ਚੰਡੀਗੜ੍ਹ
( ਜਸਟਿਸ ਨਿਊਜ਼ )
ਨੌਜਵਾਨ ਸ਼ਕਤੀ ਦੇ ਨਾਲ ਵਿਕਸਿਤ ਭਾਰਤ ਦੇ ਸੰਕਲਪ ਨੂੰ ਪ੍ਰੋਤਸਾਹਨ ਦਿੰਦੇ ਹੋਏ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਵੀਡੀਓ ਕਾਨਫਰੰਸਿੰਗ ਰਾਹੀ ਦੇਸ਼ ਦੇ ਵੱਖ-ਵੱਖ 45 ਥਾਵਾਂ ‘ਤੇ ਰੁਜ਼ਗਾਰ ਮੇਲਿਆਂ ਨੂੰ ਸੰਬੋਧਨ ਕੀਤਾ ਅਤੇ ਨਵ-ਨਿਯੁਕਤ ਨੌਜਵਾਨਾਂ ਨੂੰ 61,000 ਤੋਂ ਵੱਧ ਨਿਯੁਕਤੀ-ਪੱਤਰ ਵੰਡੇ । ਇਸੇ ਦੇ ਤਹਿਤ ਇੰਡੋ-ਤਿੱਬਤੀ ਬਾਰਡਰ ਪੁਲਿਸ ਫੋਰਸ, ਬਹਿਲਾਨਾ ਕੈਂਪ, ਚੰਡੀਗੜ੍ਹ ਨੇ ਸ਼ਨੀਵਾਰ ਨੂੰ ਰੁਜ਼ਗਾਰ ਮੇਲੇ ਦੇ 18ਵੇਂ ਐਡੀਸ਼ਨ ਦਾ ਆਯੋਜਨ ਕੀਤਾ। ਇਹ ਪਹਿਲਕਦਮੀ ਭਾਰਤ ਸਰਕਾਰ ਦੇ ਪਾਰਦਰਸ਼ੀ, ਸਮੇਂ ਸਿਰ ਅਤੇ ਸਮਾਵੇਸ਼ੀ ਭਰਤੀ ਦੇ ਮਿਸ਼ਨ-ਅਧਾਰਿਤ ਦ੍ਰਿਸ਼ਟੀਕੋਣ ਵਿੱਚ ਇੱਕ ਹੋਰ ਮਹੱਤਵਪੂਰਨ ਮੀਲ ਪੱਥਰ ਸਾਬਤ ਹੋਈ, ਜੋ ਜਨਤਕ ਸੰਸਥਾਵਾਂ ਨੂੰ ਮਜ਼ਬੂਤ ਕਰਨ ਅਤੇ ਨੌਜਵਾਨਾਂ ਨੂੰ ਸਸ਼ਕਤ ਬਣਾਉਣਾ ਦਾ ਟੀਚਾ ਰੱਖਦੀ ਹੈ।
ਕੇਂਦਰੀ ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰੀ ਸ਼੍ਰੀ ਹਰਦੀਪ ਸਿੰਘ ਪੁਰੀ ਨੇ ਇੰਡੋ-ਤਿੱਬਤੀ ਬਾਰਡਰ ਪੁਲਿਸ ਫੋਰਸ, ਬਹਿਲਾਨਾ ਕੈਂਪ, ਚੰਡੀਗੜ੍ਹ ਸਖਿਤ ਰੁਜ਼ਗਾਰ ਮੇਲੇ ਵਿੱਚ ਨਵੇਂ ਨਿਯੁਕਤ ਉਮੀਦਵਾਰਾਂ ਨੂੰ ਰਸਮੀ ਤੌਰ ‘ਤੇ ਨਿਯੁਕਤੀ ਪੱਤਰ ਸੌਂਪੇ।
