ਰਣਜੀਤ ਸਿੰਘ ਮਸੌਣ
ਜੋਗਾ ਸਿੰਘ ਰਾਜਪੂਤ
ਸ੍ਰੀ ਅਨੰਦਪੁਰ ਸਾਹਿਬ,
ਦਸਮੇਸ਼ ਪਿਤਾ ਸਾਹਿਬ-ਏ-ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਵਿਆਹ ਪੁਰਬ ਮੌਕੇ ਹਿਮਾਚਲ ਪ੍ਰਦੇਸ਼ ਦੇ ਜ਼ਿਲਾ ਬਿਲਾਸਪੁਰ ਵਿੱਚ ਵੱਸਦੇ ਗੁਰੂ ਕਾ ਲਾਹੌਰ ਵਿਖੇ ਰੌਣਕਾਂ ਹੀ ਰੌਣਕਾਂ ਨਜ਼ਰ ਆਈਆਂ। ਜੇਕਰ ਇਤਿਹਾਸ ਵੱਲ ਝਾਤ ਮਾਰੀਏ ਤਾਂ ਇਸੇ ਹੀ ਸਥਾਨ ਤੇ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਮਾਤਾ ਜੀਤੋ ਜੀ ਨਾਲ ਵਿਆਹ ਮੌਕੇ ਬਰਾਤ ਲੈ ਕੇ ਪਹੁੰਚੇ ਸਨ ਅਤੇ ਮਾਤਾ ਜੀਤੋ ਜੀ ਨਾਲ ਪਵਿੱਤਰ ਵਿਆਹ ਦੇ ਬੰਧਨ ਵਿੱਚ ਬੱਝੇ ਸਨ। ਉਸੇ ਇਤਿਹਾਸਿਕ ਪੁਰਬ ਦੀ ਪਵਿੱਤਰ ਯਾਦ ਵਿੱਚ ਹਰ ਸਾਲ ਗੁਰੂ ਕਾ ਲਾਹੌਰ ਵਿਖੇ ਇਹ ਪੁਰਬ ਬੜੀ ਸ਼ਰਧਾ ਅਤੇ ਸਤਿਕਾਰ ਨਾਲ ਮਨਾਇਆ ਜਾਂਦਾ ਹੈ। ਇਸ ਵਾਰ ਵੀ ਗੁਰੂ ਕਾ ਲਾਹੌਰ ਵਿਖੇ ਵੱਡੀ ਗਿਣਤੀ ਸੰਗਤਾਂ ਗੁਰੂ ਸਾਹਿਬ ਦੇ ਵਿਆਹ ਪੁਰਬ ਮੌਕੇ ਨਤਮਸਤਕ ਹੋਈਆਂ। ਗੁਰਦੁਆਰਾ ਸੇਹਰਾ ਸਾਹਿਬ, ਗੁਰਦੁਆਰਾ ਤ੍ਰਿਵੈਣੀ ਸਾਹਿਬ, ਗੁਰਦੁਆਰਾ ਪੌੜ ਸਾਹਿਬ ਅਤੇ ਗੁਰਦੁਆਰਾ ਗੁਰੂ ਕਾ ਲਾਹੌਰ ਵਿਖੇ ਲਗਾਤਾਰ ਧਾਰਮਿਕ ਸਮਾਗਮ ਜਾਰੀ ਰਹੇ। ਕੀਰਤਨੀ ਜੱਥੇ, ਢਾਡੀ ਜੱਥੇ ਸੰਗਤਾਂ ਨੂੰ ਆਪਣੇ ਸ਼ਬਦ ਗਾਇਨ ਅਤੇ ਵਾਰਾਂ ਰਾਹੀ ਨਿਹਾਲ ਕਰਦੇ ਰਹੇ। ਵਿਆਹ ਪੁਰਬ ਦੇ ਸਬੰਧ ਵਿੱਚ ਗੁਰੂ ਕੇ ਮਹਿਲ (ਗੁਰਦੁਆਰਾ ਭੋਰਾ ਸਾਹਿਬ) ਤੋਂ ਬਰਾਤ ਰੂਪੀ ਇੱਕ ਵਿਸ਼ਾਲ ਨਗਰ ਕੀਰਤਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਜਾਇਆ ਗਿਆ ਸੀ, ਜੋ ਕਿ ਗੁਰੂ ਕਾ ਲਾਹੌਰ ਵਿਖੇ ਪਹੁੰਚ ਕੇ ਸੰਪੰਨ ਹੋਇਆ।
