’ਵੀਰ ਬਾਲ ਦਿਵਸ’ ’ਤੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਿੱਜਦਾ ।

ਮਹਾਨ ਸ਼ਹੀਦੀ ਸਾਕੇ ਦੁਬਿਧਾ ਗ੍ਰਸਿਆਂ ਨੂੰ ਦੇਸ਼ ਤੇ ਕੌਮ ਪ੍ਰਸਤੀ ਦਾ ਸਬਕ ਦ੍ਰਿੜਾਉਂਣ ’ਚ ਅਹਿਮ ਭੂਮਿਕਾ ਨਿਭਾਉਂਦੇ ਹਨ। 13 ਪੋਹ ਸੰਮਤ 1761 ਨੂੰ ਸਰਹਿੰਦ ’ਚ ਵਾਪਰਿਆ ਸਾਕਾ ਹਰ ਪੱਖੋਂ ਸੰਸਾਰ ਦੇ ਧਰਮ ਇਤਿਹਾਸ ’ਚ ਲਾਸਾਨੀ ਹਨ। ਜਿੱਥੇ ਮੇਰੇ ਸਤਿਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਛੋਟੇ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ, ਬਾਬਾ ਫ਼ਤਿਹ ਸਿੰਘ ਅਤੇ ਮਾਤਾ ਗੁਜਰੀ ਜੀ ਦੀਆਂ ਹੋਈਆਂ ਮਹਾਨ ਸ਼ਹਾਦਤਾਂ ਤੋਂ ਸਿੱਖ ਕੌਮ ਅਤੇ ਸਿੱਖ ਮਾਨਸਿਕਤਾ ਹਰ ਮੁਸੀਬਤ ’ਚ ਵੀ ਅਡੋਲ, ਨਿਰਭੈਤਾ ਅਤੇ ਚੜ ਦੀ ਕਲਾ ਦੀ ਸੇਧ ਜਾਂਦੀ ਹੈ।
ਵਿਸ਼ਵ ਦੇ ਧਾਰਮਿਕ ਇਤਿਹਾਸ ਵਿਚ ਸਿੱਖ ਧਰਮ ਇਕ ਮਹੱਤਵਪੂਰਨ ਕ੍ਰਾਂਤੀਕਾਰੀ ਵਿਚਾਰਧਾਰਾ, ਮਾਨਵ ਕਲਿਆਣ ਅਤੇ ਰਾਸ਼ਟਰਵਾਦੀ ਚਰਿੱਤਰ ਵਾਲਾ ਨਵੀਨਤਮ ਧਰਮ ਹੈ। ਗੁਰੂ ਨਾਨਕ ਪਾਤਸ਼ਾਹ ਵੱਲੋਂ 550 ਸਾਲ ਪਹਿਲਾਂ ’ਨਿਰਮਲ ਪੰਥ’ ਸਥਾਪਿਤ  ਕਰਦਿਆਂ ਗੁਰਬਾਣੀ ਵਿਚ ਦਰਜ ਅਧਿਆਤਮਕ ਤੇ ਦਾਰਸ਼ਨਿਕ ਟੀਚਾ ’ਸਚਿਆਰ ਮਨੁੱਖ’ ਦੀ ਵਿਹਾਰਕ ਪੂਰਤੀ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ 1699 ਦੀ ਵਿਸਾਖੀ ਨੂੰ ਸ੍ਰੀ ਅਨੰਦਪੁਰ ਸਾਹਿਬ ਵਿਖੇ ਇਕ ਅਦਭੁਤ ਚਰਿੱਤਰ ਦੇ ਧਾਰਨੀ ਸੰਤ ਸਿਪਾਹੀ ਦੇ ਰੂਪ ਵਿਚ ’ਖ਼ਾਲਸੇ’ ਦੀ ਸਿਰਜਣਾ ਕਰਦਿਆਂ ਕੀਤੀ ਸੀ। ਸੀਸ ਭੇਟ ਕਰਨ ਵਾਲੇ ਪੰਜ ਪਿਆਰਿਆਂ ਨੂੰ ਬਾਟੇ ਵਿਚ ਦੋ ਧਾਰੀ ਖੰਡੇ ਦੀ ਅਤੇ ਪੰਜ ਬਾਣੀਆਂ ਦੇ ਸੁਮੇਲ ਨਾਲ ਤਿਆਰ ਕੀਤਾ ਗਿਆ ਅੰਮ੍ਰਿਤ ਛਕਾ ਕੇ ਗੁਰੂ ਸਾਹਿਬ ਵੱਲੋਂ ਖ਼ਾਲਸਾ ਪੰਥ ਦਾ ਮੁੱਢ ਬੰਨ੍ਹਿਆ ਗਿਆ। ਇਹ ਸ਼ਸਤਰ ਅਤੇ ਸ਼ਾਸਤਰ ਦੇ ਸੁਮੇਲ ਦੀ ਇਕ ਨਵੀਂ ਵਿਚਾਰਧਾਰਾ ਤੇ ਸਵੈਮਾਣੀ ਮਾਨਵਧਾਰਾ ਸੀ। ਗੁਰੂ ਸਾਹਿਬ ਵੱਲੋਂ ਇਨ੍ਹਾਂ ਹੀ ਪੰਜ ਪਿਆਰਿਆਂ ਤੋਂ ਅੰਮ੍ਰਿਤ ਪਾਣ ਕਰਦਿਆਂ ਆਪੇ ਗੁਰ ਚੇਲਾ ਦਾ ਪੇਸ਼ ਕੀਤੇ ਗਏ ਨਵੇਂ ਮਾਡਲ ਨੇ ਅੱਗੇ ਜਾ ਕੇ ਲੋਕਤੰਤਰ ਲਈ ਹੋਰ ਪੀਡੀਆਂ ਅਤੇ ਬਲ ਸਾਲੀ ਪ੍ਰਵਿਰਤੀਆਂ ਨੂੰ ਜਨਮ ਦਿੱਤਾ। ਸਿੱਖੀ ਵਿਚ ਪ੍ਰਚਲਿਤ ’ਇੱਕੋ ਪੰਗਤ ਵਿਚ ਵੰਡ ਛਕਣ’ ਦੀ ਰੀਤ ਤੋਂ ਅੱਗੇ ਨਿਕਲਦਿਆਂ ਵੱਖ ਵੱਖ ਜਾਤਾਂ ਫ਼ਿਰਕਿਆਂ ਦਾ ਭਿੰਨ ਭੇਦ ਮਿਟ ਕੇ ਕੀਤੀ ਗਈ ਖ਼ਾਲਸੇ ਦੀ ਸਿਰਜਣਾ ਵਾਸਤਵ ਵਿਚ ਭਾਈਚਾਰਕ ਸਾਂਝ, ਬਰਾਬਰੀ, ਸਮਾਜਿਕ ਨਿਆਂ, ਮਾਨਵ ਮੁਕਤੀ ਅਤੇ ਸਭਿਆਚਾਰਕ ਕ੍ਰਾਂਤੀ ਦਾ ਲਖਾਇਕ ਬਣਿਆ। ਇਹ ਬਦਲਾਅ ਸਥਾਪਤੀ ਨੂੰ ਕਿਵੇਂ ਰਾਸ ਆ ਸਕਦਾ ਸੀ। ਪਹਾੜੀ ਰਾਜਿਆਂ ਦੀ ਗੁਰੂ ਸਾਹਿਬ ਨਾਲ ਈਰਖਾ ਜੰਗ ਤਕ ਅੱਪੜ ਗਈ। ਵੱਸ ਨਾ ਚਲਿਆ ਤਾਂ ਉਨ੍ਹਾਂ ਬਾਦਸ਼ਾਹ ਔਰੰਗਜ਼ੇਬ ਨੂੰ ਸ਼ਿਕਾਇਤਾਂ ਕੀਤੀਆਂ, ਪੱਤਰ ਲਿਖੇ। ਅਖੀਰ ਮੁਗ਼ਲ ਅਤੇ ਬਾਈ ਧਾਰ ਦੇ ਪਹਾੜੀ ਰਾਜਿਆਂ ਦੀਆਂ ਫ਼ੌਜਾਂ ਵੱਲੋਂ ਰਲ਼ ਕੇ ਅਨੰਦਪੁਰ ਸਾਹਿਬ ਨੂੰ ਘੇਰਾ ਪਾਲਿਆ ਗਿਆ। ਗੁਰੂ ਸਾਹਿਬ ਕਾਬੂ ਨਾ ਆਏ ਅਤੇ ਘੇਰਾ ਲੰਮਾ ਹੋ ਗਿਆ ਤਾਂ ਗੁਰੂ ਸਾਹਿਬ ਨੂੰ ਝੂਠੇ ਵਾਅਦੇ ਕਰਦਿਆਂ ਅਨੰਦਪੁਰ ਸਾਹਿਬ ਛੱਡਣ ਲਈ ਪਹੁੰਚ ਕੀਤੀ। ਸ਼ਰਤ ਇਹ ਸੀ ਕਿ ਇਕ ਵਾਰ ਗੁਰੂ ਕੀ ਕਿਲ੍ਹਾ ਛੱਡ ਦੇਣ ਉਨ੍ਹਾਂ ਨੂੰ ਬੇਰੋਕ ਜਾਣ ਦਿੱਤਾ ਜਾਵੇਗਾ। ਗੁਰੂ ਸਾਹਿਬ ਨੇ ਸਿੰਘਾਂ ਨੂੰ ਧੀਰਜ ਰੱਖਣ ਲਈ ਕਿਹਾ ਪਰ ਕੁਝ ਸਿੰਘ ਬੇਦਾਵਾ ਲਿਖ ਕੇ ਦੇ ਗਏ। ਜੋ ਬਾਅਦ ’ਚ ਜਾਨ ਦੇ ਕੇ ਬੇਦਾਵਾ ਪੜਵਾ ਵੀ ਗਏ। ਅਨੰਦਪੁਰ ਸਾਹਿਬ ਦਾ ਕਿਲ੍ਹਾ ਛੱਡਣ ਲਈ ਪਹਾੜੀ ਰਾਜਿਆਂ ਨੇ ਸੌਹਾਂ ਖਾਧੀਆਂ ਅਤੇ ਔਰੰਗਜ਼ੇਬ ਵੱਲੋਂ ਗੁਰੂ ਜੀ ਨੂੰ ਲਿਖਤੀ ਕਸਮਾਂ ਵੀ ਭੇਜੀਆਂ ਗਈਆਂ। ਅਖੀਰ ਸੰਮਤ 1761 ਬਿਕਰਮੀ 6 ਪੋਹ, ਦਸੰਬਰ 20, 1704 ਈਸਵੀ ਦੀ ਰਾਤ ਨੂੰ ਗੁਰੂ ਜੀ ਦੇ ਕਿਲ੍ਹਾ ਛੱਡ ਦਿੱਤਾ। ਫਿਰ ਕੀ ਦੁਸ਼ਮਣ ਨੇ ਸਾਰੀਆਂ ਕਸਮਾਂ ਤੋੜ ਕੇ ਉਨ੍ਹਾਂ ਦਾ ਪਿੱਛਾ ਕਰਨਾ ਸ਼ੁਰੂ ਕਰ ਦਿੱਤਾ। ਇਹ ਧਰਮ-ਹੀਣ ਰਾਜ ਸੱਤਾ ਦਾ ਹੀ ਨੰਗਾ ਨਾਚ ਸੀ। 7 ਪੋਹ ਨੂੰ ਅੰਮ੍ਰਿਤ ਵੇਲੇ ਸਰਸਾ ਨਦੀ ਦੇ ਕੋਲ ਗੁਰੂ ਸਾਹਿਬ ਨੇ ਆਸਾ ਦੀ ਵਾਰ ਅਤੇ ਨਿੱਤਨੇਮ ਸ਼ੁਰੂ ਕਰਨ ਦਾ ਆਗਿਆ ਕੀਤੀ । ਦੂਜੇ ਪਾਸੇ ਚੜ ਕੇ ਆਏ ਦੁਸ਼ਮਣ ਨਾਲ ਗਹਿਗੱਚ ਲੜਾਈ ਹੋਈ । ਸਰਸਾ ਨਦੀ ਪਾਰ ਕਰਦੇ ਵਕਤ ਮੌਜੂਦਾ ਗੁਰਦੁਆਰਾ ਪਰਿਵਾਰ ਵਿਛੋੜਾ ਸਾਹਿਬ ਦੇ ਸਥਾਨ ’ਤੇ ਗੁਰੂ ਸਾਹਿਬ ਦਾ ਪਰਿਵਾਰ 3 ਹਿੱਸਿਆਂ ਵਿੱਚ ਵੰਡਿਆ ਗਿਆ। ਗੁਰੂ ਕੇ ਮਹਿਲ ਮਾਤਾ ਸੁੰਦਰੀ ਜੀ ਅਤੇ ਮਾਤਾ ਸਾਹਿਬ ਕੌਰ ਜੀ ਜੋ ਕਿ ਭਾਈ ਮਨੀ ਸਿੰਘ ਜੀ ਨਾਲ ਗੁਰੂ ਹੁਕਮਾਂ ਅਨੁਸਾਰ ਦਿੱਲੀ ਵੱਲ ਚਲੇ ਗਏ ਸਨ । ਗੁਰੂ ਸਾਹਿਬ ਦੋ ਵੱਡੇ ਸਾਹਿਬਜ਼ਾਦੇ ਅਤੇ ਸਿੰਘਾਂ ਦੇ ਜਥੇ ਨਾਲ ਰੋਪੜ ਵਲ ਚਲੇ ਗਏ।  ਮਾਤਾ ਗੁਜਰੀ ਜੀ ਨਾਲ ਛੋਟੇ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ ਅਤੇ ਬਾਬਾ ਫ਼ਤਿਹ ਸਿੰਘ ਨੇ ਪਿੰਡ ਚੱਕ ਢੇਰਾ ਦੇ ਕੁਮਾ ਮਾਸ਼ਕੀ ਦੀ ਛੰਨ ’ਚ ਪਹੁੰਚ ਕੇ ਰਾਤ ਕੱਟੀ । ਕੁਮਾ ਮਾਸ਼ਕੀ ਨੇ ਆਪਣੇ ਗੁਆਂਢਣ ਬ੍ਰਾਹਮਣੀ ਮਾਈ ਲੱਛਮੀ ਤੋਂ ਖਾਣਾ ਬਨਵ੍ਹਾ ਕੇ ਉਨ੍ਹਾਂ ਨੂੰ ਛਕਾਇਆ। ਉਸ ਵਕਤ ਮਾਤਾ ਜੀ ਨੇ ਖ਼ੁਸ਼ ਹੋਕੇ ਮਾਈ ਲੱਛਮੀ ਅਤੇ ਕੁੰਮਾ ਮਾਸ਼ਕੀ ਨੂੰ ਕੁਝ ਪੈਸੇ ਦਿੱਤੇ। ਜਿਸ ਨੂੰ ਦੇਖ ਕੇ  ਗੁਰੂ ਘਰ ਦਾ ਰਸੋਈਆ ਗੰਗੂ ਬੇਈਮਾਨ ਹੋ ਗਿਆ। ਗੰਗੂ ਨੇ ਮਾਤਾ ਜੀ ਅਤੇ ਸਾਹਿਬਜ਼ਾਦਿਆਂ ਨੂੰ ਆਪਣੇ ਨਾਲ ਲੈ ਜਾਣਾ ਕੀਤਾ। ਮਾਤਾ ਜੀ ਰੋਪੜ ਵਲ ਜਾਣਾ ਚਾਹੁੰਦੇ ਸਨ, ਕਿਉਂਕਿ ਗੁਰੂ ਸਾਹਿਬ ਉੱਧਰ ਹੀ ਗਏ ਸਨ। ਪਰ ਗੰਗੂ ਨੇ ਰਸਤੇ ਵਿਚ ਕਿਹਾ ਕਿ ਰੋਪੜ ਵਲ ਸ਼ਾਹੀ ਫ਼ੌਜਾਂ ਦਾ ਜ਼ੋਰ ਬਹੁਤ ਹੈ। ਪਰ ਉਹ ਜਾਣਦਾ ਸੀ ਪਠਾਣ ਨਿਹੰਗ ਖਾਨ ਗੁਰੂਘਰ ਦਾ ਸੇਵਕ ਹੈ। ਉਹ ਮਾਤਾ ਜੀ ਨੂੰ ਆਪਣੇ ਨਾਲ ਲੈ ਜਾਵੇਗਾ ਅਤੇ ਸੋਨੇ ਦੀਆਂ ਮੋਹਰਾਂ ਉਸ ਨੂੰ ਨਹੀਂ ਮਿਲਣਗੀਆਂ। ਉਹ ਮਾਤਾ ਜੀ ਨੂੰ ਮਨਾ ਕੇ ਆਪਣੇ ਨਾਲ ਆਪਣੇ ਪਿੰਡ ਖੇੜੀ (ਸਹੇੜੀ) ਲੈ ਗਿਆ। ਰਸਤੇ ’ਚ ਮਾਤਾ ਜੀ ਤੇ ਬਚਿਆਂ ਨੇ ਪਿੰਡ ਕਾਈਨੌਰ ਤਲਾਬ ਕੋਲ ਜੋ ਕਿ ਸਹੇੜੀ ਤੋਂ 2 ਕਿੱਲੋ ਮੀਟਰ ਦੂਰ ਸੀ ਵਿਖੇ ਆਰਾਮ ਕੀਤਾ। ਫਿਰ ਗੰਗੂ ਨੇ ਆਪਣੇ ਪਿੰਡ ਤੋਂ ਕੁਝ ਦੂਰ ਮਾਤਾ ਜੀ ਨੂੰ ਇਕ ਜੰਗਲ ਕੋਲ ਬਿਠਾ ਕੇ ਪਿੰਡ ਚਲਾ ਗਿਆ। ਗੰਗੂ ਮੁੜ੍ਹਕੇ ਜਲਦੀ ਨਾ ਆਇਆ ਅਤੇ ਸ਼ਾਮ ਦਾ ਸਮਾਂ ਹੋਣ ਨਾਲ ਮਾਤਾ ਜੀ ਨੇ ਨੇੜੇ ਇਕ ਫ਼ਕੀਰ ਦੀ ਕੁਟੀਆ ਵਿਚ ਜਾ ਡੇਰਾ ਲਾਇਆ। ਜਦ ਫ਼ਕੀਰ ਆਇਆ ਅਤੇ ਪੁੱਛਿਆ ਕਿ ਤੁਸੀਂ ਕਿਵੇਂ ਬੈਠੇ ਹੋ, ਮਾਤਾ ਜੀ ਕਹਿੰਦੇ ਬੱਸ ਐਵੇਂ ਬੈਠੇ ਹਾਂ( ਇਥੇ ਐਮਾਂ ਸਾਹਿਬ ਗੁਰਦੁਆਰਾ ਸਥਾਪਿਤ ਹੈ। ਇੱਥੋਂ ਗੰਗੂ ਮਾਤਾ ਜੀ ਅਤੇ ਬਚਿਆਂ ਨੂੰ ਆਪਣੇ ਨਾਲ ਘਰ ਲੈ ਗਿਆ। ਰਾਤ ਗੰਗੂ ਨੇ ਮਾਤਾ ਜੀ ਦੇ ਪੈਸੇ ਚੁਰਾ ਲਏ।  ਸਵੇਰ ਮਾਤਾ ਜੀ ਨੇ ਗੰਗੂ ਨੂੰ ਕਿਹਾ ਕਿ ਚੰਗਾ ਕੀਤਾ ਤੂੰ ਮਾਇਆ ਸਾਂਭ ਲਈ ਹੈ। ਇਹ ਸੁਣ ਗੰਗੂ ਕਹਿਣ ਲਗਾ, ਤੁਸੀਂ ਮੈਨੂੰ ਚੋਰ ਕਹਿੰਦੇ ਹੋ। ਮੈ ਤੁਹਾਨੂੰ ਸਾਂਭਿਆ। ਉਹ ਹੋਰ ਇਨਾਮੀ ਲਾਲਚ ਵਿਚ ਪਿੰਡ ਦੇ ਚੌਧਰੀ ਕੋਲ ਗਿਆ ਫਿਰ ਮੋਰਿੰਡਾ ਥਾਣੇ ਜਾ ਕੇ ਖ਼ਬਰ ਦੇ ਦਿੱਤੀ। ਜਾਨੀ ਖਾਨ ਮਾਨੀ ਖਾਨ ਨੇ ਮਾਤਾ ਜੀ ਨੂੰ ਆਣ ਗ੍ਰਿਫ਼ਤਾਰ ਕੀਤਾ। 9 ਪੋਹ, 23 ਦਸੰਬਰ ਦੀ ਇਕ ਰਾਤ ਮਾਤਾ ਜੀ ਤੇ ਬਚਿਆਂ ਨੇ ਮੋਰਿੰਡੇ ਥਾਣੇ ( ਹੁਣ ਗੁਰਦੁਆਰਾ ਕੋਤਵਾਲੀ ਸਾਹਿਬ) ਕੱਟੀ।
ਅਗਲੀ ਸਵੇਰ ਮੋਰਿੰਡੇ ਦੇ ਹਾਕਮ ਜਾਨੀ ਖਾਂ-ਮਾਨੀ ਖਾਂ ਨੇ ਸੂਬਾ ਸਰਹਿੰਦ ਨੂੰ ਜਾ ਖ਼ਬਰ ਦਿੱਤੀ। ਸਰਹਿੰਦ ਦਾ ਹਾਕਮ ਵਜੀਦ ਖਾਨ ਗੁਰੂ ਸਾਹਿਬ ਨੂੰ ਕਾਬੂ ਨਾ ਕਰ ਸਕਣ ਲਈ ਨਮੋਸ਼ੀ ਵਿਚ ਸੀ। ਜਾਨੀ ਖਾਨ ਮਾਨੀ ਖਾਂ ਨੇ ਕਿਹਾ ਫ਼ਿਕਰ ਕਿਉਂ ਕਰਦੇ ਹੋ ਗੁਰੂ ਨਹੀਂ ਤਾਂ ਨਾ ਸਹੀ ਗੁਰੂ ਦੇ ਬਚੇ ਕਾਬੂ ਆ ਚੁੱਕੇ ਹਨ। ਜਦੋਂ ਪਤਾ ਲਗ ਗਿਆ ਤਾਂ ਗੁਰੂ ਖ਼ੁਦ ਲਿਲ੍ਹਕੜੀਆਂ ਕੱਢ ਦਾ ਬਚਿਆਂ ਲਈ ਆਵੇਗਾ। ਪਰ ਉਨ੍ਹਾਂ ਨੂੰ ਕੀ ਪਤਾ ਸੀ ਕਿ ਗੁਰੂ ਸਾਹਿਬ ਵਿਚ ਬਚਿਆਂ ਪ੍ਰਤੀ ਮੋਹ ਕਿਥੇ? ਜੇ ਪੁੱਤਰਾਂ ਲਈ ਮੋਹ ਹੁੰਦਾ ਉਹ ਅਜੀਤ ਸਿੰਘ ਜੁਝਾਰ ਸਿੰਘ ਨੂੰ ਵੀ ਭਾਈ ਦਇਆ ਸਿੰਘ ਭਾਈ ਧਰਮ ਸਿੰਘ ਅਤੇ ਭਾਈ ਮਾਨ ਸਿੰਘ ਦੀ ਤਰਾਂ ਚਮਕੌਰ ਤੋਂ ਕੱਢ ਲਿਆਉਂਦਾ। ਉਹ ਤਾਂ ਤੇਰਾ ਭਾਣਾ ਮੀਠਾ ਲਾਗੇ ਕਹਿ ਰਿਹਾ ਹੈ। ’’ਤੇਰਾ ਤੁਝ ਕੋ ਸੌਪ ਕੇ ਕਿਆ ਲਾਗੈ ਮੇਰਾ ’’।