ਇਸ ਸਮਾਗਮ ਦੌਰਾਨ, ਵੱਖ-ਵੱਖ ਮੰਤਰਾਲਿਆਂ ਅਤੇ ਵਿਭਾਗਾਂ ਲਈ ਕੁੱਲ 107 ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ਪ੍ਰਾਪਤ ਹੋਏ। ਇਨ੍ਹਾਂ ਵਿੱਚ ਆਈਟੀਬੀਪੀ ਵਿੱਚ 10, ਸੀਆਰਪੀਐੱਫ ਵਿੱਚ 36, ਸੀਆਈਐੱਸਐੱਫ ਵਿੱਚ 30, ਅਸਾਮ ਰਾਈਫਲਜ਼ ਵਿੱਚ 8, ਬੈਂਕ ਆਫ਼ ਬੜੌਦਾ ਵਿੱਚ 2, ਯੂਨੀਅਨ ਬੈਂਕ ਵਿੱਚ 3 ਅਤੇ ਇਲੈਕਟ੍ਰੌਨਿਕਸ ਅਤੇ ਸੂਚਨਾ ਤਕਨਾਲੋਜੀ ਮੰਤਰਾਲੇ ਵਿੱਚ 18 ਉਮੀਦਵਾਰ ਸ਼ਾਮਲ ਸਨ, ਜੋ ਕਿ ਰੁਜ਼ਗਾਰ ਮੇਲੇ ਰਾਹੀਂ ਜਨਤਕ ਸੇਵਾ ਦੇ ਵਿਸ਼ਾਲ ਮੌਕਿਆਂ ਨੂੰ ਦਰਸਾਉਂਦੇ ਹਨ।
ਇਕੱਠ ਨੂੰ ਸੰਬੋਧਨ ਕਰਦਿਆਂ, ਸ਼੍ਰੀ ਹਰਦੀਪ ਸਿੰਘ ਪੁਰੀ ਨੇ ਨਵ-ਨਿਯੁਕਤ ਉਮੀਦਵਾਰਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਵਧਾਈ ਦਿੱਤੀ ਅਤੇ ਇਸ ਮੌਕੇ ਨੂੰ ਸਮਰਪਣ, ਅਨੁਸ਼ਾਸਨ ਅਤੇ ਲਗਨ ਦੇ ਕਈ ਵਰ੍ਹਿਆਂ ਨੂੰ ਦਰਸਾਉਂਦੇ ਹੋਏ ਇੱਕ ਮਾਣਮੱਤੇ ਵਾਲਾ ਮੀਲ ਪੱਥਰ ਦੱਸਿਆ। ਉਨ੍ਹਾਂ ਨੇ ਜ਼ੋਰ ਦਿੱਤਾ ਕਿ ਜਨਤਕ ਸੇਵਾ ਇੱਕ ਜ਼ਿੰਮੇਵਾਰੀ ਹੈ ਜਿੱਥੇ ਸਰਕਾਰੀ ਨੀਤੀਆਂ ਨਾਗਰਿਕਾਂ ਲਈ ਠੋਸ ਨਤੀਜਿਆਂ ਵਿੱਚ ਬਦਲ ਜਾਂਦੀਆਂ ਹਨ। ਕੇਂਦਰੀ ਮੰਤਰੀ ਨੇ ਕਿਹਾ ਕਿ ਇਹ ਨਿਯੁਕਤੀਆਂ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੁਆਰਾ ਕਲਪਨਾ ਕੀਤੇ ਭਾਰਤ@2047 ਦੇ ਦ੍ਰਿਸ਼ਟੀਕੋਣ ਨੂੰ ਸਾਕਾਰ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਣਗੀਆਂ।
