ਖੰਨਾ, ਲੁਧਿਆਣਾ
:(ਜਸਟਿਸ ਨਿਊਜ਼)
ਅੱਜ ਖੰਨਾ ਸ਼ਹਿਰ ਵਿੱਚ ਬਸੰਤ ਪੰਚਮੀ ਦਾ ਤਿਉਹਾਰ ਪੂਰੇ ਉਤਸ਼ਾਹ, ਖੁਸ਼ੀ ਅਤੇ ਸ਼ਾਂਤੀਪੂਰਨ ਮਾਹੌਲ ਵਿੱਚ ਮਨਾਇਆ ਗਿਆ। 23 ਜਨਵਰੀ ਨੂੰ ਪੰਜਾਬ ਵਿੱਚ ਹੋਈ ਭਾਰੀ ਵਰਖਾ ਕਾਰਨ ਉਸ ਦਿਨ ਪਤੰਗਬਾਜ਼ੀ ਨਹੀਂ ਹੋ ਸਕੀ ਸੀ, ਜਿਸ ਤੋਂ ਬਾਅਦ ਅੱਜ ਲੋਕਾਂ ਵਿੱਚ ਦੋਗੁਣਾ ਜੋਸ਼ ਵੇਖਣ ਨੂੰ ਮਿਲਿਆ। ਸ਼ਹਿਰ ਦੇ ਹਰ ਇਲਾਕੇ ਵਿੱਚ ਰੰਗ-ਬਰੰਗੀਆਂ ਪਤੰਗਾਂ ਅਸਮਾਨ ਵਿੱਚ ਉੱਡਦੀਆਂ ਨਜ਼ਰ ਆਈਆਂ ਅਤੇ ਛੱਤਾਂ ਉੱਤੇ ਪਰਿਵਾਰਾਂ ਵੱਲੋਂ ਬਸੰਤ ਦੇ ਗੀਤਾਂ ਨਾਲ ਤਿਉਹਾਰ ਮਨਾਇਆ ਗਿਆ।
ਇਸ ਖੁਸ਼ਗਵਾਰ ਮੌਕੇ ਨੂੰ ਸੁਰੱਖਿਅਤ ਬਣਾਉਣ ਲਈ ਖੰਨਾ ਪੁਲਿਸ ਵੱਲੋਂ ਬਹੁਤ ਹੀ ਸ਼ਲਾਘਾਯੋਗ ਭੂਮਿਕਾ ਨਿਭਾਈ ਗਈ। ਖ਼ਾਸ ਕਰਕੇ ਖ਼ਤਰਨਾਕ ਚਾਈਨਾ ਡੋਰ ਦੀ ਵਰਤੋਂ ਨੂੰ ਰੋਕਣ ਲਈ ਪੁਲਿਸ ਨੇ ਪੂਰੀ ਸਖ਼ਤੀ ਨਾਲ ਕਾਰਵਾਈ ਕੀਤੀ। ਜ਼ਿਲ੍ਹਾ ਪੁਲਿਸ ਮੁਖੀ ਡਾ. ਦਰਪਣ ਆਹਲੂਵਾਲੀਆ ਖੁਦ ਸਵੇਰੇ ਤੋਂ ਹੀ ਪੁਲਿਸ ਟੀਮਾਂ ਦੇ ਨਾਲ ਛੱਤਾਂ ਅਤੇ ਮੈਦਾਨ ਤੋਂ ਨਿਗਰਾਨੀ ਕਰਨ ਲਈ ਮੌਜੂਦ ਰਹੇ ਅਤੇ ਸਾਰੇ ਪ੍ਰਬੰਧਾਂ ਦੀ ਨਿਗਰਾਨੀ ਖ਼ੁਦ ਕੀਤੀ। ਇਸਤੋਂ ਇਲਾਵਾ ਐਸ.ਐਸ.ਪੀ ਵੱਲੋਂ ਵਰਦੀਧਾਰੀ ਪੁਲਿਸ ਮੁਲਾਜ਼ਮਾਂ ਦੀ ਬਜਾਏ ਆਮ ਕੱਪੜਿਆਂ ਵਿੱਚ
ਪੁਲੀਸ ਮੁਲਾਜਮਾਂ ਨੇ ਦੁਕਾਨਾਂ ਦੀ ਜਾਂਚ ਕਰਨ ਦੀ ਇੱਕ ਮੁਹਿੰਮ ਵੀ ਚਲਾਈ। ਪ੍ਰੰਤੂ ਕਿਸੇ ਵੀ ਦੁਕਾਨ ਤੋਂ ਪਲਾਸਟਿਕ/ਨਾਈਲਨ/ਸਿੰਥੈਟਿਕ ਡੋਰ ਨਹੀਂ ਮਿਲੀ।