ਕਾਰ ਸੇਵਾ ਵਾਲੇ ਸੰਤਾਂ ਮਹਾਂਪੁਰਖਾਂ ਵੱਲੋਂ ਸੰਗਤਾਂ ਦੇ ਲਈ ਵਿਸ਼ੇਸ਼ ਪ੍ਰਬੰਧ ਕੀਤੇ ਗਏ ਸਨ। ਸ੍ਰੀ ਅਨੰਦਪੁਰ ਸਾਹਿਬ ਅਤੇ ਵੱਖ-ਵੱਖ ਪਿੰਡਾਂ ਤੋਂ ਸੰਗਤਾਂ ਨੂੰ ਲਿਆਉਣ ਲਈ ਕਿਲਾ ਅਨੰਦਗੜ੍ਹ ਸਾਹਿਬ ਵਾਲੇ ਸੰਤ ਮਹਾਂਪੁਰਖਾਂ ਵੱਲੋਂ ਵਿਸ਼ੇਸ਼ ਬੱਸਾਂ ਦਾ ਪ੍ਰਬੰਧ ਕੀਤਾ ਗਿਆ ਸੀ। ਵੱਖ-ਵੱਖ ਪਿੰਡਾਂ ਦੇ ਸੇਵਾਦਾਰਾਂ ਵੱਲੋਂ ਦੂਰ ਦੁਰਾਡੇ ਤੋਂ ਆਈਆਂ ਸੰਗਤਾਂ ਲਈ ਭਾਂਤ-ਭਾਂਤ ਦੇ ਲੰਗਰਾਂ ਦਾ ਪ੍ਰਬੰਧ ਕੀਤਾ ਗਿਆ ਸੀ। ਸੰਗਤਾਂ ਗੁਰਦੁਆਰਿਆਂ ਵਿੱਚ ਨਤਮਸਤਕ ਹੋਣ ਲਈ ਲੰਬੀਆਂ ਕਤਾਰਾਂ ਵਿੱਚ ਖੜੀਆਂ ਨਜ਼ਰ ਆਈਆਂ। ਰਾਤ ਦੇ ਸਮੇਂ ਜਿੱਥੇ ਸੇਵਾਦਾਰਾਂ ਵੱਲੋਂ ਵੱਖ-ਵੱਖ ਤਰ੍ਹਾਂ ਦੀਆਂ ਰੌਸ਼ਨੀਆਂ ਦਾ ਪ੍ਰਬੰਧ ਕੀਤਾ ਗਿਆ। ਉੱਥੇ ਗੁਰਦੁਆਰਿਆਂ ਨੂੰ ਫ਼ੁੱਲਾਂ ਦੇ ਨਾਲ ਸਜ਼ਾਇਆ ਗਿਆ। ਸੰਗਤਾਂ ਜੈਕਾਰੇ ਬੋਲਦੀਆਂ ਵਾਹਿਗੁਰੂ ਦਾ ਜਾਪ ਕਰਦੀਆਂ ਵਿਆਹ ਪੁਰਬ ਮੌਕੇ ਪੂਰੇ ਉਤਸਾਹ ਵਿੱਚ ਸਨ। ਵਿਆਹ ਪੁਰਬ ਮੌਕੇ ਲੱਗੇ ਮੇਲੇ ਵਿੱਚ ਛੋਟੇ ਦੁਕਾਨਦਾਰ ਵੀ ਰੋਜ਼ੀ ਰੋਟੀ ਦੇ ਚੱਕਰ ਵਿੱਚ ਵੱਖ-ਵੱਖ ਤਰ੍ਹਾਂ ਦੀਆਂ ਦੁਕਾਨਾਂ ਸਜਾਏ ਬੈਠੇ ਸਨ। ਹਾਲਾਂਕਿ ਹਿਮਾਚਲ ਪੁਲਿਸ ਵੱਲੋਂ ਟ੍ਰੈਫ਼ਿਕ ਦੀ ਸਮੱਸਿਆ ਨਾਲ ਨਜਿੱਠਣ ਲਈ ਭਾਰੀ ਪ੍ਰਬੰਧ ਕੀਤੇ ਗਏ ਸਨ ਪਰ ਫ਼ਿਰ ਵੀ ਸੰਗਤਾਂ ਦੀ ਤਾਦਾਦ ਇਨੀਂ ਜ਼ਿਆਦਾ ਸੀ ਕਿ ਟ੍ਰੈਫ਼ਿਕ ਦੀ ਭਾਰੀ ਸਮੱਸਿਆ ਨਾਲ ਲੋਕਾਂ ਨੂੰ ਜੂਝਣਾ ਪਿਆ।
Leave a Reply