ਰਾਮ ਮੰਦਰ ਨੂੰ ਮੁੜ ਹਾਸਲ ਕਰਨ ਲਈ ਸਿੱਖ ਆਗੂਆਂ ਨੇ 165 ਸਾਲ ਪਹਿਲਾਂ ਕੀਤੀ ਸੀ ਪਹਿਲ—-

ਹਰ ਇਕ ਦੇ ਧਰਮ ਅਸਥਾਨ ਸਤਿਕਾਰਯੋਗ ਤੇ ਪੂਜਣਯੋਗ ਹਨ। ਬਾਬਰ ਵੱਲੋਂ ਰਾਮ ਮੰਦਰ ਢਾਹੁਣ ਦਾ ਜੇ ਅਪਰਾਧ ਕੀਤਾ ਗਿਆ ਸੀ, ਇਸ ਬਾਰੇ ਇਨਸਾਫ਼ ਮਿਲਣ ਲਈ ਲੰਮਾ ਸਮਾਂ ਲੱਗ ਗਿਆ। ਭਾਰਤ ਦੀ ਇਸ ਇਤਿਹਾਸਕ ਧਰੋਹਰ ਨੂੰ ਮੁੜ ਹਾਸਲ ਕਰਨ ਦੀ ਪਹਿਲ ਹਿੰਦੂਆਂ ਨੇ ਨਹੀਂ ਸਗੋਂ ਸਿੱਖ ਆਗੂਆਂ ਨੇ ਕੀਤੀ ਸੀ। ਇਸ ਅਸਥਾਨ ਨੂੰ ਮੁਸਲਮਾਨਾਂ ਤੋਂ ਮੁੜ ਹਾਸਲ ਕਰਨ ਪ੍ਰਤੀ ਸਿੱਖਾਂ ਵੱਲੋਂ ਪਾਏ ਗਏ ਇਸ ਯੋਗਦਾਨ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ। ਨਿਹੰਗ ਸਿੰਘ ਬਾਬਾ ਫ਼ਕੀਰ ਸਿੰਘ ਅਤੇ ਜਥੇ ਨੇ ਅਯੁੱਧਿਆ ਦੇ ਇਸੇ ਬਾਬਰੀ ਮਸਜਿਦ ਵਿਚ 28 ਨਵੰਬਰ 1858 ਨੂੰ ਦਾਖਲ ਹੋ ਕੇ ਭਗਵਾਨ ਸ੍ਰੀ ਰਾਮ ਦੀ ਪੂਜਾ – ਹਵਨ ਕਰਾਇਆ ਅਤੇ ਦੀਵਾਰਾਂ ‘ਤੇ ਥਾਂ-ਥਾਂ ‘ਰਾਮ ਰਾਮ’ ਲਿਖਿਆ। ਰਾਮ ਜਨਮ ਭੂਮੀ ਅੰਦੋਲਨ ਦੀ ਇਸ ਸ਼ੁਰੂਆਤ ਲਈ ਉਨ੍ਹਾਂ ’ਤੇ ਮਸਜਿਦ ਦੇ ਅਧਿਕਾਰੀ ਸਈਅਦ ਮੁਹੰਮਦ ਖਤੀਬ ਦੀ ਸ਼ਿਕਾਇਤ ’ਤੇ ਅਵਧ ਥਾਣੇ ’ਚ 1 ਦਸੰਬਰ 1858 ਨੂੰ ਪਰਚਾ ਵੀ ਦਰਜ ਕੀਤਾ ਗਿਆ। ਇਸ 165 ਸਾਲ ਪੁਰਾਣੇ ਵਾਕਿਆ ਬਾਰੇ ਸਰਕਾਰੀ ਰਿਕਾਰਡ ਅਤੇ ਸੁਪਰੀਮ ਕੋਰਟ ਦਾ ਫ਼ੈਸਲਾ ਗਵਾਹੀ ਭਰਦਾ ਹੈ। ਸੁਪਰੀਮ ਕੋਰਟ ਦੇ ਚੀਫ਼ ਜਸਟਿਸ ਰੰਜਨ ਗੋਗੋਈ ਦੀ ਅਗਵਾਈ ਹੇਠਲੇ ਪੰਜ ਜੱਜਾਂ ’ਤੇ ਆਧਾਰਤ ਸੰਵਿਧਾਨਕ ਬੈਂਚ ਨੇ ਗੁਰੂ ਨਾਨਕ ਦੇਵ ਜੀ ਦੇ ਅਯੁੱਧਿਆ ਜਾਣ ਦੇ ਹਵਾਲੇ ਨਾਲ ਰਾਮ ਮੰਦਰ ਤੇ ਬਾਬਰੀ ਮਸਜਿਦ ਵਿਵਾਦ ਦਾ 9 ਨਵੰਬਰ 2019 ’ਚ ਫ਼ੈਸਲਾ ਦਿੱਤਾ ਕਿ ਸ਼ਰਧਾਲੂ 1528 ਈਸਵੀ ਤੋਂ ਪਹਿਲਾਂ ਵੀ ਉੱਥੇ ਭਗਵਾਨ ਰਾਮ ਦੀ ਜਨਮ-ਭੂਮੀ ਦੇ ਦਰਸ਼ਨ ਕਰਨ ਜਾਂਦੇ ਸਨ। ਸੁਪਰੀਮ ਕੋਰਟ ਅਨੁਸਾਰ ਬਾਬਰੀ ਮਸਜਿਦ ਮੁਗ਼ਲ ਬਾਦਸ਼ਾਹ ਬਾਬਰ ਨੇ ਸੈਨਾਪਤੀ ਮੀਰ ਬਾਕੀ ਰਾਹੀਂ 1528 ਈਸਵੀ ’ਚ ਬਣਵਾਈ ਸੀ।ਰਾਮ ਜਨਮ ਭੂਮੀ ਦੇ ਹੱਕ ਵਿਚ ਦਿੱਤੇ ਗਏ ਫ਼ੈਸਲੇ ਵਿਚ ਅਯੁੱਧਿਆ ‘ਚ ਰਾਮ ਮੰਦਰ ਦੇ ਹੋਣ ਬਾਰੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 1510-11 ਈਸਵੀ ‘ਚ ਅਯੁੱਧਿਆ ਆਗਮਨ ਤੇ ਪੁਜਾਰੀਆਂ ਨਾਲ ਗੋਸ਼ਠਿ ਨੂੰ ਇਕ ਸਬੂਤ ਵਜੋਂ ਪ੍ਰਵਾਨ ਕੀਤਾ, ਬਾਬਰੀ ਮਸਜਿਦ ਦੀ ਉਸਾਰੀ ਤੋਂ ਪਹਿਲਾਂ ਗੁਰੂ ਨਾਨਕ ਦੇਵ ਜੀ ਵੱਲੋਂ ਇਸ ਦੇ ਸ੍ਰੀ ਰਾਮ ਜੀ ਦੀ ਜਨਮ ਭੂਮੀ ਹੋਣ ਵਜੋਂ ਇਸ ਸਥਾਨ ਦਾ ਦੌਰਾ ਕੀਤਾ ਅਤੇ ਉੱਥੋਂ ਦੇ ਧਾਰਮਿਕ ਵਿਅਕਤੀਆਂ, ਮੰਦਿਰ ਦੇ ਪੁਜਾਰੀਆਂ ਅਤੇ ਆਮ ਲੋਕਾਂ ਨਾਲ ਸੰਵਾਦ ਵੀ ਰਚਾਇਆ। ਜੋ ਇਸ ਗੱਲ ਦੀ ਗਵਾਹੀ ਭਰਦਾ ਹੈ ਕਿ ਅਯੁੱਧਿਆ ਵਿੱਚ ਉਦੋਂ ਰਾਮ ਮੰਦਿਰ ਮੌਜੂਦ ਸੀ।
ਸਿੱਖ ਧਰਮ ਦੇ ਬਾਨੀ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੀਆਂ ਉਦਾਸੀਆਂ ਦੌਰਾਨ, ਸਭ ਧਰਮ ਸਥਾਨਾਂ ਦੀ ਯਾਤਰਾ ਕੀਤੀ।  ਭਾਈ ਗੁਰਦਾਸ ਜੀ ਲਿਖਦੇ ਹਨ
’ਬਾਬਾ ਆਇਆ ਤੀਰਥੀ ਤੀਰਥ ਪੁਰਬ ਸਭੇ ਫਿਰ ਦੇਖੇ।
ਪੂਰਬ ਧਰਮ ਬਹੁ ਕਰਮ ਕਰ ਭਾਉ ਭਗਤਿ ਬਿਨ ਕਿਤੇ ਨ ਲੱਖੇ।’
ਜਨਮ ਸਾਖੀ ’ਚ ਗੁਰੂ ਨਾਨਕ ਦੀ ਅਯੂਧਿਆ ਫੇਰੀ —-