ਡਾ. ਦਰਪਣ ਆਹਲੂਵਾਲੀਆ ਨੇ ਸਪਸ਼ਟ ਕੀਤਾ ਕਿ ਆਉਣ ਵਾਲੇ ਦਿਨਾਂ ਵਿੱਚ ਵੀ ਡੋਰ ਵੇਚਣ ਵਾਲੀਆਂ ਦੁਕਾਨਾਂ ਦੀ ਨਿਯਮਤ ਚੈਕਿੰਗ ਕੀਤੀ ਜਾਵੇਗੀ ਅਤੇ ਪਲਾਸਟਿਕ/ਨਾਈਲਨ/ਸਿੰਥੈਟਿਕ ਡੋਰ ਵੇਚਣ ਜਾਂ ਸਟੋਰ ਕਰਨ ਵਾਲਿਆਂ ਖਿਲਾਫ ਸਖ਼ਤ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।
ਉਨ੍ਹਾਂ ਅੱਗੇ ਦੱਸਿਆ ਕਿ ਖੰਨਾ ਪੁਲਿਸ ਵੱਲੋਂ ਆਮ ਲੋਕਾਂ ਨੂੰ ਪਤੰਗ ਉਡਾਉਣ ਦੌਰਾਨ ਪਾਬੰਦੀਸ਼ੁਦਾ ਚਾਈਨਾ ਡੋਰ, ਨਾਈਲਨ ਜਾਂ ਸਿੰਥੈਟਿਕ ਧਾਗੇ ਦੀ ਵਰਤੋਂ ਨਾ ਕਰਨ ਸਬੰਧੀ ਜਾਗਰੂਕ ਵੀ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਜੇਕਰ ਕੋਈ ਵਿਅਕਤੀ ਚਾਈਨਾ ਡੋਰ ਦੀ ਵਰਤੋਂ, ਭੰਡਾਰਨ, ਸਪਲਾਈ, ਆਯਾਤ ਜਾਂ ਵਿਕਰੀ ਕਰਦਾ ਪਾਇਆ ਜਾਂਦਾ ਹੈ ਤਾਂ ਉਸ ਖਿਲਾਫ ਕਾਨੂੰਨ ਅਨੁਸਾਰ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਐਸ.ਐਸ.ਪੀ ਨੇ ਸਿਰਫ਼ ਦਫ਼ਤਰਾਂ ਤੱਕ ਸੀਮਿਤ ਰਹਿਣ ਦੀ ਬਜਾਏ ਖੁਦ ਛੱਤਾਂ ਉੱਤੇ ਚੜ੍ਹ ਕੇ ਪਤੰਗਬਾਜ਼ੀ ਦੀ ਜਾਂਚ ਕੀਤੀ। ਕਈ ਥਾਵਾਂ ‘ਤੇ ਪੁਲਿਸ ਮੁਲਾਜ਼ਮ ਛਾਲਾਂ ਮਾਰ ਕੇ ਇਕ ਛੱਤ ਤੋਂ ਦੂਜੀ ਛੱਤ ਉੱਤੇ ਪਹੁੰਚੇ ਅਤੇ ਲੋਕਾਂ ਨੂੰ ਸਮਝਾਇਆ ਕਿ ਖ਼ਤਰਨਾਕ ਡੋਰ ਨਾਲ ਕਿਸੇ ਦੀ ਜਾਨ ਵੀ ਜਾ ਸਕਦੀ ਹੈ। ਇਸਦੀ ਵਰਤੋਂ ਬਿਲਕੁਲ ਨਹੀਂ ਕਰਨੀ ਹੈ। ਪੁਲਿਸ ਵੱਲੋਂ ਉੱਚੇ ਸਥਾਨਾਂ ਤੋਂ ਨਿਗਰਾਨੀ ਰੱਖ ਕੇ ਹਰ ਗਲੀ, ਹਰ ਮੁਹੱਲੇ ‘ਤੇ ਪੂਰਾ ਧਿਆਨ ਦਿੱਤਾ ਗਿਆ। ਡ੍ਰੋਨ ਅਤੇ ਦੂਰਬੀਨ ਦੀ ਮਦਦ ਲਈ ਗਈ।
