ਨਵੇਂ ਸਾਲ ਦੀ ਆਮਦ ਤੇ ਡੀਐਸਪੀ ਬਲਾਚੌਰ ਦੀ ਅਗਵਾਈ ਚ ਬਲਾਚੌਰ ‘ਚ ਕੱਢਿਆ ਫਲੈਗ ਮਾਰਚ  

ਨਵਾਂਸ਼ਹਿਰ /ਬਲਾਚੌਰ :—-
ਨਵੇਂ ਸਾਲ ਦੀ ਆਮਦ ਦੇ ਮੱਦੇਨਜ਼ਰ ਸੁਰੱਖਿਆ ਨੂੰ ਲੈ ਕੇ ਸਬ ਡਿਵੀਜ਼ਨ ਬਲਾਚੌਰ ਦੇ ਡੀਐਸਪੀ ਸ਼ਾਮ ਸੁੰਦਰ ਸ਼ਰਮਾ ਦੀ ਅਗਵਾਈ ਵਿੱਚ ਸਥਾਨਕ ਸ਼ਹਿਰ ਬਲਾਚੌਰ ‘ਚ ਫਲੈਗ ਮਾਰਚ ਕੱਢਿਆ ਗਿਆ।ਇਸ ਫਲੈਗ ਮਾਰਚ ਵਿਚ ਵੱਖ ਵੱਖ ਪੁਲੀਸ ਅਧਿਕਾਰੀਆਂ ਸਮੇਤ ਵੱਡੀ ਗਿਣਤੀ ਵਿੱਚ ਪੁਲਿਸ ਮੁਲਾਜ਼ਮ ਸ਼ਾਮਲ ਹੋਏ।  ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਡੀਐਸਪੀ ਸ਼ਾਮ ਸੁੰਦਰ ਸ਼ਰਮਾ ਨੇ ਦੱਸਿਆ ਕਿ  ਇਹ ਫਲੈਗ ਮਾਰਚ ਨਵੇਂ ਸਾਲ ਦੀ ਆਮਦ ਨੂੰ ਮੁੱਖ ਰੱਖਦਿਆਂ ਕੱਢਿਆ ਗਿਆ ਹੈ। ਨਵੇਂ ਸਾਲ ਦੀ ਆਮਦ ਨੂੰ ਲੈ ਕੇ ਸ਼ਹਿਰ ਵਿੱਚ ਕਈ ਥਾਵਾਂ ਉੱਤੇ ਪ੍ਰੋਗਰਾਮ ਕਰਵਾਏ ਜਾਂਦੇ ਹਨ ਅਤੇ ਨਵੇਂ ਸਾਲ ਦੀ ਆਮਦ ਲਈ ਖੁਸ਼ੀ ਦਾ ਇਜਹਾਰ ਕੀਤਾ ਜਾਂਦਾ ਹੈ। ਇਸ ਫਲੈਗ ਮਾਰਚ ਦਾ ਮਕਸਦ ਹੈ ਕਿ ਲੋਕ ਖ਼ੁਦ ਨੂੰ ਸੁਰੱਖਿਅਤ ਸਮਝਣ ਅਤੇ ਗ਼ਲਤ ਅਨਸਰ ਸਿਰ ਚੁੱਕਣ ਦਾ ਯਤਨ ਨਾ ਕਰ ਸਕਣ। ਉਨ੍ਹਾਂ ਇਲਾਕਾ ਨਿਵਾਸੀਆਂ ਨੂੰ ਅਪੀਲ ਕਰਦਿਆਂ ਆਖਿਆ ਕਿ ਜੇਕਰ ਗ਼ੈਰ ਸਮਾਜੀ ਅਨਸਰ ਕੋਈ ਗਲਤ ਕਾਰਵਾਈ ਨੂੰ ਅੰਜਾਮ ਦੇਣ ਦੇ ਮਨਸੂਬੇ ਬਣਾਉਂਦੇ ਹਨ ਤਾਂ ਆਮ ਸ਼ਹਿਰੀ ਪੁਲਸ ਨੂੰ ਇਸ ਦੀ ਸੂਚਨਾ ਦੇਣ।ਉਨ੍ਹਾਂ ਇਹ ਵੀ ਆਖਿਆ ਕਿ ਤੁਹਾਡੇ ਇਰਦ ਗਿਰਦ ਕੋਈ ਸ਼ੱਕੀ ਵਿਅਕਤੀ ਜਾਂ ਕੋਈ ਸ਼ੱਕੀ ਚੀਜ਼ ਲਾਵਾਰਸ ਪਈ ਵਿਖਾਈ ਦਿੰਦੀ ਹੈ ਤਾਂ ਇਸ ਦੀ ਸੂਚਨਾ ਤੁਰੰਤ ਪੁਲਸ ਨੂੰ ਦਿੱਤੀ ਜਾਵੇ। ਉਨ੍ਹਾਂ ਆਖਿਆ ਕਿ ਅਮਨ ਕਾਨੂੰਨ ਦੀ ਸਥਿਤੀ ਨੂੰ ਬਰਕਰਾਰ ਰੱਖਣ ਲਈ ਪੁਲਿਸ ਪੂਰੀ ਤਰ੍ਹਾਂ ਨਾਲ ਮੁਸ਼ਤੈਦ ਹੇੈ , ਪੁਲਿਸ ਵੱਲੋਂ ਵੱਖ ਵੱਖ ਸਥਾਨਾਂ ਉੱਪਰ ਕੜੀ ਨਾਕੇਬੰਦੀ ਕਰਕੇ ਚੈਕਿੰਗ ਕੀਤੀ ਜਾ ਰਹੀ ਹੈ ਅਤੇ ਇਸ ਦੇ ਨਾਲ ਹੀ ਪੈਟਰੋਲਿੰਗ ਪਾਰਟੀਆਂ ਦੀ ਗਸ਼ਤ ਵੀ ਵਧਾਈ ਹੋਈ ਹੈ।
ਇਹ ਫਲੈਗ ਮਾਰਚ ਪੁਲਿਸ ਸਟੇਸ਼ਨ ਬਲਾਚੌਰ ਤੋਂ ਆਰੰਭ ਹੋਣ ਉਪਰੰਤ ਸ਼ਹਿਰ ਦੇ ਵੱਖ ਵੱਖ ਸਥਾਨਾਂ ਵਿੱਚ ਗਿਆ ਅਤੇ ਵਾਪਸ ਮੇਨ ਚੌਕ ਬਲਾਚੌਰ ‘ਚ ਸਮਾਪਤ ਹੋਇਆ।ਇਸ ਮੌਕੇ ਸਦਰ ਥਾਣਾ ਐਸਐਚਓ ਪਵਿੱਤਰ ਸਿੰਘ, ਸਿਟੀ ਥਾਣਾ ਐਸਐਚਓ ਮਨਜੀਤ ਕੌਰ ਅਤੇ ਪੁਲਿਸ ਮੁਲਾਜ਼ਮ ਤੇ ਹੋਮ ਗਾਰਡ ਮੁਲਾਜ਼ਮ ਮੌਜੂਦ ਰਹੇ।

Leave a Reply

Your email address will not be published.


*