ਡਵੀਜ਼ਨਲ ਕਮਿਸ਼ਨਰ ਵੱਲੋਂ ਵੱਖ-ਵੱਖ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਤੇ ਸਮੂਹ ਈ.ਆਰ.ਓਜ਼ ਨਾਲ ਮੀਟਿੰਗ

ਸੰਗਰੂਰ :—
ਡਵੀਜ਼ਨਲ ਕਮਿਸ਼ਨਰ ਪਟਿਆਲਾ ਮੰਡਲ ਦਲਜੀਤ ਸਿੰਘ ਮਾਂਗਟ ਨੇ ਲੋਕ ਸਭਾ ਚੋਣਾਂ-2024 ਅਤੇ ਸਪੈਸ਼ਲ ਸਮਰੀ ਰਿਵੀਜ਼ਨ 01.01.2024 ਨੂੰ ਮੁੱਖ ਰਖਦਿਆਂ ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਸੰਗਰੂਰ ਵਿਖੇ ਸਮੂਹ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਅਤੇ ਈ.ਆਰ.ਓਜ਼ ਨਾਲ ਮੀਟਿੰਗ ਕਰਦਿਆਂ ਵੋਟਾਂ ਦੀ ਅਹਿਮੀਅਤ ਬਾਰੇ ਜਨ ਜਾਗਰੂਕ ਨੂੰ ਜਾਣੂ ਕਰਵਾਉਣ ਲਈ ਸਰਗਰਮ ਮੁਹਿੰਮ ਚਲਾਉਣ ਦਾ ਸੱਦਾ ਦਿੱਤਾ। ਡਵੀਜ਼ਨਲ ਕਮਿਸ਼ਨਰ ਦਲਜੀਤ ਸਿੰਘ ਮਾਂਗਟ ਨੇ ਦੱਸਿਆ ਕਿ ਯੋਗਤਾ ਮਿਤੀ 01.01.2024 ਦੇ ਆਧਾਰ ’ਤੇ ਫੋਟੋ ਵੋਟਰ ਸੂਚੀਆਂ ਦੀ ਲਗਾਤਾਰ ਸੁਧਾਈ ਦੌਰਾਨ ਹਰ ਯੋਗ ਨਾਗਰਿਕ, ਜਿਸ ਦਾ ਨਾਮ ਭਾਰਤ ਦੇਸ਼ ਦੇ ਕਿਸੇ ਵੀ ਚੋਣ ਹਲਕੇ ਦੀ ਵੋਟਰ ਸੂਚੀ ਵਿੱਚ ਸ਼ਾਮਲ ਨਹੀਂ ਹੈ, ਉਹ ਆਪਣਾ ਨਾਮ ਵੋਟਰ ਸੂਚੀ ਵਿੱਚ ਸ਼ਾਮਲ ਕਰਵਾਉਣ ਲਈ ਫਾਰਮ ਨੰਬਰ 6, ਵੋਟ ਕਟਵਾਉਣ ਲਈ ਫਾਰਮ ਨੰਬਰ 7 ਅਤੇ ਵੋਟ ਤਬਦੀਲ ਕਰਨ ਲਈ ਫਾਰਮ ਨੰਬਰ 8 ਭਰ ਕੇ ਜਾਂ ਆਨਲਾਈਨ ਪੋਰਟਲ ’ਤੇ ਅਪਲਾਈ ਕੀਤਾ ਜਾ ਸਕਦਾ ਹੈ। ਡਵੀਜ਼ਨਲ ਕਮਿਸ਼ਨਰ ਨੇ ਕਿਹਾ ਕਿ ਨੌਜਵਾਨ ਵਰਗ ਨੂੰ ਆਪਣੀ ਵੋਟ ਬਣਾਉਣ ਅਤੇ ਹਰ ਵੋਟ ਦੀ ਅਹਿਮੀਅਤ ਹੋਣ ਬਾਰੇ ਜਾਗਰੂਕ ਕਰਦੇ ਰਹਿਣ ਦੀ ਮੁਹਿੰਮ ਨੂੰ ਜੋਸ਼ੋ ਖਰੋਸ਼ ਨਾਲ ਚਲਾਏ ਜਾਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਵੋਟਰਾਂ ਵੱਲੋਂ ਦਾਇਰ ਕੀਤੇ ਇਤਰਾਜ਼ਾਂ ਦਾ ਨਿਪਟਾਰਾ ਸਬੰਧੀ ਈ.ਆਰ.ਓਜ਼ ਵੱਲੋਂ 26 ਦਸੰਬਰ 2023 ਤੱਕ ਕੀਤਾ ਜਾਵੇਗਾ ਅਤੇ 5 ਜਨਵਰੀ 2024 ਨੂੰ ਵੋਟਰ ਸੂਚੀਆਂ ਦੀ ਅੰਤਿਮ ਪ੍ਰਕਾਸ਼ਨਾ ਕਰਵਾਈ ਜਾਵੇਗੀ।
ਇਸ ਮੌਕੇ ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਨੇ ਦੱਸਿਆ ਕਿ ਜ਼ਿਲ੍ਹਾ ਸੰਗਰੂਰ ਵਿੱਚ 19 ਦਸੰਬਰ ਤੱਕ ਕੁਲ 9 ਲੱਖ 72 ਨਾਗਰਿਕ ਵੋਟਰ ਵਜੋਂ ਦਰਜ ਹਨ ਜਿਨ੍ਹਾਂ ਵਿੱਚੋਂ 4 ਲੱਖ 76 ਹਜ਼ਾਰ 98 ਮਰਦ ਅਤੇ 4 ਲੱਖ 23 ਹਜ਼ਾਰ 952 ਮਹਿਲਾ ਵੋਟਰ ਵਜੋਂ ਦਰਜ ਹਨ। ਉਨ੍ਹਾਂ ਦੱਸਿਆ ਕਿ ਆਮ ਲੋਕਾਂ ਨੂੰ ਈ.ਵੀ.ਐਮ ਅਤੇ ਵੀ.ਵੀ.ਪੈਟ ਮਸ਼ੀਨਾਂ ਬਾਰੇ ਜਾਣਕਾਰੀ ਦੇਣ ਲਈ ਜ਼ਿਲ੍ਹੇ ਦੇ ਸਾਰੇ 5 ਵਿਧਾਨ ਸਭਾ ਚੋਣ ਹਲਕਿਆਂ ਵਿੱਚ ਮੋਬਾਇਲ ਡੈਮੋਨਸਟਰੇਸ਼ਨ ਵੈਨ ਰਾਹੀਂ ਜਾਗਰੂਕਤਾ ਪੈਦਾ ਕੀਤੀ ਜਾ ਰਹੀ ਹੈ । ਇਸ ਤੋਂ ਇਲਾਵਾ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਸੇਵਾ ਕੇਂਦਰ ਵਿਖੇ ਜ਼ਿਲ੍ਹਾ ਪੱਧਰੀ ਅਤੇ ਸਮੁਹ ਵਿਧਾਨ ਸਭਾ ਚੋਣ ਹਲਕਿਆਂ ਵਿੱਚ ਹਲਕਾ ਪੱਧਰੀ ਈ.ਵੀ.ਐਮ ਡੈਮੋਨਸਟਰੇਸ਼ਨ ਸੈਂਟਰ ਵੀ ਸਥਾਪਤ ਕੀਤਾ ਗਿਆ ਹੈ।
ਮੀਟਿੰਗ ਦੌਰਾਨ ਵਧੀਕ ਜ਼ਿਲ੍ਹਾ ਚੋਣ ਅਫ਼ਸਰ ਆਕਾਸ਼ ਬਾਂਸਲ, ਵਧੀਕ ਡਿਪਟੀ ਕਮਿਸ਼ਨਰ ਵਿਕਾਸ ਵਰਜੀਤ ਵਾਲੀਆ, ਸਹਾਇਕ ਕਮਿਸ਼ਨਰ ਜਸਪਿੰਦਰ ਸਿੰਘ ਤੇ ਦੇਵਦਰਸ਼ਦੀਪ ਸਿੰਘ, ਐਸ.ਡੀ.ਐਮ ਸੰਗਰੂਰ ਚਰਨਜੋਤ ਸਿੰਘ ਵਾਲੀਆ, ਐਸ.ਡੀ.ਐਮ ਧੂਰੀ ਅਮਿਤ ਗੁਪਤਾ, ਐਸ.ਡੀ.ਐਮ ਭਵਾਨੀਗੜ੍ਹ ਵਿਨੀਤ ਕੁਮਾਰ, ਐਸ.ਡੀ.ਐਮ ਦਿੜ੍ਹਬਾ ਰਾਜੇਸ਼ ਸ਼ਰਮਾ, ਐਸ.ਡੀ.ਐਮ ਲਹਿਰਾ ਸੂਬਾ ਸਿੰਘ, ਐਸ.ਡੀ.ਐਮ ਦਿੜ੍ਹਬਾ ਰਾਜੇਸ਼ ਸ਼ਰਮਾ, ਤਹਿਸੀਲਦਾਰ ਚੋਣਾਂ ਵਿਜੇ ਕੁਮਾਰ ਤੇ ਵੱਖ-ਵੱਖ ਸਿਆਸੀ ਪਾਰਟੀਆਂ ਦੇ ਨੁਮਾਇੰਦੇ ਹਾਜ਼ਰ ਸਨ।

Leave a Reply

Your email address will not be published.


*