ਅੰਗਰੇਜ਼ੀ ਸਾਮਰਾਜ, ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਦੇ ਵੱਲੋਂ ਅੰਗਰੇਜ਼ ਹਕੂਮਤ ਦਾ ਝੰਡਾ ਤੋੜਣ ਮਰੋੜਣ ਤੇ ਤਹਿਸ਼ ਨਹਿਸ਼ ਕਰਨ ਵਾਲੀਆਂ ਘਟਨਾਵਾਂ ਦੇ ਨਾਲ-ਨਾਲ 1947 ਦੀ ਅਣਕਿਆਸੀ ਭਾਰਤ ਪਾਕਿ ਵੰਡ ਦੀ ਚਸ਼ਮਦੀਦ ਗਵਾਹ 107 ਸਾਲਾ ਮਾਤਾ ਅਜੀਤ ਕੌਰ ਪਤਨੀ ਸਵ. ਸਰੈਣ ਸਿੰਘ ਨਿਵਾਸੀ ਸੋਹੀਆਂ ਕਲਾਂ ਇਸ ਫ਼ਾਨੀ ਸੰਸਾਰ ਤੋਂ ਕੂਚ ਕਰ ਗਏ। ਉਹ ਬੀਤੇ ਕੁੱਝ ਮਹੀਨਿਆਂ ਤੋਂ ਸਿਹਤਯਾਬ ਨਹੀਂ ਸਨ। ਜਿੰਨ੍ਹਾਂ ਦਾ ਪਰਿਵਾਰਿਕ ਮੈਂਬਰਾਂ ਵੱਲੋਂ ਪੂਰੀਆਂ ਸਿੱਖ ਧਾਰਮਿਕ ਰਸਮਾਂ ਮੁਤਾਬਿਕ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਜਿਕਰਯੋਗ ਹੈ ਕਿ ਸਵ. ਮਾਤਾ ਅਜੀਤ ਕੌਰ ਸੂਬੇ ਦੀ ਸੱਭ ਤੋਂ ਵਡੇਰੀ ਉਮਰ ਦੀ ਇੱਕ ਮਾਤਰ ਬਜ਼ੁਰਗ ਮਹਿਲਾ ਸਨ। ਇਸ ਗੱਲ ਦੀ ਜਾਣਕਾਰੀ ਸਵ. ਮਾਤਾ ਅਜੀਤ ਕੌਰ (107) ਦੇ ਸੱਭ ਤੋਂ ਵੱਡੇ ਬੇਟੇ ਤੇ ਪੰਜਾਬ ਰੋਡਵੇਜ਼ ਤੋਂ ਸੇਵਾ ਮੁੱਕਤ ਇੰਸਪੈਕਟਰ ਮੁਖ਼ਤਾਰ ਸਿੰਘ ਨੇ ਦੱਸਿਆ ਕਿ ਵੈਸੇ ਤਾਂ ਮਾਤਾ ਜੀ ਦਾ ਜਨਮ ਮਲੇਸ਼ੀਆ ਵਿੱਚ ਹੋਇਆ ਕਿਉਂਕਿ ਪਿੰਡ ਅਕਾਲਗੜ੍ਹ ਟਪੱਈਆਂ ਨਾਲ ਸਬੰਧਤ ਉਨ੍ਹਾਂ ਦੇ ਪਿਤਾ ਮਲੇਸ਼ੀਆਈ ਆਰਮੀ ਦੇ ਵਿੱਚ ਇੱਕ ਜਾਂਬਾਜ਼ ਸਿਪਾਹੀ ਸਨ ਤੇ ਉਨ੍ਹਾਂ ਦੀ ਸੇਵਾ ਮੁੱਕਤੀ ਬਾਅਦ ਸਮੁੱਚਾ ਪਰਿਵਾਰ ਆਪਣੇ ਜੱਦੀ ਪਿੰਡ ਹੀ ਆਣ ਵੱਸਿਆ ਸੀ। ਉਨ੍ਹਾਂ ਦੱਸਿਆ ਕਿ ਮਾਤਾ ਜੀ ਦੀ ਕੁੱਖੋਂ ਉਹ 3 ਭਰਾ (ਖੁਦ ਮੁਖਤਾਰ ਸਿੰਘ), ਸੇਵਾ ਮੁੱਕਤ ਮਾਸਟਰ ਸਵ. ਬਲਕਾਰ ਸਿੰਘ ਤੇ ਕਿਸਾਨੀ ਕਰਦੇ ਗੁਲਜਾਰ ਸਿੰਘ ਦੇ ਨਾਮ ਸ਼ਾਮਲ ਹਨ। ਮਾਤਾ ਜੀ ਦੀਆਂ 4 ਪੋਤਰੀਆਂ 3 ਪੋਤਰੇ, 4 ਪੜਪੋਤਰੇ ਤੇ 1 ਪੜਦੋਹਤਰੀ ਹੈ। ਉਨ੍ਹਾਂ ਦੱਸਿਆ ਕਿ ਕੁੱਝ ਮਹੀਨੇ ਪਹਿਲਾਂ ਤੱਕ ਮਾਤਾ ਜੀ ਬਿਲਕੁੱਲ ਸਿਹਤਯਾਬ ਹੋਣ ਦੇ ਨਾਲ ਨਾਲ ਸੁੱਘੜ ਸਿਆਣੇ ਤੇ ਚੱਲਦੇ ਫਿਰਦੇ ਸਨ। ਉਹ ਸਮੁੱਚੇ ਘਰੇਲੂ ਕੰਮਾਂ ਕਾਰਾ ਵਿੱਚ ਨਿਪੁੰਨ ਸਨ ਤੇ ਜ਼ਰੂਰਤ ਪੈਣ ਤੇ ਅੰਨ ਪਾਣੀ ਤਿਆਰ ਕਰਕੇ ਖੁੱਦ ਛੱਕਦੇ ਸਨ ਤੇ ਆਏ ਗਏ ਦੀ ਸੇਵਾ ਵੀ ਕਰ ਸੱਕਦੇ ਸਨ। ਅੰਮ੍ਰਿਤਧਾਰੀ ਹੋਣ ਕਾਰਨ ਉਹ ਗੁਰੂ ਘਰ ਵਿੱਚ ਅਥਾਹ ਸ਼ਰਧਾ ਤੇ ਵਿਸ਼ਵਾਸ਼ ਰੱਖਦੇ ਸਨ ਤੇ ਰੋਜ਼ਾਨਾ ਗੁਰੂ ਘਰ ਨੱਤਮਸਤਕ ਹੋਣਾ ਉਨ੍ਹਾਂ ਦੀ ਦਿਨਾਚਾਰੀ ਵਿੱਚ ਸ਼ਾਮਲ ਸੀ। ਆਪਣੀ ਜ਼ਿੰਦਗੀ ਦੀ ਇੱਕ ਸ਼ਤਾਬਦੀ ਪੂਰੀ ਕਰਨ ਵਾਲੇ ਤੰਦਰੁਸਤ ਤੇ ਸਿਹਤਯਾਬ ਰਹੇ ਸਵ. ਮਾਤਾ ਅਜੀਤ ਕੌਰ ਨੇ ਆਪਣੀ ਜ਼ਿੰਦਗੀ ਦੇ ਵਿੱਚ ਕਈ ਉਤਰਾਅ ਚੜਾਅ ਦੇਖੇ ਹਨ। ਉਨ੍ਹਾਂ ਦੇ ਕੋਲ ਹਰੇਕ ਵਰਗ ਦੇ ਵਿਅਕਤੀ ਨੂੰ ਜਾਂਚਣ ਪਰਖਣ ਦੀ ਸੋਝੀ ਅਤੇ ਦੂਰ ਅੰਦੇਸ਼ੀ ਸੀ। ਉਨ੍ਹਾਂ ਦੀ ਸੰਜ਼ੀਦਗੀ ਅਤੇ ਸੁਹਿਰਦਤਾ ਦੇ ਨਾਲ-ਨਾਲ ਸਿਹਤਯਾਬੀ ਦੀ ਚੁਫੇਰਿਓੁਂ ਪ੍ਰਸ਼ੰਸ਼ਾ ਹੁੰਦੀ ਸੀ। ਹਰ ਕੋਈ ਉਨ੍ਹਾਂ ਦੇ ਕੋਲੋਂ ਪਿਆਰ ਤੇ ਆਸ਼ੀਰਵਾਦ ਹਾਂਸਲ ਕਰਕੇ ਆਪਣੇ ਆਪ ਨੂੰ ਵੱਡਭਾਗਾ ਮਹਿਸੂਸ ਕਰਦਾ ਸੀ ਤੇ ਮਾਤਾ ਜੀ ਨੂੰ ਆਦਰ ਸਨਮਾਨ ਦੇਣਾ ਆਪਣੀ ਜ਼ਿੰਮੇਵਾਰੀ ਸਮਝਦਾ ਹੈ। ਉਨ੍ਹਾਂ ਇਹ ਦੀ ਦੱਸਿਆ ਕਿ 93 ਸਾਲ ਦੀ ਉਮਰ ਤੱਕ ਹੋਲੇ ਮੁਹੱਲੇ ਦੇ ਸ਼ੁੱਭ ਅਵਸਰ ਮੌਕੇ ਮਾਤਾ ਜੀ ਖੁੱਦ ਦਰਜਨਾਂ ਸੰਗਤਾਂ ਨੂੰ ਨਾਲ ਲੈ ਕੇ ਹਿਮਾਚਲ ਦੀ ਪਹਾੜੀਆਂ ਦੀ ਗੋਦ ਵਿੱਚ ਸ਼ੁਸ਼ੋਬਿਤ ਗੁਰਦੁਆਰਾ ਭੰਗੌਰ ਸਾਹਿਬ ਵਿਖੇ ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਨੱਤਮਸਤਕ ਹੁੰਦੇ ਰਹੇ ਸਨ। ਮੁੱਖਤਾਰ ਸਿੰਘ ਨੇ ਇਹ ਵੀ ਦੱਸਿਆਂ ਕਿ ਉਨ੍ਹਾਂ ਦੇ ਬਜ਼ੁਰਗਾ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਅੰਗਰੇਜ਼ੀ ਸਾਮਰਾਜ ਦੇ ਕਈ ਘਟਨਾਕ੍ਰਮਾ ਤੋਂ ਇਲਾਵਾ ਸ਼ਹੀਦ-ਏ-ਆਜ਼ਮ ਸ੍ਰ. ਭਗਤ ਸਿੰਘ ਦੇ ਵੱਲੋਂ ਅੰਗਰੇਜ਼ੀ ਹਕੂਮਤ ਨੂੰ ਲਲਕਾਰਨ ਤੇ ਝੰਡਾ ਪੁੱਟ ਕੇ ਸੁੱਟਣ ਵਰਗੀਆਂ ਘਟਨਾਵਾਂ ਦੇ ਜ਼ਿੰਦਾ ਗਵਾਹ ਹੋਣ ਦੇ ਨਾਲ-ਨਾਲ 1947 ਦੀ ਅਣਕਿਆਸੀ ਭਾਰਤ ਪਾਕਿ ਵੰਡ ਦਾ ਸੰਤਾਪ ਵੀ ਸਮੇਤ ਪਰਿਵਾਰ ਆਪਣੇ ਪਿੰਡੇ ਤੇ ਹੰਢਾਇਆ ਹੈ। ਪੋਤਰੇ ਅਮਰਜੀਤ ਸਿੰਘ (ਜੀ.ਐਨ.ਡੀ.ਯੂ), ਸੁੱਖ ਅਮਰੀਕਾ ਤੇ ਚੰਨ ਕੈਨੇਡਾ ਤੋਂ ਪ੍ਰਾਪਤ ਸੂਚਨਾ ਅਨੁਸਾਰ ਸਵ. ਮਾਤਾ ਅਜੀਤ ਕੌਰ (107) ਨਮਿਤ ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੇ ਭੋਗ ਮਿਤੀ 24 ਜਨਵਰੀ ਦਿਨ ਬੁੱਧਵਾਰ ਨੂੰ ਉਨ੍ਹਾਂ ਦੇ ਜੱਦੀ ਗ੍ਰਹਿ ਸੋਹੀਆਂ ਕਲਾਂ ਵਿਖੇ ਪਾਉਣ ਉਪਰੰਤ ਕੀਰਤਨ ਤੇ ਅੰਤਿਮ ਅਰਦਾਸ ਦੁਪਹਿਰ 1 ਤੋਂ 2 ਵਜੇ ਤੱਕ ਪਿੰਡ ਵਿਖੇ ਸਥਿਤ ਗੁਰਦੁਆਰਾ ਬਾਬਾ ਬੁੱਢਾ ਸਾਹਿਬ ਵਿਖੇ ਹੋਵੇਗੀ।
Leave a Reply