ਸੂਬਾ ਸਰਹਿੰਦ ਨੂੰ ਮਾਤਾ ਗੁਜਰੀ ਜੀ ਤੇ ਛੋਟੇ ਸਾਹਿਬਜ਼ਾਦਿਆਂ ਦੇ ਫੜੇ ਜਾਣ ਦੀ ਖ਼ਬਰ ਮਿਲੀ ਤਾਂ ਉਹ ਮਨ ਅੰਦਰ ਬਹੁਤ ਖ਼ੁਸ਼ ਹੋ ਰਿਹਾ ਸੀ ਕਿ ਬੱਚਿਆ ਨੂੰ ਡਰਾ ਧਮਕਾ ਕੇ ਜਾਂ ਲਾਲਚ ਦੇ ਕੇ ਇਸਲਾਮ ਧਰਮ ਵਿੱਚ ਮਿਲਾ ਲਵਾਂਗਾ ਤੇ ਇਹ ਖ਼ਬਰ ਸੁਣਕੇ ਔਰੰਗਜ਼ੇਬ ਬਹੁਤ ਖ਼ੁਸ਼ ਹੋਵੇਗਾ ਤੇ ਮੈਨੂੰ ਮੂੰਹ ਮੰਗਿਆ ਇਨਾਮ ਮਿਲੇਗਾ ਨਾਲ ਹੀ ਬਾਕੀ ਸਿੱਖਾਂ ਨੂੰ ਵੀ ਬੱਚਿਆ ਦੇ ਰਾਹੀ ਮੁਸਲਮਾਨ ਬਣਾ ਲਵਾਂਗਾ। ਮਾਤਾ ਜੀ ਅਤੇ ਬਚਿਆਂ ਨੂੰ ਸੂਬਾ ਸਰਹਿੰਦ ਦੇ ਹਵਾਲੇ ਕਰ ਦਿੱਤਾ ਗਿਆ। ਰਸਤੇ ਵਿਚ ਮਾਤਾ ਜੀ ਬਚਿਆਂ ਨੂੰ ਆਪਣੇ ਵੱਡਿਆਂ ਦੀਆਂ ਕੁਰਬਾਨੀਆਂ ਦੀਆਂ ਸਾਖੀਆਂ ਸੁਣਾਉਂਦੀ ਹੈ। ਉਸ 10 ਪੋਹ 24 ਦਸੰਬਰ ਦੀ ਰਾਤ ਉਹਨਾਂ ਨੂੰ ਸਰਹਿੰਦ ਕਿਲ੍ਹੇ ਦੇ ਠੰਢੇ ਬੁਰਜ ਵਿੱਚ ਕੈਦ ਕੀਤਾ ਗਿਆ। ਇਥੇ ਸਵਾਲ ਉਠਦਾ ਹੈ ਕਿ ਉਸ ਠੰਢੇ ਬੁਰਜ ਵਿਚ ਮਾਤਾ ਜੀ ਅਤੇ ਸਾਹਿਬਜ਼ਾਦੇ ਕਿਵੇਂ ਸਮਾਂ ਕੱਟ ਸਕਦੇ ਹਨ। ਸਧਾਰਨ ਬੁੱਧੀ ਇਹ ਸੋਚ ਕੇ ਹੈਰਾਨ ਹੋ ਜਾਂਦਾ ਹੈ। ਪਰ ਮਾਤਾ ਗੁਜਰੀ ਜੀ ਆਮ ਇਨਸਾਨ ਨਹੀਂ ਸਨ। ਉਹ ਨਾਮ ਦੇ ਰਸੀਆ ਸਨ, ਜਿਨ੍ਹਾਂ ਗੁਰੂ ਤੇਗ਼ ਬਹਾਦਰ ਜੀ ਨਾਲ ਤਪ ਕਰਦਿਆਂ ਪ੍ਰਮੇਸ਼ਵਰ ਰੂਪ ਗੁਰੂ ਗੋਬਿੰਦ ਸਿੰਘ ਨੂੰ ਮਾਤ ਲੋਕ ’ਚ ਜਨਮ ਦਿੱਤਾ। ਗੁਰਬਾਣੀ ਕਹਿੰਦੀ ਹੈ ’’ਆਸਾੜੁ ਤਪੰਦਾ ਤਿਸੁ ਲਗੈ ਹਰਿ ਨਾਹੁ ਨ ਜਿੰਨਾ ਪਾਸਿ ॥’’ ਉਥੇ ਹੀ ’’ਪੋਖਿ ਤੁਖਾਰੁ ਨ ਵਿਆਪਈ ਕੰਠਿ ਮਿਲਿਆ ਹਰਿ ਨਾਹੁ ॥ ’’ ਭਾਵ ਕਿ ਜਿਨ੍ਹਾਂ ਦੇ ਹਿਰਦਿਆਂ ’ਚ ਪਤੀ ਪ੍ਰਮੇਸ਼ਵਰ ਦੇ ਨਾਮ ਦਾ ਵਾਸਾ ਹੈ ਉਨ੍ਹਾਂ ਦਾ ਕੋਰਾ ਕਕਰ ਕੀ ਵਿਗਾੜ ਸਕਦਾ ਹੈ।
ਛੋਟੇ ਸਾਹਿਬਜ਼ਾਦਿਆਂ ਨੂੰ ਸ਼ਹੀਦ ਕਰਨ ਤੋਂ ਪਹਿਲਾਂ ਉਨ੍ਹਾਂ ਨੂੰ ਤੋੜਨ ਲਈ ਹਾਕਮ ਵੱਲੋਂ ਰਣਨੀਤੀ ਤਹਿਤ ਲਾਲਚ ਦਿੱਤੇ ਗਏ। ਕਈ ਵਾਰ ਮੌਤ ਦੇ ਭੈ ਵਿੱਚੋਂ ਲੰਘਾਇਆ ਗਿਆ । ਨਿੱਕੀਆਂ ਜਿੰਦਾਂ ਨੇ ਅਡੋਲ – ਅਹਿੱਲ ਰਹਿੰਦਿਆਂ ਸਿਦਕ ਅਤੇ ਦ੍ਰਿੜ੍ਹਤਾ ਨਾਲ ਦੁਸ਼ਮਣ ਦੀ ਈਨ ਮੰਨਣ ਤੋਂ ਸਾਫ਼ ਇਨਕਾਰ ਕੀਤਾ। ਉਨ੍ਹਾਂ ਨੂੰ ਸ਼ਹਾਦਤਾਂ ਦੀ ਗੁੜ੍ਹਤੀ ਵਿਰਸੇ ਤੋਂ ਮਿਲੀ ਸੀ। ਉਨ੍ਹਾਂ ਨੂੰ ’’ਧਰਮ ਹੇਤਿ ਸਾਕਾ ਜਿਨਿ ਕੀਆ, ਸੀਸ ਦੀਆ ਪਰ ਸਿਰਰੁ ਨਾ ਦੀਆ।’’ ਦੀ ਬੋਧ ਸੀ। ਬਾਦਸ਼ਾਹ  ਜਹਾਂਗੀਰ ਦੀ ਈਨ ਮੰਨਣ ਤੋਂ ਇਨਕਾਰ ਕਰਨ ’ਤੇ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਅਤੇ ਹਿੰਦੂ ਧਰਮ ਦਾ ਅਸਤਿਤਵ ਬਚਾਉਣ ਲਈ ਮਨੁੱਖੀ ਤੇ ਧਰਮ ਦੇ ਇਤਿਹਾਸ ’ਚ ਪਹਿਲੀ ਵਾਰ ਆਪਣਾ ਸੀਸ ਭੇਟ ਕਰਨ ਲਈ ਖ਼ੁਦ ’ਮਕਤਲ’ ਵਿਚ ਜਾਣ ਵਾਲੇ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਤੋਂ ਉਹ ਵਾਕਫ਼ ਸਨ। ਮਾਤਾ ਗੁਜਰੀ ਜੀ ਦੇ ਸਬਕ ਨੇ ਉਨ੍ਹਾਂ ਨੂੰ ਕਿਥੇ ਡੋਲਣ ਦੇਣਾ ਸੀ।
