿਆਸੀ ਵਿਰੋਧੀਆਂ ਦੇ ਖਿਲਾਫ ਇਨ੍ਹਾਂ ਦੀ ਲਗਾਤਾਰ ਕੀਤੀ ਜਾ ਰਹੀ ਦੁਰਵਰਤੋਂ ਤੇ ਸਖ਼ਤ ਰੋਕ ਲਗਾਈ ਜਾਵੇ।

Leave a Reply

Your email address will not be published.


*