ਭਾਈ ਬਾਲੇ ਵਾਲੀ ਜਨਮ ਸਾਖੀ ਅਤੇ ਕਵੀ ਸੰਤੋਖ ਸਿੰਘ ਜੀ ਦੀ ਰਚਿਤ ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ ਤੋਂ ਇਲਾਵਾ ਆਦਿ ਸਾਖੀ, ਪੁਰਾਤਨ ਜਨਮ ਸਾਖੀ ਅਤੇ ਗੁਰੂ ਨਾਨਕ ਵੰਸ਼ ਪ੍ਰਕਾਸ਼ ਵਿਚ ਇਸ ਬਾਰੇ ਹਵਾਲੇ ਮਿਲਦੇ ਹਨ।  ਗੁਰੂ ਨਾਨਕ ਦੇਵ ਜੀ 1507 ਈ. ( ਬਿਕਰਮੀ ਸੰਮਤ 1564) ਨੂੰ ਭਾਦਰਪੁਰ ਪੂਰਨਮਾਸ਼ੀ ਵਾਲੇ ਦਿਨ ਉਦਾਸੀ ਲਈ ਨਿਕਲਦੇ ਹਨ। ਜਨਮ ਸਾਖੀ ਭਾਈ ਬਾਲੇ ਵਾਲੀ ਦੇ ’ਗੁਰੂ ਜੀ ਅਯੁੱਧਿਆ ਕੋ ਗਏ’ ਅਧਿਆਏ ’ਚ ਉਲੇਖ ਹੈ ਕਿ ਸ੍ਰੀ ਗੁਰੂ ਨਾਨਕ ਜੀ ਨੇ ਕਿਹਾ ਭਾਈ ਬਾਲਾ ਇਹ ਭੀ ਨਗਰੀ ਸ੍ਰੀ ਰਾਮ ਚੰਦਰ ਜੀ ਕੀ ਹੈ। ਏਥੇ ਰਾਮ ਚੰਦ੍ਰ ਜੀ ਨੇ ਅਵਤਾਰ ਧਾਰ ਕੇ ਚਰਿਤ੍ਰ ਕੀਤੇ ਹਨ, ਸੋ ਦੇਖ ਕੇ ਹੀ ਚੱਲੀਏ ਤਾਂ ਸ੍ਰੀ ਗੁਰੂ ਜੀ ਸਰਜੂ ਨਦੀ ਦੇ ਕਿਨਾਰੇ ਪਰ ਜਾਇ ਬੈਠੇ ਤਾਂ ਉੱਥੋਂ ਦੇ ਲੋਕ ਚਰਨੀ ਆਇ ਲੱਗੇ, ਭਾਈ ਬਾਲੇ ਕਿਹਾ ਸ੍ਰੀ ਰਾਮ ਚੰਦ੍ਰ ਜੀ ਤਾਂ ਨਗਰੀ ਕੋ ਸਾਥ ਲੈ ਗਏ ਸਨ, ਇਹ ਕਹਾਂ ਸੇ ਆਏ ਤਾਂ ਓਥੋਂ ਦੇ ਪੰਡਿਆਂ ਆਖਿਆ ਬਾਬਾ ਜੀ ਜੇਹੜੇ ਘਰ ਸਨ ਤਾਂ ਨਾਲ ਨਹੀਂ ਸੇ ਲੇ ਗਏ ਅਤੇ ਜੋ ਰਾਮ ਚੰਦ੍ਰ ਜੀ ਕਾ ਦਰਸ਼ਨ ਕਰਤੇ ਅਰ ਜੋ ਉਨ ਕਾ ਨਾਮ ਜਪਤੇ ਥੇ ਸੋ ਬੈਕੁੰਠ ਕੋ ਜਾਇ ਪ੍ਰਾਪਤ ਭਏ ਹੈਨ। ਇਥੇ ਗੁਰੂ ਸਾਹਿਬ ਲੋਕਾਂ ਨੂੰ ਆਏ ਸਾਧ ਦੀ ਸੇਵਾ, ਤਨ ਮਨ ਲਾ ਕੇ ਪਰਮੇਸ਼ਰ ਦਾ ਜਾਪ ਕਰਨ , ਵੰਡ ਛਕਣ ਅਤੇ ਧਰਮ ਦੀ ਕਿਰਤ  ਕਰਨ ਦਾ ਉਪਦੇਸ਼ ਦੇ ਕੇ ਅੱਗੇ ਚਲੇ ਗਏ ਸਨ।

Leave a Reply

Your email address will not be published.


*