ਸੂਬਾ ਸਰਹਿੰਦ ਪਾਸ ਮੋਤੀ ਰਾਮ ਮਹਿਰਾ, ਰਸੋਈ ਖ਼ਾਨੇ ਵਿੱਚ ਨੌਕਰੀ ਕਰਦਾ ਸੀ, ਉਹ ਹਿੰਦੂ ਕੈਦੀਆਂ ਲਈ ਲੰਗਰ ਤਿਆਰ ਕਰਦਾ ਸੀ। ਉਸ ਨੇ ਸਾਹਿਬਜ਼ਾਦਿਆਂ ਤੇ ਮਾਤਾ ਜੀ ਲਈ ਪ੍ਰਸ਼ਾਦਾ ਲਿਜਾਉਣ ਦਾ ਪ੍ਰਬੰਧ ਕੀਤਾ ਸੀ, ਪਰ ਮਾਤਾ ਜੀ ਨੇ ਮਲੇਸ਼ਾਂ ਦਾ ਖਾਣਾ ਖਾਣ ਤੋਂ ਮਨਾ ਕਰ ਦਿੱਤਾ। ਘਰ ਆਏ ਮੋਤੀ ਰਾਮ ਨੂੰ ਮਾਯੂਸੀ ’ਚ ਦੇਖ ਉਸ ਦੀ ਬਜ਼ੁਰਗ ਮਾਤਾ ਅਤੇ ਪਤਨੀ ਨੇ ਕਾਰਨ ਪੁੱਛਿਆ। ਮੋਤੀ ਰਾਮ ਜੀ ਨੇ  ਸਾਹਿਬਜ਼ਾਦਿਆਂ ਦੇ ਫੜੇ ਜਾਣ ਦੀ ਸਾਰੀ ਵਾਰਤਾ ਦਸੀ ਅਤੇ ਸਾਰੀ ਵਿਥਿਆ ਸੁਣਾਈ ਤਾਂ ਕਿਹਾ ਕਿ ਹਾਕਮ ਨੇ ਸਿੱਖ ਦੀ ਮਦਦ ਕਰਨ ਵਾਲੇ ਨੂੰ ਪਰਿਵਾਰ ਸਮੇਤ ਕੋਹਲੂ ’ਚ ਪੀੜ੍ਹ ਦੇਣ ਦੀ ਗਲ ਕਹੀ ਹੋਈ ਹੈ। ਫਿਰ ਵੀ ਸਾਨੂੰ ਗੁਰੂ ਪਰਿਵਾਰ ਦੀ ਸੇਵਾ ਜ਼ਰੂਰ ਕਰਨੀ ਚਾਹੀਦੀ ਹੈ। ਉਨ੍ਹਾਂ ਘਰ ਦੀ ਗਾਂ ਦਾ ਦੁੱਧ ਘੜਵਾ ਭਰ ਕੇ ਦੇ ਦਿੱਤਾ। ਪਰ ਪਹਿਰੇਦਾਰਾਂ ਨੇ ਅੱਗੇ ਨਾ ਜਾਣ ਦਿੱਤਾ। ਉਨ੍ਹਾਂ ਰਿਸ਼ਵਤ ਦਿੱਤੀ। ਮੋਤੀ ਰਾਮ ਜੀ ਘਰ ਦੇ ਗਹਿਣੇ ਲੁਟਾ ਕੇ ਵੀ ਤਿੰਨੇ ਦਿਨ ਚੋਰੀ ਛਿਪੇ ਦੁੱਧ ਦੀ ਸੇਵਾ ਕਰਦੇ ਰਹੇ। ਹਕੂਮਤ ਨੂੰ ਇਸ ਗੱਲ ਦੀ ਖ਼ਬਰ ਦਾ ਮਿਲੀ ਤਾਂ ਵਜ਼ੀਰ ਖਾ ਨੇ ਸਾਰੇ ਪਰਿਵਾਰ ਨੂੰ ਕੋਹਲੂ ਵਿੱਚ ਪੀੜਵਾ ਦਿੱਤਾ।
11 ਪੋਹ 25 ਦਸੰਬਰ, ਨੂੰ ਸਾਹਿਬਜ਼ਾਦਿਆਂ ਨੂੰ ਸੂਬਾ ਸਰਹਿੰਦ ਦੀ ਕਚਹਿਰੀ ਵਿੱਚ ਪੇਸ਼ ਕੀਤਾ ਗਿਆ। ਕਚਹਿਰੀ ਵਿੱਚ ਵੜਨ ਲਈ ਛੋਟੀ ਬਾਰੀ ਖੋਲੀ ਗਈ ਤਾਂ ਕਿ ਗੁਰੂ ਕੇ ਲਾਲ ਸਿਰ ਨਿਉਂ ਕੇ ਅੰਦਰ ਜਾਣ। ਪਰ ਗੁਰੂ ਕੇ ਲਾਲਾਂ ਨੇ ਪਹਿਲਾਂ ਪੈਰ ਅੰਦਰ ਕਰਦਿਆਂ ਜੁਟੀ ਦੀ ਨੋਕ ਵਜ਼ੀਰ ਖਾਨ ਨੂੰ ਦਿਖਾਈ। ਉਹ ਸਮਝ ਗਿਆ ਕਿ ਇਹ ਕੰਮ ਸੌਖਾ ਨਹੀਂ ਹੈ। ਸਾਹਿਬਜ਼ਾਦਿਆਂ ਨੂੰ ਝੁਕਦਾ ਨਾ ਵੇਖ ਉਹਨਾਂ ਨੂੰ ਝੂਠ ਵੀ ਬੋਲਿਆ ਗਿਆ ਕਿ ਤੁਹਾਡਾ ਪਿਤਾ ਤੇ ਦੋਵੇਂ ਭਰਾ ਮਾਰੇ ਗਏ ਹਨ । ਸਾਹਿਬਜ਼ਾਦਿਆਂ ਨੂੰ ਦੀਨ ਕਬੂਲ ਕਰਨ ਲਈ ਲਾਲਚ ਦੇਣ ਤੇ ਡਰਾਉਣ, ਧਮਕਾਉਣ ਦੇ ਯਤਨ ਕੀਤੇ ਗਏ। ਸਾਹਿਬਜ਼ਾਦਿਆਂ ਨੇ ਸੂਬਾ ਸਰਹਿੰਦ ਨੂੰ ਆਪਣਾ ਧਰਮ ਛੱਡਣ ਤੋਂ ਦਲੇਰੀ ਨਾਲ ਇਨਕਾਰ ਕੀਤਾ। ਵਜ਼ੀਰ ਖਾਂ ਨੇ ਕਾਜ਼ੀ ਦੀ ਰਾਇ ਲਈ ਕਿ ਸਾਹਿਬਜ਼ਾਦਿਆਂ ਤੇ ਮਾਤਾ ਜੀ ਨੂੰ ਕੀ ਸਜ਼ਾ ਦਿੱਤੀ ਜਾ ਸਕਦੀ ਹੈ।  ਕਾਜ਼ੀ ਨੇ ਕਿਹਾ ਕਿ ਇਸਲਾਮ ਵਿੱਚ ਬੱਚਿਆਂ ਨੂੰ ਸਜ਼ਾ ਦੇਣ ਦੀ ਇਜਾਜ਼ਤ ਨਹੀਂ ਹੈ। ਵਜ਼ੀਰ ਖ਼ਾਨ ਵੀ ਕਿਸੇ ਹੱਦ ਤੱਕ ਬੱਚਿਆਂ ਦਾ ਕਤਲ ਆਪਣੇ ਮੱਥੇ ‘ਤੇ ਲਾਉਣ ਤੋਂ ਬਚਣਾ ਚਾਹੁੰਦਾ ਸੀ।  ਵਜ਼ੀਰ ਖਾਨ ਨੇ ਨਵਾਬ ਮਲੇਰਕੋਟਲਾ ਸ਼ੇਰ ਖਾਨ ਨੂੰ ਕਿਹਾ ਕਿ ਉਹ ਚਾਹੇ ਤਾਂ ਆਪਣੀ ਮਰਜ਼ੀ ਅਨੁਸਾਰ ਇਨ੍ਹਾਂ ਬੱਚਿਆਂ ਨੂੰ ਸਜ਼ਾ ਦੇ ਕੇ ਆਪਣੇ ਭਰਾ ‘ਨਾਹਰ ਖਾਂ’ ਤੇ ਭਾਣਜੇ ‘ਖ਼ਿਜ਼ਰ ਖਾਂ’ ਦਾ ਬਦਲਾ ਲੈ ਸਕਦਾ ਹੈ, ਜਿਹੜੇ ਕਿ ਚਮਕੌਰ ਦੀ ਜੰਗ ਸਮੇਂ ਗੁਰੂ ਗੋਬਿੰਦ ਸਿੰਘ ਜੀ ਹੱਥੋਂ ਮਾਰੇ ਗਏ ਸਨ। ਨਵਾਬ ਸ਼ੇਰ ਖਾਨ ਨੇ ਅੱਗੋਂ ਕਿਹਾ ਕਿ ਮੇਰਾ ਭਰਾ ਚਮਕੌਰ ਜੰਗ ਵਿੱਚ ਮਾਰਿਆ ਗਿਆ ਸੀ ਮੈਂ ਇਹਨਾਂ ਸ਼ੀਰ-ਖੋਰਾਂ ਤੋਂ ਕੋਈ ਬਦਲਾ ਨਹੀਂ ਲੈਣਾ ਚਾਹੁੰਦਾ। ਉਹ ਉੱਠ ਕੇ ਚਲਾ ਗਿਆ। ਅੱਲ੍ਹਾ ਯਾਰ ਖ਼ਾਂ ਜੋਗੀ ਸ਼ੇਰ ਖਾਂ ਦੇ ਹਵਾਲੇ ਨਾਲ ਲਿਖਦਾ ਹੈ:-