ਪੁਲਿਸ ਦੀ ਇਸ ਸਖ਼ਤ ਅਤੇ ਇਮਾਨਦਾਰ ਮੁਹਿੰਮ ਦਾ ਨਤੀਜਾ ਇਹ ਰਿਹਾ ਕਿ ਸ਼ਹਿਰ ਵਿੱਚ ਕਿਤੇ ਵੀ ਕਿਸੇ ਵੱਡੀ ਘਟਨਾ ਦੀ ਖ਼ਬਰ ਨਹੀਂ ਆਈ। ਲੋਕਾਂ ਨੇ ਵੀ ਪੁਲਿਸ ਦਾ ਪੂਰਾ ਸਹਿਯੋਗ ਦਿੱਤਾ ਅਤੇ ਕਈ ਥਾਵਾਂ ‘ਤੇ ਨੌਜਵਾਨਾਂ ਵੱਲੋਂ ਖੁਦ ਹੀ ਚਾਈਨਾ ਡੋਰ ਨਾ ਵਰਤਣ ਦੀ ਕਸਮ ਖਾਈ ਗਈ। ਜ਼ਿਲ੍ਹਾ ਪੁਲਿਸ ਮੁਖੀ ਵੱਲੋਂ ਸਾਫ਼ ਸ਼ਬਦਾਂ ਵਿੱਚ ਕਿਹਾ ਗਿਆ ਕਿ ਜੋ ਵੀ ਵਿਅਕਤੀ ਖ਼ਤਰਨਾਕ ਡੋਰ ਦੀ ਵਰਤੋਂ ਕਰੇਗਾ, ਉਸ ਖ਼ਿਲਾਫ਼ ਕਾਨੂੰਨ ਅਨੁਸਾਰ ਸਖ਼ਤ ਕਾਰਵਾਈ ਕੀਤੀ ਜਾਵੇਗੀ ਅਤੇ ਕਿਸੇ ਨੂੰ ਵੀ ਛੂਟ ਨਹੀਂ ਦਿੱਤੀ ਜਾਵੇਗੀ।
ਸ਼ਹਿਰ ਵਾਸੀਆਂ ਨੇ ਪੁਲਿਸ ਦੀ ਇਸ ਮੁਹਿੰਮ ਦੀ ਖੁੱਲ੍ਹ ਕੇ ਤਾਰੀਫ਼ ਕੀਤੀ। ਲੋਕਾਂ ਦਾ ਕਹਿਣਾ ਹੈ ਕਿ ਜੇ ਪੁਲਿਸ ਹਰ ਤਿਉਹਾਰ ‘ਤੇ ਇਸ ਤਰ੍ਹਾਂ ਜ਼ਮੀਨੀ ਪੱਧਰ ‘ਤੇ ਕੰਮ ਕਰੇ ਤਾਂ ਕਈ ਜਾਨਲੇਵਾ ਹਾਦਸਿਆਂ ਤੋਂ ਬਚਿਆ ਜਾ ਸਕਦਾ ਹੈ। ਬਸੰਤ ਪੰਚਮੀ ਦੇ ਮੌਕੇ ਖੰਨਾ ਪੁਲਿਸ ਨੇ ਸਾਬਤ ਕਰ ਦਿੱਤਾ ਕਿ ਸੁਰੱਖਿਆ ਅਤੇ ਤਿਉਹਾਰ ਇਕੱਠੇ ਚੱਲ ਸਕਦੇ ਹਨ।
ਕੁੱਲ ਮਿਲਾ ਕੇ ਅੱਜ ਦੀ ਬਸੰਤ ਪੰਚਮੀ ਖੰਨਾ ਲਈ ਖੁਸ਼ੀ, ਸੁਰੱਖਿਆ ਅਤੇ ਪੁਲਿਸ-ਜਨਤਾ ਸਾਂਝ ਦੀ ਇਕ ਸ਼ਾਨਦਾਰ ਮਿਸਾਲ ਬਣ ਕੇ ਸਾਹਮਣੇ ਆਈ, ਜਿਸ ਦਾ ਸਿਹਰਾ ਖੰਨਾ ਪੁਲਿਸ ਅਤੇ ਜ਼ਿਲ੍ਹਾ ਪੁਲਿਸ ਮੁਖੀ ਡਾ. ਦਰਪਣ ਆਹਲੂਵਾਲੀਆ ਨੂੰ ਜਾਂਦਾ ਹੈ।
Leave a Reply