ਰਣਜੀਤ ਸਿੰਘ ਮਸੌਣ
ਅੰਮ੍ਰਿਤਸਰ
ਅੱਜ ਦੇਸ਼ ਭਰ ਦੇ ਸਾਰੇ ਸੂਬਿਆਂ ਵਿੱਚ ਗਣਤੰਤਰ ਦਿਵਸ 26 ਜਨਵਰੀ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ ਤੇ ਵਧੀਆ ਕੰਮ ਵਾਲਿਆਂ ਨੂੰ ਵੱਡੇ ਵੱਡੇ ਪੁਰਸਕਾਰਾਂ ਨਾਲ ਸਨਮਾਨਿਤ ਕੀਤਾ ਜਾ ਰਿਹਾ ਹੈ ਪਰ ਦੂਸਰੇ ਪਾਸੇ ਦੇਸ਼ ਵਿੱਚ ਸਿੱਖਾਂ ਨਾਲ ਕੀਤੀ ਜਾ ਰਹੀ ਬੇਇਨਸ਼ਾਫੀ ਤੇ ਧੱਕੇਸ਼ਾਹੀ ਨੂੰ ਵਿਸ਼ਵ ਤੱਕ ਪਹੁਚਾਉਣ ਲਈ ਅੱਜ ਕਿਸਾਨ ਸੰਘਰਸ਼ ਮੋਰਚੇ ਦੇ ਆਗੂਆਂ ਵੱਲੋਂ ਬੰਦੀ ਸਿੰਘਾਂ ਦੀ ਰਿਹਾਈ ਲਈ ਲੱਗੇ ਕੌਮੀ ਇਨਸਾਫ਼ ਮੋਰਚਾ ਮੋਹਾਲੀ ਤੋਂ ਸਰਕਾਰ ਵਿਰੁੱਧ ਟਰੈਕਟਰਾਂ ਤੇ ਕਾਲੀਆਂ ਝੰਡੀਆਂ ਨਾਲ ਇੱਕ ਵੱਡਾ ਰੋਸ ਮਾਰਚ ਕੱਢਿਆ ਗਿਆ ਕਿ ਲੰਮੇ ਸਮੇਂ ਤੋਂ ਆਪਣੀਆਂ ਅਦਾਲਤੀ ਸਜ਼ਾਵਾਂ ਪੂਰੀਆਂ ਕਰਨ ਦੇ ਬਾਵਜ਼ੂਦ ਜੇਲ੍ਹ ‘ਚ ਡੱਕੇ ਹੋਏ ਸਿੰਘਾਂ ਨੂੰ ਰਿਹਾਅ ਕਰਨ ਦੀ ਮੰਗ ਕੀਤੀ ਗਈ। ਇਸ ਕਰਕੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਇਸ ਰੋਸ ਮਾਰਚ ਦੀ ਪੂਰਨ ਹਮਾਇਤ ਕਰਦੀ ਹੋਈ ਇਸ ਨੂੰ ਸਮੇਂ ਅਤੇ ਲੋਕਾਂ ਮੰਗ ਵਾਲਾ ਵਧੀਆ ਫ਼ੈਸਲਾ ਮੰਨਦੀ ਹੋਈ ਸਰਕਾਰ ਤੋਂ ਮੰਗ ਕਰਦੀ ਹੈ ਕਿ ਬਿਨਾਂ ਕਸੂਰ ਜੇਲਾਂ ਵਿੱਚ ਬੰਦ ਬੰਦੀ ਸਿੰਘਾਂ ਨੂੰ ਜਲਦੀ ਰਿਹਾਅ ਕੀਤਾ ਜਾਵੇ ਤਾਂ ਕਿ ਸਿੱਖਾਂ ਵਿੱਚੋਂ ਬੇਗਾਨਗੀ ਵਾਲਾ ਵਰਤਾਰਾ ਦੂਰ ਕੀਤਾ ਜਾ ਸਕੇ।
ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ 26 ਜਨਵਰੀ ਗਣਤੰਤਰ ਦਿਵਸ ਮੌਕੇ ਤੇ ਕਿਸਾਨ ਜੱਥੇਬੰਦੀਆਂ ਵੱਲੋਂ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਕੱਢੇ ਗਏ ਰੋਸ ਮਾਰਚ ਦੀ ਪੂਰਨ ਹਮਾਇਤ ਅਤੇ ਸਰਕਾਰ ਨੂੰ ਬੰਦੀ ਸਿੰਘਾਂ ਨੂੰ ਜਲਦੀ ਰਿਹਾਅ ਕਰਨ ਦੀ ਮੰਗ ਕਰਦਿਆਂ ਕੀਤਾ। ਭਾਈ ਖਾਲਸਾ ਨੇ ਰੋਸ ਮਾਰਚ ਦੀ ਪੂਰਨ ਹਮਾਇਤ ਕਰਦਿਆਂ ਸਪੱਸ਼ਟ ਕੀਤਾ ਕਿ ਦੇਸ਼ ‘ਚ ਸਿੱਖਾਂ ਨਾਲ ਬੇਗਾਨਗੀ, ਬੇਇਨਸਾਫ਼ੀ ਤੇ ਧੱਕੇਸ਼ਾਹੀ ਵਾਲਾ ਵਰਤਾਰਾ ਕੀਤਾ ਜਾ ਰਿਹਾ ਹੈ, ਕਿਉਂਕਿ ਇੱਕ ਪਾਸੇ ਸਰਕਾਰ ਕਾਤਲਾਂ ਅਤੇ ਬਲਾਤਕਾਰ ਵਰਗੇ ਅਪਰਾਧਾਂ ਵਿੱਚ ਜੇਲ੍ਹ ਬੈਠੇ ਰਾਮਰਹੀਮ ਨੂੰ ਵਾਰ-ਵਾਰ ਪੈਰੋਲ (ਛੁੱਟੀ) ਦੇ ਕੇ ਸਿੱਖਾਂ ਨੂੰ ਚਿੜਾ ਰਹੀ ਹੈ ਅਤੇ ਦੂਸਰੇ ਪਾਸੇ ਅਦਾਲਤਾਂ ਵੱਲੋਂ ਮਿਲੀਆਂ ਸਜ਼ਾਵਾਂ ਪੂਰੀਆਂ ਕਰਨ ਦੇ ਬਾਵਜ਼ੂਦ ਗ਼ੈਰਕਾਨੂੰਨੀ ਤੌਰ ਤੇ ਸਿੰਘਾਂ ਨੂੰ ਜੇਲ੍ਹਾਂ ਵਿੱਚ ਡੱਕ ਕੇ ਬੇਗਾਨਗੀ ਵਾਲਾ ਅਹਿਸਾਸ ਕਰਵਾ ਰਹੀ ਹੈ। ਭਾਈ ਖਾਲਸਾ ਨੇ ਕਿਹਾ ਕਿ ਇਸ ਕਰਕੇ ਸਾਡੀ ਜੱਥੇਬੰਦੀ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਜਿੱਥੇ 26 ਜਨਵਰੀ ਗਣਤੰਤਰ ਦਿਵਸ ਤੇ ਕਾਲੀਆਂ ਝੰਡੀਆਂ ਨਾਲ ਟ੍ਰੈਕਟਰ ਰੋਸ ਮਾਰਚ ਕੱਢਣ ਵਾਲੇ ਸਮੂਹ ਸੰਘਰਸ਼ੀਆਂ ਦੀ ਪੂਰਨ ਹਮਾਇਤ ਅਤੇ ਇਸ ਨੂੰ ਸਮੇਂ ਦੀ ਲੋੜ ਵਾਲਾ ਇੱਕ ਵਧੀਆ ਕਾਰਜ਼ ਮੰਨਦੀ ਹੋਈ ਸਰਕਾਰ ਨੂੰ ਅਪੀਲ ਕਰਦੀ ਹੈ ਕਿ ਲੰਮੇ ਸਮੇਂ ਤੋਂ ਬੰਦੀ ਸਿੰਘਾਂ ਦੀ ਰਿਹਾਈ ਲਈ ਲੱਗੇ ਕੌਮੀ ਇਨਸਾਫ਼ ਮੋਰਚੇ ਦੀ ਮੰਗ ਅਨੁਸਾਰ ਸਮੂਹ ਬੰਦੀ ਸਿੰਘਾਂ ਨੂੰ ਰਿਹਾਅ ਕਰਨ ਦੀ ਲੋੜ ਤੇ ਜ਼ੋਰ ਦੇਵੇ ਤਾਂ ਕਿ ਸਿੱਖ ‘ਚ ਬੇਗਾਨਗੀ ਵਾਲਾ ਅਹਿਸਾਸ ਦੂਰ ਕੀਤਾ ਜਾ ਸਕੇ। ਇਸ ਮੌਕੇ ਭਾਈ ਵਿਰਸਾ ਸਿੰਘ ਖਾਲਸਾ, ਭਾਈ ਅਵਤਾਰ ਸਿੰਘ ਅੰਮ੍ਰਿਤਸਰ, ਭਾਈ ਦਿਲਬਾਗ ਸਿੰਘ ਬਾਗੀ ਗੁਰਦਾਸਪੁਰ, ਭਾਈ ਸੁਖਦੇਵ ਸਿੰਘ ਜਗਰਾਓਂ, ਭਾਈ ਜੋਗਿੰਦਰ ਸਿੰਘ ਤੇ ਭਾਈ ਜਗਤਾਰ ਸਿੰਘ ਫਿਰੋਜ਼ਪੁਰ ਤੋਂ ਇਲਾਵਾ ਹੋਰ ਵੀ ਕਈ ਕਾਰਕੁੰਨ ਹਾਜ਼ਰ ਸਨ।
Leave a Reply