ਸ਼੍ਰੀ ਪੁਰੀ ਨੇ ਕਿਹਾ ਕਿ ਰੁਜ਼ਗਾਰ ਮੇਲੇ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਦੇਸ਼ ਭਰ ਵਿੱਚ 11 ਲੱਖ ਤੋਂ ਵੱਧ ਨਿਯੁਕਤੀ ਪੱਤਰ ਜਾਰੀ ਕੀਤੇ ਗਏ ਹਨ, ਜੋ ਸਰਕਾਰ ਦੀ ਮਿਸ਼ਨ-ਮੋਡ ਭਰਤੀ ਪ੍ਰਤੀ ਵਚਨਬੱਧਤਾ ਨੂੰ ਹੋਰ ਮਜ਼ਬੂਤ ਕਰਦੇ ਹਨ। ਉਨ੍ਹਾਂ ਨੇ ਜ਼ੋਰ ਦਿੱਤਾ ਕਿ ਚੰਡੀਗੜ੍ਹ ਵਿੱਚ ਕੀਤੀਆਂ ਗਈਆਂ ਨਿਯੁਕਤੀਆਂ ਸਿਰਫ਼ ਰਸਮੀ ਕਾਰਵਾਈਆਂ ਨਹੀਂ ਹਨ, ਸਗੋਂ ਭਾਰਤ ਦੇ ਪ੍ਰਸ਼ਾਸਨਿਕ ਅਤੇ ਸੇਵਾ ਪ੍ਰਦਾਨ ਪ੍ਰਣਾਲੀਆਂ ਨੂੰ ਮਜ਼ਬੂਤ ਕਰਨ ਦੇ ਨਿਰੰਤਰ ਯਤਨਾਂ ਦਾ ਹਿੱਸਾ ਹਨ।
ਸ਼੍ਰੀ ਪੁਰੀ ਨੇ ਇਸ ਮੌਕੇ ਭਾਰਤ ਦੇ ਮਜ਼ਬੂਤ ਵਿਕਾਸ ਦ੍ਰਿਸ਼ਟੀਕੋਣ, ਆਲਮੀ ਸਥਿਤੀ ਵਿੱਚ ਤਰੱਕੀ, ਨਿਰਮਾਣ, ਨਿਰਯਾਤ, ਲੌਜਿਸਟਿਕਸ, ਨਵਿਆਉਣਯੋਗ ਊਰਜਾ ਅਤੇ ਡਿਜੀਟਲ ਇਨਫ੍ਰਾਸਟ੍ਰਕਚਰ ਦੇ ਵਿਸਥਾਰ ਦਾ ਜ਼ਿਕਰ ਕੀਤਾ। ਵਿਕਾਸ ਦੀ ਸਮਾਵੇਸ਼ੀ ਪ੍ਰਕਿਰਤੀ ‘ਤੇ ਜ਼ੋਰ ਦਿੰਦੇ ਹੋਏ, ਉਨ੍ਹਾਂ ਨੇ ਕਿਹਾ, “ਅਸੀਂ ਸਿਰਫ਼ ਵਿਕਾਸ ਨਹੀਂ, ਸਗੋਂ ਸਮਾਜਿਕ ਸ਼ਮੂਲੀਅਤ ਦੇ ਨਾਲ ਵਿਕਾਸ ਕਰ ਰਹੇ ਹਾਂ।”
ਕੇਂਦਰੀ ਮੰਤਰੀ ਨੇ ਅੱਗੇ ਜਨਤਕ ਪ੍ਰਸ਼ਾਸਨ ਦੀ ਨੀਂਹ ਵਜੋਂ ਸੇਵਾ ਨੂੰ ਰੇਖਾਂਕਿਤ ਕੀਤਾ, ਭਰਤੀਆਂ ਨੂੰ ਯਾਦ ਦਿਵਾਉਂਦੇ ਹੋਏ ਕਿ ਸਰਕਾਰੀ ਅਧਿਕਾਰ ਨਾਗਰਿਕਾਂ ਪ੍ਰਤੀ ਇੱਕ ਫਰਜ਼ ਹੈ। ਉਨ੍ਹਾਂ ਨੇ ਉਨ੍ਹਾਂ ਨੂੰ ਆਪਣੇ ਪੇਸ਼ੇਵਰ ਜੀਵਨ ਨੂੰ ਯੋਗਤਾ, ਇਮਾਨਦਾਰੀ ਅਤੇ ਸ਼ਿਸ਼ਟਾਚਾਰ ਦੇ ਥੰਮ੍ਹਾਂ ‘ਤੇ ਬਣਾਉਣ ਦੀ ਤਾਕੀਦ ਕੀਤੀ, ਜੋ ਪ੍ਰਭਾਵਸ਼ਾਲੀ ਅਤੇ ਭਰੋਸੇਯੋਗ ਸ਼ਾਸਨ ਦੀ ਨੀਂਹ ਬਣਾਉਂਦੇ ਹਨ।
ਵਰਦੀਧਾਰੀ ਬਲਾਂ, ਬੈਂਕਿੰਗ ਸੰਸਥਾਵਾਂ ਅਤੇ ਤਕਨਾਲੋਜੀ-ਪ੍ਰੇਰਿਤ ਵਿਭਾਗਾਂ ਵਿੱਚ ਸ਼ਾਮਲ ਹੋ ਰਹੇ ਉਮੀਦਵਾਰਾਂ ਨੂੰ ਉਤਸ਼ਾਹਿਤ ਕਰਦੇ ਹੋਏ, ਉਨ੍ਹਾਂ ਉਮੀਦ ਪ੍ਰਗਟਾਈ ਕਿ ਉਨ੍ਹਾਂ ਦੀ ਸੇਵਾ ਰਾਸ਼ਟਰੀ ਸੁਰੱਖਿਆ, ਆਰਥਿਕ ਵਿਕਾਸ ਅਤੇ ਨਾਗਰਿਕ-ਕੇਂਦ੍ਰਿਤ ਡਿਜੀਟਲ ਸ਼ਾਸਨ ਨੂੰ ਯਕੀਨੀ ਬਣਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਵੇਗੀ।
ਇਸ ਸਮਾਗਮ ਦੌਰਾਨ, ਵਿਗਿਆਨ ਅਤੇ ਤਕਨਾਲੋਜੀ; ਪ੍ਰਿਥਵੀ ਵਿਗਿਆਨ ਰਾਜ ਮੰਤਰੀ (ਸੁਤੰਤਰ ਚਾਰਜ) ਅਤੇ ਪ੍ਰਧਾਨ ਮੰਤਰੀ ਦਫ਼ਤਰ, ਪਰਸੋਨਲ, ਜਨਤਕ ਸ਼ਿਕਾਇਤਾਂ ਅਤੇ ਪੈਨਸ਼ਨਾਂ, ਪਰਮਾਣੂ ਊਰਜਾ ਅਤੇ ਪੁਲਾੜ ਰਾਜ ਮੰਤਰੀ ਡਾ. ਜਿਤੇਂਦਰ ਸਿੰਘ ਨੇ ਦੇਸ਼ ਭਰ ਵਿੱਚ 45 ਥਾਵਾਂ ‘ਤੇ ਇੱਕੋ ਸਮੇਂ ਆਯੋਜਿਤ ਕੀਤੇ ਜਾ ਰਹੇ ਰੁਜ਼ਗਾਰ ਮੇਲਿਆਂ ਨੂੰ ਵਰਚੁਅਲੀ ਸੰਬੋਧਨ ਕੀਤਾ। ਉਨ੍ਹਾਂ ਨੇ ਕਿਹਾ ਕਿ ਇਸ ਐਡੀਸ਼ਨ ਦੌਰਾਨ ਵੰਡੇ ਗਏ ਕੁੱਲ ਨਿਯੁਕਤੀ ਪੱਤਰਾਂ ਵਿੱਚੋਂ ਲਗਭਗ 49,200 ਉਮੀਦਵਾਰ ਗ੍ਰਹਿ ਮੰਤਰਾਲੇ ਅਤੇ ਬਲਾਂ ਨਾਲ ਸਬੰਧਿਤ ਹਨ।