ਬਦਲਾ ਹੀ ਲੇਨਾ ਹੋਗਾ ਤੋ ਲੇਂਗੇ ਬਾਪ ਸੇ।
ਮਹਿਫ਼ੂਜ਼ ਰਖੇ ਹਮ ਕੋ ਖ਼ੁਦਾ ਐਸੇ ਪਾਪ ਸੇ।
ਸਾਹਿਬਜ਼ਾਦਿਆਂ ਨੂੰ ਜਾਨ ਬਚਾਉਣ ਲਈ ਕਲਮਾ ਪੜ੍ਹਨ ਨੂੰ ਕਿਹਾ, ਗੁਰੂ ਕੇ ਲਾਲਾਂ ਨੇ ਕਿਹਾ ਕਲਮਾਂ ਪੜਣ ਵਾਲੇ ਤੁਹਾਡੇ ਵਡੇਰੇ ਕਿਥੇ ਹਨ। ਉਹ ਤਾਂ ਮਰ ਗਏ ਹਨ। ਜੇ ਕਲਮਾਂ ਪੜਣ ਵਾਲਿਆਂ ਨੂੰ ਵੀ ਮੌਤ ਆਉਂਦੀ ਹੈ ਫਿਰ ਕਿਉਂ ਪੜ੍ਹੀਏ? ਗਲ ਕੀ ਉਹ ਸਾਹਿਬਜ਼ਾਦਿਆਂ ਨੂੰ ਆਪਣੇ ਧਰਮ ਤੋਂ ਡੇਗ ਨਾ ਸਕੇ। ਉਸ ਦਿਨ ਸਾਹਿਬਜ਼ਾਦੇ ਵਾਪਸ ਮੁੜੇ । ਸਾਰੀ ਵਾਰਤਾ ਮਾਤਾ ਗੁਜਰੀ ਜੀ ਨੂੰ ਸੁਣਾਈ ਗਈ। ਮਾਂ ਖ਼ੁਸ਼ ਸੀ।
ਅਗਲੇ ਦਿਨ 12 ਪੋਹ ਨੂੰ ਫਿਰ ਪੇਸ਼ੀ ਹੋਈ । ਫਿਰ ਉਹੀ ਗਲ। ਉਸੇ ਤਰਾਂ ਜੈਕਾਰੇ ਛੱਡੇ ਗਏ। ਲਾਲਚ ਦਿੱਤੇ ਗਏ ਸਾਹਿਬਜ਼ਾਦਿਆਂ ਕਿਹਾ ਸਾਡੇ ਦਾਦੇ ਨੂੰ ਨਹੀਂ ਮਨਾ ਸਕੇ । ਸਾਨੂੰ ਕਿਵੇਂ ਮਨਾ ਲਉਗੇ। ਦੀਵਾਨ ਸੁੱਚਾ ਨੰਦ ਇਹ ਨਹੀਂ ਸੀ ਚਾਹੁੰਦਾ ਕਿ ਸਾਹਿਬਜ਼ਾਦਿਆਂ ਨੂੰ ਛੱਡਿਆ ਜਾਵੇ। ਉਸ ਨੇ ਬੱਚਿਆ ਨੂੰ ਪੁੱਛਿਆ ਕਿ ’’ਜੇਕਰ ਤੁਹਾਨੂੰ ਛੱਡ ਦਿੱਤਾ ਜਾਵੇ ਤਾਂ ਤੁਸੀਂ ਕੀ ਕਰੋਗੇ?’’ ਤਾਂ ਸਾਹਿਬਜ਼ਾਦਿਆਂ ਨੇ ਜਵਾਬ ਦਿੱਤਾ ਕਿ  ’’ਪਹਿਲੀ ਗੱਲ ਤਾਂ ਤੁਸੀਂ ਸਾਨੂੰ ਛੱਡਣਾ ਹੀ ਨਹੀਂ, ਪਰ ਫਿਰ ਵੀ ਜੇਕਰ ਤੁਸੀਂ ਸਾਨੂੰ ਛੱਡ ਦਿੰਦੇ ਹੋ ਤਾਂ ਅਸੀਂ ਫਿਰ ਸਿੰਘਾਂ ਨੂੰ ਇਕੱਠੇ ਕਰਾਂਗੇ ਅਤੇ ਅਖੀਰਲੇ ਦਮ ਤੱਕ ਜ਼ੁਲਮ ਤੇ ਜ਼ਾਲਮ ਦੇ ਖਿਲਾਫ ਲੜਦੇ ਰਹਾਂਗੇ। ਸੂਬੇ ਸਰਹਿੰਦ ਦੇ ਦੋ ਟੁਕੜੇ ਕਰਾਂਗੇ। ਜੇ ਫਿਰ ਵੀ ਫੜੇ ਗਏ ਫਿਰ ਕੀ ਕਰੋਗੇ? ਸਾਹਿਬਜ਼ਾਦਿਆਂ ਦਾ ਜਵਾਬ ਉਹ ਹੀ। ਕਿ ਸਿਲਸਿਲਾ ਇੰਝ ਹੀ ਚਲਦਾ ਰਹੇਗਾ। ’’ ਸੁੱਚਾ ਨੰਦ ਨੇ ਵਜ਼ੀਰ ਖਾਨ ਨੂੰ ਵੀ ਉਕਸਾਇਆ ਕਿ ਇਹਨਾਂ ( ਬੁਝੰਗ- ਸੱਪ) ਬੱਚਿਆਂ ਨੂੰ ਛੱਡਣਾ ਸਿਆਣਪ ਨਹੀਂ ਹੋਵੇਗੀ। ਕੋਈ ਚਾਰਾ ਨਾ ਵੇਖ ਕਾਜ਼ੀ ਪਾਸੋਂ ਬੱਚਿਆਂ ਨੂੰ ਨੀਂਹਾਂ ਵਿੱਚ ਚਿਣੇ ਜਾਣ ਦਾ ਫ਼ਤਵਾ ਦੇ ਦਿੱਤਾ।
13 ਪੋਹ, 1761 ਬਿਕਰਮੀ, 27 ਦਸੰਬਰ 1704 ਈਸਵੀ ਵਾਲੇ ਦਿਨ ਮਾਂ ਨੇ ਲਾਲਾਂ ਨੂੰ ਪੰਚ ਇਸ਼ਨਾਨਾ ਕਰਾ ਕੇ ਨਿੱਤਨੇਮ ਕਰਾਇਆ। ਮੱਥੇ ਨੂੰ ਚੁੰਮਿਆ। ਬਸਤਰ ਸਜਾਏ। ਕਲਗ਼ੀਆਂ ਲਗਾ ਦਿੱਤੀਆਂ। ਸਾਹਿਬਜ਼ਾਦਿਆਂ ਨੂੰ ਫਿਰ ਕਚਹਿਰੀ ਵਿਚ ਪੇਸ਼ ਕੀਤਾ ਗਿਆ। ਸੂਬੇਦਾਰ ਨੇ ਕਈ ਤਰ੍ਹਾਂ ਦੇ ਸਾਹਿਬਜ਼ਾਦਿਆਂ ਨੂੰ ਸਵਾਲ ਕੀਤੇ ਤੇ ਲਾਲਚ ਦਿੱਤੇ ਪਰ ਸਾਹਿਬਜ਼ਾਦੇ ਸ਼ਾਂਤ ਤੇ ਆਪਣੇ ਫ਼ੈਸਲੇ ‘ਤੇ ਅਟੱਲ ਰਹੇ। ਜ਼ਿਬਹ ਕਰਨ ਦਾ ਹੁਕਮ ਸੁਣਾਇਆ ਗਿਆ ਪਰ ਕੋਈ ਵੀ ਜਲਾਦ ਲਾਲਾਂ ਨੂੰ ਕਤਲ ਕਰਨ ਲਈ ਤਿਆਰ ਨਹੀਂ ਸੀ। ਪਰ ਦੋ ਜਲਾਦ ‘ਸ਼ਾਸ਼ਲ ਬੇਗ ਤੇ ਬਾਸ਼ਲ ਬੇਗ’ ਜੋਕਿ ਕਿਸੇ ਮੁਕੱਦਮੇ ਵਿੱਚ ਫਸੇ ਹੋਏ ਸਨ, ਨੇ ਕੇਸ ਵਿੱਚੋਂ ਬਰੀ ਕਰਨ ਦੀ ਸ਼ਰਤ ਤੇ ਸਾਹਿਬਜ਼ਾਦਿਆਂ ਨੂੰ ਕਤਲ ਕਰਨਾ ਪਰਵਾਨ ਕੀਤਾ। ਸ਼ਰਤ ਮੰਨੀ ਗਈ । ਬਚਿਆਂ ਨੂੰ ਨੀਂਹਾਂ ਵਿਚ ਚਿਣਵਾਇਆ ਗਿਆ। ਗੋਡੇ ਛਾਂਗ ਦਿੱਤੇ ਗਏ। ਬਚਿਆਂ ਨੇ ਸੀਹ ਨਾ ਕੀਤੀ। ਇੱਟਾਂ ਉਪਰ ਆਉਂਦੀਆਂ ਗਈਆਂ। ਕੰਧ ਜਦੋਂ ਮੋਢਿਆਂ ਤੱਕ ਆਈ ਤਾਂ ਡਿੱਗ ਪਈ ਸੀ। ਇਸ ਚੋਟ ਨੂੰ ਨਾ ਸਹਾਰਦੇ ਹੋਏ ਫੁੱਲਾਂ ਵਰਗੇ ਬੱਚੇ ਬੇਹੋਸ਼ ਪਰ ਸਹਿਕਦੇ ਸਨ। ਜਲਾਦਾਂ ਨੇ ਦੋਵੇਂ ਬੱਚਿਆਂ ਨੂੰ ਗੋਡੇ ਹੇਠ ਦੇ ਕੇ ਪਹਿਲਾਂ ਉਹਨਾਂ ਦੇ ਗੱਲਾਂ ਤੇ ਛੁਰੀਆਂ ਫੇਰਦਿਆਂ ਤੜਫਾ ਤੜਫਾ ਕੇ ਸ਼ਹੀਦ ਕੀਤਾ। ਬਾਬਾ ਫ਼ਤਿਹ ਸਿੰਘ 12- 13 ਮਿੰਟ ਤੜਫਦਾ ਰਿਹਾ। ਸਾਰਾ ਤਸ਼ੱਦਦ ਕਿਵੇਂ ਬਰਦਾਸ਼ਤ ਕੀਤਾ ਇਸ ਦਾ ਅੰਦਾਜ਼ਾ ਵੀ ਨਹੀਂ ਲਗਾਇਆ ਜਾ ਸਕਦਾ। ਸ਼ਹਾਦਤ ਸਮੇਂ ਬਾਬਾ ਜ਼ੋਰਾਵਰ ਸਿੰਘ ਉਮਰ ਦੀ 9 ਸਾਲ ਅਤੇ ਬਾਬਾ ਫ਼ਤਿਹ ਸਿੰਘ ਦੀ ਲਗਪਗ 7 ਸਾਲ ਸੀ। ਜਦੋਂ ਸਾਹਿਬਜ਼ਾਦਿਆਂ ਦੀ ਸ਼ਹੀਦੀ ਦੀ ਖ਼ਬਰ ਮਾਤਾ ਗੁਜਰੀ ਜੀ ਨੂੰ ਮਿਲੀ ਤਾਂ ਮਾਤਾ ਜੀ ਨੇ ਅਕਾਲ ਪੁਰਖ ਦਾ ਸ਼ੁਕਰਾਨਾ ਕਰਦੇ ਅਰਦਾਸ ਕੀਤੀ। ਵਜ਼ੀਰ ਖਾਂ ਦੇ ਹੁਕਮ ’ਤੇ ਸਿਪਾਹੀਆਂ ਨੇ ਮਾਤਾ ਜੀ ਨੂੰ ਬੁਰਜ ਤੋ ਹੇਠਾਂ ਸੁੱਟ ਕੇ ਸ਼ਹੀਦ ਕਰ ਦਿੱਤਾ ਸੀ।
ਇਨ੍ਹਾਂ ਸ਼ਹੀਦੀਆਂ ਦੀ ਖ਼ਬਰ ਜਦੋਂ ਗੁਰੂਘਰ ਦੇ ਅਨਿੰਨ ਸੇਵਕ ਸੇਠ ਦੀਵਾਨ ਟੋਡਰ ਮੱਲ ਦੇ ਪਰਿਵਾਰ ਨੂੰ ਮਿਲੀ ਤਾਂ ਉਨ੍ਹਾਂ ਨੇ ਤਿੰਨੇ ਸ਼ਹੀਦਾਂ ਦਾ ਸਸਕਾਰ ਕਰਨ ਲਈ ਸੋਨੇ ਦੀ ਮੋਹਰਾਂ ਖੜ੍ਹੀਆਂ ਕਰ ਕੇ ਜ਼ਮੀਨ ‘ਤੇ ਵਿਛਾ ਕੇ ਹਾਕਮ ਤੋਂ ਜ਼ਮੀਨ ਖ਼ਰੀਦੀ। ਅਤੇ ਸਸਕਾਰ ਕੀਤਾ ਗਿਆ, ਜਿੱਥੇ ਹੁਣ ( ਗੁਰਦੁਆਰਾ ਸ੍ਰੀ ਜੋਤੀ ਸਰੂਪ) ਬਣਿਆ ਹੋਇਆ ਹੈ।  ਜਿੱਥੇ ਲਾਲਾਂ ਨੇ ਸ਼ਹੀਦੀ ਪਾਈ, ਗੁਰਦੁਆਰਾ ਸ੍ਰੀ ਫ਼ਤਿਹਗੜ੍ਹ ਸਾਹਿਬ ਸਥਿਤ ਹੈ। ਬਾਅਦ ਵਿੱਚ ਗੁਰੂ ਕੇ ਮਹਿਲ ਮਾਤਾ ਸੁੰਦਰੀ ਜੀ ਅਤੇ ਮਾਤਾ ਸਾਹਿਬ ਕੌਰ ਜੀ– ਦਮਦਮਾ ਸਾਹਿਬ ਸਾਬੋ ਕੀ ਤਲਵੰਡੀ ਗੁਰੂ ਗੋਬਿੰਦ ਸਿੰਘ ਜੀ ਪਾਸ ਪਹੁੰਚਣ ’ਤੇ ਸਾਹਿਬਜ਼ਾਦਿਆਂ ਬਾਰੇ ਸਵਾਲ ਕੀਤਾ ਤਾਂ ਗੁਰੂ ਸਾਹਿਬ ਨੇ ਸੰਗਤ ਵੱਲ ਇਸ਼ਾਰਾ ਕਰਦਿਆਂ ਕਿਹਾ ਸੀ
‘ਇਨ ਪੁਤਰਨ ਕੇ ਸੀਸ ਪਹਿ, ਵਾਰ ਦੀਏ ਸੁਤ ਚਾਰ,
ਚਾਰ ਗਏ ਤੋ ਕਿਆ ਭਿਆ, ਜੀਵਤ ਕਈ ਹਜਾਰ।
