ਰਣਜੀਤ ਸਿੰਘ ਮਸੌਣ
ਜੋਗਾ ਸਿੰਘ ਰਾਜਪੂਤ
ਅੰਮ੍ਰਿਤਸਰ
ਮੁੱਖ ਮੰਤਰੀ ਪੰਜਾਬ ਸ: ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵਚਨਬੱਧ ਹੈ ਕਿ ਹਰੇਕ ਸੂਬਾ ਵਾਸੀ ਦਾ 10 ਲੱਖ ਰੁਪਏ ਦਾ ਸਿਹਤ ਬੀਮਾ ਕਾਰਡ ਬਿਨਾਂ ਕਿਸੇ ਭੇਦ ਭਾਵ ਤੋਂ ਬਣਾਇਆ ਜਾਵੇਗਾ ਅਤੇ ਹੁਣ ਕਿਸੇ ਵੀ ਗਰੀਬ ਜਾਂ ਮੱਧਵਰਗੀ ਪਰਿਵਾਰ ਨੂੰ ਇਲਾਜ਼ ਲਈ ਕਰਜ਼ਾ ਲੈਣ ਦੀ ਲੋੜ ਨਹੀਂ ਪਵੇਗੀ। ਇਨਾਂ ਸ਼ਬਦਾਂ ਦਾ ਪ੍ਰਗਟਾਵਾ ਹਲਕਾ ਵਿਧਾਇਕ ਅਜਨਾਲਾ ਸ: ਕੁਲਦੀਪ ਸਿੰਘ ਧਾਲੀਵਾਲ ਨੇ ਆਪਣੇ ਹਲਕੇ ਦੇ ਪਿੰਡ ਘੁੱਕੇਵਾਲੀ ਪਿੰਡ, ਭੱਖਾ ਹਰੀ ਸਿੰਘ, ਗੁੱਜਰਪੁਰਾ, ਕੱਲੋਮਾਹਲ, ਵਾਰਡ ਨੰਬਰ 6 ਰਮਦਾਸ, ਡਿਆਲ ਭੜੰਗ ਅਤੇ ਚਮਿਆਰੀ ਵਿਖੇ ਕਾਮਨ ਸਰਵਿਸ ਸੈਂਟਰਾਂ ਵੱਲੋਂ ਲੋਕਾਂ ਦੇ ਸਿਹਤ ਬੀਮਾਂ ਕਾਰਡ ਬਣਾਏ ਜਾਣ ਦੇ ਕੰਮ ਦਾ ਜਾਇਜਾ ਲੈਣ ਉਪਰੰਤ ਕੀਤਾ। ਸ: ਧਾਲੀਵਾਲ ਨੇ ਕਿਹਾ ਕਿ ਅਜਨਾਲਾ ਹਲਕੇ ਦੇ ਸੱਤ ਪਿੰਡਾਂ ਵਿੱਚ ਇਹ ਕੈਂਪ ਲਗਾਏ ਗਏ ਸਨ ਅਤੇ ਕੱਲ ਦੂਜੇ ਪਿੰਡਾਂ ਵਿੱਚ ਵੀ ਇਹ ਕੈਂਪ ਲਗਾ ਕੇ ਲੋਕਾਂ ਦੇ ਸਿਹਤ ਬੀਮਾਂ ਕਾਰਡ ਬਣਾਏ ਜਾਣਗੇ। ਉਨਾਂ ਕਿਹਾ ਕਿ ਕੈਂਪ ਤੋਂ ਪਹਿਲਾਂ ਹਰੇਕ ਘਰ ਵਿੱਚ ਪਰਚੀ ਮੁਹੱਈਆ ਕਰਵਾਈ ਜਾ ਰਹੀ ਹੈ, ਜਿਸ ਵਿੱਚ ਕਾਰਡ ਬਣਾਉਣ ਦਾ ਸਮਾਂ ਅਤੇ ਵੇਰਵਾ ਦੱਸਿਆ ਜਾਂਦਾ ਹੈ। ਉਨਾਂ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਇਹਨਾਂ ਕੈਂਪਾਂ ਵਿੱਚ ਜ਼ਰੂਰ ਪੁੱਜਣ ਤਾਂ ਜੋ ਵੱਧ ਤੋਂ ਵੱਧ ਕਾਰਡ ਬਣਾਏ ਜਾ ਸਕਣ।
ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ: ਧਾਲੀਵਾਲ ਨੇ ਦੱਸਿਆਂ ਕਿ ਇਹਨਾਂ ਸੀਐਸਸੀ ਸੈਂਟਰਾਂ ‘ਚ ਕਾਰਡ ਬਣਾਉਣ ਲਈ ਕੋਈ ਰਜਿਸਟ੍ਰੇਸ਼ਨ ਫ਼ੀਸ ਨਹੀਂ ਹੈ ਤੇ ਸਾਰੇ ਪਰਿਵਾਰਿਕ ਮੈਂਬਰ ਇਕੱਠੇ ਆ ਕੇ ਆਪਣੇ ਆਧਾਰ ਕਾਰਡ ਅਤੇ ਵੋਟਰ ਕਾਰਡ ਨਾਲ ਇਹ ਕਾਰਡ ਬਣਵਾ ਸਕਦੇ ਹਨ।
ਸ: ਧਾਲੀਵਾਲ ਨੇ ਦੱਸਿਆ ਕਿ “18 ਸਾਲ ਤੋਂ ਵੱਧ ਉਮਰ ਦੇ ਲੋਕ ਜੋ ਇਸ ਯੋਜਨਾ ਦਾ ਲਾਭ ਲੈਣਾ ਚਾਹੁੰਦੇ ਹਨ, ਉਨ੍ਹਾਂ ਨੂੰ ਆਪਣਾ ਆਧਾਰ ਕਾਰਡ ਅਤੇ ਵੋਟਰ ਆਈਡੀ ਕਾਰਡ ਲਿਆਉਣਾ ਪਵੇਗਾ। ਇਸ ਤੋਂ ਇਲਾਵਾ, 18 ਸਾਲ ਤੋਂ ਘੱਟ ਉਮਰ ਦੇ ਲੋਕਾਂ ਨੂੰ ਆਧਾਰ ਕਾਰਡ ਅਤੇ ਜਨਮ ਸਰਟੀਫ਼ਿਕੇਟ ਦੀ ਜ਼ਰੂਰਤ ਹੋਵੇਗੀ। ਨਾਲ ਹੀ, ਇਸ ਕਾਰਡ ਦੀ ਮੱਦਦ ਨਾਲ ਦਿਲ ਦੀ ਬਿਮਾਰੀ, ਕੈਂਸਰ, ਗੁਰਦੇ ਅਤੇ ਜਿਗਰ ਦੀਆਂ ਬਿਮਾਰੀਆਂ, ਗੰਭੀਰ ਦੁਰਘਟਨਾ ਵਿੱਚ ਸੱਟਾਂ, ਵੱਡੀਆਂ ਸਰਜਰੀਆਂ ਅਤੇ ਲੰਬੇ ਸਮੇਂ ਲਈ ਹਸਪਤਾਲ ’ਚ ਭਰਤੀ ਹੋਣ ਨਾਲ ਸਬੰਧਿਤ ਖ਼ਰਚੇ ਸ਼ਾਮਿਲ ਹਨ। ਇਸ ਨਾਲ ਕਿਸੇ ਵੀ ਜਾਤ ਨਾਲ, ਕਿਸੇ ਵੀ ਕੁਨਬੇ ਦੇ ਮਰੀਜ਼ਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਤੇ ਵਿੱਤੀ ਬੋਝ ਕਾਫ਼ੀ ਘੱਟ ਜਾਵੇਗਾ।
ਉਨਾਂ ਕਿਹਾ ਕਿ ਪੰਜਾਬ ਦੇ ਲਗਭੱਗ 3 ਕਰੋੜ ਨਾਗਰਿਕਾਂ ਨੂੰ ਸਿਹਤ ਕਾਰਡ ਜਾਰੀ ਕੀਤੇ ਜਾਣਗੇ, ਜਿਨਾਂ ਰਾਹੀਂ ਉਹ 900 ਦੇ ਕਰੀਬ ਸਰਕਾਰੀ ਅਤੇ ਸੂਚੀਬੱਧ ਨਿੱਜ਼ੀ ਹਸਪਤਾਲਾਂ ਵਿੱਚ ਆਪਣਾ ਇਲਾਜ਼ ਕਰਵਾ ਸਕਣਗੇ। ਇਸ ਯੋਜਨਾ ਤਹਿਤ 10 ਲੱਖ ਤੱਕ ਦੇ ਇਲਾਜ਼ ਦੇ ਸਾਰੇ ਖ਼ਰਚੇ ਸਿੱਧੇ ਤੌਰ ‘ਤੇ ਹਸਪਤਾਲਾਂ ਅਤੇ ਬੀਮਾਂ ਏਜੰਸੀ ਦਰਮਿਆਨ ਨਿਪਟਾਏ ਜਾਣਗੇ, ਜਿਸ ਨਾਲ ਮਰੀਜ਼ਾਂ ਨੂੰ ਆਪਣੀ ਜੇਬ ਵਿੱਚੋਂ ਕੋਈ ਰਕਮ ਨਹੀਂ ਦੇਣੀ ਪਵੇਗੀ।
Leave a Reply