ਡਾ. ਜਿਤੇਂਦਰ ਸਿੰਘ ਨੇ ਮਹਿਲਾ ਕਾਂਸਟੇਬਲਾਂ ਦੀ ਭਰਤੀ ਵਿੱਚ ਹੋਏ ਮਹੱਤਵਪੂਰਨ ਵਾਧੇ ਨੂੰ ਉਜਾਗਰ ਕੀਤਾ, ਇਸ ਦਾ ਸਿਹਰਾ ਪਿਛਲੇ 11 ਵਰ੍ਹਿਆਂ ਵਿੱਚ ਸ਼ੁਰੂ ਕੀਤੇ ਗਏ ਪ੍ਰਗਤੀਸ਼ੀਲ ਸੁਧਾਰਾਂ ਅਤੇ ਸਮਰੱਥ ਨੀਤੀਆਂ ਨੂੰ ਦਿੱਤਾ। ਮਹਿਲਾਵਾਂ ਦੀ ਰਾਸ਼ਟਰੀ ਸੁਰੱਖਿਆ ਵਿੱਚ ਵੱਧ ਰਹੀ ਭੂਮਿਕਾ ‘ਤੇ ਜ਼ੋਰ ਦਿੰਦੇ ਹੋਏ, ਉਨ੍ਹਾਂ ਨੇ ਕਿਹਾ ਕਿ ਮਹਿਲਾ ਬੀਐੱਸਐੱਫ ਕਰਮਚਾਰੀ ਹੁਣ ਅੰਤਰਰਾਸ਼ਟਰੀ ਸਰਹੱਦਾਂ ‘ਤੇ ਜ਼ੀਰੋ ਲਾਈਨ ‘ਤੇ ਤਾਇਨਾਤ ਹਨ, ਅਤੇ ਗਣਤੰਤਰ ਦਿਵਸ ਸਮਾਰੋਹ ਵਿੱਚ ਡਿਊਟੀ ‘ਤੇ ਇੱਕ ਪੁਰਸ਼ ਸੀਆਰਪੀਐੱਫ ਟੁਕੜੀ ਦੀ ਅਗਵਾਈ ਇੱਕ ਮਹਿਲਾ ਸਹਾਇਕ ਕਮਾਂਡੈਂਟ ਕਰੇਗੀ – ਜੋ ਕਿ ਹਥਿਆਰਬੰਦ ਬਲਾਂ ਵਿੱਚ ਜੈਂਡਰ ਸਮਾਵੇਸ਼ ਦਾ ਪ੍ਰਤੀਕ ਹੈ।
ਉਨ੍ਹਾਂ ਨੇ ਅੱਗੇ ਕਿਹਾ ਕਿ ਐੱਨਡੀਏ ਸਰਕਾਰ ਦੇ ਅਧੀਨ ਭਰਤੀ ਵਿੱਚ ਬਹੁਤ ਵਾਧਾ ਹੋਇਆ ਹੈ। ਇਹ ਨੋਟ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ ਯੂਪੀਏ ਕਾਰਜਕਾਲ ਦੌਰਾਨ, ਯੂਪੀਐੱਸਸੀ, ਐੱਸਐੱਸਸੀ ਅਤੇ ਰੇਲਵੇ ਭਰਤੀ ਬੋਰਡ ਵਰਗੀਆਂ ਵੱਡੀਆਂ ਭਰਤੀ ਏਜੰਸੀਆਂ ਰਾਹੀਂ 7.22 ਲੱਖ ਨਿਯੁਕਤੀਆਂ ਕੀਤੀਆਂ ਗਈਆਂ ਸਨ, ਜਦੋਂ ਕਿ ਐੱਨਡੀਏ ਸਰਕਾਰ ਦੇ ਅਧੀਨ, ਇਹ ਅੰਕੜਾ 10.96 ਲੱਖ ਤੋਂ ਵੱਧ ਹੋ ਗਿਆ ਹੈ।
