ਚੰਡੀਗੜ੍ਹ
( ਜਸਟਿਸ ਨਿਊਜ਼)
ਪੰਜਾਬ ਵਿਜੀਲੈਂਸ ਬਿਊਰੋ ਨੇ ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਚੱਲ ਰਹੀ ਮੁਹਿੰਮ ਦੌਰਾਨ ਸੀ.ਆਈ.ਏ. ਖੰਨਾ ਵਿਖੇ ਤਾਇਨਾਤ ਹੈੱਡ ਕਾਂਸਟੇਬਲ ਰਮੇਸ਼ ਕੁਮਾਰ ਨੂੰ 5 ਲੱਖ 20 ਹਜ਼ਾਰ ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਹੈ।
ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਰਾਜ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਉਕਤ ਮੁਲਜ਼ਮ ਨੂੰ ਮਾਸਟਰ ਕਲੋਨੀ ਖੰਨਾ, ਜ਼ਿਲ੍ਹਾ ਲੁਧਿਆਣਾ ਦੇ ਇੱਕ ਵਾਸੀ ਵੱਲੋਂ ਦਰਜ ਕਰਵਾਈ ਗਈ ਸ਼ਿਕਾਇਤ ਦੇ ਆਧਾਰ ‘ਤੇ ਗ੍ਰਿਫ਼ਤਾਰ ਕੀਤਾ ਗਿਆ ਹੈ।
ਉਨ੍ਹਾਂ ਕਿਹਾ ਕਿ ਸ਼ਿਕਾਇਤਕਰਤਾ ਜਾਇਦਾਦ ਦੀ ਖਰੀਦੋ-ਫਰੋਖਤ ਦੇ ਕਾਰੋਬਾਰ ਵਿੱਚ ਲੱਗਾ ਹੋਇਆ ਹੈ ਅਤੇ ਉਸਨੇ ਸ਼ਿਕਾਇਤ ਕੀਤੀ ਕਿ ਮੁਲਜ਼ਮ ਹੈੱਡ ਕਾਂਸਟੇਬਲ ਰਮੇਸ਼ ਕੁਮਾਰ ਉਸ ਨੂੰ ਮਿਲਿਆ ਅਤੇ ਉਸ ‘ਤੇ ਦੋਸ਼ ਲਗਾਇਆ ਕਿ ਸ਼ਿਕਾਇਤਕਰਤਾ ਜੂਏ ਦੀਆਂ ਗਤੀਵਿਧੀਆਂ ਵਿੱਚ ਸ਼ਾਮਲ ਹੈ। ਮੁਲਜ਼ਮ ਕਾਂਸਟੇਬਲ ਨੇ ਸ਼ਿਕਾਇਤਕਰਤਾ ਨੂੰ ਦੱਸਿਆ ਕਿ ਖੰਨਾ ਦੇ ਸੀਆਈਏ ਇੰਚਾਰਜ ਨਰਪਿੰਦਰਪਾਲ ਸਿੰਘ ਨੇ ਉਸਨੂੰ ਬੁਲਾਇਆ ਹੈ। ਸ਼ਿਕਾਇਤਕਰਤਾ ਨੇ ਕਿਹਾ ਕਿ ਉਹ ਅਜਿਹੀ ਕਿਸੀ ਵੀ ਗਤੀਵਿਧੀ ਵਿੱਚ ਸ਼ਾਮਲ ਨਹੀਂ ਹੈ, ਉਸਨੂੰ ਸੀਆਈਏ ਇੰਚਾਰਜ ਨਾਲ ਸੰਪਰਕ ਕਰਨ ਲਈ ਮਜਬੂਰ ਕੀਤਾ ਗਿਆ ਸੀ।
ਬੁਲਾਰੇ ਨੇ ਅੱਗੇ ਕਿਹਾ ਕਿ ਸ਼ਿਕਾਇਤਕਰਤਾ ਦਫ਼ਤਰ ਗਿਆ ਅਤੇ ਸੀਆਈਏ ਇੰਚਾਰਜ ਨਰਪਿੰਦਰਪਾਲ ਸਿੰਘ ਨੂੰ ਮਿਲਿਆ, ਜਿਸਨੇ ਸ਼ਿਕਾਇਤਕਰਤਾ ‘ਤੇ ਸੱਟੇਬਾਜ਼ੀ ਅਤੇ ਗੈਰ-ਕਾਨੂੰਨੀ ਲਾਟਰੀ ਸਬੰਧੀ ਗਤੀਵਿਧੀਆਂ ਵਿੱਚ ਸ਼ਾਮਲ ਹੋਣ ਦਾ ਦੋਸ਼ ਲਗਾਇਆ ਅਤੇ ਹੈੱਡ ਕਾਂਸਟੇਬਲ ਰਮੇਸ਼ ਕੁਮਾਰ ਰਾਹੀਂ 5 ਲੱਖ ਰੁਪਏ ਦੀ ਮੰਗ ਕੀਤੀ। ਉਸਨੇ ਸ਼ਿਕਾਇਤਕਰਤਾ ਵਿਰੁੱਧ ਝੂਠਾ ਕੇਸ ਦਰਜ ਕਰਕੇ ਉਸਨੂੰ ਗ੍ਰਿਫ਼ਤਾਰ ਕਰਨ ਦੀ ਧਮਕੀ ਵੀ ਦਿੱਤੀ।