ਕੁਝ ਸਮੇਂ ਬਾਅਦ ਬਾਬਾ ਬੰਦਾ ਸਿੰਘ ਬਹਾਦਰ ਜੋ ਕਿ ਪਿੰਡ ਰਜੌਰੀ ਜਿਲਾ ਪੁੰਛ ਦੇ ਰਾਜਪੂਤ ਕਿਸਾਨ ਨਾਮ ਦੇਵ ਦੇ ਘਰ ਪੈਦਾ ਹੋਇਆ ਲਛਮਣ ਦਾਸ ਬਾਅਦ ਵਿਚ ਮਾਧੋ ਦਾਸ ਬਣ ਕੇ ਗੋਦਾਵਰੀ ਨਦੀ ਕਿਨਾਰੇ ਜਾ ਡੇਰਾ ਲਾ ਲਿਆ। ਗੁਰੂ ਗੋਬਿੰਦ ਸਿੰਘ ਸਾਹਿਬ ਨਾਲ ਮੇਲ ਹੋਣ ’ਤੇ ਬੰਦਾ ਸਿੰਘ ਬਹਾਦਰ ਬਣਿਆ, ਗੁਰੂ ਸਾਹਿਬ ਦੀ ਆਗਿਆ ਨਾਲ ਪੰਜਾਬ ਆਏ। ਅਤੇ ਚੱਪੜਚਿੜੀ ਦੇ ਮੈਦਾਨ ਵਿਚ ਸੂਬਾ ਸਰਹਿੰਦ ਨੂੰ ਲਿਤਾੜ ਕੇ ਅਤੇ ਬਾਬਾ ਫ਼ਤਿਹ ਸਿੰਘ ਵੱਲੋਂ ਸੂਬਾ ਸਰਹਿੰਦ ਨੂੰ ਮਾਰ ਕੇ ਸਰਹਿੰਦ ਨੂੰ 12 ਮਈ, 1710 ਨੂੰ ਫ਼ਤਿਹ ਕੀਤਾ। ਬਾਬਾ ਜੀ ਜਦੋਂ ਸਰਹਿੰਦ ’ਚ ਪ੍ਰਵੇਸ਼ ਕੀਤਾ ਤਾਂ ਸਰਹਿੰਦ ਦੀ ਦੀਵਾਰ ਕੋਲ ਜਾ ਕੇ ਨਮਸਕਾਰ ਕੀਤੀ। ਇੱਟਾਂ ਨੂੰ ਚੁੰਮਿਆ, ਹੁਬਕੀ ਹੁਬਕੀ ਰੋਇਆ ਤੇ ਹੰਝੂਆਂ ਨਾਲ ਕੰਧ ਧੋ ਦਿੱਤੀ। ਇਹ ਦਸਮ ਪਿਤਾ ਦੇ ਪਿਆਰ ਤੇ ਸਾਹਿਬਜ਼ਾਦਿਆਂ ਦੇ ਸਿਦਕ ਤੋਂ ਵਾਰੇ ਵਾਰੇ ਜਾਣ ਦੀ ਗਵਾਹੀ ਸੀ।
ਇਸ ਤੋਂ ਬਾਅਦ ਖ਼ਾਲਸੇ ਵੱਲੋਂ ਮਾਰੀਆਂ ਗਈਆਂ ਤੇਗ਼ਾਂ ਅਤੇ ਕੁਰਬਾਨੀਆਂ ਨਾਲ ਭਾਰਤ ਦੇ ਲੋਕਾਂ ਨੂੰ ਨਵਾਂ ਉਤਸ਼ਾਹ ਮਿਲਿਆ ਅਤੇ ਮੁਗ਼ਲ ਰਾਜ ਦੇ ਪੈਰ ਉੱਖੜਨੇ ਸ਼ੁਰੂ ਹੋਏ। ਇਸਲਾਮੀ ਜੋਸ਼ ਅਤੇ ਤਾਕਤ ਜੋ ਸਾਰੀ ਦੁਨੀਆ ਨੂੰ ਆਪਣੀ ਮਲਕੀਅਤ ਸਮਝਦੀ ਸੀ, ਉਸ ਨੂੰ ਪੰਜਾਬ ਦੀ ਧਰਤੀ ਉੱਤੇ ਸਿੰਘਾਂ ਦੇ ਘੋੜਿਆਂ ਨੇ ਆਪਣੇ ਸੁੰਮਾਂ ਹੇਠ ਮਧੋਲ਼ ਕੇ ਰੱਖ ਦਿੱਤਾ। ਸਮਾਂ ਆਇਆ ਤਾਂ ਬੰਦਾ ਸਿੰਘ ਬਹਾਦਰ ਨੇ ਇੱਥੇ ਖ਼ਾਲਸੇ ਦਾ ਹਲੀਮੀ ਰਾਜ ਕਾਇਮ ਕਰਦਿਆਂ ਦੁਨੀਆ ਨੂੰ ਲੋਕ ਹਿਤਕਾਰੀ ਕਲਿਆਣਕਾਰੀ ਰਾਜ ਪ੍ਰਬੰਧ ਦਾ ਸਬਕ ਪੜਾਇਆ। ਮਿਸਲਾਂ ਦੇ ਸਮੇਂ ਰਾਖੀ ਪ੍ਰਬੰਧ ਹੇਠ ਸਿੰਘਾਂ ਨੇ ਪਰਜਾ ਦੀ ਰਾਖੀ ਕੀਤੀ ਤਾਂ ਮਹਾਰਾਜਾ ਰਣਜੀਤ ਸਿੰਘ ਨੇ ਸ਼ੇਰੇ ਪੰਜਾਬ ਦੇ ਰੂਪ ਵਿਚ ਪੰਜਾਬ ’ਤੇ ਰਾਜ ਕਰਦਿਆਂ ਵਿਸ਼ਵ ਨੂੰ ਰਾਜਾ ਸ਼ਾਹੀ ਦੇ ਬਾਵਜੂਦ ਇਕ ਲੋਕ ਕਲਿਆਣਕਾਰੀ ਰਾਜ ਦੇ ਮਾਡਲ ਨਾਲ ਰੂਬਰੂ ਕਰਾਇਆ। ਇਹ ਸਭ ਖ਼ਾਲਸੇ ਦੀਆਂ ਹੀ ਜਿੱਤਾਂ ਸਨ।
ਖ਼ਾਲਸਾ ਪੰਥ ਅਤੇ ਦੇਸ਼ ਵਾਸੀ ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਦੇ ਸ਼ਹੀਦੀ ਸਾਕੇ ਦੀ ਸਾਲਾਨਾ ਯਾਦ ਸਤਿਕਾਰ ਅਤੇ ਪੂਰਨ ਸ਼ਰਧਾ ਸਹਿਤ ਹਰ ਸਾਲ ਮਨਾਉਂਦੇ ਹਨ। ਹਰ ਰੋਜ਼ ਸੈਂਕੜੇ ਅਤੇ ਤਿੰਨ ਦਿਨਾਂ ਸਾਲਾਨਾ ਸ਼ਹੀਦੀ ਜੋੜ-ਮੇਲੇ ਸਮੇਂ ਲੱਖਾਂ ਸ਼ਰਧਾਲੂ ਦੇਸ਼-ਪ੍ਰਦੇਸ ਅਤੇ ਵਿਦੇਸ਼ ਤੋਂ ਆਪਣੀ ਸ਼ਰਧਾ ਅਤੇ ਸਤਿਕਾਰ ਭੇਟ ਕਰਨ ਲਈ ਆਉਂਦੇ ਹਨ। ਉਨ੍ਹਾਂ ਮਹਾਨ ਹਸਤੀਆਂ ਦੇ ਚਰਨਾਂ ਵਿਚ ਅਸੀਂ ਇਹੋ ਵੱਡੀ ਭੇਟਾ ਰੱਖ ਸਕਦੇ ਹਾਂ ਕਿ ਉਨ੍ਹਾਂ ਦੀ ਮਹਾਨਤਾ ਨੂੰ ਸਮਝੀਏ ਉਨ੍ਹਾਂ ਦੀਆਂ ਭਾਵਨਾਵਾਂ ਦਾ ਸਤਿਕਾਰ ਕਰੀਏ ਅਤੇ ਸਿੱਖੀ ਆਦਰਸ਼ਾਂ ‘ਤੇ ਪਹਿਰਾ ਦੇਣ ਦਾ ਪ੍ਰਣ ਕਰੀਏ। ਖੰਡੇ-ਬਾਟੇ ਦੀ ਪਾਹੁਲ ਦਾ ਅੰਮ੍ਰਿਤ ਛਕ ਕੇ ਗੁਰੂ ਵਾਲੇ ਬਣੀਏ।  ਆਓ ਸ਼ਹਾਦਤਾਂ ਦੀ ਖ਼ੁਸ਼ਬੂ ਪੂਰੇ ਭਾਰਤ ਅਤੇ ਵਿਦੇਸ਼ਾਂ ਵਿਚ ਵੀ ਫੈਲਾਉਣ ਦੇ ਉਪਰਾਲੇ ਕਰੀਏ।
SARCHAND SINGH (M) 9781355522

 


 

Leave a Reply

Your email address will not be published.


*