ਇਸ ਤੋਂ ਪਹਿਲਾਂ, ਮੁੱਖ ਮਹਿਮਾਨ ਅਤੇ ਨਵੇਂ ਭਰਤੀ ਹੋਏ ਉਮੀਦਵਾਰਾਂ ਦਾ ਸਵਾਗਤ ਕਰਦੇ ਹੋਏ, ਸ਼੍ਰੀ ਆਨੰਦ ਬੀ. ਉੱਲਗੱਦੀ, ਕਮਾਂਡੈਂਟ, ਟਰਾਂਸਪੋਰਟ ਬਟਾਲੀਅਨ, ਆਈਟੀਬੀਪੀ ਨੇ ਮਿਸ਼ਨ ਭਾਰਤੀ ਨੂੰ ਭਾਰਤ ਸਰਕਾਰ ਦੀ ਇੱਕ ਪ੍ਰਮੁੱਖ ਪਹਿਲਕਦਮੀ ਵਜੋਂ ਉਜਾਗਰ ਕੀਤਾ ਜੋ ਸੰਸਥਾਗਤ ਨਵੀਨੀਕਰਨ, ਯੁਵਾ ਸਸ਼ਕਤੀਕਰਨ ਅਤੇ ਕੁਸ਼ਲ ਜਨਤਕ ਸੇਵਾ ਪ੍ਰਦਾਨ ਕਰਨ ‘ਤੇ ਕੇਂਦ੍ਰਿਤ ਹੈ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਰੁਜ਼ਗਾਰ ਮੇਲੇ ਯੋਗਤਾ-ਅਧਾਰਿਤ ਅਤੇ ਪਾਰਦਰਸ਼ੀ ਭਰਤੀ ਪ੍ਰਕਿਰਿਆਵਾਂ ਪ੍ਰਤੀ ਸਰਕਾਰ ਦੀ ਵਚਨਬੱਧਤਾ ਨੂੰ ਦਰਸਾਉਂਦੇ ਹਨ।
ਟਰਾਂਸਪੋਰਟ ਬਟਾਲੀਅਨ, ਆਈਟੀਬੀਪੀ, ਚੰਡੀਗੜ੍ਹ ਵਿਖੇ ਹੋਏ ਰੁਜ਼ਗਾਰ ਮੇਲੇ ਵਿੱਚ ਡਾ. ਕਮਲਜੀਤ ਸਿੰਘ, ਡਾਇਰੈਕਟਰ ਜਨਰਲ (ਐਸਸੀਐਲ), ਸ਼੍ਰੀ ਰਾਜੇਸ਼ ਕੁਮਾਰ (ਈਪੀਐਸ), ਇੰਸਪੈਕਟਰ ਜਨਰਲ, ਸ਼੍ਰੀ ਵਿਜੇ ਦੇਸ਼ਵਾਲ, ਡਿਪਟੀ ਇੰਸਪੈਕਟਰ ਜਨਰਲ, ਹੈੱਡਕੁਆਰਟਰ ਵੈਸਟਰਨ ਕਮਾਂਡ, ਸ਼੍ਰੀ ਆਨੰਦ ਬੀ. ਉੱਲਾਗੱਡੀ, ਫਾਈਟਰ ਟ੍ਰਾਂਸਪੋਰਟ ਕੋਰ ਵੀ ਮੌਜੂਦ ਰਹੇ।
ਪ੍ਰੋਗਰਾਮ ਦੀ ਸਮਾਪਤੀ ਸ਼੍ਰੀ ਬਦ੍ਰੀਨਾਥ ਕੁਲਕਰਣੀ, ਸੈਕਿੰਡ-ਇਨ-ਕਮਾਂਡ, ਟ੍ਰਾਂਸਪੋਰਟ ਬਟਾਲੀਅਨ, ਆਈਟੀਬੀਪੀ, ਬਹਿਲਾਨਾ ਕੈਂਪ, ਚੰਡੀਗੜ੍ਹ ਦੇ ਧੰਨਵਾਦੀ ਮਤੇ ਨਾਲ ਹੋਈ, ਜਿਨ੍ਹਾਂ ਨੇ ਮਾਨਯੋਗ ਮੰਤਰੀਆਂ, ਸੀਨੀਅਰ ਅਧਿਕਾਰੀਆਂ ਅਤੇ ਸਾਰੇ ਹਿੱਸੇਦਾਰਾਂ ਨੂੰ ਪ੍ਰੋਗਰਾਮ ਨੂੰ ਸਫਲ ਬਣਾਉਣ ਵਿੱਚ ਉਨ੍ਹਾਂ ਦੇ ਸਹਿਯੋਗ ਅਤੇ ਸਮਰਥਨ ਲਈ ਧੰਨਵਾਦ ਕੀਤਾ।
Leave a Reply