ਉਨ੍ਹਾਂ ਕਿਹਾ ਕਿ ਸ਼ਿਕਾਇਤਕਰਤਾ ਨੇ ਮਜਬੂਰੀ ਵਿੱਚ 2,20,000 ਰੁਪਏ ਦਾ ਪ੍ਰਬੰਧ ਕੀਤਾ ਅਤੇ ਖੰਨਾ ਵਿਖੇ ਆਪਣੇ ਜਾਣਕਾਰ ਦਿਨੇਸ਼ ਕੁਮਾਰ ਦੇ ਘਰ ਰਮੇਸ਼ ਕੁਮਾਰ ਨੂੰ ਦੇਣ ਦੀ ਕੋਸ਼ਿਸ਼ ਕੀਤੀ, ਪਰ ਪੈਸੇ ਇਹ ਕਹਿ ਕੇ ਵਾਪਸ ਕਰ ਦਿੱਤੇ ਗਏ ਕਿ 5 ਲੱਖ ਰੁਪਏ ਦੀ ਪੂਰੀ ਰਕਮ ਦਿੱਤੀ ਜਾਵੇ।
ਇਸ ਤੋਂ ਬਾਅਦ ਹੈੱਡ ਕਾਂਸਟੇਬਲ ਰਮੇਸ਼ ਕੁਮਾਰ ਨਾਲ ਗੱਲਬਾਤ ਦੌਰਾਨ, ਰਿਸ਼ਵਤ ਦੀ ਰਕਮ 5 ਲੱਖ ਰੁਪਏ ਤੋਂ ਵਧਾ ਕੇ 5 ਲੱਖ 20 ਹਜ਼ਾਰ ਰੁਪਏ ਕਰ ਦਿੱਤੀ ਗਈ। ਸ਼ਿਕਾਇਤਕਰਤਾ ਰਿਸ਼ਵਤ ਨਹੀਂ ਦੇਣਾ ਚਾਹੁੰਦਾ ਸੀ, ਜਿਸ ਕਾਰਨ ਉਸਨੇ ਵਿਜੀਲੈਂਸ ਬਿਊਰੋ ਯੂਨਿਟ, ਹੁਸ਼ਿਆਰਪੁਰ ਨਾਲ ਸੰਪਰਕ ਕੀਤਾ। ਇਸ ਤੋਂ ਬਾਅਦ ਖੰਨਾ ਦੇ ਸੀਆਈਏ ਇੰਚਾਰਜ ਨਰਪਿੰਦਰਪਾਲ ਸਿੰਘ ਅਤੇ ਹੈੱਡ ਕਾਂਸਟੇਬਲ ਰਮੇਸ਼ ਕੁਮਾਰ ਵਿਰੁੱਧ ਕੇਸ ਦਰਜ ਕੀਤਾ ਗਿਆ।
ਸ਼ਿਕਾਇਤ ‘ਤੇ ਮੁੱਢਲੀ ਜਾਂਚ ਤੋਂ ਬਾਅਦ ਵਿਜੀਲੈਂਸ ਬਿਊਰੋ ਦੀ ਟੀਮ ਨੇ ਇੱਕ ਜਾਲ ਵਿਛਾਇਆ ਜਿਸ ਦੌਰਾਨ ਦੋਸ਼ੀ ਨੂੰ ਦੋ ਸਰਕਾਰੀ ਗਵਾਹਾਂ ਦੀ ਹਾਜ਼ਰੀ ਵਿੱਚ ਸ਼ਿਕਾਇਤਕਰਤਾ ਤੋਂ 5.2 ਲੱਖ ਰੁਪਏ ਦੀ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਗ੍ਰਿਫ਼ਤਾਰ ਕਰ ਲਿਆ ਗਿਆ।
ਵਿਜੀਲੈਂਸ ਬਿਊਰੋ ਨੇ ਵੱਖ-ਵੱਖ ਟੀਮਾਂ ਬਣਾ ਕੇ ਖੰਨਾ ਦੇ ਸੀਆਈਏ ਇੰਚਾਰਜ ਨਰਪਿੰਦਰਪਾਲ ਸਿੰਘ ਨੂੰ ਜਲਦ ਗ੍ਰਿਫ਼ਤਾਰ ਕਰਨ ਲਈ ਉਸ ਦੇ ਘਰ ਅਤੇ ਹੋਰ ਥਾਵਾਂ ‘ਤੇ ਛਾਪੇਮਾਰੀ ਕਰ ਰਹੀ ਹੈ।
ਇਸ ਸਬੰਧੀ ਦੋਸ਼ੀ ਵਿਰੁੱਧ ਵਿਜੀਲੈਂਸ ਬਿਊਰੋ ਥਾਣਾ ਲੁਧਿਆਣਾ ਵਿਖੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਇਸ ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ।
Leave a Reply