ਕਪੂਰਥਲਾ
(ਜਸਟਿਸ ਨਿਊਜ਼)
ਪੰਜਾਬ ਸਰਕਾਰ ਵਲੋਂ ਜਾਰੀ ਦਿਸ਼ਾ ਨਿਰਦੇਸ਼ਾਂ ਤੇ ਡੀ.ਜੀ.ਪੀ ਪੰਜਾਬ ਦੇ ਹੁਕਮਾ ਅਨੁਸਾਰ ਕਪੂਰਥਲਾ ਪੁਲਿਸ ਵਲੋਂ ‘ਗੈਂਗਸਟਰਾਂ ‘ਤੇ ਵਾਰ’ ਮੁਹਿੰਮ ਜੰਗੀ ਪੱਧਰ ‘ਤੇ ਜਾਰੀ ਹੈ। ਅੱਜ ਐਸ.ਐਸ.ਪੀ ਕਪੂਰਥਲਾ ਸ੍ਰੀ ਗੌਰਵ ਤੂਰਾ ਦੀ ਅਗਵਾਈ ਹੇਠ ਪੁਲਿਸ ਵਲੋਂ ਕਪੂਰਥਲਾ ਸ਼ਹਿਰ ਦੇ ਮੁਹੱਲਾ ਸੰਤਪੁਰਾ ਵਿਖੇ ਕਿਰਾਏਦਾਰਾਂ ਦੀ ਸ਼ਨਾਖਤ ਅਤੇ ਤਸਦੀਕੀਕਰਨ ਦੀ ਵਿਸ਼ੇਸ਼ ਮੁਹਿੰਮ ਚਲਾਈ ਗਈ ਤਾਂ ਜੋ ਸੰਗਠਿਤ ਅਪਰਾਧ ਨੂੰ ਹੋਰ ਸਖਤੀ ਨਾਲ ਨੱਥ ਪਾਈ ਜਾ ਸਕੇ। ਇਸ ਮੌਕੇ ਸ੍ਰੀ ਤੂਰਾ ਨੇ ਦੱਸਿਆ ਕਿ ਪੰਜਾਬ ਪੁਲਿਸ ਵਲੋਂ ਪਿਛਲੇ ਤਿੰਨ ਦਿਨਾਂ ਦੌਰਾਨ ‘ਆਪਰੇਸ਼ਨ ਪ੍ਰਹਾਰ’ ਸ਼ੁਰੂ ਕੀਤਾ ਗਿਆ ਸੀ, ਜਿਸਦਾ ਮਕਸਦ ਗੈਂਗਸਟਰਾਂ ਅਤੇ ਹੋਰ ਪੇਸ਼ੇਵਰ ਅਪਰਾਧੀਆਂ ਵਿਰੁੱਧ ਸਖਤ ਕਾਰਵਾਈ ਕਰਨਾ ਸੀ। ਅੱਜ ਦੀ ਮੁਹਿੰਮ ਵਿਚ 12 ਹਾਟ ਸਪਾਟ ਖੇਤਰਾਂ ਵਿਚ ਕਿਰਾਏਦਾਰਾਂ ਦੀ ਤਸਦੀਕ ਕੀਤੀ ਗਈ , ਜਿਸ ਲਈ 46 ਪੈਟਰੋਲਿੰਗ ਪਾਰਟੀਆਂ ਨੂੰ ਤਾਇਨਾਤ ਕੀਤਾ ਗਿਆ ।
ਉਨ੍ਹਾਂ ਦੱਸਿਆ ਕਿ 566 ਕਿਰਾਏਦਾਰਾਂ ਦੀ ਤਸਦੀਕ ਕੀਤੀ ਗਈ ਹੈ , ਜਦਕਿ 426 ਦੇ ਕਰੀਬ ਦਸਤਾਵੇਜ਼ ਵੀ ਚੈੱਕ ਕੀਤੇ ਗਏ ਹਨ । ਇਸ ਦੌਰਾਨ 5 ਅਣਅਧਿਕਾਰਤ ਕਾਰਾਂ , 12 ਮੋਟਰਸਾਈਕਲ ਤੇ 19 ਮੋਬਾਇਲ ਫੋਨ ਜ਼ਬਤ ਕੀਤੇ ਗਏ ਹਨ । ਉਨ੍ਹਾਂ ਦੱਸਿਆ ਕਿ ਗੈਂਗਸਟਰਾਂ ‘ਤੇ ਵਾਰ ਮੁਹਿੰਮ ਤਹਿਤ ਖਤਰਨਾਕ ਅਪਰਾਧੀਆਂ ਨੂੰ ਪਨਾਹ ਦੇਣ, ਕਿਸੇ ਵੀ ਕਿਸਮ ਦੀ ਸਹਾਇਤਾ ਕਰਨ ਵਾਲਿਆਂ ਵਿਰੁੱਧ ਵੀ ਕਾਰਵਾਈ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਗੈਂਗਸਟਰਾਂ ਦੇ ਨੈੱਟਵਰਕ ਨੂੰ ਪੂਰੀ ਤਰਾਂ ਤੋੜਨ ਲਈ ਜ਼ਿਲ੍ਹੇ ਭਰ ਵਿਚ ਗਤੀਵਿਧੀਆਂ ਜਾਰੀ ਹਨ। ਉਨ੍ਹਾਂ ਦੱਸਿਆ ਕਿ ਵੱਖ-ਵੱਖ ਥਾਵਾਂ ਉੱਪਰ ਕਿਰਾਏ ‘ਤੇ ਰਹਿਣ ਵਾਲਿਆਂ ਦੀ ਸ਼ਨਾਖਤ ਕੀਤੀ ਜਾ ਰਹੀ ਹੈ।
ਉਨਾਂ ਕਿਹਾ ਕਿ ਵੇਖਣ ਵਿਚ ਆਇਆ ਹੈ ਕਿ ਅਨੇਕਾਂ ਮਾਮਲਿਆਂ ਵਿਚ ਮਕਾਨ/ਦੁਕਾਨ ਮਾਲਕਾਂ ਵਲੋਂ ਆਪਣੇ ਰਿਹਾਇਸ਼ੀ ਅਤੇ ਵਪਾਰਕ ਸਥਾਨ ਕਿਰਾਏ ‘ਤੇ ਦਿੱਤੇ ਜਾਂਦੇ ਹਨ, ਪਰ ਕਿਰਾਏਦਾਰਾਂ ਦੀ ਪੁਲਿਸ ਵੈਰੀਫਿਕੇਸ਼ਨ ਨਹੀਂ ਕਰਵਾਈ ਜਾਂਦੀ,ਜਿਸ ਕਰਕੇ ਉਨ੍ਹਾਂ ਦੇ ਮਕਾਨਾਂ ਆਦਿ ਦੀ ਦੁਰਵਰਤੋਂ ਦੀ ਸੰਭਾਵਨਾ ਬਣੀ ਰਹਿੰਦੀ ਹੈ,ਜਿਸ ਕਰਕੇ ਅਣਸੁਖਾਵੀਂ ਘਟਨਾ ਵਾਪਰਣ ਦਾ ਡਰ ਹਮੇਸ਼ਾ ਬਣਿਆ ਰਹਿੰਦਾ ਹੈ। ਉਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਜਿਸ ਵੀ ਕਿਰਾਏਦਾਰ ਨੂੰ ਰੱਖਣ,ਉਸਦੀ ਪੁਲਿਸ ਵੈਰੀਫਿਕੇਸ਼ਨ ਜ਼ਰੂਰ ਕਰਵਾਉਣ ਜਿਸ ਲਈ ਪੁਲਿਸ ਵਲੋਂ ਬਹੁਤ ਹੀ ਸਰਲ ਵਿਧੀ ਲਾਗੂ ਕੀਤੀ ਗਈ ਹੈ।ਉਨ੍ਹਾਂ ਕਿਹਾ ਕਿ ਲੋਕ ਨੇੜਲੇ ਪੁਲਿਸ ਸਾਂਝ ਕੇਂਦਰ ਵਿਚ ਜਾ ਕੇ ਆਪਣੇ ਕਿਰਾਏਦਾਰ ਦੀ ਪੁਲਿਸ ਵੈਰੀਫਿਕੇਸ਼ਨ ਕਰਵਾ ਸਕਦੇ ਹਨ,ਜਿਸ ਲਈ ਫੀਸ ਬਹੁਤ ਹੀ ਮਾਮੂਲੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਪੰਜਾਬ ਸਰਕਾਰ ਵਲੋਂ ਐਂਟੀ ਗੈਂਗਸਟਰ ਹੈੱਲਪਲਾਈਨ ਨੰਬਰ 93946-93946 ਸ਼ੁਰੂ ਕੀਤਾ ਗਿਆ ਹੈ,ਜਿੱਥੇ ਲੋਕ ਅਪਰਾਧੀਆਂ ਤੇ ਗੈਂਗਸਟਰਾਂ ਬਾਰੇ ਗੁਪਤ ਰੂਪ ਵਿਚ ਜਾਣਕਾਰੀ ਦੇ ਸਕਦੇ ਹਨ। ਇਸ ਮੌਕੇ ਡੀ.ਐਸ.ਪੀ ਡਾ.ਸ਼ੀਤਲ ਸਿੰਘ ਵੀ ਉਨ੍ਹਾਂ ਨਾਲ ਹਾਜ਼ਰ ਸਨ।
Leave a Reply