ਸੰਗਰੂਰ::::::::::::::::: ਦਿਵਿਆਂਗਜਨ ਨੂੰ ਰੋਜ਼ਾਨਾ ਜ਼ਿੰਦਗੀ ਜਿਊਣ ਦੇ ਸਮਰੱਥ ਬਣਾਉਣ ਲਈ ਅਤੇ ਆਪਣੀਆਂ ਮੁਸ਼ਕਲਾਂ ਨਾਲ ਨਜਿੱਠਣ ਦੇ ਯੋਗ ਬਣਾਉਣ ਲਈ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਹਰ ਸੰਭਵ ਯਤਨ ਕਰ ਰਹੀ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸੰਗਰੂਰ ਤੋਂ ਵਿਧਾਇਕ ਨਰਿੰਦਰ ਕੌਰ ਭਰਾਜ ਨੇ ‘ਅੰਤਰ ਰਾਸ਼ਟਰੀ ਦਿਵਿਆਂਗ ਦਿਵਸ’ ਮੌਕੇ ਜ਼ਿਲ੍ਹਾ ਸਮਾਜਿਕ ਸੁਰੱਖਿਆ ਵਿਭਾਗ ਵਲੋਂ ਡੀ.ਸੀ ਕੰਪਲੈਕਸ ਆਡੀਟੋਰੀਅਮ ਵਿਖੇ ਕਰਵਾਏ ਗਏ ਇੱਕ ਰੋਜ਼ਾ ਸੈਮੀਨਾਰ ਦੌਰਾਨ ਕੀਤਾ।
ਵਿਧਾਇਕ ਭਰਾਜ ਨੇ ਕਿਹਾ ਕਿ ਸਰਕਾਰ ਵੱਲੋਂ ਦਿਵਿਆਂਗਜਨ ਲਈ ਸ਼ੁਰੂ ਕੀਤੀਆਂ ਲੋਕ ਭਲਾਈ ਸਕੀਮਾਂ ਦਾ ਵੱਧ ਤੋਂ ਵੱਧ ਲਾਭ ਲੋੜਵੰਦਾਂ ਤੱਕ ਪੁੱਜਦਾ ਕਰਨ ਲਈ ਯੋਗ ਉਪਰਾਲੇ ਕੀਤੇ ਜਾਣੇ ਯਕੀਨੀ ਬਣਾਏ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਸਰਕਾਰ ਵਲੋਂ ਜ਼ਿਲ੍ਹੇ ਦੇ ਕਰੀਬ 16,028 ਦਿਵਿਆਗਜਨਾਂ ਨੂੰ 2,40,42,000 ਰੁਪਏ ਪੈਨਸ਼ਨ ਵਜੋਂ ਤਕਸੀਮ ਕੀਤੇ ਜਾ ਚੁੱਕੇ ਹਨ।
ਇਸ ਮੌਕੇ ਰਿਸੋਰਸ ਪਰਸਨ ਵਜੋਂ ਪਹੁੰਚੇ ਡਾ. ਸੁਖਦੀਪ ਕੌਰ ਅਤੇ ਇੰਦੂ ਚਸਵਾਲ ਨੇ ਵੱਖ-ਵੱਖ ਬਿਮਾਰੀਆਂ ਖਾਸ ਤੌਰ ‘ਤੇ ਆਟੀਜ਼ਮ ਬਾਰੇ ਸੰਪੂਰਨ ਜਾਣਕਾਰੀ ਸਾਂਝੀ ਕੀਤੀ। ਸੈਮੀਨਾਰ ਵਿੱਚ ਆਂਗਨਵਾੜੀ ਵਰਕਰ, ਸੁਪਰਵਾਈਜਰ, ਏ.ਐਨ.ਐਮ ਵਿਦਿਆਰਥੀ, ਆਈ .ਈ.ਆਰ., ਟੀ.ਸੀ ਅਧਿਆਪਕਾਂ ਅਤੇ ਹੋਰ ਸਮਾਜ ਸੇਵੀ ਸੰਸਥਾਵਾਂ ਦੇ ਨੁਮਾਇੰਦਿਆਂ ਨੇ ਭਾਗ ਲਿਆ ਜਿਨ੍ਹਾਂ ਨੂੰ ਦਿਵਿਆਂਗਜਨਾਂ ਨੂੰ ਮਿਲਣ ਵਾਲੀਆ ਸਰਕਾਰੀ ਸਹੂਲਤਾਵਾਂ ਬਾਰੇ ਜਾਣੂ ਕਰਵਾਇਆ।
ਇਸ ਮੌਕੇ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਡਾ. ਲਵਲੀਨ ਕੌਰ ਬੜਿੰਗ ਨੇ ਦੱਸਿਆ ਕਿ ਇਸ ਸੈਮੀਨਾਰ ਰਾਹੀਂ ਸਮਾਜ ਦੇ ਦਿਵਿਆਂਗ ਵਰਗ ਨੂੰ ਸਰਕਾਰੀ ਲਾਭ ਦਿਵਾਉਣ ਲਈ ਵੱਖ ਵੱਖ ਦਫ਼ਤਰਾਂ ਦੇ ਫੀਲਡ ਵਰਕਰਾਂ ਨੂੰ ਜਾਗਰੂਕ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਹਰ ਦਿਵਿਆਂਗ ਵਿਅਕਤੀ ਲਈ ਦਿਵਿਆਂਗ ਵਿਲੱਖਣ ਪਹਿਚਾਣ ਕਾਰਡ ਬਣਾਉਣਾ ਬਹੁਤ ਜ਼ਰੂਰੀ ਹੈ ਕਿਉਂਕਿ ਇਹ ਨਾ ਕੇਵਲ ਇੱਕ ਸਰਕਾਰੀ ਪਛਾਣ ਪੱਤਰ ਹੈ ਬਲਕਿ ਇਹ ਉਨ੍ਹਾਂ ਦੀ ਵਿਲੱਖਣਤਾ ਨੂੰ ਪੇਸ਼ ਕਰਦਾ ਹੈ। ਉਨ੍ਹਾਂ ਹੋਰ ਦੱਸਿਆ ਕਿ ਸਰਕਾਰ ਵੱਲੋਂ ਵੱਖ ਵੱਖ ਵਿਭਾਗਾਂ ਰਾਹੀਂ ਦਿਵਿਆਂਗਜਨਾਂ ਲਈ ਚਲਾਈ ਜਾਣ ਵਾਲੀਆ ਵੱਖ ਵੱਖ ਸੇਵਾਵਾਂ ਲੈਣ ਲਈ ਇਹ ਕਾਰਡ ਸਹਾਇਕ ਹੈ। ਉਨ੍ਹਾਂ ਦੱਸਿਆ ਕਿ ਵਧੇਰੇ ਜਾਣਕਾਰੀ ਲਈ ਆਪਣੇ ਨੇੜੇ ਦੇ ਐਸ.ਐਮ.ਓ ਦਫ਼ਤਰ, ਸਿਵਲ ਸਰਜਨ ਦਫ਼ਤਰ, ਬਾਲ ਵਿਕਾਸ ਪ੍ਰੋਜੈਕਟ ਅਫਸਰ ਦੇ ਦਫ਼ਤਰ ਜਾਂ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫਸਰ ਦੇ ਦਫ਼ਤਰ ਨਾਲ ਸੰਪਰਕ ਕਰ ਸਕਦੇ ਹਨ।
ਇਸ ਸਮਾਗਮ ਵਿੱਚ ਵਿਸ਼ਵਾਸ ਸਕੂਲ ਫ਼ਾਰਮ ਆਟੀਜ਼ਮ ਅਤੇ ਸਹਿਯੋਗ ਸਕੂਲ ਫ਼ਾਰ ਡੈਫ ਐਂਡ ਡੰਬ ਦੇ ਵਿਦਿਆਰਥੀਆਂ ਵੱਲੋਂ ਖ਼ੂਬਸੂਰਤ ਪੇਸ਼ਕਾਰੀਆਂ ਦਿੱਤੀਆਂ ਗਈਆਂ।
Leave a Reply